ਗੂੰਦ ਕਤੀਰਾ ਇਕ ਕੁਦਰਤੀ ਗੂੰਦ ਹੈ ਜਿਸ ਨੂੰ ਗਰਮੀਆਂ ਵਿਚ ਸਿਹਤਮੰਦ ਪੀਣ ਵਾਲੇ ਪਦਾਰਥਾਂ ਵਿਚ ਵਰਤੋਂ ਕੀਤਾ ਜਾਂਦਾ ਹੈ। ਇਹ ਕੁਦਰਤੀ ਖਾਣ ਵਾਲਾ ਪਦਾਰਥ ਹੈ ਜੋ ਅਸਟ੍ਰੈਗਲਸ ਬੂਟੇ ਦੀ ਜਾਤੀ ਦੇ ਰਸ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਇਹ ਗੂੰਦ ਡ੍ਰੈਗਨ ਜਾਂ ਟ੍ਰੈਗਾਕੈਂਥ ਗੂੰਦ ਵੀ ਕਹਾਉਂਦਾ ਹੈ। ਸੁੱਕਣ 'ਤੇ ਇਹ ਛੋਟੇ, ਹਲਕੇ ਅਤੇ ਥੋੜ੍ਹੇ ਹਲਕੇ ਭੂਰੇ ਰੰਗ ਦਾ ਹੁੰਦਾ ਹੈ। ਇਹ ਬਾਹਰ ਤੋਂ ਸਖ਼ਤ ਅਤੇ ਸੁੱਕਾ ਦਿਸਦਾ ਹੈ, ਪਰ ਪਾਣੀ ਵਿਚ ਪਾਉਣ 'ਤੇ ਇਹ ਮੁਲਾਇਮ, ਹਲਕੇ ਅਤੇ ਪਾਰਦਰਸ਼ੀ ਜੈੱਲ ਦੀ ਤਰ੍ਹਾਂ ਫੁੱਲਣ ਲਗਦਾ ਹੈ। ਇਸ ਦਾ ਹਾਈਡ੍ਰੇਟਿੰਗ ਜੈੱਲ ਰੂਪ ਨਮੀ ਬਣਾਈ ਰੱਖਣ ਅਤੇ ਚਮੜੀ ਦੀ ਲੋਚ ਨੂੰ ਅੰਦਰ ਤੋਂ ਬਾਹਰ ਤੱਕ ਵਧਾਉਣ ਵਿਚ ਮਦਦ ਕਰਦਾ ਹੈ। ਇਹ ਹਲਕੀ ਸੁਗੰਧ ਅਤੇ ਸਵਾਦ ਦਾ ਹੁੰਦਾ ਹੈ। ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਇਹ ਸਰੀਰ ਨੂੰ ਠੰਢਕ ਦਿੰਦਾ ਹੈ ਅਤੇ ਹਾਜ਼ਮਾ ਸ਼ਕਤੀ ਅਤੇ ਐਨਰਜੀ ਵੀ ਵਧਾਉਂਦਾ ਹੈ। ਇਹ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਅਲਕਲਾਈਡ ਅਤੇ ਲਗਭਗ 3 ਫ਼ੀਸਦੀ ਪ੍ਰੋਟੀਨ ਹੁੰਦੇ ਹਨ।
ਚਮੜੀ ਅਤੇ ਵਾਲਾਂ ਲਈ ਲਾਹੇਵੰਦ : ਗੂੰਦ ਕਤੀਰਾ ਸਰੀਰ ਵਿਚ ਨਮੀ ਵਧਾਉਂਦਾ ਹੈ। ਫੋੜੇ-ਫਿਨਸੀਆਂ ਹੋਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਰੀਰ ਦੀ ਗਰਮੀ ਹੁੰਦੀ ਹੈ। ਇਸ ਦੀ ਤਾਸੀਰ ਬੇਹੱਦ ਠੰਢੀ ਹੁੰਦੀ ਹੈ ਅਤੇ ਇਹ ਸਰੀਰ ਦੀ ਗਰਮੀ ਨੂੰ ਘੱਟ ਕਰਦਾ ਹੈ, ਜਿਸ ਨਾਲ ਗਰਮੀ ਕਾਰਨ ਹੋਣ ਵਾਲੇ ਮੁਹਾਂਸੇ, ਫਿਨਸੀਆਂ ਅਤੇ ਬ੍ਰੇਕਆਊਟਸ ਘੱਟ ਹੁੰਦੇ ਹਨ। ਇਸ ਦੇ ਐਂਟੀ-ਇਨਫੈਲੇਮੇਟਰੀ ਗੁਣ ਚਮੜੀ ਦੀ ਜਲਨ ਨੂੰ ਵੀ ਸ਼ਾਂਤ ਕਰਦੇ ਹਨ ਅਤੇ ਕਿੱਲ ਮੁਹਾਂਸਿਆਂ ਨੂੰ ਦੂਰ ਕਰਨ ਵਿਚ ਬਹੁਤ ਪ੍ਰਭਾਵੀ ਹੁੰਦੇ ਹਨ। ਇਹ ਸਰੀਰ ਤੋਂ ਟਾਕਸਿਨਜ਼ ਨੂੰ ਬਾਹਰ ਕੱਢ ਕੇ ਪੇਟ ਨੂੰ ਠੰਢਾ ਰੱਖਦਾ ਹੈ।
ਕਿੱਲ ਮੁਹਾਂਸਿਆਂ ਨਾਲ ਲੜਨ ਲਈ ਗੂੰਦ ਕਤੀਰਾ ਅਤੇ ਚੀਆ ਸੀਡਜ਼ ਡ੍ਰਿੰਕ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ 1 ਚਮਚ ਗੂੰਦ ਕਤੀਰੇ ਨੂੰ ਰਾਤ ਭਰ ਥੋੜ੍ਹੇ ਪਾਣੀ ਵਿਚ ਭਿਉਂ ਦਿਉ ਤਾਂ ਕਿ ਇਹ ਫੁੱਲ ਜਾਵੇ। 1 ਚਮਚ ਚੀਆ ਸੀਡਜ਼ ਦੇ ਬੀਜ ਅੱਧੇ ਘੰਟੇ ਲਈ ਥੋੜ੍ਹੇ ਪਾਣੀ ਵਿਚ ਭਿਉਂ ਦਿਉ।
1 ਗਿਲਾਸ ਨਾਰੀਅਲ ਪਾਣੀ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਸ਼ਹਿਦ ਲੈ ਲਓ। ਇਕ ਕੱਚ ਦੇ ਕੌਲੇ ਵਿਚ ਗੂੰਦ ਕਤੀਰੇ ਦੇ ਜੈੱਲ ਵਿਚ ਭਿੱਜੇ ਹੋਏ ਚੀਆ ਸੀਡਜ਼ ਪਾ ਦਿਉ। ਹੁਣ ਇਸ ਵਿਚ ਨਾਰੀਅਲ ਪਾਣੀ ਮਿਲਾਓ ਅਤੇ ਅਖੀਰ ਵਿਚ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਦਿਉ। ਇਸ ਡ੍ਰਿੰਕ ਨੂੰ ਤੁਸੀਂ ਸਵੇਰੇ ਦਿਨ ਦੇ ਕਿਸੇ ਵੀ ਸਮੇਂ ਲੈ ਸਕਦੇ ਹੋ। ਪਰ ਖਾਲੀ ਪੇਟ ਲੈਣ ਦੇ ਚੰਗੇ ਨਤੀਜੇ ਮਿਲਣਗੇ। ਲਗਾਤਾਰ ਪੀਣ ਨਾਲ ਤੁਹਾਨੂੰ ਕੁਝ ਹੀ ਹਫ਼ਤਿਆਂ ਵਿਚ ਆਪਣੀ ਚਮੜੀ ਵਿਚ ਫ਼ਰਕ ਮਹਿਸੂਸ ਹੋਣ ਲੱਗੇਗਾ।
