02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਾਵਣੁ ਆਇਆ ਝਿਮ ਝਿਮਾਂ!

ਅਜੀਤ ਡੈਸਕ 19-07-2026

ਸਾਵਣ, ਬੱਦਲ, ਬਰਖਾ, ਮੋਰ, ਮੁਹੱਬਤ ਦੀ ਗੂੜ੍ਹੀ ਸਾਕਾਗੀਰੀ ਹੈ। ਨੇੜਲੀ ਰਿਸ਼ਤੇਦਾਰੀ।
ਸਾਵਣੁ ਆਇਆ ਝਿਮ ਝਿਮਾਂ! ਮੀਂਹ ਦੀ ਕਿਣ-ਮਿਣ, ਮੋਰਾਂ ਦੀ ਰੁਣ-ਝੁਣ, ਹਰੇ-ਭਰੇ ਵਣ-ਤ੍ਰਿਣ, ਮੁਹੱਬਤਾਂ ਦੀ ਰਿੰਮ-ਝਿੰਮ! ਵਾਹ ਕਯਾ ਨਜ਼ਾਰਾ, ਬੜਾ ਪਿਆਰਾ, ਕੋਈ ਪਾਰਾ ਨਾ ਵਾਰਾ!
ਸਾਡੇ ਸਾਹਿਤ, ਸੱਭਿਆਚਾਰ, ਸੰਗੀਤ, ਧਰਮ, ਫਿਲਮਾਂ ਵਿਚ ਸਾਵਣ/ਸਾਉਣ ਦੀ ਬੜੀ ਮਹਿਮਾਮਈ ਚਰਚਾ ਹੈ।
ਗੁਰਬਾਣੀ ਵਿਚ ਸਾਵਣ ਮਹੀਨੇ ਦਾ ਬੜਾ ਵਰਨਣ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਰਹ ਮਾਹਾ ਅੰਕਿਤ ਹਨ। ਇਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਾਗ ਮਾਝ ਵਿਚ ਅਤੇ ਦੂਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਾਗ ਤੁਖਾਰੀ ਵਿਚ ਹੈ:
-ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥
(ਬਾਰਹਾ ਮਾਹਾ ਮਾਂਝ, ਮਹਲਾ5)
-ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥ (ਬਾਰਹਾ ਮਾਹਾ ਰਾਗ ਤੁਖਾਰੀ, ਮਹਲਾ1)
ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ਸਾਵਣ ਮਹੀਨੇ ਦੀ ਚਰਚਾ ਕੀਤੀ ਹੈ। ਉਦਾਹਰਨ ਵਜੋਂ ਕੁਝ ਕੁ ਟੂਕਾਂ ਹਾਜ਼ਰ ਹਨ-
-ਸਾਵਣ ਵਣ ਹਰੀਆਵਲੇ ਵੁਠੇ ਸੁਕੈ ਅਕੁ ਜਵਾਹਾ॥...
