ਵਾਲਾਂ ਦੀ ਸਿਹਤ ਲਈ ਬੇਰੀਜ਼, ਪਾਲਕ, ਸ਼ਕਰਕੰਦੀ ਅਤੇ ਐਵਾਕਾਡੋ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ ਅਤੇ ਤੁਹਾਨੂੰ ਇਨ੍ਹਾਂ ਦੀ ਲਗਾਤਾਰ ਵਰਤੋਂ ਕਰਨੀ ਚਾਹੀਦੀ। ਪਾਲਕ, ਮੇਥੀ, ਚੁਕੰਦਰ ਅਤੇ ਦਾਲਾਂ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦੀਆਂ ਹਨ। ਸੰਘਣੇ ਅਤੇ ਮੁਲਾਇਮ ਵਾਲਾਂ ਲਈ ਨੀਂਦ ਵੀ ਪੂਰੀ ਕਰੋ ਅਤੇ ਖ਼ੁਦ ਨੂੰ ਤਣਾਅਮੁਕਤ ਵੀ ਰੱਖੋ। ਰਾਤ ਦੀ ਨੀਂਦ ਤੁਹਾਡੇ ਸਰੀਰ ਦੇ ਨਾਲ-ਨਾਲ ਤੁਹਾਡੇ ਵਾਲਾਂ ਨੂੰ ਵੀ ਤਾਜ਼ਾ ਕਰਦੀ ਹੈ। 6-7 ਘੰਟੇ ਦੀ ਲਗਾਤਾਰ ਭਰਪੂਰ ਨੀਂਦ ਤੁਹਾਡੇ ਵਾਲਾਂ ਦੇ ਵਿਕਾਸ ਵਿਚ ਵੀ ਕਾਫ਼ੀ ਸਹਾਇਕ ਹੁੰਦੀ ਹੈ। ਸਹੀ ਨੀਂਦ ਪ੍ਰੋਟੀਨ ਸੰਸਲੇਸ਼ਣ, ਕੋਸ਼ਿਕਾ ਦੀ ਪੁਨਰ ਉਸਾਰੀ ਅਤੇ ਹਾਰਮੋਨ ਕੰਟਰੋਲ ਵਿਚ ਸਹਾਇਕ ਹੁੰਦੀ ਹੈ, ਜਿਸ ਨਾਲ ਵਾਲਾਂ ਦੀਆਂ ਕੋਸ਼ਿਕਾਵਾਂ ਵਧਦੀਆਂ ਹਨ ਅਤੇ ਵਾਲਾਂ ਦਾ ਪੂਰਾ ਵਿਕਾਸ ਹੁੰਦਾ ਹੈ। ਭਰਪੂਰ ਨੀਂਦ ਵਾਲਾਂ ਨੂੰ ਝੜਨ ਤੋਂ ਰੋਕਦੀ ਹੈ। ਸੌਣ ਸਮੇਂ ਸਰੀਰ ਵਿਚ ਪ੍ਰੋਟੀਨ ਦਾ ਜ਼ਿਆਦਾ ਉਤਪਾਦਨ ਹੁੰਦਾ ਹੈ ਜੋ ਕਿ ਵਾਲਾਂ ਦੀਆਂ ਕੋਸ਼ਿਕਾਵਾਂ ਨੂੰ ਮਜ਼ਬੂਤ ਕਰਨ ਵਿਚ ਸਹਾਇਕ ਹੁੰਦਾ ਹੈ।
ਤੁਸੀਂ ਔਲੇ ਅਤੇ ਰੀਠਾ ਸ਼ਿਕਾਕਾਈ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਖੋਪੜੀ ਨੂੰ ਵੀ ਸਾਫ਼ ਕਰਦਾ ਹੈ। ਵਾਲਾਂ ਨੂੰ ਧੋਣ ਲਈ ਤੁਸੀਂ ਘਰ 'ਚ ਹੀ ਕੁਦਰਤੀ ਕਲੀਂਜ਼ਰ ਤਿਆਰ ਕਰ ਸਕਦੇ ਹੋ। ਇਸ ਲਈ ਇਕ ਮੁੱਠੀ ਸੁੱਕਾ ਰੀਠਾ, ਸ਼ਿਕਾਕਾਈ ਅਤੇ ਔਲਾ ਲਓ। ਇਨ੍ਹਾਂ ਨੂੰ ਇਕ ਲੀਟਰ ਪਾਣੀ ਵਿਚ ਪਾ ਕੇ ਰਾਤ ਭਰ ਭਿਉਂ ਦਿਉ। ਅਗਲੇ ਦਿਨ ਜੜ੍ਹੀਆਂ ਬੂਟੀਆਂ ਵਾਲੇ ਪਾਣੀ ਨੂੰ ਹਲਕੇ ਸੇਕ 'ਤੇ ਉਦੋਂ ਤੱਕ ਉਬਾਲੋ ਜਦੋਂ ਤੱਕ ਕਿ ਪਾਣੀ ਅੱਧਾ ਨਾ ਰਹਿ ਜਾਵੇ, ਪਰ ਇਸ ਨੂੰ ਤੇਜ਼ ਸੇਕ 'ਤੇ ਨਾ ਉਬਾਲੋ। ਹੁਣ ਇਸ ਮਿਸ਼ਰਨ ਨੂੰ ਠੰਢਾ ਹੋਣ ਦਿਉ ਅਤੇ ਫਿਰ ਛਾਨਣੀ ਦੀ ਮਦਦ ਨਾਲ ਛਾਣ ਲਓ। ਫਿਰ ਇਸ ਮਿਸ਼ਰਨ ਦੀ ਵਰਤੋਂ ਆਪਣੇ ਵਾਲਾਂ ਨੂੰ ਧੋਣ ਲਈ ਕਰੋ।
ਵਾਲਾਂ ਨੂੰ ਤੇਲ ਲਗਾਉਣ ਲਈ : ਕੁਝ ਦਿਨਾਂ ਬਾਅਦ ਵਾਲਾਂ ਵਿਚ ਤੇਲ ਲਗਾਓ। ਵਾਲਾਂ ਵਿਚ ਹਲਕੇ ਹੱਥ ਨਾਲ ਤੇਲ ਨਾਲ ਮਸਾਜ ਕਰੋ। ਇਸ ਨਾਲ ਵਾਲਾਂ ਦੀਆਂ ਕੋਸ਼ਿਕਾਵਾਂ ਵਿਚ ਖੂਨ ਦਾ ਸੰਚਾਰ ਵਧਦਾ ਹੈ ਅਤੇ ਵਾਲ ਕੋਮਲ ਅਤੇ ਮੁਲਾਇਮ ਹੋ ਜਾਂਦੇ ਹਨ। ਧਿਆਨ ਰਹੇ ਕਿ ਤੁਸੀਂ ਵਾਲਾਂ ਨੂੰ ਤੇਜ਼ੀ ਨਾਲ ਰਗੜਨਾ ਨਹੀਂ ਹੈ। ਤੁਸੀਂ ਵਾਲਾਂ ਵਿਚ ਨਾਰੀਅਲ ਦਾ ਤੇਲ ਜਾਂ ਜੈਤੂਨ ਦਾ ਤੇਲ ਲਗਾ ਸਕਦੇ ਹੋ।
ਵਾਲਾਂ ਨੂੰ ਸਿਹਤਮੰਦ ਬਣਾਉਣ ਵਿਚ ਵੀ ਬਦਾਮ ਦਾ ਤੇਲ ਵੀ ਕਾਰਗਰ ਹੋ ਸਕਦਾ ਹੈ। ਤੁਸੀਂ ਵਾਲਾਂ ਵਿਚ ਸਿਕਰੀ ਦੀ ਸਮੱਸਿਆ ਦੇ ਹੱਲ ਲਈ ਸ਼ੁੱਧ ਨਾਰੀਅਲ ਤੇਲ ਜਾਂ ਤਿਲ ਦੇ ਤੇਲ ਵਰਤੋਂ ਕਰਕੇ ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ।
ਵਾਲਾਂ ਦੀ ਸਿਹਤ ਲਈ ਘਰੇਲੂ ਉਪਾਅ
ਅਜੀਤ ਡੈਸਕ
19-02-2026