ਹਰ ਸਾਲ 1 ਅਕਤੂਬਰ ਨੂੰ 'ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ' ਮਨਾਇਆ ਜਾਂਦਾ ਹੈ | ਇਹ ਦਿਵਸ ਸਾਨੂੰ ਸੀਨੀਅਰ ਸਿਟੀਜਨਜ਼ ਦੇ ਸਨਮਾਨ, ਅਧਿਕਾਰਾਂ, ਸੁਰੱਖਿਆ ਅਤੇ ਮਾਣ-ਸਤਿਕਾਰ ਨਾਲ ਭਰਪੂਰ ਜੀਵਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਯਾਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ | ਵਧਦੀ ਜੀਵਨ-ਸੰਭਾਵਨਾ ਆਧੁਨਿਕ ਸਮਾਜ ਦੀ ਮਹੱਤਵਪੂਰਨ ਪ੍ਰਾਪਤੀ ਹੈ, ਪਰ ਲੰਬਾ ਜੀਵਨ ਤਾਂ ਹੀ ਸਾਰਥਕ ਹੈ ਜਦੋਂ ਹਰੇਕ ਸੀਨੀਅਰ ਸਿਟੀਜ਼ਨ ਨੂੰ ਸੁਰੱਖਿਆ, ਸਨਮਾਨ, ਆਤਮਨਿਰਭਰਤਾ ਅਤੇ ਸਮਾਜਿਕ ਸ਼ਮੂਲੀਅਤ ਨਾਲ ਜੀਵਨ ਜਿਊਣ ਦਾ ਮੌਕਾ ਮਿਲੇ | ਭਾਰਤ ਵਿਚ ਸੀਨੀਅਰ ਸਿਟੀਜਨਜ਼ ਦੀ ਭਲਾਈ ਨੂੰ ਸਰਕਾਰ ਦੀ ਵਿਆਪਕ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਹਿੱਸਾ ਮੰਨਿਆ ਗਿਆ ਹੈ | ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਸੀਨੀਅਰ ਸਿਟੀਜਨਜ਼ ਲਈ ਰੈਣ-ਬਸੇਰਾ, ਸਿਹਤ-ਸੰਬੰਧੀ ਸਹਾਇਤਾ, ਸਮਾਜਿਕ ਸੁਰੱਖਿਆ, ਸੁਗਮ ਜੀਵਨ ਅਤੇ ਮਾਣ-ਸਤਿਕਾਰ ਵਾਲਾ ਜੀਵਨ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਿਹਾ ਹੈ |

ਸਰਕਾਰ ਦਾ ਨਜ਼ਰੀਆ ਸਿਰਫ਼ ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਤੱਕ ਸੀਮਤ ਨਹੀਂ ਹੈ | ਇਸ ਦਾ ਉਦੇਸ਼ ਅਜਿਹਾ ਸ਼ਮੂਲੀਅਤ ਵਾਲਾ ਮਾਹੌਲ ਤਿਆਰ ਕਰਨਾ ਹੈ, ਜਿਸ ਵਿਚ ਸੀਨੀਅਰ ਸਿਟੀਜ਼ਨ ਸਮਾਜ ਦੀ ਮੁੱਖ ਧਾਰਾ ਵਿਚ ਸਰਗਰਮ ਭਾਗੀਦਾਰ ਬਣੇ ਰਹਿਣ ਅਤੇ ਉਨ੍ਹਾਂ ਦੇ ਤਜਰਬੇ, ਗਿਆਨ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲ ਸਕੇ |
ਮਜ਼ਬੂਤ ਸੰਸਥਾਗਤ ਪ੍ਰਣਾਲੀ