ਸਾਵਣ ਦਾ ਮਹੱਤਵ ਸਮਾਜਕ ਪਰਿਪੇਖ ਵਿਚ ਵੀ ਬਹੁਤ ਹੈ। ਧਾਰਮਿਕ ਤੌਰ 'ਤੇ ਗੁਰਬਾਣੀ ਵਿਚ ਬਸੰਤ ਰੁੱਤ ਉਪਰੰਤ ਸਾਵਣ ਮਹੀਨੇ ਦੀ ਬਰਖਾ ਰੁੱਤ ਸਬੰਧੀ ਬੜਾ ਜ਼ਿਕਰ ਹੈ। 'ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ'॥ਪਰ ਗੁਰੂ ਨਾਨਕ ਦੇਵ ਜੀ ਨੇ ਸਾਵਣ ਤੇ ਇਸ ਮਹੀਨੇ ਪੈਣ ਵਾਲੇ ਮੀਂਹ ਦੇ ਦੋ ਪੱਖਾਂ ਦਾ ਜ਼ਿਕਰ ਕੀਤਾ ਹੈ। ਇੱਕ ਪੱਖ ਚਾਅ-ਉਮਾਹ ਵਾਲਾ ਹੈ ਤੇ ਦੂਸਰਾ ਵਿਛੋੜੇ/ਉਦਾਸੀ ਵਾਲਾ। ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ1279ਤੇ ਅੰਕਿਤ ਹਨ-'ਨਾਨਕ ਸਾਵਣਿ ਜੇ ਵਸੈ ਚਹੁ ਉਮਾਹਾ ਹੋਇ॥ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ'॥ ਅਤੇ 'ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ॥ ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ'॥
ਇਸ ਸਮੇਂ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਣ ਵਾਲੇ ਰਸਭਿੰਨੇ ਕੀਰਤਨ ਦੌਰਾਨ ਸਾਵਣ, ਮੀਂਹ, ਬਰਖਾ, ਬੱਦਲ, ਮੇਘ, ਝੜੀ ਆਦਿ ਨਾਲ ਸਬੰਧਤ ਹੇਠ ਲਿਖੇ ਸ਼ਬਦਾਂ 'ਚੋਂ ਕਿਸੇ ਨਾ ਕਿਸੇ ਦਾ ਗਾਇਣ ਆਮ ਹੀ ਸੁਣਨ ਨੂੰ ਮਿਲਦਾ ਹੈ-
-'ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ', 'ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ', 'ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ', 'ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ', 'ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ', 'ਬਰਸੁ ਮੇਘ ਜੀ ਤਿਲ ਬਿਲਮੁ ਨਾ ਲਾਉ', 'ਬਰਸੇ ਅੰਮ੍ਰਿਤ ਧਾਰ ਬੂੰਦ ਸੁਹਾਵਣੀ', 'ਬਰਸੈ ਮੇਘੁ ਸਖੀ ਘਰਿ ਪਾਹੁਨ ਆਏ', 'ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੂਕਾਰ', 'ਬਾਬੀਹਾ ਜਿਸ ਨੋ ਤੂ ਪੁਕਾਰਦਾ ਤਿਸ ਨੋ ਲੋਚੈ ਸਭੁ ਕੋਇ', 'ਮੋਰ ਬਬੀਹੇ ਬੋਲਦੇ ਵੇਖਿ ਬਦਲ ਕਾਲੇ' (ਭਾਈ ਗੁਰਦਾਸ ਜੀ) ਆਦਿ।
ਭਲਾ ਸਾਵਣ ਮਹੀਨੇ ਵਿਚ ਆਪਣੇ ਪ੍ਰੀਤਮ ਨੂੰ ਮਿਲਣ ਦੀ ਤੜਪ ਨੂੰ ਸਿਰਫ ਸਖੀ ਨਾਲ ਹੀ ਕਿਉਂ ਸਾਂਝਾ ਕੀਤਾ ਜਾਂਦੈ? ਆਮ ਤੌਰ 'ਤੇ ਤਾਂ ਮਾਵਾਂ ਆਪਣੇ ਧੀਆਂ-ਪੁੱਤਾਂ ਦੇ ਪਰਦੇ ਕੱਜਦੀਆਂ ਹੁੰਦੀਆਂ। ਫਿਰ ਮਾਂ ਨਾਲ ਇਹ ਗੱਲ ਕਿਉਂ ਨਹੀਂ ਸਾਂਝੀ ਕੀਤੀ ਜਾਂਦੀ?
