ਖੱਬਲ਼ ਘਾਹ ਕੁਦਰਤ ਦਾ ਇਕ ਤੋਹਫ਼ਾ ਹੈ ਅਤੇ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਇਸ ਦਾ ਵਿਗਿਆਨਕ ਨਾਂਅ ਸਾਈਨੋਡੋਨ ਡੈਕਟਾਈਲੋਨ (3਼nodon dact਼&on) ਹੈ। ਇਸ ਨੂੰ ਦੂਬ ਘਾਹ, ਦੁਰਬਾ ਘਾਹ, ਬਰਮੂਡਾ ਘਾਹ ਜਾਂ ਫਲੋਰਿਡਾ ਘਾਹ ਵੀ ਕਿਹਾ ਜਾਂਦਾ ਹੈ। ਇਸ ਦੀਆਂ ਜੜ੍ਹਾਂ ਮਜ਼ਬੂਤ ਰੇਸ਼ੇਦਾਰ ਹੁੰਦੀਆਂ ਹਨ, ਜੋ ਕਿ ਜ਼ਮੀਨ ਨੂੰ ਖੁਰਨ ਤੋਂ ਬਚਾਉਂਦੀਆਂ ਹਨ। ਇਹ ਧਰਤੀ ਦੀ ਉਪਜਾਊ ਪਰਤ ਦਾ ਰਾਖਾ ਹੈ। ਵਾਰ-ਵਾਰ ਕੱਟਣ 'ਤੇ ਇਹ ਜ਼ਮੀਨ 'ਤੇ ਹਰੇ ਰੰਗ ਦੀ ਬੜੀ ਵਧੀਆ ਪਰਤ ਬਣਾਉਂਦਾ ਹੈ। ਪਸ਼ੂ ਇਸ ਨੂੰ ਬਾਜਰੇ ਅਤੇ ਬਰਸੀਮ ਨਾਲੋਂ ਜ਼ਿਆਦਾ ਪਸੰਦ ਕਰਦੇ ਹਨ। ਖੱਬਲ਼ ਘਾਹ ਚਰਨ ਤੋਂ ਬਾਅਦ ਪਸ਼ੂ ਦੂਸਰੇ ਚਾਰਿਆਂ ਨੂੰ ਚਰਨ ਦੀ ਤੁਲਨਾ ਵਿਚ ਜ਼ਿਆਦਾ ਦੁੱਧ ਦਿੰਦੇ ਹਨ, ਇਸ ਦੁੱਧ 'ਤੇ ਮਲ਼ਾਈ ਵੀ ਜ਼ਿਆਦਾ ਆਉਂਦੀ ਹੈ ਅਤੇ ਇਸ ਦੁੱਧ ਵਿਚ ਖੁਰਾਕੀ ਤੱਤ ਵੀ ਜ਼ਿਆਦਾ ਹੁੰਦੇ ਹਨ। ਖੱਬਲ਼ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਤੋਂ ਇਲਾਵਾ ਸੋਡੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਵੀ ਪਾਏ ਜਾਂਦੇ ਹਨ। ਇਸ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਹ ਪਿੱਤ ਦੋਸ਼ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਤਾਜੇ ਘਾਹ ਦਾ ਰਸ, ਕਾੜ੍ਹਾ ਅਤੇ ਸੁੱਕੇ ਘਾਹ ਦੇ ਚੂਰਨ ਦਾ ਸੇਵਨ ਕੀਤਾ ਜਾ ਸਕਦਾ ਹੈ। ਹੋਮਿਓਪੈਥੀ ਦੀ ਦਵਾਈ ਸਾਈਨੋਡੋਨ ਡੈਕਟਾਈਲੋਨ (3਼nodon dact਼&on) ਇਸੇ ਘਾਹ ਤੋਂ ਤਿਆਰ ਹੁੰਦੀ ਹੈ, ਜਿਸ ਨੂੰ ਪਾਚਣ ਤੰਤਰ ਦੀਆਂ ਬਿਮਾਰੀਆਂ ਠੀਕ ਕਰਨ, ਖੂਨ ਸਾਫ਼ ਕਰਨ ਅਤੇ ਪਿਸ਼ਾਬ ਨਾਲ ਸੰਬੰਧਿਤ ਰੋਗਾਂ ਆਦਿ ਲਈ ਵਰਤਿਆ ਜਾਂਦਾ ਹੈ।
ਇਸ ਘਾਹ ਵਿਚ ਸੋਜ-ਰੋਧਕ, ਪ੍ਰਤੀਆਕਸੀਕਾਰਕ ਅਤੇ ਜੀਵਾਣੂ-ਰੋਧਕ ਤੱਤਾਂ ਦੀ ਹੋਂਦ ਮੰਨੀ ਜਾਂਦੀ ਹੈ, ਜਿਸ ਕਾਰਨ ਇਹ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਕੱਢਣ, ਖ਼ੂਨ ਸਾਫ਼ ਕਰਨ ਅਤੇ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਵਿਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਵਾਸਤੇ ਖੱਬਲ਼ ਦੇ 20 ਮਿਲੀਲਿਟਰ ਰਸ ਦਾ ਇਕ ਗਿਲਾਸ ਪਾਣੀ ਵਿਚ ਸਵੇਰੇ ਖਾਲੀ ਪੇਟ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ। ਇਹ ਸ਼ੂਗਰ ਦੇ ਪੱਧਰ ਨੂੰ ਵੀ ਠੀਕ ਰੱਖਦਾ ਹੈ।
ਇਸ ਵਿਚ ਜੀਵਾਣੂ-ਰੋਧੀ ਅਤੇ ਰੋਗ-ਰੋਧਕ ਸਮਰੱਥਾ ਹੁੰਦੀ ਹੈ। ਇਸ ਨੂੰ ਕੁੱਟ ਕੇ ਇਸ ਦੀ ਮੱਲ੍ਹਮ ਬਣਾ ਕੇ ਜ਼ਖ਼ਮਾਂ 'ਤੇ ਲਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ। ਖੱਬਲ਼ ਦਾ ਰਸ ਪਾਚਣ ਤੰਤਰ ਨੂੰ ਸ਼ਾਂਤ ਰੱਖਦਾ ਹੈ ਅਤੇ ਸਰੀਰ ਦੀ ਗਰਮੀ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਖਾਣੇ ਤੋਂ ਬਾਅਦ ਬਣਦੇ ਤੇਜ਼ਾਬ ਲਈ ਖੱਬਲ਼ ਦੇ ਰਸ ਦਾ ਸੇਵਨ ਗੁਣਕਾਰੀ ਹੈ। ਇਹ ਪੇਟ ਦੇ ਅਲਸਰ ਦੀ ਜਲਣ ਨੂੰ ਸ਼ਾਂਤ ਕਰਦਾ ਹੈ ਅਤੇ ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਖੱਬਲ਼ ਦੇ ਰਸ ਦਾ ਸੇਵਨ ਕਰਨ ਨਾਲ ਉਲਟੀਆਂ ਬੰਦ ਹੁੰਦੀਆਂ ਹਨ। ਇਹ ਪੇਟ ਦੇ ਅਫਾਰੇ ਵਾਸਤੇ ਵੀ ਲਾਭਦਾਇਕ ਹੈ। ਖੱਬਲ਼ ਘਾਹ, ਜ਼ੀਰਾ ਅਤੇ ਕਾਲ਼ੀ ਮਿਰਚ ਦੇ ਕਾੜ੍ਹੇ ਨੂੰ ਦਿਨ ਵਿਚ ਦੋ ਵਾਰ ਪੀਣ ਨਾਲ ਮੋਟਾਪਾ ਦੂਰ ਹੁੰਦਾ ਹੈ। ਇਸ ਘਾਹ ਨੂੰ ਪਾਣੀ ਵਿਚ ਰਗੜ ਕੇ ਮਿਸ਼ਰੀ ਮਿਲ਼ਾ ਕੇ ਖਾਣ ਨਾਲ ਗੁਰਦੇ ਦੀ ਪੱਥਰੀ ਟੁੱਟ ਕੇ ਬਾਹਰ ਨਿਕਲਦੀ ਹੈ। ਔਰਤਾਂ ਦੇ ਹਾਰਮੋਨਜ਼ ਨੂੰ ਸੰਤੁਲਿਤ ਰੱਖਣ ਵਿਚ ਖੱਬਲ਼ ਦਾ ਰਸ ਮਦਦਗਾਰ ਹੁੰਦਾ ਹੈ। ਇਹ ਮਾਂਹਵਾਰੀ ਦੌਰਾਨ ਜ਼ਿਆਦਾ ਖੂਨ ਦੇ ਵਹਾਅ ਨੂੰ ਠੀਕ ਕਰਦਾ ਹੈ ਅਤੇ ਗਰਭ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ। ਇਸ ਦੇ ਪੱਤਿਆਂ ਦਾ 2 ਬੂੰਦਾਂ ਰਸ ਨੱਕ ਵਿਚ ਪਾਉਣ ਨਾਲ ਨਕਸੀਰ ਤੋਂ ਆਰਾਮ ਮਿਲ਼ਦਾ ਹੈ।
ਵਰਤੋਂ ਕਰਨ ਵਾਸਤੇ ਖੱਬਲ਼ ਘਾਹ ਪ੍ਰਦੂਸ਼ਣ ਤੋਂ ਦੂਰ ਸਾਫ਼ ਸੁਥਰੀ ਜਗ੍ਹਾ ਤੋਂ ਹੀ ਲੈਣਾ ਚਾਹੀਦਾ ਹੈ ਅਤੇ ਇਸ 'ਤੇ ਕੋਈ ਕੀਟਨਾਸ਼ਕ ਆਦਿ ਦਾ ਛਿੜਕਾਅ ਵੀ ਨਾ ਕੀਤਾ ਹੋਵੇ। ਇਸ ਦੀ ਵਰਤੋਂ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ।
-ਮੋਬਾਈਲ : 8558831900
ਪੈਰਾਂ ਹੇਠ ਲਤਾੜਿਆ ਜਾਂਦਾ ਹਰਾ ਹਕੀਮ-ਖੱਬਲ਼
ਅਜੀਤ ਡੈਸਕ
19-07-2026