20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਬੱਚਿਆਂ ਨੂੰ ਲੇਖਕ ਬਣਾਉਣ ਵਿਚ ਰੁੱਝੀ ਸ਼ਸ਼ੀ ਬਾਲਾ

ਅਜੀਤ ਡੈਸਕ 19-02-2026

ਮਾਂ ਬੋਲੀ ਕਿਸੇ ਵੀ ਕੌਮ ਦੀ ਪਹਿਚਾਣ ਅਤੇ ਉਸ ਦੀ ਸੰਸਕ੍ਰਿਤੀ ਦਾ ਮੂਲ ਅਧਾਰ ਹੁੰਦੀ ਹੈ। ਪੰਜਾਬੀ ਭਾਸ਼ਾ ਵੀ ਇਕ ਅਜਿਹੀ ਮਿੱਠੀ ਤੇ ਰਸਭਰੀ ਬੋਲੀ ਹੈ, ਜੋ ਸਾਡੇ ਵਿਰਸੇ, ਇਤਿਹਾਸ ਅਤੇ ਸੱਭਿਆਚਾਰ ਦੀ ਨੁਮਾਇੰਦਗੀ ਕਰਦੀ ਹੈ। ਅਜਿਹੇ ਸਮੇਂ ਵਿਚ ਜਦੋਂ ਨਵੀਂ ਪੀੜ੍ਹੀ ਆਧੁਨਿਕਤਾ ਅਤੇ ਵਿਦੇਸ਼ੀ ਭਾਸ਼ਾਵਾਂ ਵੱਲ ਵੱਧ ਰਹੀ ਹੈ, ਮਾਂ ਬੋਲੀ ਦੀ ਸੇਵਾ ਲਈ ਕੰਮ ਕਰਨ ਵਾਲੇ ਵਿਅਕਤੀਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਇਸ ਮਾਣਯੋਗ ਸੇਵਾ ਵਿਚ ਸ਼ਸ਼ੀ ਬਾਲਾ ਇਕ ਪ੍ਰੇਰਨਾਦਾਇਕ ਅਤੇ ਸਮਰਪਿਤ ਸ਼ਖ਼ਸੀਅਤ ਵਜੋਂ ਸਾਹਮਣੇ ਆਉਂਦੇ ਹਨ, ਜੋ ਦਿਨ-ਰਾਤ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਲਈ ਲੱਗੇ ਹੋਏ ਹਨ। ਸ਼ਸੀ ਬਾਲਾ ਦਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਉਹ ਸਕੂਲੀ ਬੱਚਿਆਂ ਅੰਦਰ ਛੁਪੀ ਹੋਈ ਲਿਖਣ ਦੀ ਕਲਾ ਨੂੰ ਪਛਾਣ ਕਿ ਉਸ ਨੂੰ ਉਭਾਰਨ ਲਈ ਨਿਰੰਤਰ ਯਤਨ ਕਰ ਰਹੇ ਹਨ। ਬੱਚੇ ਕਿਸੇ ਵੀ ਸਮਾਜ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਦੀ ਸੋਚ ਤੇ ਰੁਚੀਆਂ ਹੀ ਭਵਿੱਖ ਦੀ ਦਿਸ਼ਾ ਤੈਅ ਕਰਦੀਆਂ ਹਨ। ਇਸ ਗੱਲ ਨੂੰ ਸਮਝਦਿਆਂ ਉਨ੍ਹਾਂ ਨੇ ਬੱਚਿਆਂ ਨੂੰ ਲਿਖਣ ਲਈ ਵਿਸ਼ੇਸ਼ ਮੰਚ ਪ੍ਰਦਾਨ ਕੀਤਾ ਹੈ। ਉਹ ਬੱਚਿਆਂ ਨੂੰ ਸਿਰਫ਼ ਲਿਖਣ ਲਈ ਪ੍ਰੇਰਿਤ ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਦੀਆਂ ਰਚਨਾਵਾਂ ਨੂੰ ਜ਼ਿਲ੍ਹਾ ਪੱਧਰ 'ਤੇ ਇਕੱਠਾ ਕਰ ਕੇ ਕਿਤਾਬਾਂ ਦੇ ਰੂਪ ਵਿਚ ਛਪਵਾਉਣ ਦਾ ਮਹੱਤਵਪੂਰਨ ਕਾਰਜ ਵੀ ਕਰਦੇ ਹਨ। ਇਹ ਉਪਰਾਲਾ ਬੱਚਿਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਉਤਸ਼ਾਹਿਤ ਕਰਦਾ ਹੈ। ਹੁਣ ਤੱਕ ਉਨ੍ਹਾਂ ਵਲੋਂ ਜਗਾਏ ਵਿਸ਼ਵਾਸ ਅਤੇ ਹੌਸਲੇ ਸਦਕਾ 67 ਸਕੂਲੀ ਵਿਦਿਆਰਥੀਆਂ ਨੂੰ ਪੁਸਤਕਾਂ ਵਿਚ ਛਪਣ ਦਾ ਮੌਕਾ ਮਿਲਿਆ ਹੈ। ਕਿਤਾਬਾਂ ਦਾ ਪ੍ਰਕਾਸ਼ਨ ਕਰਵਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ, ਪਰ ਸ਼ਸ਼ੀ ਬਾਲਾ ਨੇ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਦੇ ਸਹਿਯੋਗ ਨਾਲ ਇਸ ਚੁਨੌਤੀ ਨੂੰ ਸੇਵਾ ਦੇ ਰੂਪ ਵਿਚ ਕਬੂਲ ਕੀਤਾ ਹੈ। ਉਨ੍ਹਾਂ ਦੀ ਮਿਹਨਤ ਨਾਲ ਕਈ ਬੱਚਿਆਂ ਨੂੰ ਲੇਖਕ ਬਣਨ ਦਾ ਮੌਕਾ ਮਿਲਿਆ ਹੈ। ਇਸ ਤਰ੍ਹਾਂ ਉਹ ਸਿਰਫ਼ ਲਿਖਣ ਦੀ ਕਲਾ ਨੂੰ ਉਤਸ਼ਾਹਿਤ ਹੀ ਨਹੀਂ ਕਰ ਰਹੇ, ਸਗੋਂ ਪੰਜਾਬੀ ਸਾਹਿਤ ਨੂੰ ਨਵੀਂ ਪੀੜ੍ਹੀ ਦੇ ਲੇਖਕ ਵੀ ਦੇ ਰਹੇ ਹਨ। ਇਹ ਯਤਨ ਪੰਜਾਬੀ ਭਾਸ਼ਾ ਦੇ ਭਵਿੱਖ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਸ਼ਸ਼ੀ ਬਾਲਾ ਸਾਹਿਤਕ ਸਭਾਵਾਂ ਅਤੇ ਸਮਾਗਮਾਂ ਵਿਚ ਭਾਗ ਲੈ ਕੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਨ। ਉਨ੍ਹਾਂ ਦੇ ਵਿਚਾਰ ਅਤੇ ਉਪਰਾਲੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਉਹ ਇਹ ਸੰਦੇਸ਼ ਦਿੰਦੇ ਹਨ ਕਿ ਆਪਣੀ ਭਾਸ਼ਾ ਨਾਲ ਪਿਆਰ ਕਰਨਾ ਆਪਣੇ ਵਿਰਸੇ ਅਤੇ ਸੰਸਕ੍ਰਿਤੀ ਨਾਲ ਪਿਆਰ ਕਰਨ ਦੇ ਬਰਾਬਰ ਹੈ। ਉਨ੍ਹਾਂ ਦੀ ਲਗਨ ਅਤੇ ਸੇਵਾ ਭਾਵਨਾ ਸਮਾਜ ਲਈ ਇਕ ਮਿਸਾਲ ਹੈ। ਸ਼ਸ਼ੀ ਬਾਲਾ ਦਾ ਕੰਮ ਸਿਰਫ਼ ਭਾਸ਼ਾ ਦੀ ਸੇਵਾ ਤੱਕ ਸੀਮਿਤ ਨਹੀਂ, ਸਗੋਂ ਉਹ ਬੱਚਿਆਂ ਵਿਚ ਰਚਨਾਤਮਿਕ ਸੋਚ, ਸਾਹਿਤਕ ਰੁਚੀ ਅਤੇ ਸੱਭਿਆਚਾਰਕ ਜਾਗਰੂਕਤਾ ਵੀ ਪੈਦਾ ਕਰ ਰਹੇ ਹਨ। ਉਨ੍ਹਾਂ ਦੇ ਉਪਰਾਲੇ ਨਾਲ ਬੱਚੇ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਰਚਨਾਤਮਿਕ ਗਤੀਵਿਧੀਆਂ ਵੱਲ ਆ ਰਹੇ ਹਨ, ਜੋ ਕਿ ਸਮਾਜ ਲਈ ਬਹੁਤ ਹੀ ਲਾਭਦਾਇਕ ਹੈ। ਉਨ੍ਹਾਂ ਦੀ ਸੇਵਾ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ ਅਸੀਂ ਆਪਣੀ ਮਾਂ ਬੋਲੀ ਨੂੰ ਜੀਵੰਤ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਇਸ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ਼ਸ਼ੀ ਬਾਲਾ ਇਸ ਸਮਾਜ ਸੇਵਾ ਦੇ ਨੇਕ ਕਾਰਜ ਵਿਚ ਲੱਗੇ ਹੋਏ ਹਨ, ਉੱਥੇ ਪੰਜਾਬੀ ਕਨਵੈਨਸ਼ਨ ਵੀ ਕਰਵਾ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਦੇ ਖੇਤਰ ਵਿਚ ਪੰਜਾਬੀ ਵਿਸ਼ੇ ਦੀਆਂ ਰਾਜ ਪੱਧਰ ਤੱਕ ਦੀਆਂ ਟ੍ਰੇਨਿੰਗਾਂ ਦੇਣਾ, ਮਾਂ ਬੋਲੀ ਪੰਜਾਬੀ ਰਾਹੀਂ ਮੰਚ ਸੰਚਾਲਕ ਦੀ ਬਾਕਮਾਲ ਭੂਮਿਕਾ ਨਿਭਾਉਣ ਦੀਆਂ ਸੇਵਾਵਾਂ ਵੀ ਲਗਾਤਾਰ ਦੇ ਰਹੇ ਹਨ। ਉਹ ਮਾਂ ਬੋਲੀ ਦੇ ਮੁਕਾਬਲੇ ਕਰਵਾਉਣਾ ਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਦਾ ਵੀ ਹਿੱਸਾ ਬਣੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸ਼ਸੀ ਬਾਲਾ ਪੰਜਾਬੀ ਭਾਸ਼ਾ ਦੀ ਸੱਚੀ ਸੇਵਾਦਾਰ ਹੈ। ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਨਿਸ਼ਕਾਮ ਸੇਵਾ ਪੰਜਾਬੀ ਸਾਹਿਤ ਲਈ ਇਕ ਅਨਮੋਲ ਧਰੋਹਰ ਹੈ। ਉਨ੍ਹਾਂ ਵਰਗੀਆਂ ਸ਼ਖ਼ਸੀਅਤਾਂ ਸਮਾਜ ਵਿਚ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ ਅਤੇ ਮਾਂ ਬੋਲੀ ਦੀ ਰੱਖਿਆ ਤੇ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦੀ ਸੇਵਾ ਸਦੀਆਂ ਤੱਕ ਯਾਦ ਰੱਖੀ ਜਾਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੇਗੀ।

-ਇੰਚਾਰਜ ਅਜੀਤ ਉਪ ਦਫ਼ਤਰ, ਸੰਗਰੂਰ।
ਮੋਬਾਈਲ : 98142-82543

ਪਿਛਲੀ ਖ਼ਬਰ ਪਨੀਰ-ਛੋਲਿਆਂ ਦੀ ਪੌਸ਼ਟਿਕ ਟਿੱਕੀ ਅਗਲੀ ਖ਼ਬਰ ਪੰਜਾਬੀ ਬੋਲੀ ਨੂੰ ਸਮਰਪਿਤ ਲੇਖਿਕਾ ਪਰਮਜੀਤ ਕੌਰ ਸਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।