ਆਖਿਰ ਸੰਗ, ਹਯਾ, ਲਾਜ, ਸ਼ਰਮ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਪਹਿਲੇ ਸਮਿਆਂ ਵਿਚ ਪਿਆਰ ਵਾਲੇ ਭੇਦ ਸਖੀਆਂ-ਸੱਜਣਾ-ਮਿੱਤਰਾਂ ਨਾਲ ਹੀ ਸਾਂਝੇ ਕੀਤੇ ਜਾਂਦੇ ਸਨ। ਐਡਾ ਹੌਸਲਾ ਤਾਂ ਹੁੰਦਾ ਈ ਨਹੀਂ ਸੀ ਕਿਸੇ ਮਾਈ ਦੇ ਲਾਲ 'ਚ ਕਿ ਪ੍ਰੇਮ ਦਾ ਭੇਦ ਮਾਂ-ਬਾਪ ਨਾਲ ਸਾਂਝਾ ਕਰੇ। ਕਈ ਥਾਂ ਤਾਂ ਅੱਜ ਕੱਲ੍ਹ ਵੀ ਕਈ ਜਣੇ ਇਹ ਹੌਸਲਾ ਨਹੀਂ ਕਰਦੇ। ਸੋ, ਸਹੇਲੀ ਹੀ ਅਜਿਹੇ ਰਾਜ਼ ਦੀ ਰਾਜ਼ਦਾਰ ਬਣ ਸਕਦੀ ਸੀ। ਉਸ ਨਾਲ ਹੀ ਆਪਣੀ ਇਹ ਤੜਪ ਸਾਂਝੀ ਕੀਤੀ ਜਾ ਸਕਦੀ ਸੀ। ਖਾਸ ਕਰਕੇ ਸਥਿਤੀ ਜਦ 'ਕੰਤੈ ਚਿਤਿ ਕਰੇਹੁ' ਵਾਲੀ ਹੋਵੇ! ਬੇਸ਼ਕ ਇਹ ਮਿਲਾਪ ਅਧਿਆਤਮਕ ਤੌਰ ਉਪਰ ਆਤਮਾ ਦਾ ਪਰਮ-ਆਤਮਾ ਨਾਲ ਹੀ ਹੈ ਪਰ ਸਿੱਖ ਧਰਮ ਵਿਚ ਦੁਨੀਆਂ ਰਾਹੀਂ ਦੀਨ ਦੀ ਪ੍ਰਾਪਤੀ ਦਾ ਮਾਰਗ ਦਸਿਆ ਗਿਐ। ਇਸੇ ਕਰਕੇ ਹੀ ਗੁਰੂ ਸਾਹਿਬਾਨਾਂ ਨੇ ਸਿੱਖ ਨੂੰ ਗ੍ਰਿਹਸਥ ਵਿਚ ਪ੍ਰਵੇਸ਼ ਕਰਵਾਇਐ। ਨੌਂ ਗੁਰੂ ਸਾਹਿਬਾਨ ਆਪ ਗ੍ਰਹਿਸਥੀ ਸਨ। ਕਿਉਂਕਿ ਅੱਠਵੇਂ ਪਾਤਸ਼ਾਹ ਨੇ ਬਾਲ ਉਮਰੇ ਚੋਲਾ ਬਦਲ ਲਿਆ ਸੀ, ਇਸ ਲਈ ਉਹਨਾਂ ਦੀ ਗ੍ਰਹਿਸਥ ਵਾਲੀ ਉਮਰ ਹੀ ਨਹੀਂ ਸੀ।
ਪੰਜਾਬ ਵਿਚ ਸਾਉਣ ਦਾ ਸਬੰਧ ਤੀਆਂ ਦੇ ਤਿਉਹਾਰ ਨਾਲ ਹੈ। ਪੀਂਘਾਂ, ਮਾਲ੍ਹ-ਪੂੜਿਆਂ, ਖੀਰ ਅਤੇ ਸੇਵੀਆਂ ਨਾਲ ਵੀ ਹੈ। ਤੀਆਂ/ਤੀਜ ਮੁਟਿਆਰਾਂ, ਖਾਸ ਕਰਕੇ ਸੱਜ-ਵਿਆਹੀਆਂ ਮੁਟਿਆਰਾਂ ਦਾ ਤਿਉਹਾਰ ਹੈ। ਪੀਘਾਂ ਵੀ ਇਸ ਸਮੇਂ ਝੂਟੀਆਂ/ਚੜ੍ਹਾਈਆਂ ਜਾਂਦੀਆਂ ਹਨ। ਸਾਉਣ ਮਹੀਨਾ ਚੜ੍ਹਨ ਤੋਂ ਪਹਿਲਾਂ ਨਵ-ਵਿਆਹੀ ਧੀ ਨੂੰ ਉਸ ਦੇ ਪੇਕੇ ਘਰੋਂ ਕੋਈ ਜੀਅ, ਖਾਸ ਕਰਕੇ ਭਰਾ ਲੈਣ ਜਾਂਦਾ ਹੈ। ਜੇ ਨਾ ਜਾਵੇ ਤਾਂ ਸੱਸ ਮੇਹਣਾ ਮਾਰਦੀ ਹੈ-'ਤੈਨੂੰ ਤੀਆਂ 'ਤੇ ਲੈਣ ਨਾ ਆਏ ਬਹੁਤਿਆਂ ਭਰਾਵਾਂ ਵਾਲੀਏ'!
ਪਰ ਵੀਰ ਦੇ ਸੰਧਾਰਾ ਲੈ ਕੇ ਆਉਣ ਦਾ ਭੈਣ ਨੂੰ ਬੜਾ ਮਾਣਮੱਤਾ ਹੁਲਾਰਾ ਮਿਲਦਾ ਹੈ-'ਮੇਰਾ ਵੀਰ ਸੰਧਾਰਾ ਲੈ ਕੇ ਆਇਆ/ਸਾਈਕਲ ਦੀਆਂ ਵੱਜਣ ਟੱਲੀਆਂ! ਜਾਂ 'ਮੇਰਾ ਵੀਰ ਸੰਧਾਰਾ ਲਿਆਇਆ/ਘਰ ਘਰ ਵੰਡਦੀ ਫਿਰਾਂ'! ਅਤੇ 'ਵੀਰ ਮੇਰਾ ਆਇਆ ਕੁੜੀਉ, ਹੱਥ ਛਤਰੀ ਪੀਪੇ ਵਿਚ ਸੇਂਵੀਆਂ'! ਇਸ ਤਰਾਂ 'ਤੀਆਂ ਤੀਜ ਦੀਆਂ ਵਰ੍ਹੇ ਦਿਨਾਂ ਨੂੰ ਆਈਆਂ' ਹੋ ਨਿਬੜਦੀਆਂ!
ਇਕ ਬੜੇ ਮਸ਼ਹੂਰ ਗੀਤ ਦੀਆਂ ਲਾਈਨਾਂ ਦੇਖੋ-'ਸਾਵਣ ਆਇਆ ਤੀਆਂ ਆਈਆਂ/ਕੱਠੀਆਂ ਹੋ ਨਣਦਾਂ ਭਰਜਾਈਆਂ/ਨਣਦ ਭਾਬੀ ਨੂੰ ਕਹਿੰਦੀ/ਨੀ ਆ ਜਾ ਭਾਬੀ ਝੂਟ ਲੈ/ਪੀਂਘ ਹੁਲਾਰੇ ਲੈਂਦੀ!
ਮੁਟਿਆਰਾਂ ਕੱਠੀਆਂ ਹੋਣ 'ਤੇ ਗਿੱਧੇ ਦੀ ਧਮਾਲ ਨਾ ਪਵੇ, ਇਹ ਤਾਂ ਹੋ ਈ ਨਹੀਂ ਸਕਦਾ-'ਸਾਉਣ ਮਹੀਨੇ ਬੱਦਲ ਛਾਉਂਦਾ/ਰਿਮ ਝਿੰਮ ਪੈਣ ਫੁਹਾਰਾਂ/ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ/ਪਾਉਣ ਧਮਾਲ ਮੁਟਿਆਰਾਂ'! ਅਤੇ 'ਸਾਉਣ ਦਾ ਮਹੀਨਾ ਗਿੱਧੇ ਤੀਆਂ ਵਿਚ ਪੈਣ ਨੀ/ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣ ਨੀਂ'!
