![]()
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਸਮ-ਰਿਵਾਜ : ਫਿਨਲੈਂਡ ਵਿਚ ਜੂਨ ਦੇ ਅਖੀਰਲੇ ਹਫਤੇ 'ਜੌਹਾਨਸ' ਨਾਂਅ ਦਾ ਇਕ ਤਿਉਹਾਰ ਮਨਾਇਆ ਜਾਂਦਾ ਹੈ | ਇਹ ਉਨ੍ਹਾਂ ਦੇ ਮਹੱਤਵਪੂਰਨ ਤਿਉਹਾਰਾਂ ਵਿਚੋਂ ਇਕ ਹੈ | ਇਸ ਦਿਨ ਉਹ ਝੀਲਾਂ ਦੇ ਕਿਨਾਰੇ ਇਕੱਠੇ ਹੋ ਕੇ ਅੱਗ ਬਾਲ ਕੇ ਸੇਕਦੇ ਹਨ ਅਤੇ ਆਪਣਾ ਮਹੱਤਵਪੂਰਨ ਇਸ਼ਨਾਨ (ਸਾਉਨਾ ਇਸ਼ਨਾਨ) ਕਰਦੇ ਹਨ | ਇਸ ਇਸ਼ਨਾਨ ਨੂੰ ਉਹ ਸਰੀਰਕ ਤੰਦਰੁਸਤੀ ਲਈ ਮਹੱਤਵਪੂਰਨ ਮੰਨਦੇ ਹਨ | ਇਸੇ ਤਿਉਹਾਰ ਸਮੇਂ ਉਹ ਪਰਿਵਾਰਕ ਜੀਆਂ ਅਤੇ ਯਾਰਾਂ-ਦੋਸਤਾਂ ਨਾਲ ਮਿਲ ਕੇ ਭੋਜਨ ਵੀ ਕਰਦੇ ਹਨ | ਸਾਉਨਾ ਇਸ਼ਨਾਨ ਲਈ ਇਸ਼ਨਾਨ-ਘਰ ਤਾਂ ਉਨ੍ਹਾਂ ਦੇ ਹਰੇਕ ਘਰ ਵਿਚ ਬਣੇ ਹੋਏ ਹਨ | ਇਕ ਅੰਦਾਜ਼ੇ ਮੁਤਾਬਕ ਓਥੇ ਓਨੀਆਂ ਕਾਰਾਂ ਨਹੀਂ ਹਨ, ਜਿੰਨੇ ਸਾਉਨਾ ਇਸ਼ਨਾਨ-ਘਰ ਹਨ |
ਫਿਨਲੈਂਡ ਦੇ ਲੋਕ ਇਮਾਨਦਾਰੀ ਵਿਚ ਆਪਣੀ ਮਿਸਾਲ ਆਪ ਹਨ | ਉਹ ਕਿਸੇ ਦੀ ਗੁਆਚੀ ਹੋਈ ਚੀਜ਼ ਲੱਭ ਕੇ ਮੋੜਨ ਵਿਚ ਬੜਾ ਵਿਸ਼ਵਾਸ ਰੱਖਦੇ ਹਨ |
ਖਾਣ-ਪੀਣ : ਫਿਨਲੈਂਡ ਦੇ ਲੋਕ ਪੌਸ਼ਟਿਕ, ਸਾਦਾ, ਤਾਜ਼ਾ ਅਤੇ ਕੁਦਰਤੀ ਖਾਣਾ ਖਾਣ ਦੇ ਸ਼ੌਕੀਨ ਹਨ | ਉਨਾਂ ਦੇ ਖਾਣੇ ਵਿਚ ਮੀਟ, ਅਨਾਜ, ਦੁੱਧ ਅਤੇ ਵੱਖ-ਵੱਖ ਤਰ੍ਹਾਂ ਦੇ ਫਲ ਸ਼ਾਮਿਲ ਹੁੰਦੇ ਹਨ | ਆਲੂ ਅਤੇ ਵਿਸ਼ੇਸ਼ ਕਿਸਮ ਦਾ ਫਿਨਿਸ਼ ਪਨੀਰ ਉਨ੍ਹਾਂ ਦੇ ਭੋਜਨ ਦਾ ਖਾਸ ਹਿੱਸਾ ਹੁੰਦਾ ਹੈ | ਬੈਰੀ (ਰਸਭਰੀਆਂ) ਤਾਂ ਉਹ ਖੁਦ ਆਪ ਤੋੜ ਕੇ ਖਾਂਦੇ ਹਨ | ਉਨ੍ਹਾਂ ਦੇ ਭੋਜਨ ਵਿਚ ਮਸਾਲੇ ਨਾਂਹ ਦੇ ਬਰਾਬਰ ਹੁੰਦੇ ਹਨ | ਉਨ੍ਹਾਂ ਦੇ ਬੇਕਰੀ ਉਤਪਾਦ (ਮੱਠੀ ਅੱਗ 'ਤੇ ਪਕਾਇਆ ਭੋਜਨ) ਵੀ ਬੜੀਆਂ ਕਿਸਮਾਂ ਦੇ ਹਨ | ਉਨ੍ਹਾਂ ਦੀਆਂ ਭਾਂਤ-ਭਾਂਤ ਰਕਮਾਂ ਦੀਆਂ ਲਜੀਜ ਟਾਫੀਆਂ ਤਾਂ ਸੰਸਾਰ ਪ੍ਰਸਿੱਧ ਹਨ | ਪੀਣ ਵਾਲੇ ਪਦਾਰਥਾਂ ਵਿਚ ਉਹ ਦੁੱਧ ਅਤੇ ਕੌਫੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ |
ਮਨੋਰੰਜਨ : ਫਿਨਲੈਂਡ ਵਾਸੀ ਕੁਦਰਤ-ਪ੍ਰੇਮੀ ਤੇ ਸ਼ਾਂਤ ਸੁਭਾਅ ਵਾਲੇ ਸਰਗਰਮ ਲੋਕ ਹਨ | ਹੁਣ ਆਪਾਂ ਉਨ੍ਹਾਂ ਦੇ ਸ਼ੌਕਾਂ ਦੀ ਗੱਲ ਕਰਦੇ ਹਾਂ | ਮੌਸਮ ਦੇ ਹਿਸਾਬ ਨਾਲ ਉਨ੍ਹਾਂ ਦੇ ਸ਼ੌਕ ਬਦਲਦੇ ਰਹਿੰਦੇ ਹਨ, ਗਰਮੀਆਂ ਵਿਚ ਉਹ ਲੋਕ ਝੀਲਾਂ ਕੰਢੇ ਲੇਟਣਾ, ਪਾਰਕਾਂ ਜਾਂ ਜੰਗਲਾਂ ਦੀ ਸੈਰ ਕਰਨੀ ਪਸੰਦ ਕਰਦੇ ਹਨ | ਸਾਈਕਲ ਚਲਾਉਣਾ ਅਤੇ ਮੱਛੀਆਂ ਫੜਨਾ ਵੀ ਉਨ੍ਹਾਂ ਦਾ ਗਰਮੀਆਂ ਦਾ ਮਨਭਾਉਂਦਾ ਸ਼ੌਕ ਹੈ | ਇਸ ਤੋਂ ਇਲਾਵਾ ਉਹ ਗਰਮੀਆਂ ਵਿਚ ਝੀਲਾਂ ਕੰਢੇ ਜਾਂ ਜੰਗਲਾਂ ਵਿਚ ਟੈਂਟ ਲਗਾ ਕੇ ਪਰਿਵਾਰ ਨਾਲ ਸਮਾਂ ਬਿਤਾਉਣਾ ਵੀ ਪਸੰਦ ਕਰਦੇ ਹਨ | ਸਰਦੀਆਂ ਵਿਚ ਉਹ ਬਰਫ ਵਾਲੀ ਹਾਕੀ (ਆਈਸ ਹਾਕੀ) ਖੇਡਣਾ ਅਤੇ ਬਰਫ 'ਤੇ ਤਿਲਕਣਬਾਜ਼ੀ (ਸਕਾਇੰਗ) ਵਾਲੀਆਂ ਖੇਡਾਂ ਖੇਡਦੀਆਂ ਪਸੰਦ ਕਰਦੇ ਹਨ |
ਇਸ ਤੋਂ ਇਲਾਵਾ ਕਿਤਾਬਾਂ ਪੜ੍ਹਨੀਆਂ ਅਤੇ ਸੰਗੀਤ ਸੁਣਨਾ ਵੀ ਉਨ੍ਹਾਂ ਦਾ ਮਨਪਸੰਦ ਕੰਮ ਹੈ | ਫਿਨਲੈਂਡ ਵਾਸੀਆਂ ਬਾਰੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਭੀੜ-ਭੜੱਕੇ ਤੋਂ ਦੂਰ ਰਹਿ ਕੇ ਕੁਦਰਤੀ ਗੋਦ ਵਿਚ ਸਮਾਂ ਬਿਤਾਉਣਾ ਵਧੇਰੇ ਪਸੰਦ ਕਰਦੇ ਹਨ | ਇਹੋ ਕਾਰਨ ਹੈ ਕਿ ਉਨ੍ਹਾਂ ਦੇ ਬਹੁਤੇ ਸ਼ੌਕ ਕੁਦਰਤ ਨਾਲ ਜੁੜੇ ਹੋਏ ਹਨ | (ਸਮਾਪਤ)
-ਮੋਬਾਈਲ-94652-75421