03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਹਾਣੀਕਾਰ ਲਾਲ ਸਿੰਘ ਦਸੂਹਾ

ਅਜੀਤ ਡੈਸਕ 22-02-2026

ਕੱਲ੍ਹ ਅੰਤਿਮ ਅਰਦਾਸ 'ਤੇ ਵਿਸ਼ੇਸ਼
ਲਾਲ ਸਿੰਘ ਦਸੂਹਾ ਪੰਜਾਬੀ ਦਾ ਸਮਰੱਥ ਕਹਾਣੀਕਾਰ ਸੀ | ਉਸ ਦੀ ਸਾਦ -ਮੁਰਾਦੀ ਰਹਿਣੀ ਬਹਿਣੀ, ਸਾਊ ਸੁਭਾਅ ਅਤੇ ਮਿਲਾਪੜੀ ਸ਼ਖ਼ਸੀਅਤ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਸੀ | ਲਾਲ ਸਿੰਘ ਲੋਕ ਹਿਤੂ , ਮਨੁੱਖ ਹਿਤੈਸ਼ੀ ਅਤੇ ਅਗਾਂਹਵਧੂ ਸੋਚ ਦਾ ਧਾਰਨੀ ਲੇਖਕ ਸੀ | ਉਹ ਲਗਭਗ ਛੇ ਦਹਾਕੇ ਸਾਹਿਤ ਦੇ ਖੇਤਰ ਵਿਚ ਸਰਗਰਮ ਰਹੇ |
ਉਨ੍ਹਾਂ ਦਾ ਜਨਮ 20 ਅਪ੍ਰੈਲ, 1940 ਨੂੰ ਪਿੰਡ ਝੱਜਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਰਦਾਰ ਸੁਰੈਣ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਗ੍ਰਹਿ ਵਿਖੇ ਹੋਇਆ | ਲਾਲ ਸਿੰਘ ਦਾ ਪਰਿਵਾਰ ਕਿਰਤੀ ਸ਼੍ਰੇਣੀ ਨਾਲ ਸਬੰਧਤ ਸੀ ਅਤੇ ਉਨ੍ਹਾਂ ਦਾ ਬਚਪਨ ਤੰਗੀਆਂ ਤੁਰਸ਼ੀਆਂ ਵਿਚ ਬੀਤਿਆ | ਉਹ 1958 ਵਿਚ ਭਾਖੜਾ ਡੈਮ 'ਤੇ ਸੁਪਰਵਾਈਜ਼ਰ ਵਜੋਂ ਬਾਅਦ 'ਚ ਉਨ੍ਹਾਂ ਫੈਕਟਰੀ ਕਾਮੇ ਵਜੋਂ ਜਲੰਧਰ ਵਿਖੇ ਸਰਵਿਸ ਕੀਤੀ | ਪੜ੍ਹਨ ਦੀ ਤੀਬਰ ਲਗਨ ਸਦਕਾ ਉਹ ਨੌਕਰੀ ਦੇ ਨਾਲ-ਨਾਲ ਪੜ੍ਹਾਈ ਵੀ ਕਰਦੇ ਰਹੇ | ਉਨ੍ਹਾਂ 1971 ਵਿਚ ਬੀ.ਐੱਡ. ਕਰ ਲਈ ਅਤੇ 1973 ਵਿਚ ਮੁਕੇਰੀਆਂ ਲਾਗੇ ਪਬਲਿਕ ਸਕੂਲ ਭੰਗਾਲਾ ਵਿਖੇ ਗਿਆਨੀ ਅਧਿਆਪਕ ਵਜੋਂ ਆਪਣਾ ਅਧਿਆਪਨ ਸਫ਼ਰ ਸ਼ੁਰੂ ਕੀਤਾ | 1975 ਵਿਚ ਉਨ੍ਹਾਂ ਐਮ.ਏ.(ਪੰਜਾਬੀ) ਵੀ ਕਰ ਲਈ | ਲਾਲ ਸਿੰਘ ਨੇ 1973 ਤੋਂ ਲੈ ਕੇ 1997 ਤੱਕ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਅਧਿਆਪਨ ਕਾਰਜ ਕੀਤਾ |
1962 ਵਿਚ ਉਨ੍ਹਾਂ ਦੀ ਸ਼ਾਦੀ ਸ੍ਰੀਮਤੀ ਪੂਰਨ ਕੌਰ ਜੇ.ਬੀ.ਟੀ. ਅਧਿਆਪਕਾ ਨਾਲ ਹੋਈ | ਉਨ੍ਹਾਂ ਦੇ ਘਰ ਦੋ ਲੜਕਿਆਂ ਅਤੇ ਦੋ ਲੜਕੀਆਂ ਨੇ ਜਨਮ ਲਿਆ | ਉਨ੍ਹਾਂ ਨੇ ਦਸੰਬਰ 1980 ਵਿਚ ਮਿੰਨੀ ਕਹਾਣੀ 'ਈਡੀਅਟ' ਲਿਖ ਕੇ ਆਪਣੇ ਕਹਾਣੀ ਸਫ਼ਰ ਦੀ ਸ਼ੁਰੂਆਤ ਕੀਤੀ | ਕਹਾਣੀਕਾਰ ਲਾਲ ਸਿੰਘ ਨੇ ਮਾਰਖੋਰੇ (1984), ਬਲੌਰ (1986), ਧੁੱਪ-ਛਾਂ (1990), ਕਾਲੀ ਮਿੱਟੀ (1996), ਅੱਧੇ-ਅਧੂਰੇ (2003), ਗੜ੍ਹੀ ਬਖਸ਼ਾ ਸਿੰਘ (2009) ਅਤੇ ਸੰਸਾਰ (2017) ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ | ਕਹਾਣੀ ਸੰਗ੍ਰਹਿ 'ਮਹਾਂਮਾਰੀ' ਪ੍ਰੈੱਸ ਵਿਚ ਹੈ | ਲਾਲ ਸਿੰਘ ਦੀਆਂ ਕਹਾਣੀਆਂ ਮੁੱਖ ਤੌਰ 'ਤੇ ਪਾਤਰ ਪ੍ਰਧਾਨ, ਘਟਨਾ ਪ੍ਰਧਾਨ ਅਤੇ ਪਿਛਲ ਝਾਤ ਪਾਉਂਦੀਆਂ ਕਹਾਣੀਆਂ ਹਨ | ਲਾਲ ਸਿੰਘ ਪੇਂਡੂ ਰਹਿਤਲ ਨਾਲ ਜੁੜਿਆ ਹੋਇਆ ਕਹਾਣੀਕਾਰ ਸੀ ਅਤੇ ਲਗਭਗ ਉਸ ਦੇ ਸਾਰੇ ਪਾਤਰ ਪੇਂਡੂ ਰਹਿਣੀ- ਸਹਿਣੀ ਦੀ ਤਰਜਮਾਨੀ ਕਰਦੇ ਹਨ |
ਉਹ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਪੇਸ਼ ਕਰਦਾ ਸੀ | ਉਨ੍ਹਾਂ ਦੀ ਕਹਾਣੀ 'ਅਜੇ ਮੈਂ ਜਿਊਾਦਾ ਹਾਂ' ਦੀ ਪਿੱਠ ਭੂਮੀ ਵਿਚ 1975 ਦੀ ਐਮਰਜੈਂਸੀ ਵਿਰੁੱਧ ਰੰਜਿਸ਼ ਦੀ ਭਾਵਨਾ ਕਾਰਜਸ਼ੀਲ ਹੈ | ਉਨ੍ਹਾਂ ਦੀ ਕਹਾਣੀ 'ਅਕਾਲਗੜ੍ਹ' ਇਨਕਲਾਬੀ ਆਗੂਆਂ ਬਾਬਾ ਬੂਝਾ ਸਿੰਘ ਅਤੇ ਤੇਜਾ ਸਿੰਘ ਸੁਤੰਤਰ ਵਲੋਂ ਰਿਆਸਤੀ ਰਾਜਿਆਂ ਅਤੇ ਜਾਗੀਰਦਾਰਾਂ ਵਿਰੁੱਧ ਵਿੱਢੇ ਮੁਜ਼ਾਰਾ ਘੋਲ ਦੀ ਚਰਚਾ ਛੇੜਦੀ ਹੈ |
ਲਾਲ ਸਿੰਘ ਨੇ ਬਹੁਤ ਸਾਰੀਆਂ ਪੁਸਤਕਾਂ ਦੇ ਅਨੁਵਾਦ ਵੀ ਕੀਤੇ | ਵਿਸ਼ੇਸ਼ ਤੌਰ 'ਤੇ ਖੱਬੀ ਪੱਖੀ ਵਿਚਾਰਧਾਰਾ ਦੇ ਮੈਗਜ਼ੀਨ ਚਿਰਾਗ ਲਈ ਉਨ੍ਹਾਂ ਨੇ ਪੁਸਤਕਾਂ ਅਨੁਵਾਦ ਕੀਤੀਆਂ ਹਨ |
ਲਾਲ ਸਿੰਘ ਨੇ ਬਹੁਤ ਸਾਰਾ ਆਲੋਚਨਾਤਮਕ ਕਾਰਜ ਵੀ ਕੀਤਾ | ਉਨ੍ਹਾਂ ਨੇ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਦੇ ਰਿਵਿਊ ਲਿਖੇ | ਉਨ੍ਹਾਂ ਦੁਆਰਾ ਵੱਖ-ਵੱਖ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਵੀ ਕੀਤੀਆਂ |
ਲਾਲ ਸਿੰਘ ਦੀ ਸਵੈ-ਜੀਵਨੀ ਵਰਗੀ ਰਚਨਾ ਬੇਸਮਝੀਆਂ (ਸਵੈ ਜੀਵਨ ਕਥਾਵਾਂ) 2020 ਵਿਚ ਪ੍ਰਕਾਸ਼ਤ ਹੋਈ, ਉਨ੍ਹਾਂ ਦੀ ਸ਼ਾਹਕਾਰ ਰਚਨਾ ਹੈ | ਜਿਸ ਵਿਚ ਉਨ੍ਹਾਂ ਆਪਣੀ ਜ਼ਿੰਦਗੀ ਦੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਦੇ ਲੇਖਣੀ ਦੇ ਅਨੁਭਵ ਅਤੇ ਨਿੱਜੀ ਜੀਵਨ ਦੇ ਤਜਰਬੇ ਆਪਣੇ ਪਾਠਕ ਵਰਗ ਨਾਲ ਸਾਂਝੇ ਕੀਤੇ ਹਨ | ਉਹ ਪਿਛਲੇ ਲੰਬੇ ਅਰਸੇ ਤੋਂ ਦਸੂਹਾ- ਗੜ੍ਹਦੀਵਾਲਾ ਸਾਹਿਤ ਸਭਾ ਦੇ ਸਰਪ੍ਰਸਤ ਚਲੇ ਆ ਰਹੇ ਸਨ | ਉਹ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ 1980 ਤੋਂ 1991 ਤੱਕ ਅਤੇ 2006 ਤੋਂ ਹੁਣ ਤੱਕ ਕਾਰਜਕਾਰੀ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ |
ਕਹਾਣੀਕਾਰ ਲਾਲ ਸਿੰਘ ਨੂੰ ਪਿ੍ੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ (1996), ਪਲਸ ਮੰਚ ਪੰਜਾਬ ਸਿਰਜਣਾ ਐਵਾਰਡ (2001), ਕਰਤਾਰ ਸਿੰਘ ਧਾਲੀਵਾਲ ਅਵਾਰਡ (2009), ਪਿ੍ੰਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਐਵਾਰਡ (2009), ਮਾਤਾ ਵਿਦਿਆਵਤੀ ਯਾਦਗਾਰੀ ਕਲਾ ਸਿਰਜਣਾ ਅਵਾਰਡ (2011), ਸਫ਼ਦਰ ਹਾਸ਼ਮੀ ਪੁਰਸਕਾਰ (2012), ਮਾਤਾ ਲਕਸ਼ਮੀ ਦੇਵੀ ਯਾਦਗਾਰੀ ਪੁਰਸਕਾਰ ਸਮੇਤ ਬਹੁਤ ਸਾਰੀਆਂ ਸਭਾਵਾਂ ਵਲੋਂ ਸਨਮਾਨਿਤ ਕੀਤਾ ਗਿਆ |
ਆਪਣੇ ਅੰਤਿਮ ਸਮੇਂ ਉਹ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਸਨ, ਜਿੱਥੇ ਉਨ੍ਹਾਂ 15 ਫ਼ਰਵਰੀ, 2026 ਨੂੰ ਆਖਰੀ ਸਾਹ ਲਏ | ਉਨ੍ਹਾਂ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਕੱਲ੍ਹ ਉਨ੍ਹਾਂ ਦੇ ਗ੍ਰਹਿ ਵਿਖੇ (ਨੇੜੇ ਸੇਂਟ ਪੋਲ ਕਾਨਵੈਂਟ ਸਕੂਲ) ਦਸੂਹਾ ਵਿਖੇ ਹੋ ਰਿਹਾ ਹੈ | ਪੰਜਾਬੀ ਸਾਹਿਤ ਜਗਤ ਨੂੰ ਆਪਣੇ ਪ੍ਰਗਤੀਵਾਦੀ ਲੋਕ ਪੱਖੀ ਸਾਹਿਤਕਾਰ 'ਤੇ ਹਮੇਸ਼ਾ ਬਹੁਤ ਮਾਣ ਰਹੇਗਾ |  

-ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ |
ਮੋਬਾ: 97812-00168.

ਪਿਛਲੀ ਖ਼ਬਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਵਿੱਦਿਅਕ, ਧਾਰਮਿਕ ਤੇ ਪੰਜਾਬੀਅਤ ਨੂੰ ਦੇਣ ਅਗਲੀ ਖ਼ਬਰ 22-02-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।