23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਆਸਾ ਸਿੰਘ ਮਸਤਾਨਾ

ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਆਸਾ ਸਿੰਘ ਮਸਤਾਨਾ

ਅਜੀਤ ਡੈਸਕ 23-08-2026

ਪੰਜਾਬੀ ਲੋਕ ਸੰਗੀਤ ਪਰੰਪਰਾ ਦੀ ਸਾਂਭ ਸੰਭਾਲ ਅਤੇ ਇਸ ਨੂੰ  ਵਿਸ਼ਵ ਪੱਧਰ ਤੱਕ ਪੁੱਜਦਾ ਕਰਨ ਵਾਲੇ ਫਨਕਾਰ ਕਲਾਕਾਰਾਂ ਵਿਚੋਂ ਆਸਾ ਸਿੰਘ ਮਸਤਾਨਾ ਨੇ ਗਿਣਾਤਮਿਕ ਪੱਖ ਤੋਂ ਭਾਵੇਂ ਬਹੁਤ ਘੱਟ ਗੀਤ ਗਾਏ ਪਰ ਉਸ ਦੇ ਗਾਏ ਗੀਤ ਸਦਾ ਲਈ ਅਮਰ ਹੋ ਗਏ | ਮਧਰਾ ਕੱਦ, ਗੋਲਮੋਲ ਚਿਹਰਾ, ਫਿਕਸੋ ਤੇ ਡੋਰੀ ਨਾਲ ਕੱਸ ਕੇ ਬੰਨੀ ਦਾੜ੍ਹੀ ਅਤੇ ਮਾਵੇ ਵਾਲੀ ਪੋਚਵੀਂ ਪੱਗ ਵਾਲਾ ਮਸਤਾਨਾ ਸੰਨ 1960 ਤੋਂ ਬਾਅਦ ਦੇ ਦਹਾਕਿਆਂ ਦੌਰਾਨ ਅਕਾਸ਼ਵਾਣੀ ਦੇ ਫਰਮਾਇਸ਼ੀ ਪ੍ਰੋਗਰਾਮਾਂ ਵਿਚ 'ਪੰਜਾਬ ਦੀ ਕੋਇਲ' ਸੁਰਿੰਦਰ ਕੌਰ ਦੇ ਨਾਲ-ਨਾਲ ਸਭ ਤੋਂ ਵੱਧ ਵੱਜਣ ਵਾਲਾ ਲੋਕ ਗਾਇਕ ਸੀ | ਜੁਗਨੀ ਅਤੇ ਹੀਰ ਗਾਉਣ ਵਿਚ ਉਸ ਨੇ ਆਪਣੇ ਸਮਕਾਲੀ ਗਾਇਕਾਂ ਨੂੰ  ਨੇੇੇੜੇ ਨਾ ਲੱਗਣ ਦਿੱਤਾ | ਜਿਸ 'ਤੇ ਮਾਣ ਕਰਦਿਆਂ ਉਹ ਕਦੇ-ਕਦੇ ਆਪਣੀ ਪਿੱਠ ਆਪ ਹੀ ਥਾਪੜ ਜਾਂਦਾ ਸੀ | 
ਦੇਸ਼ ਵੰਡ ਤੋਂ ਪਹਿਲਾਂ ਸ਼ੇਖੂਪੁਰਾ (ਪਾਕਿਸਤਾਨ) ਵਿਚ 22 ਅਗਸਤ, 1927 ਨੂੰ  ਸ. ਪ੍ਰੀਤਮ ਸਿੰਘ ਅਤੇ ਸਰਦਾਰਨੀ ਅੰਮਿ੍ਤ ਕੌਰ ਦੇ ਘਰ ਆਸਾ ਸਿੰਘ ਨੇ ਪਹਿਲੀ ਕਿਲਕਾਰੀ ਮਾਰੀ | ਗੁਰਬਾਣੀ ਦੇ 'ਅ' ਸ਼ਬਦ ਤੋਂ ਨਾਮ ਆਸਾ ਸਿੰਘ ਰੱਖਿਆ ਗਿਆ | ਸ਼ਰਾਰਤੀ ਸੁਭਾਅ ਦਾ ਆਸਾ ਇਕ ਦਿਨ ਆਪਣੇ ਸਹਿਪਾਠੀਆਂ ਨਾਲ ਸ਼ਰਾਰਤਾਂ ਕਰ ਰਿਹਾ ਸੀ ਕਿ ਅਧਿਆਪਕ ਨੇ ਡਾਂਟਦਿਆਂ ਕਿਹਾ, 'ਉਏ ਆਸਿਆ', ਅੱਜ ਤੂੰ ਬਹੁਤ ਮਸਤਾਨੀਆਂ ਕਰ ਰਿਹਾ ਏਾ | ਬੱਸ, ਉਸੇ ਦਿਨ ਤੋਂ ਹੀ ਉਹ ਆਸਾ ਸਿੰਘ ਤੋਂ ਆਸਾ ਸਿੰਘ ਮਸਤਾਨਾ ਬਣ ਗਿਆ ਤੇ ਫਿਰ ਪਿੱਛੇ ਮੁੜ ਨਾ ਵੇਖਿਆ |
ਲਾਹੌਰ ਦੇ ਖ਼ਾਲਸਾ ਕਾਲਜ ਤੋਂ ਬੀ.ਏ. ਪਾਸ ਕਰਕੇ ਬਟਵਾਰੇ ਉਪਰੰਤ ਉਹ ਪੱਕੇ ਤੌਰ 'ਤੇ ਦਿੱਲੀ ਵਿਚ ਹੀ ਟਿਕ ਗਿਆ ਜਿਥੇ ਸੇਵਾ ਮੁਕਤੀ ਤੱਕ ਉਹ ਰਿਜ਼ਰਵ ਬੈਂਕ ਆਫ਼ ਇੰਡੀਆ ਵਿਚ ਨੌਕਰੀ ਕਰਦਾ ਰਿਹਾ | ਅੰਮਿ੍ਤਸਰ ਦੇ ਇਕ ਹਿੰਦੂ ਪਰਿਵਾਰ ਦੀ ਧੀ ਸ਼ੀਲਾ (ਸੁਸ਼ੀਲਾ) ਨਾਲ ਸੰਨ 1950 ਵਿਚ ਉਹ ਵਿਆਹਿਆ ਗਿਆ ਜਿਸ ਤੋਂ ਉਨ੍ਹਾਂ ਦੇ ਘਰ ਬੇਟੇ ਪਰਮਜੀਤ ਸਿੰਘ ਅਤੇ ਬੇਟੀ ਰਮਨਦੀਪ ਦਾ ਜਨਮ ਹੋਇਆ | ਦੋਵੇਂ ਬੱਚਿਆਂ ਨੂੰ  ਪਿਤਾ ਦੀ ਗਾਇਕੀ ਵਿਚ ਕੋਈ ਦਿਲਚਸਪੀ ਨਹੀ ਸੀ |
ਸੰਨ 1967 ਵਿਚ ਕੋਲੰਬੀਆ ਗ੍ਰਾਮੋਫੋਨ ਕੰਪਨੀ ਵਿਚ ਉਸ ਦਾ ਇਕ ਰਿਕਾਰਡ (ਨੰ. ਜੀ.ਈ. 39598, ਗੀਤਕਾਰ ਹਰਚਰਨ ਸਿੰਘ ਪਰਵਾਨਾ, ਸੰਗੀਤ: ਕੇ.ਐਸ.ਨਰੂਲਾ) ਮਿਲਦਾ ਹੈ ਜਿਸ ਵਿਚਲੇ 'ਤੇਰੇ ਝੂਠੇ ਲਾਰਿਆਂ ਨੇ ਮਾਰਿਆ, ਤੇਰੀ ਖੇਤੀ ਖਿੜੀ ਬਹਾਰ ਕੁੜੇ', ਗੀਤ ਵਾਰ-ਵਾਰ ਸੁਣਨ ਨੂੰ  ਦਿਲ ਕਰਦਾ ਹੈ | ਇਸੇ ਕੰਪਨੀ ਦੇ ਇਕ ਹੋਰ ਰਿਕਾਰਡ (ਨੰ. ਜੀ.ਈ. 26537, ਸੰਗੀਤ: ਸਤੀਸ਼ ਭਾਟੀਆ) ਵਿਚਲੇ ਦੋ ਗੀਤ 'ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ' (ਗੀਤਕਾਰ: ਪ੍ਰਕਾਸ਼ ਸਾਥੀ) ਅਤੇ 'ਦੁਨੀਆ 'ਤੇ ਆ ਕੇ ਜਾਣ ਤੋਂ ਡਰਦਾ ਏ ਆਦਮੀ' (ਗੀਤਕਾਰ: ਬੀ.ਕੇ.ਪੁਰੀ) ਅੱਜ ਵੀ ਸੰਗੀਤ ਪ੍ਰੇਮੀ ਸਾਹ ਰੋਕ ਕੇ ਸੁਣਦੇ ਹਨ |
ਇਕਬਾਲ ਮਾਹਿਲ ਦੀ ਪੇਸ਼ਕਾਰੀ ਵਜੋਂ ਇਕ ਰਿਕਾਰਡ ਸੰਨ 1978 ਵਿਚ ਮਾਰਕੀਟ ਵਿਚ ਆਇਆ ਜਿਸ ਵਿਚ ਆਸਾ ਸਿੰਘ ਮਸਤਾਨਾ, ਪੁਸ਼ਪਾ ਹੰਸ ਅਤੇ ਕੁਲਦੀਪ ਦੀਪਕ ਦੇ ਗੀਤਾਂ ਦੀ ਰਿਕਾਰਡਿੰਗ ਮਿਲਦੀ ਹੈ | ਇਸ ਤਵੇ ਵਿਚ 'ਛਣਕਾਟਾ ਪੈਂਦਾ ਗਲੀ ਗਲੀ, ਆਇਆ ਸੀ ਜੀਣ ਵਾਸਤੇ, ਰੁੱਖ (ਤਿੰਨ ਸੋਲੋ ਗੀਤ) ਅਤੇ ਚੁੰਨੀ ਦਾ ਪੱਲਾ' (ਪੁਸ਼ਪਾ ਹੰਸ ਨਾਲ ਡਿਊਟ) ਗੀਤ ਮਸਤਾਨੇ ਦੀ ਸੋਜ਼ਭਰੀ ਅਵਾਜ਼ ਦੀ ਗਵਾਹੀ ਭਰਦੇ ਹਨ |
ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗੀਤਾਂ ਦਾ ਇਕ ਐਲ.ਪੀ. ਰਿਕਾਰਡ 'ਸ਼ਿਵ ਨਾਈਟ' ਟਾਈਟਲ ਅਧੀਨ ਸੰਨ 1980 ਵਿਚ ਸੁਪਰ ਸਾਊਾਡ ਰਿਕਾਰਡਿੰਗ ਕੰਪਨੀ ਵਲੋਂ ਮਾਰਕੀਟ ਵਿਚ ਆਇਆ, ਜਿਸ ਵਿਚ ਆਸਾ ਸਿੰਘ ਮਸਤਾਨਾ, ਗਾਇਕਾ ਪੁਸ਼ਪਾ ਹੰਸ ਅਤੇ ਮਾਸਟਰ ਚੰਦਰਕਾਂਤ ਦੀ ਅਵਾਜ਼ ਸੁਣਨ ਨੂੰ  ਮਿਲਦੀ ਹੈ | ਇਸ ਰਿਕਾਰਡ ਵਿਚ ਮਸਤਾਨੇ ਦੇ ਗਾਏ ਗੀਤ 'ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੁੱਖ, ਤੇਰੇ ਕੋਹ-ਕੋਹ ਲੰਮੇ ਵਾਲ, ਸਿਖਰ ਦੁਪਹਿਰ ਸਿਰ 'ਤੇ ਮੇਰਾ ਢਲ ਚਲਿਆ ਪਰਛਾਵਾਂ' ਆਦਿ ਸੁਣਨ ਤੋਂ ਪਤਾ ਲਗਦਾ ਹੈ ਕਿ ਉਸ ਦੀ ਅਵਾਜ਼ ਉਦਾਸ ਗੀਤਾਂ ਲਈ ਵੀ ਢੁੱਕਵੀ ਸੀ |