ਪੇਕੇ ਘਰ ਆਈ ਮੁਟਿਆਰ ਦਾ ਸਖੀਆਂ-ਸਹੇਲੀਆਂ ਨਾਲ ਦਿਲ ਐਨਾ ਲਗ ਜਾਂਦੈ ਕਿ ਉਸ ਦਾ ਸਹੁਰੇ ਪਰਤਣ ਨੂੰ ਦਿਲ ਨਹੀਂ ਕਰਦਾ-'ਸਾਉਣ ਦਾ ਮਹੀਨਾ, ਵੇ ਤੂੰ ਆਇਉਂ ਗੱਡੀ ਜੋੜ ਕੇ, / ਮੈਂ ਨਹੀਂ ਸਹੁਰੇ ਜਾਣਾ, ਲੈ ਜਾ ਖਾਲੀ ਗੱਡੀ ਮੋੜ ਕੇ'।
ਧੀਆਂ-ਭੈਣਾਂ ਤਾਂ ਸਾਉਣ ਮਹੀਨੇ ਦੀ ਮਹਿਮਾ ਕਰਦੀਆਂ2ਝਟਪਟ ਹੀ ਉਸ ਨਾਲ ਮਾਂ-ਜਾਏ ਦਾ ਰਿਸ਼ਤਾ ਗੰਢ ਲੈਂਦੀਆਂ ਹਨ ਅਤੇ ਭਾਦੋਂ ਨੂੰ ਮਿਹਣਾ ਦੇ ਮਾਰਦੀਆਂ ਹਨ-'ਸੌਣ ਵੀਰ ਕੱਠੀਆਂ ਕਰੇ/ਭਾਦੋਂ ਚੰਦਰੀ ਵਿਛੋੜੇ ਪਾਵੇ' ਅਤੇ 'ਭਾਦੋਂ ਕੜਕ ਚੜ੍ਹੀ/ਕੁੜੀਆਂ ਦੇ ਪੈਣ ਵਿਛੋੜੇ'!
ਤੀਆਂ 'ਤੇ ਮਾਹੀਆ ਨਾ ਆਵੇ ਤਾਂ ਉਲਾਂਭਾ ਮਿਲਦੈ-'ਹੋਰਨਾਂ ਦੇ ਮਾਹੀਏ ਤੀਆਂ 'ਤੇ ਆਉਂਦੇ ਮੇਰਾ ਗੁੱਡੇ ਕਪਾਹ/ਵੇ ਕੀ ਰਾਹ ਨਹੀਂ ਜਾਣਦਾ, ਬਗਲਾ ਬਣ ਕੇ ਆ'! ਜਾਂ 'ਸੌਣ ਮਹੀਨਾ ਦਿਨ ਤੀਆਂ ਦੇ ਗੋਡੇ ਗੋਡੇ ਘਾਹ ਵੇ/ ਕੀ ਰਾਹ ਨੀ ਜਾਣਦਾ ਤੀਆਂ ਦੇਖਣ ਆ ਵੇ! 'ਤੇ 'ਸੌਣ ਮਹੀਨੇ ਮੀਂਹ ਪੈ ਜਾਂਦਾ ਗੋਡੇ ਗੋਡੇ ਘਾਹ/ਵੇ ਮੈਂ ਰਿੰਨ੍ਹੀਆਂ ਸੇਵੀਆਂ/ਕਮਲੇ ਨੂੰ ਚੜ੍ਹ ਗਿਆ ਚਾਅ'! ਅਤੇ 'ਆਇਆ ਸਾਉਣ ਦਾ ਮਹੀਨਾ ਮੈਨੂੰ ਗੋਡੇ ਗੋਡੇ ਚਾਅ/ਮੈਂ ਤੇ ਰਿੰਨ੍ਹ ਲਈ ਆ ਖੀਰ ਨਾਲੇ ਪੂੜੇ ਲਏ ਪਕਾ/ਆ ਕੇ ਖਾ ਜਾ ਸੋਹਣਿਆਂ/ਤੇਰੀ ਲਾਡੋ ਰਹੀ ਬੁਲਾ'!
