28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਾਤਾਵਰਨ ਪ੍ਰਤੀ ਚੇਤੰਨਤਾ ਦਾ ਹੋਕਾ ਦੇਣ ਵਾਲੀ : ਕੰਚਨ ਗੁਪਤਾ

ਅਜੀਤ ਡੈਸਕ 11-06-2026

ਕੰਚਨ ਗੁਪਤਾ ਮਨੁੱਖੀ ਜਾਮੇ 'ਚ ਕੁਦਰਤ ਦੀ ਨੇਕ ਔਲਾਦ ਹੈ। ਉਸ ਨੂੰ ਕੁਦਰਤ ਦੀਆਂ ਨਿਆਮਤਾਂ ਨਾਲ ਲੋਹੜੇ ਦਾ ਇਸ਼ਕ ਹੈ। ਕੰਚਨ ਗੁਪਤਾ ਨੇ ਆਪਣਾ ਸਾਰਾ ਜੀਵਨ ਵਾਤਾਵਰਨ ਸੰਭਾਲ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਹੈ। 1957 ਨੂੰ ਪਿਤਾ ਜਗਦੀਸ਼ ਰਾਏ ਅਤੇ ਮਾਤਾ ਦਵਾਰਕੀ ਦੇਵੀ ਦੇ ਘਰ ਜਨਮੀ ਕੰਚਨ ਗੁਪਤਾ ਨੇ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਕੁਦਰਤ ਨਾਲ ਅਜਿਹਾ ਨਾਤਾ ਜੋੜਿਆ ਕਿ ਰੁੱਖ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਬਣ ਗਏ। ਉਨ੍ਹਾਂ ਨੇ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਲਿਆ ਅਤੇ ਆਪਣਾ ਜੀਵਨ ਸਮਾਜ ਭਲਾਈ ਅਤੇ ਵਾਤਾਵਰਨ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਫ਼ਕੀਰੀ, ਸਾਦਗੀ, ਨਿਮਰਤਾ ਅਤੇ ਲੋਕ ਸੇਵਾ ਉਨ੍ਹਾਂ ਦੀ ਸ਼ਖ਼ਸੀਅਤ ਦੀ ਪਛਾਣ ਹਨ। ਪਰਿਵਾਰ ਦਾ ਪੂਰਾ ਸਹਿਯੋਗ ਅਤੇ ਸ਼ਹਿਰ ਵਿਚ ਮਿਲਦਾ ਆਦਰ-ਸਤਿਕਾਰ ਉਨ੍ਹਾਂ ਦੇ ਕੰਮਾਂ ਦੀ ਸੱਚੀ ਪੂੰਜੀ ਹੈ। ਉਨ੍ਹਾਂ ਦੀ ਸਾਦਗੀ ਅਤੇ ਲੋਕ ਭਲਾਈ ਦੇ ਕਾਰਜਾਂ ਨੇ ਉਨ੍ਹਾਂ ਨੂੰ ਹਰ ਵਰਗ ਵਿਚ ਵਿਸ਼ੇਸ਼ ਸਨਮਾਨ ਦਿਵਾਇਆ ਹੈ।
ਸਾਲ 2018 ਵਿਚ ਉਨ੍ਹਾਂ ਨੇ 'ਗ੍ਰੀਨ ਪੰਜਾਬ ਮਿਸ਼ਨ' ਮੁਹਿੰਮ ਤਹਿਤ ਵਾਤਾਵਰਨ ਪ੍ਰਤੀ ਚੇਤਨਾ ਦਾ ਝੰਡਾ ਚੁੱਕ ਕੇ ਵੱਡੀ ਸ਼ੁਰੂਆਤ ਕੀਤੀ। ਇਸ ਮੁਹਿੰਮ ਅਧੀਨ ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ 15 ਛੋਟੇ-ਵੱਡੇ ਜੰਗਲ ਤਿਆਰ ਕਰਨ ਵਿਚ ਯੋਗਦਾਨ ਪਾਇਆ ਅਤੇ ਕਰੀਬ ਇੱਕ ਲੱਖ ਰੁੱਖ ਲਾ ਕੇ ਉਨ੍ਹਾਂ ਦੀ ਸੰਭਾਲ ਵੀ ਕੀਤੀ। ਉਹ ਹਮੇਸ਼ਾ ਕਹਿੰਦੇ ਹਨ ਕਿ ਸਿਰਫ਼ ਰੁੱਖ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਗ੍ਰੀਨ ਪੰਜਾਬ ਮਿਸ਼ਨ ਤਹਿਤ ਕੰਚਨ ਗੁਪਤਾ ਨੇ ਹੇਰਾਂ, ਸੋਹੀਆਂ, ਗੁਰੂਸਰ ਕਾਉਂਕੇ, ਸੀ.ਟੀ. ਯੂਨੀਵਰਸਿਟੀ ਜਲੰਧਰ, ਸੀ.ਟੀ. ਯੂਨੀਵਰਸਿਟੀ ਚੌਕੀਮਾਨ, ਬੱਸ ਸਟੈਂਡ ਜਗਰਾਉਂ, ਸਾਇੰਸ ਕਾਲਜ, ਸਿਵਲ ਹਸਪਤਾਲ ਅਤੇ ਕੋਰਟ ਕੰਪਲੈਕਸ ਸਮੇਤ ਅਨੇਕਾਂ ਥਾਵਾਂ ਨੂੰ ਹਰਿਆਵਲੀ ਨਾਲ ਸਜਾਉਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਅੱਜ ਇਹ ਥਾਵਾਂ ਉਨ੍ਹਾਂ ਦੀ ਮਿਹਨਤ ਅਤੇ ਦੂਰਦਰਸ਼ਤਾ ਦੀ ਗਵਾਹੀ ਭਰਦੀਆਂ ਹਨ। ਕੰਚਨ ਗੁਪਤਾ ਨੇ ਸਮਾਜ ਵਿਚ ਇੱਕ ਨਵੀਂ ਅਤੇ ਪ੍ਰੇਰਨਾਦਾਇਕ ਪਿਰਤ ਵੀ ਸ਼ੁਰੂ ਕੀਤੀ। ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਕੇਕ ਕੱਟਣ ਦੀ ਪਿਰਤ ਨੂੰ ਛੱਡ ਕੇ ਇੱਕ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ। ਇਸ ਸੋਚ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਕੁਦਰਤ ਨਾਲ ਜੋੜਿਆ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ। ਉਨ੍ਹਾਂ ਦਾ ਘਰ ਵੀ ਉਨ੍ਹਾਂ ਦੀ ਸੋਚ ਦਾ ਦਰਪਣ ਹੈ। ਫੁੱਲਾਂ ਅਤੇ ਹਰਿਆਲੀ ਨਾਲ ਸਜਿਆ ਘਰ ਕੁਦਰਤ ਪ੍ਰਤੀ ਉਨ੍ਹਾਂ ਦੇ ਅਟੁੱਟ ਪਿਆਰ ਨੂੰ ਦਰਸਾਉਂਦਾ ਹੈ। ਉਹ ਅਕਸਰ ਕਹਿੰਦੇ ਹਨ, 'ਰੁੱਖਾਂ ਨਾਲ ਜਿਊਣਾ ਹੈ ਤੇ ਰੁੱਖਾਂ ਨਾਲ ਹੀ ਮਰਨਾ ਹੈ।' ਇਹ ਸਿਰਫ਼ ਸ਼ਬਦ ਨਹੀਂ, ਸਗੋਂ ਉਨ੍ਹਾਂ ਦੀ ਪੂਰੀ ਜੀਵਨ-ਫ਼ਲਾਸਫ਼ੀ ਹੈ। ਕੰਚਨ ਗੁਪਤਾ ਤੋਹਫੇ ਵਜੋਂ ਫੁੱਲਾਂ ਦਾ ਗੁਲਦਸਤਾ ਨਹੀਂ ਭੇਟ ਕਰਦੇ ਸਗੋਂ ਬੂਟਾ ਭੇਂਟ ਕਰਕੇ ਸ਼ਖ਼ਸੀਅਤ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਦਿੰਦੇ ਹਨ। ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਉਨ੍ਹਾਂ ਨੂੰ ਅਨੇਕਾਂ ਮਾਣ ਸਨਮਾਨ ਮਿਲੇ ਹਨ ਪਰ ਉਹ ਅਸਲ ਸਨਮਾਨ ਕੁਦਰਤ ਦੀ ਰੁਹਾਨੀ ਤਾਜ਼ਗੀ ਨੂੰ ਹੀ ਸਮਝਦੀ ਹੈ। ਕੰਚਨ ਗੁਪਤਾ ਦੀ ਜੀਵਨ ਯਾਤਰਾ ਸਾਬਤ ਕਰਦੀ ਹੈ ਕਿ ਇੱਕ ਇਨਸਾਨ ਜੇਕਰ ਦ੍ਰਿੜ੍ਹ ਇਰਾਦਾ ਰੱਖੇ ਤਾਂ ਉਹ ਇਕੱਲਾ ਵੀ ਸਮਾਜ ਵਿਚ ਵੱਡਾ ਬਦਲਾਅ ਲਿਆ ਸਕਦਾ ਹੈ। ਉਨ੍ਹਾਂ ਵਲੋਂ ਲਗਾਏ ਗਏ ਰੁੱਖ ਸਿਰਫ਼ ਹਰਿਆਵਲੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਵਿਰਾਸਤ ਹਨ। ਪੰਜਾਬ ਦੀ ਧਰਤੀ ਉਨ੍ਹਾਂ ਵਰਗੀਆਂ ਧੀਆਂ 'ਤੇ ਮਾਣ ਕਰਦੀ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕੁਦਰਤ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।

-ਪ੍ਰਤੀਨਿਧ ਅਜੀਤ ਵੈੱਬ ਟੀ.ਵੀ,
ਸਬ ਆਫਿਸ ਜਗਰਾਉਂ
ਮੋਬਾਈਲ : 98764-92410

ਪਿਛਲੀ ਖ਼ਬਰ ਸਫ਼ਰ ਵਿਚ ਜਦੋਂ ਨਾਲ ਹੋਣ ਛੋਟੇ ਬੱਚੇ... ਅਗਲੀ ਖ਼ਬਰ ਵਕਤ, ਭਰੋਸਾ ਤੇ ਇੱਜ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।