ਬਦਲਾਅ ਸਮੇਂ ਦਾ ਦਸਤੂਰ ਹੈ। ਸਮੇਂ ਨਾਲ ਆਪਣੇ-ਆਪ ਨੂੰ ਬਦਲ ਲੈਣਾ ਸੂਝਵਾਨ ਅਤੇ ਦੂਰ ਅੰਦੇਸ਼ ਲੋਕਾਂ ਦੀ ਸ਼ਖ਼ਸੀਅਤ ਦੀ ਨਿਸ਼ਾਨੀ ਹੁੰਦੀ ਹੈ। ਜਵਾਨ ਬੱਚਿਆਂ ਦੀ ਪੜ੍ਹਾਈ ਲਿਖਾਈ, ਅਗਾਂਹਵਧੂ ਸੋਚ, ਜ਼ਮਾਨੇ ਦੇ ਪ੍ਰਭਾਵ, ਰਹਿਣ-ਸਹਿਣ ਦੇ ਬਦਲ ਰਹੇ ਤੌਰ-ਤਰੀਕਿਆਂ, ਫ਼ਿਲਮਾਂ ਅਤੇ ਨਾਟਕਾਂ ਨੇ ਵਿਆਹਾਂ-ਸ਼ਾਦੀਆਂ ਦੀਆਂ ਪਰੰਪਰਾਵਾਂ ਦੀਆਂ ਨਵੀਆਂ ਪਰਿਭਾਸ਼ਾਵਾਂ ਕਾਇਮ ਕਰ ਦਿੱਤੀਆਂ ਹਨ। ਵਿਆਹਾਂ-ਸ਼ਾਦੀਆਂ ਵਿਚ ਇਹ ਤਬਦੀਲੀ ਕੋਈ ਨਵੀਂ ਗੱਲ ਨਹੀਂ ਹੈ। ਹਰ ਨਵੀਂ ਪੀੜ੍ਹੀ ਆਪਣੀ ਜਵਾਨੀ ਦੀ ਉਮਰ ਵਿਚ ਵਿਆਹ ਸ਼ਾਦੀ ਦੀ ਪਿਛਲੀ ਪਰੰਪਰਾ 'ਚ ਬਦਲਾਅ ਲਿਆ ਕੇ ਆਪਣੀ ਪਰਿਭਾਸ਼ਾ ਲਿਖਦੀ ਹੈ ਪਰ ਉਹੀ ਜਵਾਨ ਪੀੜ੍ਹੀ ਜਦੋਂ ਖੁਦ ਮਾਂ ਬਾਪ ਬਣਨ ਦੀ ਭੂਮਿਕਾ ਨਿਭਾਉਂਦੀ ਹੈ ਤਾਂ ਉਹ ਆਪਣੇ ਬੱਚਿਆਂ ਵਲੋਂ ਵਿਆਹ ਦੀ ਪੁਰਾਣੀ ਪਰੰਪਰਾ 'ਚ ਲਿਆਈ ਜਾਣ ਵਾਲੀ ਤਬਦੀਲੀ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੁੰਦੀ।
ਕੁੜੀ ਹੋਵੇ ਜਾਂ ਮੁੰਡਾ ਮਾਂ-ਬਾਪ ਦਾ ਦੋਹਾਂ ਪ੍ਰਤੀ ਨਜ਼ਰੀਆ ਇਕੋ ਜਿਹਾ ਹੋਣਾ ਚਾਹੀਦਾ ਹੈ ਅਨੇਕਾਂ ਮਾਪਿਆਂ ਵਲੋਂ ਵਿਆਹ-ਸ਼ਾਦੀਆਂ ਦੀ ਪਰੰਪਰਾ ਵਿਚ ਆਉਣ ਵਾਲੀ ਤਬਦੀਲੀ ਨੂੰ ਲੈ ਕੇ ਬੱਚਿਆਂ ਦੀ ਪਸੰਦ ਨੂੰ ਸਹਿਮਤੀ ਨਾ ਦੇਣ ਕਾਰਨ ਜਵਾਨ ਬੱਚਿਆਂ ਦੇ ਘਰੋਂ ਦੌੜ ਜਾਣ, ਆਤਮ-ਹੱਤਿਆ ਕਰਨ ਤੇ ਮਾਪਿਆਂ ਤੋਂ ਬਾਗ਼ੀ ਹੋ ਕੇ ਵਿਆਹ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਵੇਖਣ ਨੂੰ ਇਹ ਵੀ ਮਿਲ ਰਿਹਾ ਹੈ ਕਿ ਕਈ ਮੁੰਡੇ ਕੁੜੀਆਂ ਆਪਣੇ ਮਾਪਿਆਂ ਦੀ ਜਿੱਦ ਜਾਂ ਡਰ ਕਾਰਨ ਮਜਬੂਰ ਹੋ ਕੇ ਮਾਪਿਆਂ ਦੇ ਕਹਿਣ ਅਨੁਸਾਰ ਵਿਆਹ ਕਰਵਾ ਤਾਂ ਲੈਂਦੇ ਹਨ ਪਰ ਬਾਅਦ 'ਚ ਮਾਪਿਆਂ ਅੱਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਹੋ ਇਹ ਵੀ ਰਿਹਾ ਹੈ ਕਿ ਕਈ ਬੱਚਿਆਂ ਦੇ ਪਹਿਲਾਂ ਹੀ ਪ੍ਰੇਮ ਸੰਬੰਧ ਹੁੰਦੇ ਹਨ ਪਰ ਉਹ ਆਪਣੇ ਮਨ ਦੀ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਨਹੀਂ ਕਰ ਪਾਉਂਦੇ ਪਰ ਉਨ੍ਹਾਂ ਦਾ ਵਿਆਹ ਹੋਰ ਥਾਂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਵੀ ਬਹੁਤ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕਈ ਮਾਂ-ਬਾਪ ਬੱਚਿਆਂ ਦੀ ਜਿੱਦ ਨੂੰ ਵੇਖ ਕੇ ਉਨ੍ਹਾਂ ਦੇ ਪ੍ਰੇਮ ਵਿਆਹ ਨਾਲ ਸਹਿਮਤ ਹੋ ਜਾਂਦੇ ਹਨ ਪਰ ਵਿਆਹ ਤੋਂ ਬਾਅਦ ਉਨ੍ਹਾਂ ਦਾ ਆਪਣੇ ਬੱਚਿਆਂ ਪ੍ਰਤੀ ਵਤੀਰਾ ਠੀਕ ਨਹੀਂ ਹੁੰਦਾ। ਅਜਿਹੀ ਸਥਿਤੀ ਵਿਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਦੋਵੇਂ ਪ੍ਰੇਸ਼ਾਨ ਰਹਿੰਦੇ ਹਨ। ਮੁੱਕਦੀ ਗੱਲ ਹੈ ਇਹ ਕਿ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਮ ਸੰਬੰਧਾਂ ਦੇ ਮਾਮਲਿਆਂ ਵਿਚ ਬਹੁਤ ਹੀ ਸੋਚ ਸਮਝ ਕੇ ਫ਼ੈਸਲੇ ਲੈਣੇ ਚਾਹੀਦੇ ਹਨ ਅਤੇ ਸੰਜੀਦਗੀ ਨਾਲ ਕੰਮ ਲੈਣਾ ਚਾਹੀਦਾ ਹੈ।
-ਮੋਬਾਈਲ : 98726-27136