ਮਸਤਾਨੇ ਦੇ ਅਣਣਿਗਤ ਗੀਤ ਲੋਕ ਪਿ੍ਯ ਹੋਏ ਜਿਵੇਂ-'ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਮੇਰੀ ਐਸੀ ਝਾਂਜਰ ਛਣਕੇ ਛਣਕਾਟਾ ਪੈਂਦਾ ਗਲ਼ੀ ਗਲ਼ੀ, ਕੁੰਡਲਾਂ ਨੂੰ  ਪੁੱਛ ਗੋਰੀਏ, ਮੁਟਿਆਰੇ ਜਾਣਾ ਦੂਰ ਪਿਆ, ਮੈਂ ਜੱਟ ਯਮਲਾ ਪਗਲਾ ਦੀਵਾਨਾ, ਮੇਲੇ ਨੂੰ  ਚੱਲ ਮੇਰੇ ਨਾਲ ਕੁੜੇ, ਐਧਰ ਕਣਕਾਂ ਉਧਰ ਕਣਕਾਂ, ਪੇਕੇ ਜਾਣ ਵਾਲੀਏ, ਭੱਤਾ ਲੈ ਕੇ ਆਈ ਖੇਤ ਨੂੰ , ਬੁੱਲ੍ਹ ਸੁੱਕ ਗਏ ਦੰਦਾਸੇ ਵਾਲੇ, ਚੀਚੋ ਚੀਚ ਗਨੇਰੀਆਂ, ਹੀਰ, ਜੁਗਨੀ, ਦੱਸ ਕਿਹੜੇ ਮੈਂ ਬਹਾਨੇ ਆਵਾਂ, ਬਾਪੂ ਟੋਲੇ ਕਈ ਰਿਸ਼ਤੇ, ਗੱਲਾਂ-ਗੱਲਾਂ ਵਿਚ ਗਲ ਪਿਆਰ ਪੈ ਗਿਆ, ਨੱਥੂ ਬਾਬਾ ਮੰਗਿਆ ਗਿਆ, ਸਾਉਣ ਦਾ ਮਹੀਨਾ ਆ ਗਿਆ, ਮਿੱਤਰਾਂ ਨੇ ਫੁੱਲ ਮਾਰਿਆ, ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ, ਮੇਰੇ ਯਾਰ ਨੂੰ  ਮੰਦਾ ਨਾ ਬੋਲੀਂ, ਨਾਰਦ ਆਖੇ ਕਾਲ ਨੂੰ , ਆਇਆ ਸੀ ਜੀਣ ਵਾਸਤੇ, ਅੱਖੀਆਂ ਏ ਅੱਖੀਆਂ ਪੁਆੜੇ ਪਾਉਣ ਅੱਖੀਆਂ, ਮੈਂ ਦੂਰ ਚਲਾ ਜਾਵਾਂਗਾ ਜਦੋਂ ਆਪਣੇ ਬੇਗਾਨੇ ਢੂੰਡਣਗੇ' ਆਦਿ |
ਆਸਾ ਸਿੰਘ ਮਸਤਾਨਾ ਨੇ ਕਰੀਬ ਚਾਰ ਦਹਾਕੇ 'ਪੰਜਾਬ ਦੀ ਕੋਇਲ' ਸੁਰਿੰਦਰ ਕੌਰ ਨਾਲ ਤਵਿਆਂ ਦੀ ਰਿਕਾਰਡਿੰਗ ਤੋਂ ਇਲਾਵਾ ਸਟੇਜਾਂ, ਅਕਾਸ਼ਵਾਣੀ ਅਤੇ ਦੂਰਦਰਸ਼ਨ 'ਤੇ ਗਾਇਆ | ਇਸ ਜੋੜੀ ਦੇ ਗਾਏ ਕਈ ਡਿਊਟ ਗੀਤ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ੍ਹੇ ਜਿਵੇਂ-'ਪੰਡਿਤ ਜੀ ਕੀ ਏ ਲਾਲ ਮੇਰਾ, ਮੰਨ ਜਾ ਬਾਲਮਾ, ਫਿਰ ਤੁਣ-ਤੁਣ ਤੂੰਬਾ ਖੜਕ ਪਿਆ, ਮਾਟੀ ਖੁਦੀ ਕਰੇਂਦੀ, ਸੱਪਣੀ ਦੇ ਵਾਂਗ ਮਾਰੇ ਡੰਗ ਤੇਰੀ ਗੁੱਤ ਨੀ, ਕੋਠੇ 'ਤੇ ਖਲੋ ਮਾਹੀਆ, ਬੋਲੀਆਂ, ਬੱਲੇ ਬੱਲੇ ਨੀ ਭਾਵੇਂ ਮੇਰੀ ਮੱਝ ਵਿਕ ਜਾਏ, ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ, ਤੈਨੂੰ ਮਿਲਣੇ ਦਾ ਚਾਅ ਮਾਹੀਆ, ਕੋਠੇ ਤੋਂ ਉਡ ਕਾਵਾਂ, ਮੇਰੇ ਯਾਰ ਨੂੰ  ਮੰਦਾ ਨਾ ਬੋਲੀਂ' ਆਦਿ |
ਆਸਾ ਸਿੰਘ ਮਸਤਾਨੇ ਨੇ ਫ਼ਿਲਮਾਂ ਲਈ ਵੀ ਗਾਇਆ | ਬਾਲੀਵੁੱਡ ਫ਼ਿਲਮ 'ਦੂਜ ਕਾ ਚਾਂਦ' (ਸੰਨ 1964, ਡਾਇਰੈਕਟਰ : ਨਿਤਿਨ ਬੋਸ, ਪ੍ਰੋਡਿਊਸਰ: ਭਾਰਤ ਭੂਸ਼ਨ, ਸੰਗੀਤ: ਰੋਸ਼ਨ) ਵਿਚ ਉਸ ਦਾ ਗਾਇਆ ਗੀਤ 'ਲੋ ਅਪਨਾ ਜਹਾਂ ਦੁਨੀਆ ਵਾਲੋ ਹਮ ਇਸ ਦੁਨੀਆ ਕੋ ਛੋੜ ਚਲੇ, ਜੋ ਰਿਸ਼ਤੇ ਨਾਤੇ ਜੋੜੇ ਥੇ, ਵੋ ਰਿਸ਼ਤੇ ਨਾਤੇ ਤੋੜ ਚਲੇ', ਅੱਜ ਵੀ ਸੁਣਨ ਨੂੰ  ਤਰੋਤਾਜ਼ਾ ਲਗਦਾ ਹੈ | ਸੰਨ 1964 ਵਿਚ ਪੰਜਾਬੀ ਫ਼ਿਲਮ 'ਸਤਲੁਜ ਦੇ ਕੰਢੇ' ਵਿਚ ਆਸਾ ਸਿੰਘ ਮਸਤਾਨਾ/ਸੁਰਿੰਦਰ ਕੌਰ ਡਿਊਟ ਗੀਤ 'ਬੋਲ ਵੇ ਰੁਲਦੂ ਵਿਆਹ ਕਰੇਂਗਾ' ਅੱਜ ਦੀਆਂ ਡਿਊਟ ਜੋੜੀਆਂ ਲਈ ਰਾਹ ਦਸੇਰਾ ਹੈ |  ਉਸ ਦੀ ਅਵਾਜ਼ ਨੇ ਬੁੱਲੇ ਸ਼ਾਹ, ਇੰਦਰਜੀਤ ਹਸਨਪੁਰੀ, ਚਰਨ ਸਿੰਘ ਸਫ਼ਰੀ, ਸ਼ਿਵ ਕੁਮਾਰ ਬਟਾਲਵੀ, ਧਨੀ ਰਾਮ ਚਾਤਿ੍ਕ, ਨੰਦ ਲਾਲ ਨੂਰਪੁਰੀ, ਕੇ. ਸੂਦ, ਬੀ.