02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੱਤਾ ਦਾ ਰਸਤਾ

ਅਜੀਤ ਡੈਸਕ 19-04-2026

ਪੁਰਾਣੇ ਸਮੇਂ ਦੀ ਗੱਲ ਹੈ। ਇਕ ਰਾਜ ਸੀ ਅਨੰਦਪੁਰ। ਇਸ ਰਾਜ ਦੇ ਲੋਕ ਮਿਹਨਤੀ ਅਤੇ ਸੱਚੇ ਸਨ ਪਰ ਉਨ੍ਹਾਂ ਨੂੰ ਇਕ ਚੰਗੇ ਨੇਤਾ ਦੀ ਲੋੜ ਸੀ।
ਰਾਜ ਦਾ ਬੁਜ਼ੁਰਗ ਰਾਜਾ 'ਰੌਸ਼ਨ ਬਦਰਾ' ਬਿਮਾਰ ਹੋ ਗਿਆ ਸੀ। ਉਸਦੇ ਕੋਈ ਸਿੱਧੇ ਵਾਰਿਸ ਨਹੀਂ ਸਨ। ਇਸ ਲਈ ਉਸ ਨੇ ਐਲਾਨ ਕੀਤਾ ਕਿ ਜੋ ਵੀ ਯੋਗ ਹੋਵੇਗਾ, ਉਸਨੂੰ ਰਾਜ ਦੀ ਸੱਤਾ ਸੌਂਪੀ ਜਾਵੇਗੀ।
ਇਸ ਐਲਾਨ ਤੋਂ ਬਾਅਦ ਕਈ ਲੋਕ ਅੱਗੇ ਆਏ। ਉਨ੍ਹਾਂ ਵਿੱਚੋਂ ਦੋ ਵਿਅਕਤੀ ਸਭ ਤੋਂ ਵੱਧ ਚਰਚਾ ਵਿੱਚ ਸਨ। ਇਕ ਦਾ ਨਾਂਅ ਸੀ ਰਜਵੰਤ ਬਲੋਚ ਅਤੇ ਦੂਜੇ ਦਾ ਨਾਂਅ ਸੀ ਸੁਖਾਨੰਦ।
ਰਜਵੰਤ ਬਲੋਚ ਬਹੁਤ ਚਲਾਕ ਸੀ। ਉਹ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦਾ, ' ਮੈਂ ਹਰ ਕਿਸੇ ਨੂੰ ਧਨਵਾਨ ਬਣਾ ਦਿਆਂਗਾ,× ਰਾਜ ਨੂੰ ਸੋਨੇ ਦਾ ਬਣਾਉਂਗਾ।'
ਲੋਕ ਉਸਦੀ ਗੱਲਾਂ ਨਾਲ ਪ੍ਰਭਾਵਿਤ ਹੋ ਰਹੇ ਸਨ।
ਦੂਜੇ ਪਾਸੇ, ਸੁਖਾਨੰਦ ਸਧਾਰਨ ਇਨਸਾਨ ਸੀ। ਉਹ ਨਾ ਵੱਡੇ ਵਾਅਦੇ ਕਰਦਾ ਸੀ, ਨਾ ਹੀ ਦਿਖਾਵਾ।
ਉਹ ਚੁੱਪਚਾਪ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦਾ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰਦਾ।
ਸੱਤਾ ਦੀ ਦੌੜ
ਕੁਝ ਸਮੇਂ ਬਾਅਦ ਚੋਣਾਂ ਹੋਈਆਂ। ਰਜਵੰਤ ਨੇ ਚਲਾਕੀ, ਪੈਸੇ ਅਤੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ।
ਉਹ ਜਿੱਤ ਗਿਆ ਅਤੇ ਰਾਜਾ ਬਣ ਗਿਆ।
ਸੁਖਾਨੰਦ ਹਾਰ ਗਿਆ ਪਰ ਉਸਨੇ ਹੌਸਲਾ ਨਾ ਛੱਡਿਆ। ਉਹ ਪਹਿਲਾਂ ਵਾਂਗ ਲੋਕਾਂ ਦੀ ਸੇਵਾ ਕਰਦਾ ਰਿਹਾ।
ਫਿਰ ਹੋਈ ਹੰਕਾਰ ਦੀ ਸ਼ੁਰੂਆਤ, ਰਾਜਾ ਬਣਨ ਤੋਂ ਬਾਅਦ ਰਜਵੰਤ ਬਦਲ ਗਿਆ।
ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਣ ਲੱਗ ਪਿਆ। 'ਇਹ ਰਾਜ ਮੇਰੇ ਕਾਰਨ ਚੱਲਦਾ ਹੈ', ਉਹ ਕਹਿੰਦਾ।
ਉਸ ਨੇ ਆਪਣੇ ਆਲੇ-ਦੁਆਲੇ ਚਾਪਲੂਸ ਲੋਕ ਇਕੱਠੇ ਕਰ ਲਏ। ਜੋ ਵੀ ਉਸ ਦੇ ਖਿਲਾਫ਼ ਬੋਲਦਾ, ਉਸ ਨੂੰ ਸਜ਼ਾ ਦਿੱਤੀ ਜਾਂਦੀ।
ਹੌਲੀ-ਹੌਲੀ ਰਾਜ ਵਿੱਚ ਧੱਕੇਸ਼ਾਹੀ ਵਧਣ ਲੱਗੀ। ਲੋਕ ਡਰ ਵਿੱਚ ਜੀਣ ਲੱਗੇ।
ਇਸ ਦੌਰਾਨ, ਸੁਖਾਨੰਦ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦਾ ਰਿਹਾ। ਉਹ ਬਿਮਾਰਾਂ ਦਾ ਇਲਾਜ ਕਰਵਾਉਂਦਾ, ਗਰੀਬਾਂ ਨੂੰ ਖਾਣਾ ਦਿੰਦਾ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕਰਦਾ। ਲੋਕ ਉਸਨੂੰ ਪਿਆਰ ਕਰਨ ਲੱਗੇ। ਸਮਾਂ ਬਦਲਿਆ।
ਕੁਝ ਸਾਲਾਂ ਬਾਅਦ ਰਾਜ ਵਿੱਚ ਮੁਸ਼ਕਿਲਾਂ ਵਧ ਗਈਆਂ। ਖੇਤੀ ਖਰਾਬ ਹੋਈ, ਵਪਾਰ ਘੱਟ ਗਿਆ ਅਤੇ ਲੋਕ ਗਰੀਬ ਹੋਣ ਲੱਗੇ। ਲੋਕਾਂ ਨੇ ਰਾਜੇ ਕੋਲ ਜਾ ਕੇ ਬੇਨਤੀ ਕੀਤੀ ਕਿ ਸਾਡੀ ਮਦਦ ਕਰੋ। ਪਰ ਰਜਵੰਤ ਆਪਣੇ ਹੰਕਾਰ ਵਿੱਚ ਡੁੱਬਿਆ ਹੋਇਆ ਸੀ।
ਉਸ ਨੇ ਲੋਕਾਂ ਦੀ ਗੱਲ ਸੁਣਨਾ ਤਾਂ ਦੂਰ, ਉਨ੍ਹਾਂ ਨੂੰ ਮਿਲਣਾ ਵੀ ਜ਼ਰੂਰੀ ਨਾ ਸਮਝਿਆ ਅਤੇ ਲੋਕਾਂ ਦੀਆਂ ਤਕਲੀਫਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜਿਸ ਦੇ ਚਲਦੇ ਰਾਜਾ ਰਜਵੰਤ ਪ੍ਰਤੀ ਲੋਕਾਂ ਦਾ ਗੁੱਸਾ ਵਧ ਗਿਆ। ਹੌਲੀ-ਹੌਲੀ ਉਹ ਰਾਜੇ ਦੇ ਖਿਲਾਫ ਖੜ੍ਹੇ ਹੋ ਗਏ। ਇਕ ਦਿਨ ਲੋਕਾਂ ਨੇ ਇਕੱਠੇ ਹੋ ਕੇ ਰਾਜੇ ਨੂੰ ਤਖ਼ਤ ਤੋਂ ਹਟਾ ਦਿੱਤਾ।
ਰਾਜਾ ਰਜਵੰਤ ਜੋ ਕਦੇ ਬਹੁਤ ਤਾਕਤਵਰ ਸੀ, ਹੁਣ ਉਹ 'ਕੱਲਾ ਰਹਿ ਗਿਆ, ਉਸ ਦੀ ਲੁੱਟ-ਖਸੁੱਟ ਵਿਚ ਸ਼ਾਮਿਲ ਉਸ ਦੇ ਸਾਥੀ ਵੀ ਉਸ ਨੂੰ ਛੱਡ ਕੇ ਭੱਜ ਗਏ।
ਲੋਕਾਂ ਨੇ ਮਿਲ ਕੇ ਸੁਖਾਨੰਦ ਨੂੰ ਰਾਜਾ ਬਣਾਇਆ ਅਤੇ ਜਦੋਂ ਉਸਨੇ ਤਖ਼ਤ ਸੰਭਾਲਿਆ। ਉਸ ਨੇ ਕਿਹਾ ਕਿ ਮੈਂ ਰਾਜ ਕਰਨ ਨਹੀਂ, ਸੇਵਾ ਕਰਨ ਆਇਆ ਹਾਂ। ਉਸ ਨੇ ਸੱਚਾਈ ਅਤੇ ਨਿਆਂ ਨਾਲ ਰਾਜ ਚਲਾਇਆ। ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ। ਹੌਲੀ-ਹੌਲੀ ਰਾਜ ਵਿੱਚ ਖੁਸ਼ਹਾਲੀ ਵਾਪਸ ਆ ਗਈ।
ਇਕ ਦਿਨ ਕਿਸੇ ਨੇ ਚਲਦੇ ਦਰਬਾਰ ਵਿੱਚ ਸੁਖਾਨੰਦ ਨੂੰ ਪੁੱਛਿਆ ਕਿ ਤੁਹਾਡੇ ਰਸਤੇ ਵਿਚ ਤਾਂ ਬਹੁਤ ਔਕੜਾਂ ਸਨ, ਫਿਰ ਤੁਸੀਂ ਸੱਤਾ ਦਾ ਰਸਤਾ ਕਿਵੇਂ ਲੱਭਿਆ?
ਉਸਨੇ ਮੁਸਕਰਾ ਕੇ ਕਿਹਾ ਕਿ ਸੱਤਾ ਦਾ ਰਸਤਾ ਲੋਕਾਂ ਦੇ ਦਿਲਾਂ ਵਿੱਚੋਂ ਲੰਘਦਾ ਹੈ, ਤਖ਼ਤ ਤੋਂ ਨਹੀਂ।
ਸਿੱਖਿਆ - ਸੱਤਾ ਸਿਰਫ਼ ਤਾਕਤ ਨਹੀਂ, ਜ਼ਿੰਮੇਵਾਰੀ ਹੈ, ਹੰਕਾਰ ਨਾਲ ਸੱਤਾ ਟਿਕਦੀ ਨਹੀਂ। ਸੱਚਾ ਨੇਤਾ ਉਹ ਹੈ ਜੋ ਲੋਕਾਂ ਦੀ ਸੇਵਾ ਕਰਦਾ ਹੈ ਅਤੇ ਲੋਕਾਂ ਦਾ ਪਿਆਰ ਹੀ ਅਸਲੀ ਸੱਤਾ ਹੈ। ਇਸ ਲਈ ਸੱਤਾ ਦਾ ਸਹੀ ਰਸਤਾ ਸੇਵਾ, ਨਿਮਰਤਾ ਅਤੇ ਸੱਚਾਈ ਵਿੱਚੋਂ ਲੰਘਦਾ ਹੈ।

-ਸੀਨੀਅਰ ਪੱਤਰਕਾਰ ਅਤੇ ਕਹਾਣੀਕਾਰ ਚੰਡੀਗੜ੍ਹ।
ਮੋਬਾਈਲ : 94632-00019

ਪਿਛਲੀ ਖ਼ਬਰ ਸੋਸ਼ਲ ਮੀਡੀਆ ਦੀ ਚਮਕ ਹੇਠਾਂ ਦਬਦੇ ਰਿਸ਼ਤੇ ਅਗਲੀ ਖ਼ਬਰ ਇਕ ਗੰਭੀਰ ਸਮੱਸਿਆ ਹੈ ਵਾਤਾਵਰਨ ਪ੍ਰਦੂਸ਼ਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।