02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੋਸ਼ਲ ਮੀਡੀਆ ਦੀ ਚਮਕ ਹੇਠਾਂ ਦਬਦੇ ਰਿਸ਼ਤੇ

ਅਜੀਤ ਡੈਸਕ 19-04-2026

ਅੱਜ ਦੇ ਡਿਜੀਟਲ ਯੁੱਗ ਵਿਚ ਜਿੱਥੇ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਨੇੜੇ ਲਿਆਂਦਾ ਹੈ, ਉੱਥੇ ਹੀ ਇਸ ਨੇ ਸਾਡੇ ਨਿੱਜੀ ਰਿਸ਼ਤਿਆਂ ਖ਼ਾਸ ਕਰਕੇ ਪਤੀ-ਪਤਨੀ ਦੇ ਸਬੰਧਾਂ ਵਿਚ ਦੂਰੀਆਂ ਪੈਦਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ-ਕੱਲ੍ਹ ਲੋਕ ਆਪਣੀ 'ਰੀਅਲ ਲਾਈਫ' (ਅਸਲ ਜ਼ਿੰਦਗੀ) ਨੂੰ ਦੂਜਿਆਂ ਦੀ 'ਰੀਲ ਲਾਈਫ' (ਬਨਾਉਟੀ ਜ਼ਿੰਦਗੀ) ਨਾਲ ਤੋਲਣ ਲੱਗ ਪਏ ਹਨ, ਜਿਸ ਦਾ ਨਤੀਜਾ ਘਰੇਲੂ ਕਲੇਸ਼ ਤੇ ਮਾਨਸਿਕ ਤਣਾਅ ਵਜੋਂ ਨਿਕਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਅਸੀਂ ਜੋ ਰੀਲਾਂ ਦੇਖਦੇ ਹਾਂ, ਉਹ ਅਕਸਰ ਅਸਲੀਅਤ ਤੋਂ ਕੋਹਾਂ ਦੂਰ ਹੁੰਦੀਆਂ ਹਨ।
ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਦਿਖਾਈ ਦੇਣ ਵਾਲੇ ਜੋੜੇ ਸਿਰਫ਼ ਖ਼ੁਸ਼ੀ ਦੇ ਪਲ, ਮਹਿੰਗੇ ਹੋਟਲਾਂ ਦੇ ਡਿਨਰ, ਵਿਦੇਸ਼ੀ ਯਾਤਰਾਵਾਂ ਅਤੇ ਕੀਮਤੀ ਤੋਹਫ਼ੇ ਹੀ ਸਾਂਝੇ ਕਰਦੇ ਹਨ। ਇਹ ਸਭ ਕੁਝ 30 ਸੈਕਿੰਡ ਦੀ ਵੀਡੀਓ ਲਈ ਕੀਤਾ ਗਿਆ ਹੁੰਦਾ ਹੈ।
ਕੋਈ ਵੀ ਆਪਣੇ ਲੜਾਈ-ਝਗੜੇ, ਆਰਥਿਕ ਤੰਗੀ ਜਾਂ ਬੁਰੇ ਹਾਲਾਤ ਕੈਮਰੇ ਅੱਗੇ ਨਹੀਂ ਦਿਖਾਉਂਦਾ। ਪਰ ਆਮ ਇਨਸਾਨ ਇਸ ਅਧੂਰੇ ਸੱਚ ਨੂੰ ਹੀ ਪੂਰੀ ਜ਼ਿੰਦਗੀ ਮੰਨ ਲੈਂਦਾ ਹੈ। ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਪਤੀ ਜਾਂ ਪਤਨੀ ਆਪਣੇ ਸਾਥੀ ਦੀ ਤੁਲਨਾ ਸਕਰੀਨ 'ਤੇ ਦਿਖਣ ਵਾਲੇ ਜੋੜਿਆਂ ਨਾਲ ਕਰਨ ਲਗਦੇ ਹਨ ਕਿ ਫਲਾਣੇ ਨੇ ਆਪਣੀ ਪਤਨੀ ਨੂੰ ਇੰਨੀ ਮਹਿੰਗੀ ਗੱਡੀ ਲੈ ਕੇ ਦਿੱਤੀ, ਤੁਸੀਂ ਕੀ ਕੀਤਾ? ਉਹ ਹਰ ਵੀਕੈਂਡ 'ਤੇ ਘੁੰਮਣ ਜਾਂਦੇ ਹਨ, ਸਾਡੀ ਜ਼ਿੰਦਗੀ ਤਾਂ ਬੋਰਿੰਗ ਹੈ ਆਦਿ। ਅਜਿਹੇ ਤਾਹਨੇ-ਮਿਹਣੇ ਰਿਸ਼ਤਿਆਂ ਵਿਚ ਕੜਵਾਹਟ ਭਰ ਦਿੰਦੇ ਹਨ।
ਸਾਥੀ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਜੋ ਉਨ੍ਹਾਂ ਦੇ ਕੋਲ ਹੈ, ਉਹ ਕਾਫ਼ੀ ਨਹੀਂ ਹੈ। ਇਸ ਨਾਲ ਹੀਣਭਾਵਨਾ ਪੈਦਾ ਹੁੰਦੀ ਹੈ। ਰੀਲਾਂ ਵਿਚ ਦਿਖਾਈ ਜਾਂਦੀ ਲਗਜ਼ਰੀ ਜੀਵਨ ਸ਼ੈਲੀ ਅਕਸਰ ਆਮਦਨ ਦੇ ਸਰੋਤਾਂ ਤੋਂ ਵੱਧ ਹੁੰਦੀ ਹੈ। ਜਦੋਂ ਇਕ ਸਾਧਾਰਨ ਮੱਧ-ਵਰਗੀ ਪਰਿਵਾਰ ਉਸ 'ਲਾਈਫ ਸਟਾਈਲ' ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਘਰ ਦਾ ਬਜਟ ਹਿੱਲ ਜਾਂਦਾ ਹੈ। ਦਿਖਾਵੇ ਲਈ ਮਹਿੰਗੇ ਕੱਪੜੇ ਖਰੀਦਣਾ ਜਾਂ ਆਮਦਨ ਤੋਂ ਵੱਧ ਖ਼ਰਚ ਕਰਨਾ, ਕਰਜ਼ੇ ਦਾ ਕਾਰਨ ਬਣਦਾ ਹੈ। ਜਦੋਂ ਪੈਸੇ ਦੀ ਤੰਗੀ ਆਉਂਦੀ ਹੈ ਤਾਂ ਘਰ ਵਿਚ ਲੜਾਈਆਂ ਹੁੰਦੀਆਂ ਹਨ ਤੇ ਸਭ ਕੁਝ ਗੜਬੜਾ ਜਾਂਦਾ ਹੈ। ਸਕੂਨ ਖ਼ਤਮ ਹੋ ਜਾਂਦਾ ਹੈ ਤੇ ਤਣਾਅ ਵਧ ਜਾਂਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਸੋਸ਼ਲ ਮੀਡੀਆ ਇਕ ਮੰਡੀ ਹੈ, ਜਿੱਥੇ ਹਰ ਕੋਈ ਆਪਣੀ ਵਧੀਆ ਤਸਵੀਰ ਵੇਚ ਰਿਹਾ ਹੈ।
ਅਸਲ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਕ ਚੰਗਾ ਰਿਸ਼ਤਾ ਉਹ ਨਹੀਂ, ਜੋ ਮਹਿੰਗੇ ਤੋਹਫ਼ਿਆਂ 'ਤੇ ਟਿਕਿਆ ਹੋਵੇ, ਸਗੋਂ ਉਹ ਹੈ ਜਿੱਥੇ ਦੁੱਖ-ਸੁੱਖ ਵਿਚ ਇਕ-ਦੂਜੇ ਦਾ ਸਾਥ ਹੋਵੇ। ਆਪਣੇ ਘਰ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ 'ਰੀਲ ਲਾਈਫ' ਦੇ ਪ੍ਰਭਾਵ ਤੋਂ ਬਾਹਰ ਨਿਕਲੀਏ। ਖ਼ੁਸ਼ੀ ਮਹਿੰਗੀਆਂ ਗੱਡੀਆਂ ਜਾਂ ਹੋਟਲਾਂ ਵਿਚ ਨਹੀਂ, ਪਰਿਵਾਰ ਨਾਲ ਬਿਤਾਏ ਪਿਆਰ ਭਰੇ ਪਲਾਂ ਵਿਚ ਹੈ। ਆਪਣੇ ਸਾਥੀ ਦੀ ਤੁਲਨਾ ਕਿਸੇ ਅਜਨਬੀ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਜੋ ਸਕਰੀਨ 'ਤੇ ਚਮਕਦਾ ਹੈ, ਉਹ ਹਮੇਸ਼ਾ ਸੋਨਾ ਨਹੀਂ ਹੁੰਦਾ।

-ਪਿੰਡ ਗੁਰਨੇ, ਜ਼ਿਲ੍ਹਾ ਮਾਨਸਾ।
ਮੋਬਾਈਲ : 98768-88177

ਪਿਛਲੀ ਖ਼ਬਰ ਚੀਲ ਦੇ ਰੁੱਖ... ਝੀਲ ਦਾ ਕੰਢਾ... ਸਵਰਗ ਪਿੰਡ ਚਲੈਲਾ ਅਗਲੀ ਖ਼ਬਰ ਸੱਤਾ ਦਾ ਰਸਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।