ਕੇ. ਪੁਰੀ, ਚਮਨ ਲਾਲ ਸ਼ੁਗਲ, ਪ੍ਰਕਾਸ਼ ਸਾਥੀ, ਹਰਚਰਨ ਸਿੰਘ ਪਰਵਾਨਾ, ਕੁਲਦੀਪ ਦੀਪ, ਸ਼ੇਰ ਸਿੰਘ ਸ਼ੇਰ ਜਿਹੇ ਗੀਤਕਾਰਾਂ ਦੇ ਲਿਖੇ ਗੀਤਾਂ/ਕਲਾਮਾਂ ਨੂੰ  ਸਦਾ ਲਈ ਅਮਰ ਕਰ ਦਿੱਤਾ |
ਪੰਜਾਬੀ ਗਾਇਕੀ ਦੇ ਇਸ ਫਨਕਾਰ ਕਲਾਕਾਰ ਨੂੰ  ਭਾਰਤ ਸਰਕਾਰ ਵਲੋਂ ਸੰਨ 1985 ਵਿਚ 'ਪਦਮ ਸ੍ਰੀ' ਪੁਰਸਕਾਰ, ਸੰਨ 1986 ਵਿਚ ਤਤਕਾਲੀ ਰਾਸ਼ਟਰਪਤੀ ਆਰ.ਕੇ. ਵੈਂਕਟਰਮਨ ਵਲੋਂ 'ਸੰਗੀਤ ਨਾਟਕ ਅਕਾਦਮੀ ਪੁਰਸਕਾਰ' ਅਤੇ ਪੰਜਾਬ ਸਰਕਾਰ ਵਲੋਂ ਸੰਨ 1989 ਵਿਚ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿਚ 'ਰਾਜ ਪੁਰਸਕਾਰ' ਦੇ ਕੇ ਮਸਤਾਨੇ ਦਾ ਮਾਣ ਵਧਾਇਆ |
80ਵੇਂ ਦਹਾਕੇ ਵਿਚ ਸ਼ੀਲਾ ਨੂੰ  ਕੈਂਸਰ ਜਿਹੀ ਭਿਆਨਕ ਬਿਮਾਰੀ ਆ ਚਿੰਬੜੀ ਜਿਸ ਕਰਕੇ ਮਸਤਾਨਾ ਕਦੇ-ਕਦੇ ਉਦਾਸ ਹੋ ਜਾਂਦਾ ਸੀ | ਗੱਲ-ਗੱਲ ਤੇ ਮਾੲੀਂ ਯਾ (ਗਾਲ੍ਹ) ਕਹਿਣ ਦਾ ਆਦੀ ਮਸਤਾਨਾ ਚੋਪੜੇ ਪਰੌਂਠੇ, ਕਬਾਬ ਅਤੇ ਆਂਡੇ ਖਾਣ ਦਾ ਸ਼ੌਕੀਨ ਸੀ | ਸੰਨ 1990 ਵਿਚ ਸ਼ੀਲਾ ਦੀ ਮੌਤ ਉਪਰੰਤ ਉਹ ਦਾਰੂ ਪਿਆਲਾ ਵੀ ਖੁੱਲ੍ਹ ਕੇ ਪੀਣ ਲੱਗਾ ਜਿਸ ਦਾ ਅਸਰ ਉਸ ਦੀ ਸਿਹਤ ਤੇ ਸਾਫ ਦਿਖਾਈ ਦਿੰਦਾ ਸੀ | ਇਕ ਵਾਰ ਉਸ ਦੇ ਡਾਕਟਰ ਨੇ ਉਸ ਨੂੰ  ਸ਼ਰਾਬ ਛੱਡਣ ਦੀ ਸਲਾਹ ਦਿੱਤੀ | ਸਮਤਾਨੇ ਨੇ ਕਿਹਾ, ਮਾੲੀਂ ਯਾ, ਡਾਕਟਰ ਸਾਹਿਬ, ਜੇ ਤੁਸੀਂ ਦਾਰੂ ਛਡਵਾ ਦਿੱਤੀ ਤਾਂ ਮੈਂ ਤਾਂ ਮਾੲੀਂ ਯਾ....ਮਰ ਜਾਵਾਂਗਾ |