ਸਾਡੀਆਂ ਦਾਦੀਆਂ/ਮਾਵਾਂ ਵੇਲੇ ਪੂੜੇ ਬਣਾਉਣ ਲਈ ਪਿੱਪਲ ਦੇ ਪੱਤਿਆਂ ਦੇ ਵਿਸ਼ੇਸ਼ ਕਿਸਮ ਦੇ ਪਲਟੇ ਬਣਾਏ ਜਾਂਦੇ ਸਨ। ਪਿੱਪਲ ਪਵਿੱਤਰ ਮੰਨਿਆਂ ਜਾਂਦੈ ਅਤੇ ਉਸ ਦੇ ਪੱਤੇ ਕੂਲੇ ਵੀ ਬੜੇ ਹੁੰਦੇ ਹਨ। ਪੱਤੇ ਨੂੰ ਮੋੜ ਕੇ ਉਸ ਦੀ ਡੰਡੀ ਨੂੰ ਪਤੇ ਦੇ ਮੂਹਰਲੇ ਪਾਸੇ ਕੀਤੇ ਸ਼ੇਕ ਵਿਚ ਫਸਾ ਕੇ ਪਲਟਾ ਬਣਾਇਆ ਜਾਂਦਾ ਸੀ ਜਿਸ ਨਾਲ ਪੂੜਿਆਂ ਨੂੰ ਤਵੇ ਉਪਰ ਪਲਟਾਇਆ ਜਾਂਦਾ ਸੀ। ਮੈਂ ਖੁਦ ਕਈ ਸਾਰੇ ਪੱਤੇ ਤੋੜ ਕੇ ਮਾਂ ਨੂੰ ਲਿਆ ਕੇ ਦਿੰਦਾ ਰਿਹੈਂ।
ਸੇਵੀਆਂ ਵੀ ਜਾਂ ਤਾਂ ਹੱਥੀਂ ਵੱਟੀਆਂ ਜਾਂਦੀਆਂ ਸਨ ਅਤੇ ਜਾਂ ਦੇਸੀ ਵੇਲਣੇ ਨਾਲ, ਜਿਸ ਨੂੰ ਹੱਥ ਨਾਲ ਗੇੜਨ ਲਈ ਬੜੀ ਜਾਨ ਲਗਦੀ ਸੀ।
ਸੌਣ ਮਹੀਨੇ ਪਿਆਰੇ ਦੀ ਗੈਰ-ਹਾਜ਼ਰੀ ਬੜੀ ਰੜਕਦੀ ਹੈ-'ਸਾਵਣ ਆਇਆ ਬਾਦਲ ਛਾਏ/ਬੁਲਬੁਲ ਚਹਿਕੀ ਫੂਲ ਖਿਲੇ/ਆਨੇ ਵਾਲੇ ਸਭ ਆ ਪਹੁੰਚੇ/ਜਾਨੇ ਤੁਮ ਕਬ ਆਉਗੇ'। ਇਸੇ ਹੀ ਲੜੀ ਵਿਚ ਉਹ ਨਿਹੋਰਾ ਸ਼ਾਮਿਲ ਹੈ-'ਤੇਰੀ ਦੋ ਟਕਿਆਂ ਦੀ ਨੌਕਰੀ, /ਵੇ ਮੇਰਾ ਲੱਖਾਂ ਦਾ ਸਾਵਣ ਜਾਏ'! ਇਕ ਗੀਤ ਵੀ ਹੈ-'ਅੜੀ ਵੇ ਅੜੀ ਲੱਗੀ ਸੌਣ ਦੀ ਝੜੀ, /ਦੁੱਧ ਪੀ ਲੈ ਬਾਲਮਾ/ਵੇ ਮੈਂ ਕਦੋਂ ਦੀ ਖੜ੍ਹੀ'।
ਪਪੀਹਾ ਸੁਆਂਤੀ ਬੂੰਦ ਲਈ ਪੀਊ ਪੀਊ ਪੁਕਾਰਦੈ ਅਤੇ ਬਰਸਾਤ ਦੇ ਇਸ ਮਹੀਨੇ ਵਿਚ ਇਹ ਬੂੰਦ ਉਸ ਨੂੰ ਤ੍ਰਿਪਤ ਕਰਦੀ ਹੈ।
