02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਖੇਡਾਂ ਲਈ ਗੰਭੀਰ ਸੰਕਟ ਹੈ ਉਮਰ ਦੀ ਧੋਖਾਧੜੀ

ਅਜੀਤ ਡੈਸਕ 30-06-2026

ਅੱਜ ਦੇ ਦੌਰ 'ਚ ਪੰਜਾਬ ਦੇ ਖੇਡ ਖੇਤਰ ਵਿਚ ਇਕ ਅਜਿਹੀ ਬਿਮਾਰੀ ਚਿੰਬੜ ਗਈ ਹੈ, ਜੋ ਨਾ ਸਿਰਫ਼ ਸਾਡੀ ਨਵੀਂ ਪਨੀਰੀ ਦਾ ਭਵਿੱਖ ਖਰਾਬ ਕਰ ਰਹੀ ਹੈ, ਸਗੋਂ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਸ਼ਾਨ ਨੂੰ ਵੀ ਢਾਹ ਲਾ ਰਹੀ ਹੈ। ਇਹ ਬਿਮਾਰੀ ਅੰਡਰ-ਏਜ਼ ਮੁਕਾਬਲਿਆਂ 'ਚ ਸਹੀ ਉਮਰ ਦੇ ਖਿਡਾਰੀਆਂ ਦੇ ਹੱਕਾਂ 'ਤੇ ਡਾਕਾ ਹੈ। ਖੇਡ ਵਿਭਾਗ ਵਲੋਂ ਕਰਵਾਏ ਜਾਂਦੇ ਅੰਡਰ-14, ਅੰਡਰ-17 ਤੇ ਅੰਡਰ-19 ਖੇਡ ਮੁਕਾਬਲਿਆਂ 'ਚ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ 20-22 ਸਾਲ ਦੇ ਨੌਜਵਾਨ, ਜਾਅਲੀ ਜਨਮ ਸਰਟੀਫਿਕੇਟ ਤੇ ਆਧਾਰ ਕਾਰਡਾਂ ਦੀ ਮਦਦ ਨਾਲ 14 ਜਾਂ 16 ਸਾਲ ਦੇ ਨੌਜਵਾਨ ਬੱਚਿਆਂ ਨਾਲ ਖੇਡ ਰਹੇ ਹਨ। ਇਹ ਸਿਰਫ਼ ਇਕ ਛੋਟੀ ਜਿਹੀ ਗਲਤੀ ਨਹੀਂ, ਸਗੋਂ ਗੰਭੀਰ ਧੋਖਾਧੜੀ ਹੈ। ਜਦੋਂ ਇਕ ਵੱਡੀ ਉਮਰ ਦਾ ਖਿਡਾਰੀ ਕਿਸੇ ਛੋਟੇ ਬੱਚੇ ਜਾਂ ਮੁਕਾਬਲੇ ਅਨੁਸਾਰ ਸਹੀ ਉਮਰ ਦੇ ਖਿਡਾਰੀ ਨਾਲ ਮੁਕਾਬਲਾ ਕਰਦਾ ਹੈ ਤਾਂ ਉਹ ਸਿਰਫ਼ ਤਗਮਾ ਜਾਂ ਇਨਾਮੀ ਰਾਸ਼ੀ ਹੀ ਨਹੀਂ ਜਿੱਤਦਾ, ਸਗੋਂ ਉਸ ਮਾਸੂਮ ਬੱਚੇ ਦੇ ਆਤਮਵਿਸ਼ਵਾਸ ਦਾ ਕਤਲ ਵੀ ਕਰਦਾ ਹੈ, ਜਿਹੜਾ ਬੱਚਾ ਪੂਰੀ ਇਮਾਨਦਾਰੀ ਨਾਲ ਸਹੀ ਉਮਰ ਵਰਗ 'ਚ ਮਿਹਨਤ ਕਰਕੇ ਮੁਕਾਬਲੇ 'ਚ ਉਤਰਦਾ ਹੈ। 140 ਕਰੋੜ ਦੀ ਆਬਾਦੀ ਵਾਲਾ ਸਾਡਾ ਦੇਸ਼ ਉਲੰਪਿਕ ਵਰਗੇ ਵੱਡੇ ਖੇਡ ਮੰਚਾਂ 'ਤੇ ਤਗਮਿਆਂ ਲਈ ਸੰਘਰਸ਼ ਕਰਨ ਦੇ ਬਾਵਜੂਦ ਵੀ ਪਿੱਛੇ ਹੈ। ਕਿਤੇ ਇਸ ਦਾ ਇਕ ਕਾਰਨ ਇਹ ਉਮਰ ਦੀ ਧੋਖਾਧੜੀ ਤਾਂ ਨਹੀਂ? ਕਿਉਂਕਿ ਜਦੋਂ ਕੋਈ ਖਿਡਾਰੀ ਉਮਰ ਚੋਰੀ ਕਰਕੇ ਰਾਸ਼ਟਰੀ ਪੱਧਰ ਤੱਕ ਜਿੱਤ ਜਾਂਦਾ ਹੈ ਤਾਂ ਉਹ ਅਸਲ 'ਚ ਆਪਣੀ ਸਰੀਰਕ ਸਿਖ਼ਰ 'ਤੇ ਪਹੁੰਚ ਚੁੱਕਾ ਹੁੰਦਾ ਹੈ ਪਰ ਕਾਗਜ਼ਾਂ 'ਚ ਉਹ ਅਜੇ ਜੂਨੀਅਰ ਹੁੰਦਾ ਹੈ। ਜਦੋਂ ਉਹ ਅਸਲ ਕੌਮਾਂਤਰੀ ਮੁਕਾਬਲਿਆਂ 'ਚ ਫ਼ੇਲ੍ਹ ਹੋ ਜਾਂਦਾ ਹੈ ਤਾਂ ਉਸ ਦਾ ਪ੍ਰਦਰਸ਼ਨ ਉੱਥੇ ਹੀ ਰੋਕ ਦਿੱਤਾ ਜਾਂਦਾ ਹੈ। ਇੰਝ ਉਸ ਖਿਡਾਰੀ ਜਾਂ ਉਸ ਨੂੰ ਖੇਡਣ ਲਈ ਉਕਸਾਉਣ ਵਾਲੇ ਕਿਸੇ ਕੋਚ ਦੀ ਧੋਖਾਧੜੀ ਕਾਰਨ ਇਮਾਨਦਾਰ ਤੇ ਅਸਲੀ ਉਮਰ ਵਾਲੇ ਖਿਡਾਰੀ ਕਦੇ ਅੱਗੇ ਆ ਹੀ ਨਹੀਂ ਪਾਉਂਦੇ। ਜੋ ਬੱਚਾ 15 ਸਾਲ ਦੀ ਉਮਰ 'ਚ ਵਿਸ਼ਵ ਪੱਧਰ ਦੀ ਸਿਖਲਾਈ ਲੈ ਕੇ 20 ਸਾਲ ਦੀ ਉਮਰ 'ਚ ਉਲੰਪਿਕ ਤਗਮਾ ਜਿੱਤ ਸਕਦਾ ਸੀ, ਉਹ 15 ਸਾਲ ਦੀ ਉਮਰ 'ਚ ਹੀ ਇਕ ਉਮਰ ਦੀ ਧੋਖਾਧੜੀ ਵਾਲੇ 22 ਸਾਲ ਦੇ ਖਿਡਾਰੀ ਤੋਂ ਹਾਰ ਕੇ ਖੇਡ ਛੱਡ ਚੁੱਕਾ ਹੁੰਦਾ ਹੈ। ਦੂਜੇ ਪਾਸੇ ਜੇ ਕੋਈ ਕੋਚ ਕਿਸੇ ਅਜਿਹੇ ਖਿਡਾਰੀ ਨੂੰ ਸਿਖਲਾਈ ਦੇ ਰਿਹਾ ਹੈ, ਜੋ ਕਾਗਜ਼ਾਂ 'ਚ 16 ਸਾਲ ਦਾ ਹੈ ਪਰ ਅਸਲ 'ਚ 21 ਸਾਲ ਦਾ ਹੈ ਤਾਂ ਉਸ ਦਾ ਸਿਖਲਾਈ ਸ਼ਡਿਉਲ ਵੀ ਗਲਤ ਹੋਵੇਗਾ। ਇਸ ਨਾਲ ਖਿਡਾਰੀ ਦੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ ਤੇ ਦੇਸ਼ ਦਾ ਸਰਮਾਇਆ ਗਲਤ ਜਗ੍ਹਾ ਨਿਵੇਸ਼ ਹੋ ਰਿਹਾ ਹੁੰਦਾ ਹੈ। ਇਸ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਸਾਨੂੰ ਕੁਝ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਖੇਡ ਮੁਕਾਬਲੇ ਤੋਂ ਪਹਿਲਾਂ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਸਿਰਫ਼ ਆਧਾਰ ਕਾਰਡ ਦੀ ਫੋਟੋਕਾਪੀ ਮੰਨਣਯੋਗ ਨਹੀਂ ਹੋਣੀ ਚਾਹੀਦੀ, ਸਗੋਂ ਉਸ ਦੀ ਆਧਾਰ ਹਿਸਟਰੀ ਚੈੱਕ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਜਨਮ ਮਿਤੀ 'ਚ ਕੋਈ ਤਬਦੀਲੀ ਤਾਂ ਨਹੀਂ ਕੀਤੀ ਗਈ। ਵੱਡੇ ਟੂਰਨਾਮੈਂਟਾਂ 'ਚ ਜੇਤੂ ਖਿਡਾਰੀਆਂ ਦਾ ਬੋਨ ਡੈਨਸਿਟੀ ਜਾਂ ਦੰਦਾਂ ਦਾ ਟੈਸਟ ਕਰਵਾਇਆ ਜਾਵੇ, ਤਾਂ ਕਿ ਅਸਲ ਉਮਰ ਦਾ ਅੰਦਾਜ਼ਾ ਲਾਇਆ ਜਾ ਸਕੇ। ਪੰਜਾਬ ਦੇ ਟੂਰਨਾਮੈਂਟਾਂ 'ਚ ਹਿੱਸਾ ਲੈਣ ਲਈ ਪੰਜਾਬ ਦਾ ਰਿਹਾਇਸ਼ੀ ਸਬੂਤ ਲਾਜ਼ਮੀ ਹੋਣਾ ਚਾਹੀਦਾ ਹੈ। ਜੋ ਖਿਡਾਰੀ ਧੋਖਾਧੜੀ ਕਰਦਾ ਫੜਿਆ ਜਾਵੇ, ਉਸ ਨੂੰ ਪੰਜਾਬ ਦੇ ਸਾਰੇ ਖੇਡ ਮੁਕਾਬਲਿਆਂ ਤੇ ਸਰਕਾਰੀ ਨੌਕਰੀਆਂ ਦੇ ਕੋਟੇ ਤੋਂ ਪੱਕੇ ਤੌਰ 'ਤੇ ਵਾਂਝਾ ਕਰ ਦੇਣਾ ਚਾਹੀਦਾ ਹੈ।
ਖੇਡਾਂ ਦਾ ਮਕਸਦ ਸਿਰਫ਼ ਜਿੱਤਣਾ ਨਹੀਂ, ਸਗੋਂ ਚਰਿੱਤਰ ਨਿਰਮਾਣ ਵੀ ਹੈ। ਜੇ ਅਸੀਂ ਧੋਖਾਧੜੀ ਰਾਹੀਂ ਜਿੱਤ ਰਹੇ ਜਾਂ ਕਿਸੇ ਅਜਿਹੇ ਖਿਡਾਰੀ ਨੂੰ ਖੇਡਣ ਲਈ ਉਕਸਾ ਰਹੇ ਹਾਂ ਤਾਂ ਅਸੀਂ ਆਉਣ ਵਾਲੀ ਨਸਲ ਨੂੰ ਗਲਤ ਰਾਹੇ ਪਾ ਰਹੇ ਹਾਂ। ਜੇ ਅੱਜ ਅਸੀਂ ਅੰਡਰ-ਏਜ਼ ਮੁਕਾਬਲਿਆਂ 'ਚ ਇਹ ਧਾਂਦਲੀ ਨਾ ਰੋਕੀ ਤਾਂ ਕੌਮਾਂਤਰੀ ਪੱਧਰ 'ਤੇ ਤਗਮੇ ਜਿੱਤਣਾ ਸੁਪਨਾ ਹੀ ਬਣਿਆ ਰਹੇਗਾ। ਸਾਨੂੰ ਸਾਰੀਆਂ ਖੇਡ ਕਮੇਟੀਆਂ ਤੇ ਪ੍ਰਬੰਧਕਾਂ ਨੂੰ ਇਕਜੁੱਟ ਹੋ ਕੇ ਇਸ ਧੋਖਾਧੜੀ ਖ਼ਿਲਾਫ਼ ਖੜ੍ਹਨਾ ਪਵੇਗਾ।

-ਸੰਗਰੂਰ।
ਮੋਬਾਈਲ : 94176-65241

ਪਿਛਲੀ ਖ਼ਬਰ ਨਾਰਵੇ ਸ਼ਤਰੰਜ ਜਿੱਤ ਕੇ ਇਤਿਹਾਸ ਸਿਰਜਣ ਵਾਲਾ ਆਰ. ਪ੍ਰਗਾਨੰਦਾ ਅਗਲੀ ਖ਼ਬਰ ਆਪ ਸਰਕਾਰ ਪੰਜਾਬ ਵਿਰੋਧੀ ਨੀਤੀਆਂ ਨੂੰ ਚੁੱਪਚਾਪ ਲਾਗੂ ਕਰ ਰਹੀ-ਵਿੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।