ਗੂੰਦ ਕਤੀਰੇ ਨੂੰ ਰਾਤ ਭਰ ਭਿਉਂ ਲਓ। ਸਵੇਰੇ ਇਸ ਵਿਚ ਥੋੜ੍ਹਾ ਪਾਣੀ ਪਾਓ ਅਤੇ ਇਸ ਦੇ ਬਾਅਦ ਅੱਧਾ ਨਿੰਬੂ ਦਾ ਰਸ ਮਿਲਾ ਲਓ। ਇਸ ਨੂੰ ਤੁਸੀਂ ਪੀ ਲਓ। ਇਸ ਦੇ ਲਗਾਤਾਰ ਵਰਤੋਂ ਨਾਲ ਕੁਝ ਹੀ ਦਿਨਾਂ ਵਿਚ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ। ਇਹ ਸਰੀਰ ਨੂੰ ਅੰਦਰ ਤੋਂ ਡੀਟਾਕਸੀਫਾਈ ਕਰ ਕੇ ਮੁਹਾਂਸੇ, ਝੁਰੜੀਆਂ ਅਤੇ ਸਨਬਰਨ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ, ਜਿਸ ਨਾਲ ਚਮੜੀ ਕੋਮਲ ਅਤੇ ਆਕਰਸ਼ਕ ਦਿਸਦੀ ਹੈ। ਭਿੱਜੇ ਹੋਏ ਗੂੰਦ ਕਤੀਰੇ ਦੇ ਜੈੱਲ ਨੂੰ ਫੇਸ ਪੈਕ ਦੀ ਤਰ੍ਹਾਂ ਸਿੱਧੇ ਚਿਹਰੇ 'ਤੇ ਲਗਾ ਲਓ ਅਤੇ ਅੱਧੇ ਘੰਟੇ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਮੁਹਾਂਸੇ, ਦਾਗ਼-ਧੱਬੇ ਅਤੇ ਚਮੜੀ ਦੀ ਜਲਨ ਵਿਚ ਆਰਾਮ ਮਿਲਦਾ ਹੈ।
ਗੂੰਦ ਕਤੀਰਾ ਵਿਚ ਐਂਟੀ-ਏਜਿੰਗ ਗੁਣ ਹੁੰਦੇ ਹਨ। ਇਹ ਜ਼ਖ਼ਮ ਭਰਨ ਅਤੇ ਦਾਗ਼-ਧੱਬਿਆਂ ਨੂੰ ਘੱਟ ਕਰਨ ਦੇ ਨਾਲ-ਨਾਲ ਮੁਹਾਂਸਿਆਂ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ, ਇਸ ਦੇ ਪੋਸ਼ਕ ਤੱਤ ਵਾਲਾਂ ਨੂੰ ਜੜ੍ਹੋਂ ਮਜ਼ਬੂਤ ਬਣਾ ਸਕਦੇ ਹਨ। ਇਸ ਵਿਚ ਮੌਜੂਦ ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਹਾਈਡ੍ਰੇਟਿੰਗ ਗੁਣ ਖੋਪੜੀ ਨੂੰ ਠੰਢਕ ਪਹੁੰਚਾਉਂਦੇ ਹਨ, ਵਾਲਾਂ ਦਾ ਟੁੱਟਣਾ ਘੱਟ ਕਰਦੇ ਹਨ ਅਤੇ ਰੁੱਖੇਪਨ ਤੋਂ ਰਾਹਤ ਦਿਵਾਉਂਦੇ ਹਨ। ਗੂੰਦ ਕਤੀਰੇ ਵਿਚ ਮੌਜੂਦ ਪੋਸ਼ਕ ਤੱਤ ਵਾਲਾਂ ਨੂੰ ਸੰਘਣਾ ਅਤੇ ਚਮਕਦਾਰ ਬਣਾ ਸਕਦੇ ਹਨ। ਰਾਤ ਭਰ ਭਿੱਜਿਆ ਗੂੰਦ ਕਤੀਰੇ ਨੂੰ ਸਵੇਰੇ ਸ਼ਰਬਤ ਜਾਂ ਦੁੱਧ ਨਾਲ ਲੈਣ ਨਾਲ ਵੀ ਵਾਲਾਂ ਨੂੰ ਅੰਦਰੂਨੀ ਪੋਸ਼ਣ ਮਿਲਦਾ ਹੈ।
ਗਰਮੀਆਂ ਵਿਚ ਕੁਦਰਤੀ ਸੁੰਦਰਤਾ ਨਿਖਾਰਦਾ ਹੈ ਗੂੰਦ ਕਤੀਰਾ
ਅਜੀਤ ਡੈਸਕ
30-04-2026