ਹਾਲ ਹੀ ਵਿਚ ਖ਼ਤਮ ਹੋਏ ਫੀਫਾ ਵਿਸ਼ਵ ਕੱਪ-2026 ਵਿਚ 10 ਗੋਲ ਕਰਨ ਵਾਲਾ ਫਰਾਂਸ ਟੀਮ ਦਾ ਕਪਤਾਨ ਸਮੁੱਚੇ ਟੂਰਨਾਮੈਂਟ ਦਾ ਟਾਪ ਸਕੋਰਰ ਰਿਹਾ। ਚਾਰ ਹੋਰ ਗੋਲਾਂ ਵਿਚ ਸਹਾਇਕ ਹੋਣ ਵਾਲੇ ਚੋਟੀ ਦੇ ਇਸ ਫਾਰਵਰਡ ਖਿਡਾਰੀ ਨੂੰ ਟੂਰਨਾਮੈਂਟ 'ਚ 'ਗੋਲਡਨ ਬੂਟ' ਨਾਲ ਸਤਕਾਰਿਆ ਗਿਆ। ਉਸ ਨੇ 2022 ਦੇ ਕਤਰ ਵਿਸ਼ਵ ਕੱਪ ਵਿਚ ਵੀ 7 ਗੋਲ ਕਰ ਕੇ ਇਹ ਇਨਾਮ ਜਿੱਤਿਆ ਸੀ। ਐਮਬਾਪੇ ਨੇ ਫੀਫਾ ਵਿਚ ਲਗਾਤਾਰ ਦੋ ਵਾਰ ਗੋਲਡਨ ਬੂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮਹਿਜ਼ 19 ਸਾਲ ਦੀ ਉਮਰ ਵਿਚ ਹੀ ਫ਼ੀਫ਼ਾ ਵਿਸ਼ਵ ਕੱਪ (2018) ਵਿਚ ਭਾਗ ਲੈਣ ਵਾਲੇ ਕਿਲੀਅਨ ਐਮਬਾਪੇ ਨੇ ਵਿਸ਼ਵ ਕੱਪ ਦੇ ਆਪਣੇ ਦੂਜੇ ਹੀ ਮੈਚ ਵਿਚ ਜਦੋਂ ਪੇਰੂ ਦੇ ਵਿਰੁੱਧ ਇਕੋ-ਇਕ ਗੋਲ ਕਰਕੇ ਫਰਾਂਸ ਨੂੰ 1-0 ਨਾਲ ਜਿੱਤ ਦਿਵਾਈ ਸੀ ਤਾਂ ਘੱਟ ਹੀ ਲੋਕਾਂ ਨੂੰ ਪਤਾ ਸੀ ਕਿ ਫਰਾਂਸ ਦਾ ਇਹ ਨੌਜਵਾਨ ਖਿਡਾਰੀ ਇਕ ਦਿਨ ਚੋਟੀ ਦਾ ਖਿਡਾਰੀ ਬਣੇਗਾ ਅਤੇ ਫਰਾਂਸ ਟੀਮ ਦੀ ਅਗਵਾਈ ਕਰੇਗਾ। ਵਿਸ਼ਵ ਫੁੱਟਬਾਲ ਦੇ ਮਹਾਨਤਮ ਖਿਡਾਰੀ ਬ੍ਰਾਜ਼ੀਲ ਦੇ ਪੇਲੇ ਤੋਂ ਬਾਅਦ ਵਿਸ਼ਵ ਕੱਪ (2018) ਦੇ ਫਾਈਨਲ 'ਚ ਗੋਲ ਕਰਨ ਵਾਲਾ ਐਮਬਾਪੇ ਦੂਜਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ ਸੀ ਤੇ ਇਸੇ ਹੀ ਵਿਸ਼ਵ ਕੱਪ ਵਿਚ ਉਸ ਨੂੰ 'ਬੈਸਟ ਯੰਗ ਪਲੇਅਰ' ਐਲਾਨਿਆ ਗਿਆ।
ਫ਼ਰਾਂਸ ਫੁੱਟਬਾਲ ਮੈਗਜ਼ੀਨ ਵਲੋਂ 'ਫਰੈਂਚ ਪਲੇਅਰ ਆਫ਼ ਦਿ ਯੀਅਰ (2018 ਤੇ 2019) ਜਿਹੇ ਸਨਮਾਨਾਂ ਨਾਲ ਵੀ ਉਸ ਨੂੰ ਸਨਮਾਨਿਆ ਜਾ ਚੁੱਕਾ ਹੈ। ਮਹਾਨ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ ਆਪਣਾ ਆਦਰਸ਼ ਮੰਨਣ ਵਾਲੇ ਐਮਬਾਪੇ ਨੂੰ ਖੇਡ ਮੈਦਾਨ ਵਿਚ ਆਪਣੀ ਰਫ਼ਤਾਰ ਤੇ ਦਿਸ਼ਾ ਵਿਚ ਅਚਾਨਕ ਤਬਦੀਲੀ ਲਿਆ ਕੇ ਵਿਰੋਧੀ ਖਿਡਾਰੀਆਂ ਨੂੰ ਮਾਤ ਦੇਣ ਦੀ ਮੁਹਾਰਤ ਹਾਸਲ ਹੈ। ਐਮਬਾਪੇ ਨੇ ਪੇਸ਼ੇਵਰ ਖੇਡ ਦੀ ਸ਼ੁਰੂਆਤ ਲੀਗ-1 ਦੀ ਮੋਨਾਕੋ ਕਲੱਬ ਵਲੋਂ 2015 ਵਿਚ ਕੀਤੀ ਸੀ, ਜਦੋਂ ਉਹ ਮਹਿਜ਼ 16 ਸਾਲ ਦਾ ਸੀ। ਇਸ ਦੌਰਾਨ ਉਸ ਵਲੋਂ ਕੀਤੇ ਗੋਲਾਂ ਤੇ ਜ਼ਬਰਦਸਤ ਖੇਡ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ 'ਯੰਗ ਪਲੇਅਰ ਆਫ਼ ਦਿ ਯੀਅਰ' ਤੇ 'ਗੋਲਡਨ ਬੁਆਏ' ਸਨਮਾਨ ਦਿੱਤੇ ਗਏ ਸਨ।
2018 ਤੋਂ ਮਈ 2024 ਤੱਕ ਉਸ ਨੇ ਪੈਰਿਸ ਸੈਂਟ ਜਰਮੇਨ ਕਲੱਬ ਵਲੋਂ ਖੇਡਦਿਆਂ 178 ਮੈਚਾਂ 'ਚ 162 ਗੋਲ ਕੀਤੇ ਸਨ। ਜੂਨ 2024 ਤੋਂ ਐਮਬਾਪੇ ਨੇ ਸਪੇਨ ਦੀ ਇਕ ਨੰਬਰ ਦੀ ਕਲੱਬ ਰੀਅਲ ਮੈਡਰਿਡ ਵਲੋਂ ਖੇਡਦਿਆਂ 65 ਮੈਚਾਂ ਵਿਚ 56 ਗੋਲ ਕੀਤੇ ਹਨ। ਫੀਫਾ ਵਿਸ਼ਵ ਕੱਪ-2018 'ਚ ਐਮਬਾਪੇ ਨੇ ਚਾਰ ਅਹਿਮ ਗੋਲ ਕੀਤੇ ਸਨ, ਪੇਰੂ ਵਿਰੁੱਧ ਇਕ, ਅਰਜਨਟੀਨਾ ਵਿਰੁੱਧ ਦੋ ਤੇ ਫਾਈਨਲ ਵਿਚ ਕ੍ਰੋਏਸ਼ੀਆ ਖ਼ਿਲਾਫ਼ ਇਕ।
ਇਸ ਟੂਰਨਾਮੈਂਟ 'ਚ ਉਸ ਨੂੰ ਫੀਫਾ ਵਿਸ਼ਵ ਕੱਪ-2018 ਦਾ 'ਸਰਬੋਤਮ ਨੌਜਵਾਨ ਖਿਡਾਰੀ' ਐਲਾਨਿਆ ਗਿਆ ਸੀ। ਐਮਬਾਪੇ ਲਈ 2022 ਦਾ ਵਿਸ਼ਵ ਕੱਪ ਬੇਹੱਦ ਸ਼ਾਨਦਾਰ ਰਿਹਾ ਸੀ। ਉਸ ਨੇ ਟੂਰਨਾਮੈਂਟ 'ਚ ਸਭ ਤੋਂ ਵੱਧ 8 ਗੋਲ ਕੀਤੇ ਸਨ। ਇਸ ਸ਼ਾਨਦਾਰ ਪ੍ਰਦਰਸ਼ਨ ਬਦਲੇ ਉਸ ਨੂੰ 'ਗੋਲਡਨ ਬੂਟ' ਤੇ 'ਸਿਲਵਰ ਬਾਲ' ਸਨਮਾਨ ਨਾਲ ਸਤਕਾਰਿਆ ਗਿਆ ਸੀ। ਹੁਣ ਵਿਸ਼ਵ ਕੱਪ-2026 ਵਿਚ ਐਮਬਾਪੇ ਨੇ ਸੈਨੇਗਲ ਵਿਰੁੱਧ ਦੋ ਗੋਲ, ਇਰਾਕ ਵਿਰੁੱਧ ਦੋ ਗੋਲ, ਸਵੀਡਨ ਵਿਰੁੱਧ ਦੋ ਗੋਲ, ਪੈਰਾਗੁਆਏ ਵਿਰੁੱਧ ਇਕ ਗੋਲ, ਮੋਰਕੋ ਵਿਰੁੱਧ ਇਕ ਗੋਲ ਤੇ ਇੰਗਲੈਂਡ ਵਿਰੁੱਧ ਦੋ ਗੋਲ ਕੀਤੇ। ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਵੱਧ 22 ਗੋਲ ਕਰਨ ਵਾਲਾ ਉਹ ਇਕਲੌਤਾ ਖਿਡਾਰੀ ਹੈ।
ਐਮਬਾਪੇ ਤੋਂ ਇਲਾਵਾ ਦੂਜੇ ਜਿਨ੍ਹਾਂ ਖਿਡਾਰੀਆਂ ਨੂੰ ਇਸ ਵਿਸ਼ਵ ਕੱਪ ਵਿਚ ਸਨਮਾਨਿਆ ਗਿਆ, ਉਹ ਹਨ ਸਪੇਨ ਦੇ ਕਪਤਾਨ ਰੌਡਰਿਗੋ (ਗੋਲਡਨ ਬਾਲ), ਲਿਓਨੇਲ ਮੈਸੀ (ਸਿਲਵਰ ਬਾਲ ਤੇ ਸਿਲਵਰ ਬੂਟ) ਅਤੇ ਇੰਗਲੈਂਡ ਦੇ ਜੂਡ ਬਲਿੰਘਮ (ਬ੍ਰਾਂਜ਼ੇ ਬੂਟ)। ਇਨ੍ਹਾਂ ਤੋਂ ਇਲਾਵਾ ਸਪੇਨ ਦੇ ਗੋਲਕੀਪਰ ਉਨਾਈ ਸਿਮਨ ਨੂੰ ਸ਼ਾਨਦਾਰ ਗੋਲਕੀਪਿੰਗ ਲਈ (ਗੋਲਡਨ ਗਲੱਵ) ਅਤੇ ਸਪੇਨ ਦੇ ਹੀ ਪਾਓ ਕੁਬਾਰਸੀ ਨੂੰ (ਯੰਗ ਪਲੇਅਰ) ਸਨਮਾਨਿਆ ਗਿਆ।
ਸਿਮਨ ਨੇ ਆਪਣੀ ਟੀਮ ਦੇ ਖੇਡੇ ਗਏ ਅੱਠ ਮੈਚਾਂ 'ਚੋਂ ਸੱਤਾਂ ਵਿਚ ਵਿਰੋਧੀ ਟੀਮਾਂ ਨੂੰ ਕਲੀਨ ਸਵੀਪ ਕੀਤਾ ਸੀ, ਭਾਵ ਆਪਣੀ ਟੀਮ ਖ਼ਿਲਾਫ਼ ਕੋਈ ਗੋਲ ਨਹੀਂ ਹੋਣ ਦਿੱਤਾ।
-ਸੇਵਾਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 62842-20595
ਫੀਫਾ ਵਿਸ਼ਵ ਕੱਪ 'ਚ ਲਗਾਤਰ ਦੂਜੀ ਵਾਰ ਗੋਲਡਨ ਬੂਟ ਜਿੱਤ ਕੇ ਐਮਬਾਪੇ ਨੇ ਰਚਿਆ ਇਤਿਹਾਸ
ਅਜੀਤ ਡੈਸਕ
28-07-2026