31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਓ, ਆਤਿਸ਼ਬਾਜ਼ੀ ਦੀ ਖੋਜ ਬਾਰੇ ਜਾਣੀਏ

ਆਓ, ਆਤਿਸ਼ਬਾਜ਼ੀ ਦੀ ਖੋਜ ਬਾਰੇ ਜਾਣੀਏ

ਅਜੀਤ ਡੈਸਕ 31-10-2026

 ਪਿਆਰੇ ਬੱਚਿਓ, ਸਾਡੇ ਭਾਰਤ ਦੇ ਲੋਕ ਦੀਵਾਲੀ ਵਾਲੇ ਦਿਨ ਆਤਿਸ਼ਬਾਜ਼ੀ ਬਹੁਤ ਸ਼ੌਕ ਨਾਲ ਚਲਾਉਂਦੇ ਹਨ | ਆਤਿਸ਼ਬਾਜ਼ੀ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ 'ਅੱਗ ਦੀ ਖੇਡ |'
ਅੱਜ ਆਪਾਂ ਆਤਿਸ਼ਬਾਜ਼ੀ ਦੀ ਖੋਜ ਬਾਰੇ ਜਾਣਕਾਰੀ ਹਾਸਲ ਕਰਾਂਗੇ | ਆਤਿਸ਼ਬਾਜ਼ੀ ਦੀ ਖੋਜ ਅਚਾਨਕ ਹੀ ਇਕ ਵਾਪਰੀ ਦੁਰਘਟਨਾ ਤੋਂ ਹੋਈ ਜੋ ਕਿ ਚੀਨ ਵਿਚ ਵਾਪਰੀ | ਕਿਸੇ ਘਰ ਦੀ ਰਸੋਈ ਵਿਚ ਕੰਮ ਕਰਦੇ ਨੌਕਰ ਕੋਲੋਂ ਗ਼ਲਤੀ ਨਾਲ ਅੱਗ ਉਪਰ ਸਾਲਟ ਪੀਟਰ (ਪੋਟਾਸ਼ੀਅਮ ਨਾਈਟ੍ਰੇਟ) ਪੈ ਗਿਆ, ਜਿਸ ਨਾਲ ਰਸਾਇਣਿਕ ਕਿਰਿਆ ਨਾਲ ਰੰਗਦਾਰ ਅੱਗ ਦੀਆਂ ਲਪਟਾਂ ਪੈਦਾ ਹੋ ਗਈਆਂ | ਇਥੋਂ ਹੀ ਰੰਗ-ਬਰੰਗੇ ਪਟਾਕਿਆਂ ਦਾ ਜਨਮ ਹੋਇਆ | ਸਭ ਤੋਂ ਪਹਿਲਾਂ ਪਟਾਕਿਆਂ ਦਾ ਜਨਮ ਚੀਨੀ ਲੋਕਾਂ ਨੇ 1040 ਈਸਵੀ ਵਿਚ ਸ਼ੁਰੂ ਕੀਤਾ | ਇਨ੍ਹਾਂ ਪਟਾਕਿਆਂ ਦੇ ਨਿਰਮਾਣ ਵਿਚ ਸਾਲਟਪੀਟਰ, ਕੋਲੇ ਦਾ ਪਾਊਡਰ ਅਤੇ ਸਲਫਰ ਦਾ ਪ੍ਰਯੋਗ ਕੀਤਾ ਜਾਣ ਲੱਗਾ | ਭਾਰਤ ਦੇ ਲੋਕ 14ਵੀਂ ਸਦੀ ਤੱਕ ਪਟਾਕਿਆਂ ਦਾ ਨਿਰਮਾਣ ਕਰਨ ਲੱਗ ਪਏ ਸਨ | ਚੀਨ, ਇਟਲੀ ਅਤੇ ਇੰਗਲੈਂਡ ਦੇ ਲੋਕ ਖੁਸ਼ੀ ਦੇ ਮੌਕਿਆਂ 'ਤੇ ਆਤਿਸ਼ਬਾਜ਼ੀ ਚਲਾਉਣਾ ਸ਼ਾਨ ਸਮਝਣ ਲੱਗ ਪਏ, ਜਿਸ  ਕਰਕੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਆਤਿਸ਼ਬਾਜ਼ੀ ਦੀਆਂ ਫੈਕਟਰੀਆਂ ਲੱਗ ਪਈਆਂ | ਬੱਚਿਓ, 1486 ਈਸਵੀ ਵਿਚ ਇੰਗਲੈਂਡ ਵਿਚ ਪਹਿਲੀ ਵਾਰ ਰਾਜਾ ਹੈਨਰੀ ਦੇ ਵਿਆਹ ਸਮੇਂ ਪਟਾਕੇ ਚਲਾਏ ਗਏ | ਮਹਾਰਾਣੀ ਐਲਿਜ਼ਾਬੈੱਥ ਦੇ ਜ਼ਮਾਨੇ ਵਿਚ ਪਟਾਕੇ ਚਲਾਉਣ ਲਈ 1558 ਈਸਵੀ 'ਚ ਉਸ ਦੇ ਦਰਬਾਰ ਵਿਚ 'ਪਟਾਕਾ ਮਾਸਟਰ' ਦਾ ਅਹੁਦਾ ਸ਼ੁਰੂ ਕੀਤਾ ਗਿਆ | ਬੱਚਿਓ, ਆਤਿਸ਼ਬਾਜ਼ੀ ਨੂੰ  ਰੰਗਦਾਰ ਬਣਾਉਣ ਜਿਵੇਂ ਲਾਲ ਰੰਗ ਸਟਰਾਸ਼ੀਅਮ, ਸਟਰਾਸ਼ੀਅਮ ਕਾਰਬੋਨੇਟ ਪੀਲਾ, ਸਟਰਾਸ਼ੀਅਮ ਸਲਫੇਟ ਅਸਮਾਨੀ ਰੰਗ ਲਈ ਅਤੇ ਬੇਰੀਅਮ ਦੇ ਯੋਗਿਕ ਹਰਾ ਰੰਗ ਪੈਦਾ ਕਰਨ ਲਈ ਵਰਤੇ ਜਾਂਦੇ ਹਨ | ਜਦੋਂ ਇਨ੍ਹਾਂ ਦੇ ਬਣੇ ਅਕਾਰ, ਮਹਿਤਾਬੀ ਡੱਬੀ, ਫੁਲਝੜੀਆਂ ਨੂੰ  ਅੱਗ ਲਗਾਈ ਜਾਂਦੀ ਹੈ ਤਾਂ ਇਹ ਸੁੰਦਰ ਨਜ਼ਾਰਾ ਪੇਸ਼ ਕਰਦੇ ਹਨ | ਬੱਚਿਓ ਭਾਰਤ ਵਿਚ ਆਤਿਸ਼ਬਾਜ਼ੀ ਬਣਾਉਣ ਵਿਚ ਤਾਮਿਨਲਾਡੂ ਸੂਬੇ ਦਾ ਛੋਟਾ ਜਿਹਾ ਕਸਬਾ 'ਸਿਵਾਕਾਸੀ' ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ | ਸੋ, ਆਓ ਪਿਆਰੇ ਬੱਚਿਓ 8 ਨਵੰਬਰ ਨੂੰ  ਦੀਵਾਲੀ ਵਾਲੇ ਦਿਨ ਅਸੀਂ ਵੱਡਿਆਂ ਦੀ ਹਾਜ਼ਰੀ ਵਿਚ ਘੱਟ ਤੋ ਘੱਟ ਪਟਾਖੇ ਚਲਾ ਕੇ ਸੁਰੱਖਿਅਤ ਦੀਵਾਲੀ ਮਨਾਉਣੀ ਹੈ | ਆਪ ਸਭ ਨੂੰ  ਦੀਵਾਲੀ ਮੁਬਾਰਕ |
-ਸਰਕਾਰੀ ਮਿਡਲ ਸਕੂਲ, ਧਰਮ ਸਿੰਘ ਵਾਲਾ, ਬਲਾਕ ਧਰਮਕੋਟ-2, ਜ਼ਿਲ੍ਹਾ ਮੋਗਾ-142043.
ਮੋਬਾਈਲ : 98555-40392

ਪਿਛਲੀ ਖ਼ਬਰ ਬਾਲ ਕਹਾਣੀ ਬਸ ਦੋ ਮਿੰਟ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।