'ਲੋ ਅਪਨਾ ਜਹਾਂ ਦੁਨੀਆ ਵਾਲੋ ਹਮ ਇਸ ਦੁਨੀਆ ਕੋ ਛੋੜ ਚਲੇ, ਜੋ ਰਿਸ਼ਤੇ ਨਾਤੇ ਜੋੜੇ ਥੇ, ਵੋ ਰਿਸ਼ਤੇ ਨਾਤੇ ਤੋੜ ਚਲੇ', ਜਿਹੇ ਗੀਤਾਂ ਨੂੰ  ਅਵਾਜ਼ ਦੇਣ ਵਾਲਾ ਆਸਾ ਸਿੰਘ ਮਸਤਾਨਾ 23 ਮਈ, 1999 ਨੂੰ  ਦੁਨੀਆ ਨਾਲ ਸਭ ਰਿਸ਼ਤੇ ਤੋੜ ਕੇ ਉਥੇ ਚਲਾ ਗਿਆ ਜਿਥੇ ਗਿਆ ਕੋਈ ਨਾ ਮੁੜਿਆ | ਅਕਾਸ਼ਵਾਣੀ ਦੇ ਫ਼ਰਮਾਇਸ਼ੀ ਪ੍ਰੋਗਰਾਮਾਂ ਵਿਚ ਮਸਤਾਨੇ ਦੇ ਗੀਤ ਅੱਜ ਵੀ ਉਵੇਂ ਹੀ ਵੱਜ ਰਹੇ ਹਨ ਜਿਵੇਂ ਪੰਜ ਛੇ ਦਹਾਕੇ ਪਹਿਲਾਂ ਵੱਜਦੇ ਸਨ | ਆਸਾ ਸਿੰਘ ਮਸਤਾਨੇ ਦੇ ਦਿਹਾਂਤ ਤੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਸੰਗੀਤ ਨਾਟਕ ਅਕਾਦਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ  ਪੰਜਾਬੀ ਲੋਕ ਸੰਗੀਤ ਨੂੰ  ਉੱਚੀਆਂ ਉਚਾਈਆਂ ਤੇ ਪਹੁੰਚਾਉਣ ਵਾਲਾ ਮਹਾਨ ਗਾਇਕ ਦਾ ਖਿਤਾਬ ਦਿੱਤਾ ਸੀ |
-ਪਿ੍ੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ | ਮੋਬਾਈਲ : 98554-53539

ਪਿਛਲੀ ਖ਼ਬਰ ਪਾਕਿ ਅੱਤਵਾਦ ਦੀ ਲਗਾਤਾਰ ਵਰਤੋਂ ਕਰਨ ’ਚ ਵਿਲੱਖਣ-ਜੈਸ਼ੰਕਰ ਅਗਲੀ ਖ਼ਬਰ ਕਿੱਟੀਆਂ ਕਲੱਬਾਂ ਵਿਚ ਔਰਤਾਂ ਦੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।