ਸਾਵਣ ਨਾਲ ਕਈ ਪੰਜਾਬੀ ਮੁਹਾਵਰੇ/ਅਖਾਣ ਵੀ ਜੁੜੇ ਹੋਏ ਹਨ-ਸਾਵਣ ਦੀ ਝੜੀ ਨਾ ਕੋਠਾ ਨਾ ਕੜੀ, ਬੱਦਲ ਚੜ੍ਹਿਆ ਟਿੱਲਿਉਂ ਗਾਂ ਮੱਝ ਨਾ ਖੁੱਲ੍ਹੇ ਕਿੱਲਿਉਂ, ਸਾਵਣ ਵਿਚ ਨਿਆਣੇ ਕੁੱਟ ਮੀਂਹ ਪੈਣਾ, ਸਾਵਣ ਸੁਤੀ ਸਦਾ ਵਿਗੁਤੀ, ਸਾਵਣ ਵਸੇ ਨਿੱਤ ਨਿੱਤ ਤੇ ਭਾਦਰੋਂ ਦੇ ਦਿਨ ਚਾਰ, ਸਾਵਣ ਵਹਾਏ ਤੇ ਕੱਤਕ ਗਹਾਏ, ਸਾਉਣ ਦੇ ਮਹੀਨੇ ਮੰਜੇ ਡਾਹੀਏ ਵੇ ਨਾ ਜੋੜ ਕੇ/ਵਗਣ ਪ੍ਰਣਾਲੇ ਪਾਣੀ ਲੈ ਨਾ ਜਾਵੇ ਰੋੜ੍ਹਕੇ', ਸੌਣ ਸੁੱਕੇ ਨਾਂ ਭਾਦੋਂ ਹਰੇ, ਸਾਉਣ ਮੀਂਹ ਸੌ ਭਾਦੋਂ ਮੀਂਹ ਚਾਰ ਜੇ ਅੱਸੂੁਵਲੀਆ ਲਗ ਜੇ ਬੇੜੇ ਹੋਵਣ ਪਾਰ, ਸਾਵਣ ਬੱਦਲ ਵਸਦੇ ਨੇ ਅੰਬ ਜਮੋਈਏ ਰਸਦੇ ਨੇ, ਭਾਦੋਂ ਧੁੱਪਾਂ ਕਹਿਰ ਦੀਆ ਝੜੀਆਂ ਕਈ ਕਈ ਪਹਿਰ ਦੀਆਂ, ਸਾਉਣ ਦੇ ਅੰਨ੍ਹੇ ਨੂੰ ਹਰਾ ਈ ਹਰਾ ਦਿਸਦੈ, ਜੇਠ ਹਾੜ ਬਹੁਤਾ ਨਹਾਈਏ/ਸੋਣ ਭਾਦੋਂ ਥੋੜ੍ਹਾ ਖਾਈਏ, ਜੇਠ ਹਾੜ ਸੰਵੀਏਂ, ਸੌਣ ਭਾਦੋਂ ਭੰਵੀਏ ਆਦਿ।

-ਫਗਵਾੜਾ। ਮੋਬਾਈਲ : 98766-55055

ਪਿਛਲੀ ਖ਼ਬਰ ਡ੍ਰੀਮ ਗਰਲ ਹੇਮਾ ਮਾਲਿਨੀ ਦਾ ਬਾਲੀਵੁੱਡ 'ਚ 60 ਸਾਲ ਦਾ ਦਿਲਚਸਪ ਸਫ਼ਰ ਅਗਲੀ ਖ਼ਬਰ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਲਈ ਲੋਕਾਂ ਦਾ ਜਾਗ੍ਰਿਤ ਹੋਣਾ ਜ਼ਰੁਰੀ - ਕਰਨ ਸਿੰਘ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।