ਜਿਨ੍ਹਾਂ ਸੀਨੀਅਰ ਸਿਟੀਜ਼ਨਜ਼ ਕੋਲ ਪਰਿਵਾਰ ਜਾਂ ਹੋਰ ਤਰ੍ਹਾਂ ਦਾ ਲੋੜੀਂਦਾ ਸਹਾਰਾ ਉਪਲਬਧ ਨਹੀਂ ਹੈ, ਉਨ੍ਹਾਂ ਲਈ ਰੈਣ-ਬਸੇਰਾ ਅਤੇ ਦੇਖਭਾਲ ਯਕੀਨੀ ਬਣਾਉਣਾ ਸਰਕਾਰ ਦੀਆਂ ਤਰਜੀਹਾਂ ਵਿਚ ਸ਼ਾਮਿਲ ਹੈ |
ਏਕੀਕਿ੍ਤ ਸੀਨੀਅਰ ਸਿਟੀਜ਼ਨ ਪ੍ਰੋਗਰਾਮ (9ntegrated Programme for Senior 3iti੍ਰens 9PSr3) ਤਹਿਤ ਵਿੱਤੀ ਸਾਲ 2014-15 ਤੋਂ ਸੀਨੀਅਰ ਸਿਟੀਜਨਜ਼ ਲਈ ਬਿਰਧ ਆਸ਼ਰਮ ਅਤੇ ਨਿਰੰਤਰ ਦੇਖਭਾਲ ਘਰ ਚਲਾਏ ਜਾ ਰਹੇ ਹਨ | ਗ਼ੈਰ-ਸਰਕਾਰੀ ਸੰਗਠਨਾਂ, ਪੰਚਾਇਤਾਂ ਅਤੇ ਸਥਾਨਕ ਸੰਸਥਾਵਾਂ ਰਾਹੀਂ ਚਲਾਏ ਜਾਂਦੇ ਇਨ੍ਹਾਂ ਅਦਾਰਿਆਂ ਰਾਹੀਂ 10.76 ਲੱਖ ਤੋਂ ਵੱਧ ਸੀਨੀਅਰ ਸਿਟੀਜਨਜ਼ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ ਹੈ | ਇਸ ਦਿਸ਼ਾ ਵਿਚ ਸਰਕਾਰੀ ਵਿੱਤੀ ਸਹਾਇਤਾ ਵਿਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ | ਇਹ ਸਹਾਇਤਾ ਲਗਭਗ 15 ਕਰੋੜ ਰੁਪਏ ਸਾਲਾਨਾ ਤੋਂ ਵਧ ਕੇ 124 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ | ਇਹ ਵਾਧਾ ਸੀਨੀਅਰ ਸਿਟੀਜਨਜ਼ ਲਈ ਸੰਸਥਾਗਤ ਦੇਖਭਾਲ ਅਤੇ ਸਮਾਜਿਕ ਸੁਰੱਖਿਆ ਪ੍ਰਤੀ ਸਰਕਾਰ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ |
ਸਹਾਇਕ ਉਪਕਰਣਾਂ ਰਾਹੀਂ ਆਤਮਨਿਰਭਰਤਾ
ਸੀਨੀਅਰ ਸਿਟੀਜਨਜ਼ ਲਈ ਆਤਮਨਿਰਭਰਤਾ ਯਕੀਨੀ ਬਣਾਉਣ ਵਿਚ ਸਹਾਇਕ ਉਪਕਰਣ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪੜ੍ਹਨ, ਸੁਣਨ, ਤੁਰਨ-ਫਿਰਨ ਅਤੇ ਰੋਜ਼ਾਨਾ ਦੀਆਂ ਸਰਗਰਮੀਆਂ ਨੂੰ ਆਸਾਨ ਬਣਾਉਣ ਵਾਲੇ ਉਪਕਰਣ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿਚ ਮਹੱਤਵਪੂਰਨ ਸੁਧਾਰ ਲਿਆ ਸਕਦੇ ਹਨ | ਇਸੇ ਉਦੇਸ਼ ਤਹਿਤ ਰਾਸ਼ਟਰੀਯ ਵਯੋਸ਼੍ਰੀ ਯੋਜਨਾ (Rashtriya Vayoshri Yojana) ਤਹਿਤ ਦੇਸ਼ ਭਰ ਵਿਚ ਵੱਖ-ਵੱਖ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ | ਇਨ੍ਹਾਂ ਕੈਂਪਾਂ ਰਾਹੀਂ 9 ਲੱਖ ਤੋਂ ਵੱਧ ਸੀਨੀਅਰ ਸਿਟੀਜਨਜ਼ ਨੂੰ 53 ਲੱਖ ਤੋਂ ਵੱਧ ਮੁਫ਼ਤ ਸਹਾਇਕ ਉਪਕਰਣ ਵੰਡੇ ਗਏ ਹਨ |
ਇਨ੍ਹਾਂ ਉਪਕਰਣਾਂ ਵਿਚ ਵ੍ਹੀਲਚੇਅਰ, ਸੁਣਨ ਵਾਲੀਆਂ ਮਸ਼ੀਨਾਂ, ਤੁਰਨ ਵਾਲੀਆਂ ਛੜੀਆਂ ਅਤੇ ਐਨਕਾਂ ਆਦਿ ਸ਼ਾਮਿਲ ਹਨ | ਇਸ ਪਹਿਲਕਦਮੀ ਦਾ ਉਦੇਸ਼ ਸੀਨੀਅਰ ਸਿਟੀਜਨਜ਼ ਨੂੰ ਰੋਜ਼ਾਨਾ ਜੀਵਨ ਵਿਚ ਵਧੇਰੇ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਦੀ ਗਤੀਸ਼ੀਲਤਾ ਅਤੇ ਸਮਾਜਿਕ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇਣਾ ਹੈ |
ਸਹਾਇਤਾ ਅਤੇ ਮਾਰਗਦਰਸ਼ਨ
ਸੀਨੀਅਰ ਸਿਟੀਜਨਜ਼ ਨੂੰ ਜ਼ਰੂਰਤ ਵੇਲੇ ਸਹਾਇਤਾ, ਸਲਾਹ ਅਤੇ ਮਾਰਗਦਰਸ਼ਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਐਲਡਰਲਾਈਨ ਹੈਲਪਲਾਈਨ 14567 ਚਲਾਈ ਜਾ ਰਹੀ ਹੈ | ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵਲੋਂ ਚਲਾਈ ਜਾਣ ਵਾਲੀ ਇਹ ਹੈਲਪਲਾਈਨ ਸਾਲ 2021 ਵਿਚ ਸ਼ੁਰੂ ਕੀਤੀ ਗਈ ਸੀ |
ਹੈਲਪਲਾਈਨ 'ਤੇ 29 ਲੱਖ ਤੋਂ ਵੱਧ ਕਾਲਾਂ ਆਈਆਂ ਹਨ | ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ (ਐੱਨ.ਆਈ.ਐੱਸ.ਡੀ), ਜੋ ਇਸ ਦੇ ਲਾਗੂ ਹੋਣ ਦੀ ਨਿਗਰਾਨੀ ਕਰਦਾ ਹੈ, ਨੇ ਵਿੱਤੀ ਸਾਲ 2021 ਤੋਂ 21 ਸਤੰਬਰ 2026 ਤੱਕ ਜਾਣਕਾਰੀ, ਮਾਰਗਦਰਸ਼ਨ, ਭਾਵਨਾਤਮਿਕ ਸਹਿਯੋਗ ਅਤੇ ਫ਼ੀਲਡ ਦਖ਼ਲਅੰਦਾਜ਼ੀ ਨਾਲ ਜੁੜੇ 8.67 ਲੱਖ ਤੋਂ ਵੱਧ ਅਜਿਹੀਆਂ ਕਾਲਾਂ 'ਤੇ ਕਾਰਵਾਈ ਕੀਤੀ ਹੈ, ਜਿਨ੍ਹਾਂ 'ਤੇ ਕੰਮ ਕੀਤਾ ਜਾ ਸਕਦਾ ਸੀ; ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ | ਇਸ ਦੇ ਨਾਲ ਹੀ ਸੀਨੀਅਰ ਸਿਟੀਜਨਜ਼ ਦੀ ਦੇਖਭਾਲ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਿਖਲਾਈ ਪ੍ਰਾਪਤ ਮਨੁੱਖੀ ਸਰੋਤ ਤਿਆਰ ਕਰਨ 'ਤੇ ਵੀ ਧਿਆਨ ਦਿੱਤਾ ਗਿਆ ਹੈ | ਸਾਲ 2023 ਤੋਂ ਹੁਣ ਤੱਕ 30,000 ਤੋਂ ਵੱਧ ਜੇਰੀਆਟਿ੍ਕ ਕੇਅਰਗਿਵਰਸ (ਬਜ਼ੁਰਗ ਦੇਖਭਾਲ ਮਾਹਿਰਾਂ) ਨੂੰ ਸਿਖਲਾਈ ਦਿੱਤੀ ਗਈ ਹੈ | ਇਹ ਸਿਖਲਾਈ ਪ੍ਰਾਪਤ ਦੇਖਭਾਲ ਕਰਨ ਵਾਲੇ ਦੇਸ਼ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਸੀਨੀਅਰ ਸਿਟੀਜਨਜ਼ ਦੀ ਸਹਾਇਤਾ ਕਰ ਰਹੇ ਹਨ |
ਸਮਾਜਿਕ ਸ਼ਮੂਲੀਅਤ ਵੀ ਜ਼ਰੂਰੀ
ਸੀਨੀਅਰ ਸਿਟੀਜਨਜ਼ ਲਈ ਸੰਸਥਾਗਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿਚ ਸੰਵੇਦਨਸ਼ੀਲਤਾ ਅਤੇ ਸ਼ਮੂਲੀਅਤ ਦੀ ਭਾਵਨਾ ਪੈਦਾ ਕਰਨਾ ਵੀ ਜ਼ਰੂਰੀ ਹੈ |
ਸ਼ਹਿਰੀਕਰਨ, ਰੁਜ਼ਗਾਰ ਦੇ ਮੌਕਿਆਂ, ਸਿੱਖਿਆ ਅਤੇ ਵਧਦੀ ਗਤੀਸ਼ੀਲਤਾ ਕਾਰਨ ਪਰਿਵਾਰਾਂ ਦੇ ਢਾਂਚੇ ਵਿਚ ਬਦਲਾਅ ਆਇਆ ਹੈ | ਇਸ ਦੇ ਨਤੀਜੇ ਵਜੋਂ ਕਈ ਸੀਨੀਅਰ ਸਿਟੀਜ਼ਨ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਤੋਂ ਵੱਖ ਰਹਿ ਰਹੇ ਹਨ | ਅਜਿਹੇ ਹਾਲਾਤ ਵਿਚ ਅੰਤਰ-ਪੀੜ੍ਹੀ ਸੰਵਾਦ ਅਤੇ ਸ਼ਮੂਲੀਅਤ ਦਾ ਮਹੱਤਵ ਹੋਰ ਵਧ ਜਾਂਦਾ ਹੈ | ਸੀਨੀਅਰ ਸਿਟੀਜ਼ਨ ਸਿਰਫ਼ ਸਹਾਇਤਾ ਪ੍ਰਾਪਤ ਕਰਨ ਵਾਲੇ ਵਿਅਕਤੀ ਨਹੀਂ ਹਨ | ਉਨ੍ਹਾਂ ਕੋਲ ਜੀਵਨ ਦਾ ਵਿਆਪਕ ਤਜਰਬਾ, ਗਿਆਨ, ਹੁਨਰ ਅਤੇ ਸਮਾਜਿਕ ਯਾਦਾਂ ਹਨ | ਉਹ ਪਰਿਵਾਰ, ਭਾਈਚਾਰੇ ਅਤੇ ਸਮਾਜ ਲਈ ਮਾਰਗਦਰਸ਼ਕ, ਸੁਹਿਰਦ ਸੇਵਕ ਅਤੇ ਪ੍ਰੇਰਨਾ ਸਰੋਤ ਦੀ ਭੂਮਿਕਾ ਨਿਭਾ ਸਕਦੇ ਹਨ |
ਇਸੇ ਤਰ੍ਹਾਂ ਨੌਜਵਾਨ ਪੀੜ੍ਹੀ ਆਪਣੀ ਊਰਜਾ, ਤਕਨੀਕੀ ਗਿਆਨ ਅਤੇ ਬਦਲਦੇ ਸਮੇਂ ਦੀ ਸਮਝ ਜ਼ਰੀਏ ਸੀਨੀਅਰ ਸਿਟੀਜਨਜ਼ ਦੇ ਜੀਵਨ ਨੂੰ ਵਧੇਰੇ ਆਸਾਨ ਬਣਾ ਸਕਦੀ ਹੈ | ਦੋਵਾਂ ਪੀੜ੍ਹੀਆਂ ਵਿਚਕਾਰ ਇਹ ਸੰਵਾਦ ਇਕ ਸੰਵੇਦਨਸ਼ੀਲ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ |
ਸੇਵਾ ਤੋਂ ਸਮਾਜਿਕ ਸੰਵੇਦਨਸ਼ੀਲਤਾ ਤੱਕ
ਸੀਨੀਅਰ ਸਿਟੀਜਨਜ਼ ਦੀ ਭਲਾਈ ਲਈ ਸਰਕਾਰ ਵਲੋਂ ਯੋਜਨਾਵਾਂ ਅਤੇ ਸੰਸਥਾਗਤ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਪਰ ਸਮਾਜਿਕ ਸੰਵੇਦਨਸ਼ੀਲਤਾ ਅਤੇ ਵਿਅਕਤੀਗਤ ਸ਼ਮੂਲੀਅਤ ਵੀ ਓਨੀ ਹੀ ਜ਼ਰੂਰੀ ਹੈ |
ਇਸ ਸਾਲ ਇੰਟਰਨੈਸ਼ਨਲ ਸੀਨੀਅਰ ਸਿਟੀਜ਼ਨ ਡੇਅ 'ਸੇਵਾ ਸੰਕਲਪ ਅਭਿਆਨ' ਦੀ ਮਿਆਦ ਦੌਰਾਨ ਆ ਰਿਹਾ ਹੈ | 17 ਸਤੰਬਰ ਤੋਂ ਦੇਸ਼ ਭਰ ਵਿਚ ਚਲਾਈ ਗਈ ਇਸ ਸੇਵਾ ਅਭਿਆਨ ਰਾਹੀਂ ਸੇਵਾ ਅਤੇ ਸਮਾਜਿਕ ਸ਼ਮੂਲੀਅਤ ਦੀ ਭਾਵਨਾ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ |
ਸੀਨੀਅਰ ਸਿਟੀਜ਼ਨਜ਼ ਦੀ ਸੇਵਾ ਸਿਰਫ਼ ਵੱਡੇ ਕੰਮਾਂ ਤੱਕ ਸੀਮਤ ਨਹੀਂ ਹੈ | ਕਿਸੇ ਬਜ਼ੁਰਗ ਗੁਆਂਢੀ ਨੂੰ ਰੋਜ਼ਾਨਾ ਦੇ ਕੰਮਾਂ ਵਿਚ ਸਹਿਯੋਗ ਦੇਣਾ, ਉਨ੍ਹਾਂ ਨੂੰ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ਵਿਚ ਸਹਾਇਤਾ ਕਰਨਾ, ਕਿਸੇ ਜ਼ਰੂਰੀ ਫ਼ਾਰਮ ਨੂੰ ਭਰਨ ਵਿਚ ਮਦਦ ਕਰਨਾ, ਬੈਂਕ ਜਾਂ ਹਸਪਤਾਲ ਜਾਣ ਵੇਲੇ ਨਾਲ ਜਾਣਾ ਜਾਂ ਉਨ੍ਹਾਂ ਦੀ ਗੱਲ ਸਬਰ ਨਾਲ ਸੁਣਨਾ ਵੀ ਸੇਵਾ ਦਾ ਮਹੱਤਵਪੂਰਨ ਰੂਪ ਹੈ |
ਅਜਿਹੀਆਂ ਛੋਟੀਆਂ-ਛੋਟੀਆਂ ਪਹਿਲਾਂ ਸੀਨੀਅਰ ਸਿਟੀਜ਼ਨਜ਼ ਵਿਚ ਆਤਮ-ਵਿਸ਼ਵਾਸ ਅਤੇ ਸਮਾਜਿਕ ਜੁੜਾਅ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ |
-(ਲੇਖਕ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਹਨ |)