29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਯੋਗਾ ਸੁੰਦਰਤਾ ਵਧਾਉਂਦਾ ਹੈ

ਅਜੀਤ ਡੈਸਕ 18-06-2026

ਸੁੰਦਰ, ਚਮਕੀਲੀ ਚਮੜੀ, ਗਠਿਆ ਸਰੀਰ, ਸੁੰਦਰ ਸਰੀਰਕ ਬਣਤਰ, ਚਿਹਰੇ 'ਤੇ ਰੌਣਕ, ਚਮਕੀਲੇ ਵਾਲ ਅਤੇ ਕੁਦਰਤੀ ਤੌਰ 'ਤੇ ਰੂਪ ਨਾਲ ਸੰੁੰਦਰ ਦਿਸਣ ਦੀ ਚਾਹਤ 'ਚ ਅੱਜਕਲ੍ਹ ਫਿਟਨੈੱਸ ਸੈਂਟਰਾਂ, ਜਿੰਮ, ਸੈਲੂਨ, ਸਪਾ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ ਮਹਿੰਗੇ ਸੁੰਦਰਤਾ ਉਤਪਾਦਾਂ ਨੂੰ ਖਰੀਦਣ ਦੀ ਦੌੜ ਆਮ ਦੇਖੀ ਜਾ ਸਕਦੀ ਹੈ। ਅੱਜਕਲ੍ਹ ਦੇ ਪ੍ਰਦੂਸ਼ਣ, ਤਣਾਅ, ਰੁਝੇਵਿਆਂ ਭਰਿਆ ਜੀਵਨ ਅਤੇ ਦਿਨ-ਰਾਤ ਦੀ ਭੱਜ-ਨੱਠ ਵਾਲੀ ਜ਼ਿੰਦਗੀ 'ਚ ਤੁਸੀਂ ਸਮੇਂ ਤੋਂ ਪਹਿਲਾਂ ਹੀ ਬੁੱਢੇ ਦਿਖਾਈ ਦੇਣ ਲੱਗਦੇ ਹੋ, ਭਾਵ ਚੜ੍ਹਦੀ ਉਮਰ 'ਚ ਵੀ ਚਿਹਰੇ 'ਤੇ ਝੁਰੜੀਆਂ, ਕਿੱਲ-ਮੁਹਾਂਸੇ, ਫਿੰਨਸੀਆਂ, ਕਾਲੇ ਧੱਬੇ ਲਗਾਤਾਰ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ। ਜ਼ਿਆਦਾਤਰ ਲੋਕ ਸੁੰਦਰ ਦਿਖਾਈ ਦੇਣ ਦੀ ਲਾਲਸਾ 'ਚ ਬਿਊਟੀ ਸੈਲੂਨਾਂ 'ਚ ਪਤਾ ਨਹੀਂ ਕੀ ਕੁਝ ਕਰਦੇ ਫਿਰਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਅੰਦਰੂਨੀ ਤੌਰ 'ਤੇ ਸੁੰਦਰ ਹੋ ਤਾਂ ਤੁਹਾਡੀ ਸੁੰਦਰਤਾ ਚਿਹਰੇ 'ਤੇ ਸੁਭਾਵਿਕ ਰੂਪ ਨਾਲ ਝਲਕੇਗੀ। ਯੋਗ ਆਸਨਾਂ ਅਤੇ ਪ੍ਰਾਣਯਾਮ ਦੇ ਰੋਜ਼ਾਨਾ ਅਭਿਆਸ ਨਾਲ ਤੁਸੀਂ ਕੁਦਰਤੀ ਸੁੰਦਰਤਾ, ਚਮਕਦੀ ਚਮੜੀ ਅਤੇ ਸਰੀਰਕ ਆਕਰਸ਼ਣ ਗ੍ਰਹਿਣ ਕਰ ਸਕਦੇ ਹੋ। ਦਰਅਸਲ ਜੇਕਰ ਤੁਸੀਂ ਯੋਗ ਸਾਧਨਾ ਨੂੰ ਆਪਣੇ ਜੀਵਨ ਨਾਲ ਜੋੜ ਲੈਂਦੇ ਹੋ ਤਾਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਹੀ ਕੁਦਰਤੀ ਤੌਰ 'ਤੇ ਹਮੇਸ਼ਾ ਲਈ ਸੁੰਦਰ ਅਤੇ ਆਕਰਸ਼ਕ ਵੀ ਬਣਾਇਆ ਜਾ ਸਕਦਾ ਹੈ। ਮਹਿੰਗੇ ਸੁੰਦਰਤਾ ਸਾਧਨਾਂ, ਬਿਊਟੀ ਸੈਲੂਨਾਂ ਦੇ ਮਹਿੰਗੇ ਉਪਚਾਰ ਤੋਂ ਇਲਾਵਾ ਸਮੇਂ ਨੂੰ ਵੀ ਬਚਾਇਆ ਜਾ ਸਕਦਾ ਹੈ।
ਹਰ ਰੋਜ਼ ਅੱਧਾ ਘੰਟਾ ਸਵੇਰੇ ਅਤੇ ਸ਼ਾਮ ਸੂਰਿਆ ਨਮਸਕਾਰ, ਪ੍ਰਾਣਯਾਮ, ਓਤਥਾਨ ਆਸਨ, ਕਪਾਲ ਭਾਤੀ, ਧਨੁਰ ਆਸਨ ਅਤੇ ਸਾਹਾਂ ਦੀ ਕਿਰਿਆ ਦੇ ਜ਼ਰੀਏ ਤੁਸੀਂ ਆਪਣੇ ਜੋਬਨ, ਸੁੰਦਰਤਾ ਅਤੇ ਕੁਦਰਤੀ ਆਕਰਸ਼ਣ ਨੂੰ ਜੀਵਨ ਭਰ ਬਣਾਈ ਰੱਖ ਸਕਦੇ ਹੋ।
ਵਾਲਾਂ ਅਤੇ ਚਮੜੀ ਦੀ ਸੁੰਦਰਤਾ ਨੂੰ ਬਣਾਈ ਰੱਖਣ 'ਚ ਪ੍ਰਾਣਯਾਮ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਪ੍ਰਾਣਯਾਮ ਨਾਲ ਜਿਥੇ ਤਣਾਅ ਘੱਟ ਹੁੰਦਾ ਹੈ, ਉਥੇ ਦੂਸਰੇ ਪਾਸੇ ਸਰੀਰ 'ਚ ਪ੍ਰਾਣ ਵਾਯੂ ਦਾ ਪ੍ਰਭਾਵੀ ਸੰਚਾਰ ਹੁੰਦਾ ਹੈ ਅਤੇ ਖ਼ੂਨ ਦਾ ਪ੍ਰਵਾਹ ਵਧਦਾ ਹੈ। ਪ੍ਰਾਣਯਾਮ ਸਹੀ ਤਰੀਕੇ ਨਾਲ ਸਾਹ ਲੈਣ ਦੀ ਬਿਹਤਰੀਨ ਆਦਤ ਹੈ। ਹਰ ਰੋਜ਼ 10 ਮਿੰਟ ਤੱਕ ਪ੍ਰਾਣਯਾਮ ਨਾਲ ਮਨੁੱਖੀ ਸਰੀਰ ਦੀ ਕੁਦਰਤੀ ਕਲੀਜਿੰਗ ਹੋ ਜਾਂਦੀ ਹੈ। ਪ੍ਰਾਣਯਾਮ ਨਾਲ ਸਰੀਰ ਦੀਆਂ ਨਾੜਾਂ 'ਚ ਖ਼ੂਨ ਵਧਦਾ ਹੈ, ਜਿਸ ਨਾਲ ਨਾੜੀਆਂ 'ਚ ਆਕਸੀਜਨ ਸਹੀ ਢੰਗ ਨਾਲ ਪਹੁੰਚਦੀ ਹੈ।
ਪ੍ਰਾਣਯਾਮ ਨਾਲ ਵਾਲਾਂ ਦੀਆਂ ਕੋਸ਼ਕਾਵਾਂ 'ਚ ਵੀ ਤਾਜ਼ੀ ਹਵਾ ਦਾ ਸੰਚਾਰ ਹੁੰਦਾ ਹੈ, ਜਿਸ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ, ਵਾਲਾਂ ਦਾ ਸਫੈਦ ਹੋਣਾ ਵੀ ਬੰਦ ਹੋ ਜਾਂਦਾ ਹੈ ਅਤੇ ਵਾਲ ਕੋਮਲ ਅਤੇ ਮੁਲਾਇਮ ਹੋਣ ਲੱਗਦੇ ਹਨ।
ਨਿਯਮਿਤ ਰੂਪ ਨਾਲ ਪ੍ਰਾਣਯਾਮ ਕਰਨ ਨਾਲ ਤੁਸੀਂ ਆਪਣੇ-ਆਪ 'ਚ ਹਲਕਾਪਨ, ਸ਼ਾਂਤੀ ਅਤੇ ਸਕਾਰਾਤਮਿਕ ਊਰਜਾ ਦਾ ਅਹਿਸਾਸ ਹੁੰਦਾ ਹੈ। ਯੋਗਾ ਨਾਲ ਤੁਸੀਂ ਆਤਮਿਕ ਤੌਰ 'ਤੇ ਸ਼ਾਂਤ ਮਹਿਸੂਸ ਕਰਦੇ ਹੋ, ਜਿਸ ਨਾਲ ਤੁਹਾਡੀ ਬਾਹਰੀ ਸੁੰਦਰਤਾ 'ਚ ਵੀ ਨਿਖਾਰ ਆਉਂਦਾ ਹੈ। ਆਮ ਤੌਰ 'ਤੇ ਉਨੀਂਦਰਾ, ਤਣਾਅ ਆਦਿ ਕਾਰਨ ਪੈਦਾ ਹੋਣ ਵਾਲੇ ਕਿੱਲ, ਮੁਹਾਂਸੇ, ਕਾਲੇ ਧੱਬੇ ਆਦਿ ਦੀਆਂ ਸਮੱਸਿਆਵਾਂ ਦੇ ਸਥਾਈ ਉਪਚਾਰ 'ਚ ਯੋਗ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਤੁਸੀਂ ਉਤਥਾਨ ਆਸਨ ਲਗਾਤਾਰ ਕਰਕੇ ਕਿੱਲ, ਮੁਹਾਂਸੇ, ਕਾਲੇ ਧੱਬਿਆਂ ਵਰਗੀਆਂ ਸਮੱਸਿਆਵਾਂ ਦਾ ਸਥਾਈ ਹੱਲ ਪਾ ਸਕਦੇ ਹੋ। ਕਪਾਲਭਾਤੀ ਕਰਨ ਨਾਲ ਸਰੀਰ 'ਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਘਟਾ ਕੇ ਖੂਨ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਸਰੀਰ 'ਚ ਹਲਕਾਪਨ ਮਹਿਸੂਸ ਹੁੰਦਾ ਹੈ। ਧਨੁਰ ਆਸਨ ਨਾਲ ਸਰੀਰ 'ਚ ਖ਼ੂਨ ਦਾ ਪ੍ਰਵਾਹ ਵਧਦਾ ਹੈ ਅਤੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ 'ਚ ਮਦਦ ਮਿਲਦੀ ਹੈ, ਇਸ ਨਾਲ ਸਰੀਰ ਦੀ ਚਮੜੀ 'ਚ ਕੁਦਰਤੀ ਚਮਕ ਆਉਂਦੀ ਹੈ ਅਤੇ ਚਮੜੀ ਦੀ ਰੰਗਤ 'ਚ ਨਿਖਾਰ ਆਉਂਦਾ ਹੈ।
ਯੋਗ ਦੇ ਲਗਾਤਾਰ ਅਭਿਆਸ ਨਾਲ ਚਮੜੀ ਅਤੇ ਸਰੀਰ 'ਚ ਤਾਜ਼ਗੀ ਲੰਬੇ ਸਮੇਂ ਤੱਕ ਬਣਾਈ ਰੱਖਣ 'ਚ ਮਦਦ ਮਿਲਦੀ ਹੈ। ਯੋਗਾਸਨ ਨਾਲ ਰੀੜ੍ਹ ਦੀ ਹੱਡੀ ਅਤੇ ਜੋੜਾਂ ਨੂੰ ਲਚਕਦਾਰ ਬਣਾ ਕੇ ਰੱਖਿਆ ਜਾ ਸਕਦਾ ਹੈ, ਜਿਸ ਨਾਲ ਸਰੀਰ ਲੰਮੇਂ ਸਮੇਂ ਤੱਕ ਲਚਕੀਲਾ ਅਤੇ ਆਕਰਸ਼ਕ ਬਣਿਆ ਰਹਿੰਦਾ ਹੈ, ਯੋਗ ਨਾਲ ਸਰੀਰ ਦਾ ਭਾਰ ਵੀ ਘੱਟ ਕਰਨ 'ਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਾਸਪੇਸ਼ੀਆਂ ਨਰਮ ਅਤੇ ਮੁਲਾਇਮ ਹੋ ਜਾਂਦੀਆਂ ਹਨ ਅਤੇ ਤੁਸੀਂ ਜਵਾਨ ਦਿਸਣ ਲੱਗਦੇ ਹੋ। ਸੂਰਿਆ ਨਮਸਕਾਰ ਆਸਨ ਨਾਲ ਪੂਰੇ ਸਰੀਰ 'ਚ ਜਵਾਨੀ ਦਾ ਸੰਚਾਰ ਹੁੰਦਾ ਹੈ। ਇਸ ਨਾਲ ਸਰੀਰ 'ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਚਿਹਰੇ ਅਤੇ ਸਰੀਰ 'ਤੇ ਬੁਢਾਪੇ ਦੇ ਪ੍ਰਭਾਵ ਨੂੰ ਰੋਕਣ 'ਚ ਮਦਦਗਾਰ ਸਾਬਤ ਹੁੰਦਾ ਹੈ।
ਚਿਹਰੇ ਦੀਆਂ ਝੁਰੜੀਆਂ ਤੋਂ ਮੁਕਤੀ ਪਾਉਣ ਲਈ ਸੂਰਿਆ ਨਮਸਕਾਰ ਅਤੇ ਪ੍ਰਾਣਯਾਮ ਦੋਵੇਂ ਪ੍ਰਭਾਵੀ ਆਸਨ ਹਨ।
ਯੋਗ ਨਾਲ ਖੂਨ ਸੰਚਾਰ ਦੇ ਪ੍ਰਭਾਵ 'ਚ ਵੀ ਸੁਧਾਰ ਹੁੰਦਾ ਹੈ, ਜਿਸ ਨਾਲ ਚਮੜੀ ਦੇ ਹੇਠਲੇ ਪੱਧਰ ਤੱਕ ਬਰਾਬਰ ਮਾਤਰਾ 'ਚ ਖੂਨ ਦਾ ਸੰਚਾਰ ਹੋਣ ਲੱਗਦਾ ਹੈ।
ਖੂਨ ਸੰਚਾਰ ਬਿਹਤਰ ਹੋਣ ਨਾਲ ਚਮੜੀ 'ਚ ਆਕਸੀਜਨ ਅਤੇ ਪੌਸ਼ਕ ਤੱਤਾਂ ਦੀ ਪੂਰਨ ਪ੍ਰਾਪਤੀ ਹੋਣ ਨਾਲ ਚਿਹਰੇ 'ਤੇ ਕੁਦਰਤੀ ਨਿਖਾਰ ਆਉਂਦਾ ਹੈ, ਝੁਰੜੀਆਂ ਘਟਦੀਆਂ ਹਨ, ਇਸ ਨੂੰ ਕੁਦਰਤੀ 'ਐਂਟੀਏਜਿੰਗ' ਵੀ ਮੰਨਿਆ ਜਾਂਦਾ ਹੈ।
ਯੋਗ ਅਤੇ ਪ੍ਰਾਣਯਾਮ ਨਾਲ ਸਰੀਰ ਡੀਟਾਕਸ ਹੁੰਦਾ ਹੈ, ਜਿਸ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਤੁਹਾਡੀ ਚਮੜੀ ਅਤੇ ਚਿਹਰੇ ਦਾ ਆਕਰਸ਼ਣ ਅਤੇ ਰੌਣਕ ਵਧਦੀ ਹੈ।
ਜਦ ਅਸੀਂ ਪਾਵਰ ਯੋਗ ਕਰਦੇ ਹਾਂ ਤਾਂ ਸਰੀਰ 'ਚੋਂ ਪਸੀਨਾ ਨਿਕਲਦਾ ਹੈ ਅਤੇ ਪਸੀਨੇ ਦੇ ਜ਼ਰੀਏ ਆਰਸੈਨਿਕ ਅਤੇ ਸ਼ੀਸ਼ਾ ਵਰਗੀਆਂ ਭਾਰੀ ਧਾਤਾਂ ਸਰੀਰ 'ਚੋਂ ਬਾਹਰ ਨਿਕਲ ਜਾਂਦੀਆਂ ਹਨ, ਜਿਸ ਨਾਲ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਇਸ ਨਾਲ ਚਮੜੀ ਦੀ ਰੰਗਤ 'ਚ ਸੁਧਾਰ ਅਤੇ ਸਰੀਰ 'ਚ ਚੁਸਤੀ-ਫੁਰਤੀ ਆ ਜਾਂਦੀ ਹੈ।
-0-

ਪਿਛਲੀ ਖ਼ਬਰ ‘ਰਾਤਰੀ ਠਹਿਰਾਅ’ ਪ੍ਰੋਗਰਾਮ ਨਾਲ ਸੰਬੰਧਿਤ ਸ਼ਿਕਾਇਤਾਂ ਪ੍ਰਾਪਤ ਕਰਨ ਵਾਲੇ ਸਾਰੇ ਵਿਭਾਗਾਂ ਨੂੰ 7 ਦਿਨਾਂ ਦੇ ਅੰਦਰ ਭੇਜਣਾ... ਅਗਲੀ ਖ਼ਬਰ ਜਦੋਂ ਜਵਾਨ ਬੱਚੇ ਮਾਂ-ਬਾਪ ਅੱਗੇ ਵਿਆਹ ਲਈ ਆਪਣੀ ਪਸੰਦ ਦਾ ਇਜ਼ਹਾਰ ਕਰ ਦੇਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।