ਹੇਮਾ ਮਾਲਿਨੀ 78 ਸਾਲ ਦੀ ਉਮਰ ਵਿਚ ਵੀ ਸਿਰਫ਼ 45 ਸਾਲਾਂ ਦੀ ਲਗਦੀ ਹੈ। ਉਸ ਨੇ ਸਿਹਤ ਸੰਭਾਲ ਨਾਲ ਆਪਣੀ ਸ਼ਾਨਦਾਰ ਸੁੰਦਰਤਾ, ਕੱਦ-ਕਾਠੀ ਜਾਂ ਦਿੱਖ 'ਚ ਭੌਰਾ ਵੀ ਕਮੀ ਨਹੀਂ ਆਉਣ ਦਿੱਤੀ ਹੈ, ਉਹ ਅਜੇ ਵੀ ਬਾਲੀਵੁੱਡ ਦੀ 'ਡ੍ਰੀਮ ਗਰਲ' ਹੈ ਅਤੇ ਉਸ ਨੇ ਇਸ ਹਫ਼ਤੇ ਬਾਲੀਵੁੱਡ 'ਚ ਆਪਣੇ 60 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ। ਉਸ ਨੇ ਕਪੂਰ ਖਾਨਦਾਨ ਸਮੇਤ ਕਈ ਹੋਰ ਵੱਡੇ ਫਿਲਮੀ ਪਰਿਵਾਰਾਂ ਦੇ ਦਬਦਬੇ ਵਾਲੇ ਇਕ ਮੁਕਾਬਲੇ ਵਾਲੇ ਫਿਲਮ ਉਦਯੋਗ ਵਿਚ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਰਹਿ ਕੇ 60 ਸਾਲ ਬਿਤਾਏ ਹਨ। ਉਸ ਨੂੰ 1968 ਵਿਚ ਆਪਣੀ ਪਹਿਲੀ ਫਿਲਮ 'ਸਪਨੋਂ ਕਾ ਸੌਦਾਗਰ' 'ਚ ਮਹਾਨ ਅਦਾਕਾਰ ਰਾਜ ਕਪੂਰ ਨਾਲ ਜੋੜੀ ਬਣਾਈ ਸੀ। ਜਦੋਂ ਮੁੰਬਈ ਦੇ ਮਾਟੁੰਗਾ ਦੇ ਮਸ਼ਹੂਰ ਸ਼ਣਮੁਖਾਨੰਦ ਹਾਲ 'ਚ ਮੱਧਮ ਲਾਈਟਾਂ ਦੌਰਾਨ ਭਾਰਤੀ ਸਿਨੇਮਾ 'ਚ ਹੇਮਾ ਮਾਲਿਨੀ ਦੇ ਫ਼ਿਲਮਾਂ 'ਚ 60 ਸ਼ਾਨਦਾਰ ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਲਈ ਇਕ ਸ਼ਾਨਦਾਰ ਸੰਗੀਤ ਸਮਾਰੋਹ ਸ਼ੁਰੂ ਹੋਇਆ ਤਾਂ ਇਹ ਇਕ ਉਸ ਅਭਿਨੇਤਰੀ ਨੂੰ 'ਟ੍ਰਿਬਿਊਟ' ਤੋਂ ਕਿਤੇ ਵਧ ਕੇ ਸੀ। ਜਿਸ ਵਿਚ ਭਾਰਤ ਦੀ ਸਦੀਵੀ 'ਡ੍ਰੀਮ ਗਰਲ' ਨੂੰ ਸਨਮਾਨ ਦੇਣ ਲਈ ਉਸ ਦੇ ਸਹਿਯੋਗੀ, ਸਹਿ-ਕਲਾਕਾਰ, ਫਿਲਮ ਨਿਰਮਾਤਾ ਤੇ ਪ੍ਰਸ਼ੰਸਕ ਇਕੱਠੇ ਹੋਏ, ਇਹ ਇਕ ਅਜਿਹਾ ਖਿਤਾਬ ਹੈ ਜੋ ਪੀੜ੍ਹੀਆਂ, ਰੁਝਾਨਾਂ ਤੇ ਸਟਾਰਡਮ ਦੀਆਂ ਬਦਲਦੀਆਂ ਪਰਿਭਾਸ਼ਾਵਾਂ ਤੋਂ ਕਿਤੇ ਜ਼ਿਆਦਾ ਸਮੇਂ ਤੱਕ ਚੱਲਿਆ ਹੈ।
ਬਹੁਤ ਘੱਟ ਅਦਾਕਾਰਾਂ ਨੇ ਹੇਮਾ ਮਾਲਿਨੀ ਵਰਗਾ ਸਥਾਈ, ਸ਼ਾਨਦਾਰ ਤੇ ਪ੍ਰਭਾਵਸ਼ਾਲੀ ਕਰੀਅਰ ਮਾਣਿਆ ਹੈ। ਹਿੰਦੀ ਸਿਨੇਮਾ ਦੇ ਸਿਖਰ 'ਤੇ 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਇਕ ਅਦਾਕਾਰ, ਕਲਾਸੀਕਲ ਡਾਂਸਰ, 3 ਵਾਰ ਸੰਸਦ ਮੈਂਬਰ ਤੇ ਸੱਭਿਆਚਾਰਕ ਪ੍ਰਤੀਕ ਵਜੋਂ ਪ੍ਰਸੰਗਿਕ ਬਣੇ ਰਹਿਣਾ ਸਿਰਫ਼ ਹੇਮਾ ਮਾਲਿਨੀ ਦੇ ਹਿੱਸੇ ਹੀ ਆਇਆ ਹੈ। ਜਦੋਂ ਹੇਮਾ ਮਾਲਿਨੀ ਨੇ 1968 'ਚ 'ਸਪਨੋਂ ਕਾ ਸੌਦਾਗਰ' ਨਾਲ ਹਿੰਦੀ ਸਿਨੇਮਾ 'ਚ ਪ੍ਰਵੇਸ਼ ਕੀਤਾ ਤਾਂ ਰਾਜ ਕਪੂਰ ਉਸ ਨਾਲੋਂ 30 ਸਾਲ ਤੋਂ ਵੀ ਵੱਡੇ ਸਨ। ਦਿੱਲੀ ਤੇ ਤਾਮਿਲਨਾਡੂ ਦੇ ਸ਼੍ਰੀਰੰਗਮ ਦੀ ਰਹਿਣ ਵਾਲੀ ਇਸ ਅਦਾਕਾਰਾ ਨੇ ਆਪਣੀਆਂ ਭਾਵਪੂਰਨ ਅੱਖਾਂ, ਕਲਾਸੀਕਲ ਸੰਜਮ ਨਾਲ ਬਿਨਾਂ ਕਿਸੇ ਮੁਸ਼ਕਿਲ ਦੇ ਸਕ੍ਰੀਨ 'ਤੇ ਆਪਣੀ ਮੌਜੂਦਗੀ ਨਾਲ ਲੋਕਾਂ ਦਾ ਧਿਆਨ ਖਿੱਚਿਆ ਸੀ। ਪਰ ਉਸ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਫਿਲਮ ਨਿਰਮਾਤਾ ਬੀ. ਅਨੰਤਸਵਾਮੀ ਨਾਲ ਇਕ ਪਾਬੰਦੀਸ਼ੁਦਾ ਇਕਰਾਰਨਾਮੇ 'ਤੇ ਦਸਤਖਤ ਕਰਨ ਕਰਕੇ ਕਾਨੂੰਨੀ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ ਸੀ। ਜਦੋਂ ਉਹ ਫਿਲਮ ਉਦਯੋਗ 'ਚ ਦਾਖਲ ਹੋਈ ਤਾਂ ਉਸ ਸਮੇਂ ਸਿਨੇਮਾ 'ਚ ਉੱਤਰ ਭਾਰਤ ਦੇ ਅਦਾਕਾਰਾਂ ਤੇ ਹਿੰਦੀ ਬੋਲਣ ਵਾਲੀਆਂ ਅਭਿਨੇਤਰੀਆਂ ਦਾ ਦਬਦਬਾ ਸੀ। ਹੇਮਾ ਮਾਲਿਨੀ ਤਾਮਿਲਨਾਡੂ 'ਚ ਪੈਦਾ ਹੋਈ ਤੇ ਦਿੱਲੀ 'ਚ ਪਲੀ ਸੀ, ਉਸ ਨੂੰ ਭਾਸ਼ਾਈ ਪੱਖਪਾਤ, ਸੱਭਿਆਚਾਰਕ ਅੰਤਰ ਨੂੰ ਦੂਰ ਕਰਦਿਆਂ ਸਾਬਤ ਕਰ ਦਿੱਤਾ ਕਿ ਦੱਖਣੀ ਭਾਰਤ ਤੋਂ ਆਈ ਨਵੀਂ ਅਦਾਕਾਰਾ ਵੀ ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਨਾਇਕਾ ਬਣ ਸਕਦੀ ਹੈ।
ਹੇਮਾ ਮਾਲਿਨੀ ਨੇ ਸ਼ਾਨਦਾਰ ਡਾਂਸਰ ਤੇ ਸਦਾਬਹਾਰ ਅਦਾਕਾਰਾ ਵੈਜੰਤੀਮਾਲਾ ਦੀ ਵਿਰਾਸਤ ਨੂੰ ਸੰਭਾਲਿਆ ਸੀ, ਜਿਸ ਨੇ ਆਪਣੇ ਦਿਨਾਂ ਦੇ ਹਰ ਮਹਾਨ ਬਾਲੀਵੁੱਡ ਆਈਕਨ - ਦਿਲੀਪ ਕੁਮਾਰ, ਦੇਵ ਆਨੰਦ, ਰਾਜ ਕਪੂਰ, ਸੁਨੀਲ ਦੱਤ ਨਾਲ ਕੰਮ ਕੀਤਾ ਸੀ। ਹੇਮਾ ਨੇ 1970 ਦੇ ਦਹਾਕੇ ਦੌਰਾਨ ਇਕ ਤੋਂ ਬਾਅਦ ਇਕ ਯਾਦਗਾਰੀ ਫਿਲਮਾਂ ਕੀਤੀਆਂ। ਉਸ ਦੀ 'ਜੌਨੀ ਮੇਰਾ ਨਾਮ' ਦੇਵ ਆਨੰਦ ਦੇ ਨਾਲ ਇਕ ਵੱਡੀ ਹਿੱਟ ਫਿਲਮ ਸੀ, ਜਿਸ ਨੇ ਹੇਮਾ ਨੂੰ ਵੱਡੀ ਸਟਾਰ ਵਜੋਂ ਸਥਾਪਿਤ ਕੀਤਾ। ਫਿਰ ਉਸ ਦੀਆਂ ਹਿੱਟ ਫਿਲਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ: 'ਸੀਤਾ ਔਰ ਗੀਤਾ' ਫਿਲਮ 'ਚ ਉਸ ਨੇ ਬਹੁਤ ਸ਼ਾਨਦਾਰ ਢੰਗ ਨਾਲ ਜੁੜਵਾਂ ਵਿਛੜੀਆਂ ਭੈਣਾਂ ਦੀ ਭੂਮਿਕਾ ਨਿਭਾਉਂਦਿਆਂ ਉਨ੍ਹਾਂ ਨੂੰ ਵੱਖੋ-ਵੱਖਰੀਆਂ ਸ਼ਖਸੀਅਤਾਂ ਦੇ ਰੂਪ 'ਚ ਪਰਦੇ 'ਤੇ ਨਿਭਾਇਆ ਸੀ। ਉਸ ਦੀ ਜੁਗਨੂੰ; ਪ੍ਰੇਮ ਨਗਰ; ਖੁਸ਼ਬੂ; ਕਿਨਾਰੇ; ਡ੍ਰੀਮ ਗਰਲ 'ਚ ਵਿਲੱਖਣ ਅਦਾਕਾਰੀ ਨੇ ਉਸ ਦੀ ਪਛਾਣ ਨੂੰ ਸਥਾਈ ਤੌਰ 'ਤੇ ਸਥਾਪਿਤ ਕੀਤਾ; ਜਦਕਿ ਸੱਤਾ ਪੇ ਸੱਤਾ; ਨਸੀਬ; ਕ੍ਰਾਂਤੀ; ਰਜ਼ੀਆ ਸੁਲਤਾਨ, ਲਾਲ ਪੱਥਰ ਅਤੇ ਅਣਗਿਣਤ ਹੋਰ ਫਿਲਮਾਂ 'ਚ ਉਸ ਨੇ ਗਲੈਮਰ ਤੇ ਅਦਾਕਾਰੀ ਦੀ ਡੂੰਘਾਈ ਦਾ ਪ੍ਰਦਰਸ਼ਨ ਕਰਦਿਆਂ ਚੁਣੌਤੀਪੂਰਨ ਭੂਮਿਕਾਵਾਂ ਨਿਭਾਅ ਕੇ ਆਪਣੀ ਅਭਿਨੈ ਯੋਗਤਾ ਦਾ ਪ੍ਰਦਰਸ਼ਨ ਕੀਤਾ। ਉਹ ਸਿਰਫ਼ ਇਕ ਸੁੰਦਰ, ਪ੍ਰਤਿਭਾਸ਼ਾਲੀ ਡਾਂਸਰ, ਗਲੈਮਰ ਭਰਪੂਰ ਸੁੰਦਰਤਾ ਹੀ ਨਹੀਂ, ਸਗੋਂ ਗੁੰਝਲਦਾਰ ਕਿਰਦਾਰਾਂ ਨੂੰ ਦਰਸਾਉਣ ਲਈ ਭਾਵਨਾਤਮਕ ਡੂੰਘਾਈ ਤੇ ਤੀਬਰਤਾ ਵਾਲੀ ਇਕ ਅਦਾਕਾਰਾ ਵੀ ਹੈ। ਅਦਾਕਾਰ ਰਾਜ ਕੁਮਾਰ ਨਾਲ ਫਿਲਮਾਂ 'ਚ ਉਸ ਦੀ ਅਦਾਕਾਰੀ ਦੀ ਡੂੰਘਾਈ ਜ਼ਿਕਰਯੋਗ ਹੈ। ਜੇਕਰ ਉਸ ਨੇ 'ਸੀਤਾ ਔਰ ਗੀਤਾ' 'ਚ ਆਪਣੀ ਕਾਮਿਕ ਟਾਈਮਿੰਗ ਤੇ ਬਹੁਪੱਖੀ ਪ੍ਰਤਿਭਾ ਨੂੰ ਸਾਬਤ ਕੀਤਾ ਤਾਂ 'ਮੀਰਾ' 'ਚ ਸਟਾਰ ਇਮੇਜ ਦੇ ਹੇਠਾਂ ਅਦਾਕਾਰੀ ਦੀ ਗੰਭੀਰਤਾ ਨੂੰ ਵੀ ਪ੍ਰਗਟਾਇਆ ਹੈ। ਫਿਲਮ ਨਿਰਦੇਸ਼ਕਾਂ ਨੂੰ ਜਲਦੀ ਅਹਿਸਾਸ ਹੋ ਗਿਆ ਸੀ ਕਿ ਚਮਕਦਾਰ ਸੁੰਦਰਤਾ ਦੇ ਪਿੱਛੇ ਉਹ ਇਕ ਨਿਪੁੰਨ ਕਲਾਕਾਰ ਹੈ, ਜੋ ਵਪਾਰਕ ਮਨੋਰੰਜਨ ਨੂੰ ਅਰਥਪੂਰਨ ਸਿਨੇਮਾ ਨਾਲ ਸੰਤੁਲਿਤ ਕਰਨ ਦੇ ਸਮਰੱਥਾ ਰੱਖਦੀ ਹੈ। ਉਸ ਨੇ ਆਪਣੇ ਸਮੇਂ ਦੇ ਸੁਪਰਸਟਾਰ ਅਮਿਤਾਭ ਬੱਚਨ ਨਾਲ ਸੱਤੇ ਪੇ ਸੱਤਾ, ਨਸੀਬ, ਨਾਸਤਿਕ ਤੇ ਬਾਗ਼ਬਾਨ ਵਿਚ ਕੰਮ ਕੀਤਾ।
ਹੇਮਾ ਮਾਲਿਨੀ ਦੀ ਜ਼ਿੰਦਗੀ ਦਾ ਸਭ ਤੋਂ ਚਰਚਿਤ ਅਧਿਆਇ ਕੈਮਰੇ ਤੋਂ ਦੂਰ ਧਰਮਿੰਦਰ ਨਾਲ 1970 ਦੇ ਦਹਾਕੇ ਦੇ ਸ਼ੁਰੂ ਵਿਚ ਇਕੱਠੇ ਕੰਮ ਕਰਨ ਸਮੇਂ ਸ਼ੁਰੂ ਹੋਇਆ ਰੋਮਾਂਸ ਸੀ, ਜੋ 'ਤੁਮ ਹਸੀਨ ਮੈਂ ਜਵਾਨ' ਜਿਹੀਆਂ ਫਿਲਮਾਂ ਦੌਰਾਨ ਵਧਿਆ ਤੇ ਉਹ ਇਕ-ਦੂਜੇ ਦੇ ਬਹੁਤ ਨੇੜੇ ਆ ਗਏ। ਸ਼ਰਾਫਤ, ਜੁਗਨੂੰ, ਰਾਜਾ ਜਾਨੀ, ਨਯਾ ਜ਼ਮਾਨਾ, ਚਰਸ, ਆਜ਼ਾਦ ਤੇ ਸਭ ਤੋਂ ਮਸ਼ਹੂਰ 'ਸ਼ੋਅਲੇ' ਵਰਗੀਆਂ ਫਿਲਮਾਂ ਵਿਚ ਇਕੱਠੇ ਕੰਮ ਕਰਦਿਆਂ ਉਨ੍ਹਾਂ ਦਾ ਪਿਆਰ ਬਾਲੀਵੁੱਡ ਦੀਆਂ ਸਭ ਤੋਂ ਸਥਾਈ ਪ੍ਰੇਮ ਕਹਾਣੀਆਂ 'ਚੋਂ ਇਕ ਬਣ ਗਿਆ। ਹਾਲਾਂਕਿ ਧਰਮਿੰਦਰ ਪਹਿਲਾਂ ਹੀ ਵਿਆਹੇ ਹੋਣ ਕਰਕੇ ਉਨ੍ਹਾਂ ਦੇ ਰਿਸ਼ਤੇ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ। ਵੈਸੇ ਵੀ ਉਸ ਸਮੇਂ ਫਿਲਮੀ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਪਹਿਲੇ ਪੰਨੇ ਦੀਆਂ ਖ਼ਬਰਾਂ ਬਣ ਜਾਂਦੀ ਸੀ ਅਤੇ ਅਦਾਕਾਰਾਂ ਦੀ ਹਰ ਗੱਲ 'ਤੇ ਚਰਚਾ, ਬਹਿਸ ਤੇ ਅਕਸਰ ਆਲੋਚਨਾ ਹੁੰਦੀ ਸੀ। ਫਿਰ ਵੀ ਵਿਵਾਦ ਦੇ ਬਾਵਜੂਦ ਹੇਮਾ ਮਾਲਿਨੀ ਤੇ ਧਰਮਿੰਦਰ ਨੇ ਇਕੱਠੇ ਰਹਿਣ ਦਾ ਫੈਸਲਾ ਕਰਦਿਆਂ 1980 ਵਿਚ ਵਿਆਹ ਕਰਵਾ ਲਿਆ। ਅਜਿਹੇ ਵਿਆਹ ਲਈ ਬਹੁਤ ਹਿੰਮਤ ਤੇ ਸੰਜਮ ਦੀ ਲੋੜ ਹੁੰਦੀ ਹੈ। ਹੇਮਾ ਨੇ ਆਪਣੇ ਨਿੱਜੀ ਜੀਵਨ ਦੀਆਂ ਜਟਿਲਤਾਵਾਂ ਬਾਰੇ ਜਨਤਕ ਤੌਰ 'ਤੇ ਬਹੁਤ ਘੱਟ ਗੱਲ ਕੀਤੀ, ਉਸ ਨੇ ਹਿੰਦੀ ਸਿਨੇਮਾ ਦੇ ਸਭ ਤੋਂ ਮੋਹਰੀ ਵੱਡੇ ਅਦਾਕਾਰਾਂ 'ਚੋਂ ਇਕ ਨਾਲ ਜੀਵਨ ਸਾਂਝਾ ਕਰਦੇ ਹੋਏ ਵੀ ਆਪਣੀ ਸੁਤੰਤਰ ਪਛਾਣ ਬਣਾਈ ਰੱਖੀ। ਉਨ੍ਹਾਂ ਦੀਆਂ ਦੋ ਧੀਆਂ ਈਸ਼ਾ ਦਿਓਲ ਤੇ ਅਹਾਨਾ ਦਿਓਲ ਹਨ। ਜਦਕਿ ਧਰਮਿੰਦਰ ਦੇ ਪਹਿਲੇ ਵਿਆਹ ਤੋਂ ਸੰਨੀ ਦਿਓਲ ਤੇ ਬੌਬੀ ਦਿਓਲ ਦੋਵੇਂ ਬਾਲੀਵੁੱਡ ਦੇ ਵੱਡੇ ਅਦਾਕਾਰ ਹਨ। ਆਪਣੇ ਜਨਤਕ ਕਰੀਅਰ ਵਾਂਗ ਹੇਮਾ ਮਾਲਿਨੀ ਨੇ ਪਰਿਵਾਰਕ ਸਬੰਧਾਂ ਨੂੰ ਬਹੁਤ ਧਿਆਨ ਨਾਲ ਸੰਭਾਲਦਿਆਂ ਅਕਸਰ ਅਟਕਲਾਂ ਜਾਂ ਗੱਪਾਂ ਦਾ ਬਹੁਤ ਹੀ ਘੱਟ ਜਵਾਬ ਦਿੱਤਾ ਹੈ।
ਬਹੁਤ ਸਾਰੇ ਅਦਾਕਾਰਾਂ ਦੇ ਉਲਟ ਜਿਨ੍ਹਾਂ ਦੀ ਪ੍ਰਸਿੱਧੀ ਬਦਲਦੀਆਂ ਪੀੜ੍ਹੀਆਂ ਦੇ ਨਾਲ ਫਿੱਕੀ ਪੈ ਗਈ, ਹੇਮਾ ਨੇ ਸਫਲਤਾਪੂਰਵਕ ਆਪਣੀ ਅਦਾਕਾਰੀ ਦੀ ਬੁਲੰਦੀ ਨੂੰ ਕਾਇਮ ਰੱਖਿਆ ਹੈ। ਉਸ ਨੇ ਲੀਡਿੰਗ ਲੇਡੀ ਤੋਂ ਇਕ ਨਿਪੁੰਨ ਚਰਿੱਤਰ ਅਦਾਕਾਰਾ ਬਣ ਕੇ 'ਬਾਗਬਾਨ' 'ਚ ਅਮਿਤਾਭ ਬੱਚਨ ਨਾਲ ਯਾਦਗਾਰੀ ਭੂਮਿਕਾ ਨਿਭਾਈ ਹੈ। ਹੇਮਾ ਨੇ ਸਿਨੇਮਾ ਤੋਂ ਇਲਾਵਾ ਬਹੁਤ ਲਗਨ ਨਾਲ ਕਲਾਸੀਕਲ ਭਰਤਨਾਟਿਅਮ ਕਰਨਾ ਜਾਰੀ ਰੱਖਿਆ। ਉਸ ਦੇ ਕਲਾਤਮਕ ਸ਼ੁੱਧਤਾ ਨਾਲ ਕੋਰੀਓਗ੍ਰਾਫ ਕੀਤੇ ਡਾਂਸ ਬੈਲੇ ਦੀ ਭਾਰਤ ਤੇ ਵਿਦੇਸ਼ਾਂ ਵਿਚ ਸ਼ਲਾਘਾ ਹੋਈ ਹੈ। ਉਸ ਦਾ ਜਨਤਕ ਜੀਵਨ ਸਮਾਜ ਸੇਵਾ ਤੇ ਰਾਜਨੀਤੀ ਤੱਕ ਫੈਲਿਆ ਹੋਇਆ ਹੈ। ਉਹ ਮਥੁਰਾ ਤੋਂ ਸੱਤਾਧਾਰੀ ਪਾਰਟੀ ਭਾਜਪਾ ਵਲੋਂ 3 ਵਾਰ ਸੰਸਦ ਮੈਂਬਰ ਚੁਣੀ ਗਈ ਹੈ। ਉਸ ਦੀ ਅਦਾਕਾਰਾ, ਨ੍ਰਿਤਕੀ, ਮਾਂ, ਸੰਸਦ ਮੈਂਬਰ ਹੁੰਦੇ ਹੋਏ ਵੀ 'ਡ੍ਰੀਮ ਗਰਲ' ਦੀ ਵਿਲੱਖਣ ਪਛਾਣ ਹਮੇਸ਼ਾ ਕਾਇਮ ਰਹੀ ਹੈ। ਉਸ ਨੇ ਆਪਣੇ ਯੁੱਗ ਦੇ ਹਰ ਵੱਡੇ ਅਦਾਕਾਰ - ਰਾਜ ਕਪੂਰ, ਦੇਵ ਆਨੰਦ, ਰਾਜ ਕੁਮਾਰ, ਧਰਮਿੰਦਰ, ਜਤਿੰਦਰ, ਰਾਜੇਸ਼ ਖੰਨਾ ਤੇ ਅਮਿਤਾਭ ਬੱਚਨ ਤੱਕ ਸਭ ਨਾਲ ਕੰਮ ਕੀਤਾ ਹੈ। ਮੁੰਬਈ 'ਚ ਹੇਮਾ ਮਾਲਿਨੀ ਦੇ 6 ਦਹਾਕਿਆਂ ਦੇ ਸਿਨੇਮੈਟਿਕ ਸਫ਼ਰ ਦਾ ਜਸ਼ਨ ਮਨਾਉਣ ਵਾਲਾ ਸਮਾਰੋਹ (ਕੰਸਰਟ) ਸਿਰਫ਼ ਇਕ ਵਰ੍ਹੇਗੰਢ ਨਹੀਂ, ਸਗੋਂ ਲਗਨ, ਦ੍ਰਿੜ੍ਹਤਾ ਤੇ ਕਲਾਤਮਕ ਉੱਤਮਤਾ ਨੂੰ ਇਕ ਸਲਾਮ ਸੀ।
ਇਕ ਅਜਿਹੇ ਉਦਯੋਗ 'ਚ ਜਿੱਥੇ ਕਰੀਅਰ ਅਕਸਰ ਥੋੜ੍ਹੇ ਸਮੇਂ ਲਈ ਚਮਕਣ ਤੋਂ ਬਾਅਦ ਯਾਦਾਂ 'ਚ ਅਲੋਪ ਹੋ ਜਾਂਦਾ ਹੈ, ਉੱਥੇ ਹੇਮਾ ਮਾਲਿਨੀ ਦੀ ਚਮਕ 60 ਸਾਲਾਂ ਤੋਂ ਬਰਕਰਾਰ ਹੈ। ਫਿਲਮ ਪ੍ਰੇਮੀਆਂ ਦੀਆਂ ਪੀੜ੍ਹੀਆਂ ਲਈ ਹੇਮਾ ਮਾਲਿਨੀ ਹਮੇਸ਼ਾ 'ਡ੍ਰੀਮ ਗਰਲ' ਬਣੀ ਰਹੇਗੀ- ਕਿਉਂਕਿ ਉਸ ਨੇ ਆਪਣੇ ਨਾਲ ਲੱਖਾਂ ਲੋਕਾਂ ਨੂੰ ਸੁਪਨੇ ਦਿਖਾਏ ਹਨ। ਬਦਕਿਸਮਤੀ ਨਾਲ ਉਹ ਆਪਣੇ ਪਤੀ ਧਰਮਿੰਦਰ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਦੇ ਕਾਰਨ ਗੁਆ ਚੁੱਕੀ ਹੈ। ਹੇਮਾ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਧਰਮਿੰਦਰ ਬਗੈਰ ਉਸ ਲਈ ਜ਼ਿੰਦਗੀ ਬਹੁਤ ਮੁਸ਼ਕਿਲ ਹੋ ਗਈ ਹੈ, ਉਹ ਉਸ ਦੀਆਂ ਪਿਆਰੀਆਂ ਯਾਦਾਂ ਦੇ ਸਹਾਰੇ ਜੀਅ ਰਹੀ ਹੈ ਅਤੇ ਉਸ ਦੀ ਜ਼ਿੰਦਗੀ 'ਚ ਇਕ ਖਲਾਅ ਪੈਦਾ ਹੋ ਗਿਆ ਹੈ।
(ਆਈ.ਪੀ.ਏ. ਸਰਵਿਸ)
ਡ੍ਰੀਮ ਗਰਲ ਹੇਮਾ ਮਾਲਿਨੀ ਦਾ ਬਾਲੀਵੁੱਡ 'ਚ 60 ਸਾਲ ਦਾ ਦਿਲਚਸਪ ਸਫ਼ਰ
ਅਜੀਤ ਡੈਸਕ
19-07-2026