ਜੀਵਨ ਇਕ ਵਿਸ਼ਾਲ ਮੈਦਾਨ ਵਾਂਗ ਹੈ, ਜਿਥੇ ਹਰ ਮਨੁੱਖ ਆਪਣੇ ਸੁਪਨਿਆਂ ਨੂੰ ਉਡਾਣ ਦੇਣ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਹੈ | ਹਰ ਕੋਈ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਖਾਹਿਸ਼ ਰੱਖਦਾ ਹੈ, ਪਰ ਹਰ ਮਿਹਨਤ ਸਫਲਤਾ ਦੇ ਦਰਵਾਜ਼ੇ ਤੱਕ ਨਹੀਂ ਲੈ ਕੇ ਜਾਂਦੀ | ਅਸਲ ਵਿਚ, ਉਹੀ ਯਤਨ ਕਾਬਲ-ਏ-ਤਾਰੀਫ਼ ਬਣਦੇ ਹਨ, ਜਿਨ੍ਹਾਂ ਦੇ ਨਤੀਜੇ ਸਿਰਫ਼ ਵਿਅਕਤੀਗਤ ਲਾਭ ਤੱਕ ਸੀਮਤ ਨਾ ਰਹਿ ਕੇ ਸਮਾਜ ਦੀ ਭਲਾਈ ਲਈ ਵੀ ਮਜ਼ਬੂਤ ਨੀਂਹ ਰੱਖਣ | ਸਫਲਤਾ ਦੀ ਖ਼ਾਤਰ ਕੀਤੀ ਮਿਹਨਤ ਜ਼ਰੂਰੀ ਤਾਂ ਹੈ ਪਰ ਇਸ ਤੋਂ ਵੀ ਵੱਧ ਮਹੱਤਵਪੂਰਨ ਹੈ ਉਸ ਮਿਹਨਤ ਦਾ ਮਕਸਦ ਅਤੇ ਉਸ ਦੀ ਸਹੀ ਦਿਸ਼ਾ | ਬਿਨਾਂ ਸੋਚ-ਵਿਚਾਰ ਕੀਤੀ ਮਿਹਨਤ ਅਕਸਰ ਸਿਰਫ਼ ਸਮੇਂ ਅਤੇ ਊਰਜਾ ਦੀ ਬਰਬਾਦੀ ਬਣ ਕੇ ਰਹਿ ਜਾਂਦੀ ਹੈ | ਉਦਾਹਰਨ ਵਜੋਂ, ਜੇਕਰ ਇਕ ਵਿਦਿਆਰਥੀ ਬਿਨਾਂ ਕਿਸੇ ਸਪੱਸ਼ਟ ਟੀਚੇ ਦੇ ਸਿਰਫ਼ ਡਿਗਰੀਆਂ ਹਾਸਿਲ ਕਰਨ ਵਿਚ ਹੀ ਲੱਗਾ ਰਹਿੰਦਾ ਹੈ, ਤਾਂ ਉਸ ਦੀ ਮਿਹਨਤ ਦੇ ਨਤੀਜੇ ਉਮੀਦਾਂ ਦੇ ਅਨੁਸਾਰ ਨਹੀਂ ਆਉਂਦੇ | ਇਸ ਦੇ ਉਲਟ, ਜੇ ਉਹ ਆਪਣੇ ਟੀਚੇ ਨੂੰ ਸਮਝ ਕੇ ਅਤੇ ਯੋਜਨਾਬੱਧ ਢੰਗ ਨਾਲ ਅੱਗੇ ਵਧਦਾ ਹੈ ਤਾਂ ਉਸ ਦਾ ਹਰ ਕਦਮ ਉਸ ਨੂੰ ਸਫਲਤਾ ਦੇ ਨੇੜੇ ਲੈ ਕੇ ਜਾਂਦਾ ਹੈ | ਇਹ ਵੀ ਅਟੱਲ ਸਚਾਈ ਹੈ ਕਿ ਮਿਹਨਤ ਦਾ ਪਲ ਹਰ ਵਾਰ ਤੁਰੰਤ ਨਹੀਂ ਮਿਲਦਾ | ਅਕਸਰ ਮਨੁੱਖ ਨੂੰ ਅਸਫਲਤਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਇਹ ਅਸਫਲਤਾਵਾਂ ਵੀ ਅਸਲ ਵਿਚ ਸਫਲਤਾ ਦੀਆਂ ਪੌੜੀਆਂ ਹੀ ਹੁੰਦੀਆਂ ਹਨ | ਜੇਕਰ ਅਸੀਂ ਉਨ੍ਹਾਂ ਤੋਂ ਸਿੱਖ ਲੈ ਕੇ ਆਪਣੀ ਦਿਸ਼ਾ ਨੂੰ ਸਹੀ ਰਾਹਦਈਏ, ਤਾਂ ਹਰ ਠੋਕਰ ਸਾਨੂੰ ਹੋਰ ਮਜ਼ਬੂਤ ਬਣਾਉਂਦੀ ਹੈ | ਜਦੋਂ ਮਿਹਨਤ ਸੱਚੇ ਮਨ ਨਾਲ ਅਤੇ ਸਹੀ ਦਿਸ਼ਾ ਵਿਚ ਕੀਤੀ ਜਾਂਦੀ ਹੈ, ਤਾਂ ਉਹ ਆਖਿਰਕਾਰ ਸਾਰਥਿਕ ਨਤੀਜੇ ਹੀ ਲਿਆਉਂਦੀ ਹੈ |

ਸਾਰਥਿਕ ਨਤੀਜਿਆਂ ਦਾ ਅਰਥ ਸਿਰਫ਼ ਧਨ-ਦੌਲਤ ਜਾਂ ਉੱਚ ਪਦਵੀ ਹਾਸਿਲ ਕਰਨਾ ਨਹੀਂ ਹੁੰਦਾ, ਬਲਕਿ ਇਹ ਮਨੁੱਖੀ ਮੁੱਲਾਂ ਨਾਲ ਵੀ ਡੰੂਘੀ ਤਰ੍ਹਾਂ ਜੁੜੀ ਹੁੰਦੀ ਹੈ | ਉਹ ਮਿਹਨਤ, ਜੋ ਸੱਚਾਈ, ਇਮਾਨਦਾਰੀ ਅਤੇ ਮਨੁੱਖਤਾ ਦੇ ਅਸੂਲਾਂ 'ਤੇ ਆਧਾਰਿਤ ਹੋਵੇ, ਉਹੀ ਅਸਲ ਵਿਚ ਸਰਾਹੁਣਯੋਗ ਹੁੰਦੀ ਹੈ |
ਜੇਕਰ ਕੋਈ ਵਿਅਕਤੀ ਆਪਣੀ ਸਫਲਤਾ ਲਈ ਗਲਤ ਰਸਤੇ ਅਪਣਾਉਂਦਾ ਹੈ, ਤਾਂ ਭਾਵੇਂ ਉਹ ਮੰਜ਼ਿਲ ਤੱਕ ਪਹੁੰਚ ਵੀ ਜਾਵੇ ਪਰ ਉਸ ਦੀ ਸਫਲਤਾ ਸਾਰਥਿਕ ਨਹੀਂ ਮੰਨੀ ਜਾਂਦੀ | ਇਸ ਦੇ ਉਲਟ, ਜੋ ਵਿਅਕਤੀ ਸੱਚਾਈ ਦੇ ਰਾਹ 'ਤੇ ਚੱਲ ਕੇ ਆਪਣਾ ਟੀਚਾ ਹਾਸਿਲ ਕਰਦਾ ਹੈ, ਤਾਂ ਉਸ ਦੀ ਮਿਹਨਤ ਸੱਚਮੁੱਚ ਹੀ ਕਾਬਲ-ਏ-ਦਾਦ ਬਣਦੀ ਹੈ | ਸਮਾਜ ਵੀ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਯਾਦ ਰੱਖਦਾ ਹੈ, ਜਿਨ੍ਹਾਂ ਦੀ ਮਿਹਨਤ ਨੇ ਹੋਰਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਭਰੀ ਹੋਵੇ | ਚਾਹੇ ਉਹ ਇਕ ਅਧਿਆਪਕ ਹੋਵੇ, ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਦਾ ਹੈ, ਇਕ ਡਾਕਟਰ ਹੋਵੇ, ਜੋ ਜ਼ਿੰਦਗੀਆਂ ਨੂੰ ਬਚਾਉਂਦਾ ਹੈ ਜਾਂ ਇਕ ਕਿਸਾਨ ਹੋਵੇ, ਜੋ ਅੰਨ ਪੈਦਾ ਕਰ ਸਭ ਦੀ ਭੁੱਖ ਮਿਟਾਉਂਦਾ ਹੈ | ਜੇ ਉਹ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਉਂਦੇ ਹਨ ਤਾਂ ਉਨ੍ਹਾਂ ਦੇ ਯਤਨ ਸਿਰਫ਼ ਕੰਮ ਨਹੀਂ ਰਹਿਦੇ, ਸਗੋਂ ਸਮਾਜ ਲਈ ਪ੍ਰੇਰਨਾ ਬਣ ਜਾਂਦੇ ਹਨ |
ਆਧੁਨਿਕ ਯੁੱਗ ਵਿਚ, ਜਿਥੇ ਮੁਕਾਬਲੇਬਾਜ਼ੀ ਦੀ ਦੌੜ ਬੇਹੱਦ ਤੇਜ਼ ਹੋ ਚੁੱਕੀ ਹੈ, ਬਹੁਤ ਸਾਰੇ ਲੋਕ ਸਿਰਫ਼ ਨਤੀਜਿਆਂ 'ਤੇ ਹੀ ਧਿਆਨ ਕੇਂਦਰਿਤ ਕਰਦੇ ਹਨ ਅਤੇ ਮਕਸਦ ਨੂੰ ਨਜ਼ਰਅੰਦਾਜ਼ ਕਰ ਜਾਂਦੇ ਹਨ | ਪਰ ਅਸਲ ਸਫਲਤਾ ਉਹੀ ਹੁੰਦੀ ਹੈ, ਜੋ ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੁੜੀ ਹੋਵੇ | ਇਸ ਲਈ ਸਾਡੀ ਹਰ ਮਿਹਨਤ ਦਾ ਕੇਂਦਰ ਸਿਰਫ਼ ਆਪਣੀ ਤਰੱਕੀ ਨਹੀਂ, ਸਗੋਂ ਸਮੂਹਿਕ ਭਲਾਈ ਵੀ ਹੋਣਾ ਚਾਹੀਦਾ ਹੈ | ਅੰਤ ਵਿਚ ਇਹ ਕਹਿਣਾ ਹੀ ਉਚਿਤ ਹੋਵੇਗਾ ਕਿ ਮਿਹਨਤ ਦੀ ਅਸਲ ਕਦਰ ਉਸ ਦੇ ਨਤੀਜਿਆਂ ਨਾਲ ਹੀ ਅੰਕਿਤ ਹੁੰਦੀ ਹੈ | ਹਰ ਉਹ ਨਤੀਜੇ ਤਦ ਹੀ ਅਹਿਮ ਹੁੰਦੇ ਹਨ, ਜਦੋਂ ਉਹ ਸਾਰਥਿਕ, ਨੈਤਿਕ ਅਤੇ ਸਮਾਜ ਲਈ ਲਾਭਕਾਰੀ ਹੋਣ | ਇਸ ਲਈ ਸਾਨੂੰ ਹਮੇਸ਼ਾ ਸੋਚ-ਵਿਚਾਰ ਕਰਕੇ, ਸਹੀ ਦਿਸਾ ਵਿਚ ਅਤੇ ਸੱਚੇ ਮਨ ਨਾਲ ਮਿਹਨਤ ਕਰਨੀ ਚਾਹੀਦੀ ਹੈ, ਤਾਂ ਜੋ ਸਾਡਾ ਹਰ ਉਪਰਾਲਾ ਸਿਰਫ਼ ਸਫਲ ਹੀ ਨਹੀਂ, ਸਗੋਂ ਪ੍ਰੇਰਨਾਦਾਇਕ ਵੀ ਬਣ |
-ਪੱਤਰਕਾਰਤਾ ਵਿਭਾਗ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ |