13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਚਮੜੀ ਅਤੇ ਵਾਲਾਂ ਲਈ ਜ਼ਰੂਰੀ ਹੈ ਤੇਲ

ਅਜੀਤ ਡੈਸਕ 20-02-2026

ਸਰ੍ਹੋਂ ਦਾ ਤੇਲ
ਪ੍ਰਾਚੀਨ ਸਮੇਂ 'ਚ ਮਾਲਿਸ਼ ਲਈ ਸਭ ਤੋਂ ਵਧੇਰੇ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ, ਕਿਉਂਕਿ ਸਰ੍ਹੋਂ ਦਾ ਤੇਲ ਬਾਕੀ ਤੇਲਾਂ ਦੇ ਮੁਕਾਬਲੇ ਕੁਝ ਸਸਤਾ ਅਤੇ ਲਾਭਦਾਇਕ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਖਾਣਾ ਬਣਾਉਣ ਲਈ ਹੀ ਵਰਤਦੇ ਹਨ। ਹੁਣ ਤਾਂ ਡਾਕਟਰ ਵੀ ਇਸ ਤੇਲ ਨਾਲ ਬਣਾਏ ਹੋਏ ਖਾਣੇ ਨੂੰ ਖਾਣ ਦੀ ਸਲਾਹ ਦਿੰਦੇ ਹਨ। ਸਰਦੀ ਜੁਕਾਮ ਵਾਲੇ ਲੋਕਾਂ ਲਈ ਇਹ ਤੇਲ ਬਹੁਤ ਲਾਭਕਾਰੀ ਹੈ। ਇਸ ਨਾਲ ਸਰੀਰ 'ਚ ਗਰਮਾਹਟ ਆਉਂਦੀ ਹੈ। ਸਰਦੀਆਂ 'ਚ ਤੇਲ ਨੂੰ ਪਹਿਲਾਂ ਗਰਮ ਕਰੋ ਜਦੋਂ ਇਹ ਕੋਸਾ ਹੋ ਜਾਵੇ ਤਾਂ ਇਸ ਨੂੰ ਸਰੀਰ 'ਤੇ ਲਗਾ ਕੇ ਮਾਲਿਸ਼ ਕਰਨੀ ਚਾਹੀਦੀ ਹੈ। ਚਾਹੋ ਤਾਂ ਤਿਲਾਂ ਦਾ ਤੇਲ ਸਰ੍ਹੋਂ ਦੇ ਤੇਲ 'ਚ ਮਿਲਾ ਕੇ ਵੀ ਵਰਤੋਂ ਕੀਤੀ ਜਾ ਸਕਦੀ ਹੈ। ਗਰਮੀਆਂ 'ਚ ਤੇਲ ਗਰਮ ਕਰਕੇ ਠੰਢਾ ਹੋਣ 'ਤੇ ਹੀ ਵਰਤਣਾ ਚਾਹੀਦਾ ਹੈ।
ਮੂੰਗਫਲੀ ਦਾ ਤੇਲ
ਮੂੰਗਫਲੀ ਦਾ ਤੇਲ ਵੀ ਖਾਣ ਲਈ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਇਸ ਤੇਲ ਦੀ ਮਾਲਿਸ਼ ਨਾਲ ਕਈ ਤਰ੍ਹਾਂ ਦੀਆਂ ਦਰਦਾਂ ਤੋਂ ਰਾਹਤ ਮਿਲਦੀ ਹੈ।
ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਨਾਲ ਬੱਚਿਆਂ ਦੀ ਮਾਲਿਸ਼ ਕਰਨੀ ਵਧੇਰੇ ਲਾਭਦਾਇਕ ਹੁੰਦੀ ਹੈ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਹੱਥਾਂ, ਪੈਰਾਂ 'ਚ ਤਾਕਤ ਆਉਂਦੀ ਹੈ। ਵੱਡੇ ਵੀ ਇਸ ਦੀ ਵਰਤੋਂ ਖੁਸ਼ਕ ਚਮੜੀ ਨੂੰ ਨਰਮ ਕਰਨ ਲਈ ਕਰ ਸਕਦੇ ਹਨ। ਆਲਿਵ ਆਇਲ (ਜੈਤੂਨ ਦਾ ਤੇਲ) ਕਾਫ਼ੀ ਮਹਿੰਗਾ ਹੁੰਦਾ ਹੈ। ਇਸ 'ਚ ਵਿਟਾਮਿਨ 'ਈ' ਭਰਪੂਰ ਮਾਤਰਾ 'ਚ ਹੁੰਦਾ ਹੈ। ਵਿਟਾਮਿਨ 'ਈ' ਤੋਂ ਇਲਾਵਾ ਇਸ ਵਿਚ ਕੁਝ ਅਜਿਹੇ ਤੱਤ ਵੀ ਹੁੰਦੇ ਹਨ, ਜੋ ਚਮੜੀ 'ਚ ਕੁਦਰਤੀ ਤੇਲ ਬਣਾਉਣ 'ਚ ਮਦਦ ਕਰਦੇ ਹਨ।
ਨਾਰੀਅਲ ਦਾ ਤੇਲ
ਨਾਰੀਅਲ ਦਾ ਤੇਲ ਚੀਕਣਾ ਜ਼ਿਆਦਾ ਹੋਣ ਕਰਕੇ ਖੁਸ਼ਕ ਚਮੜੀ ਲਈ ਲਾਭਦਾਇਕ ਹੁਦਾ ਹੈ। ਇਸ ਦੀ ਵਰਤੋਂ ਸਿਰ 'ਚ ਮਾਲਿਸ਼ ਕਰਨ ਲਈ ਕੀਤੀ ਜਾਂਦੀ ਹੈ। ਇਸ 'ਚ ਮਹਿਕ ਘੱਟ ਹੁੰਦੀ ਹੈ। ਇਸ ਨੂੰ ਹਰ ਰੋਜ਼ ਚਮੜੀ 'ਤੇ ਲਗਾਉਣ ਨਾਲ ਚਮੜੀ ਸਖ਼ਤ ਨਹੀਂ ਹੁੰਦੀ। ਸਰਦੀਆਂ 'ਚ ਨਾਰੀਅਲ ਦਾ ਤੇਲ ਜੰਮ ਜਾਂਦਾ ਹੈ। ਇਸ ਨੂੰ ਥੋੜ੍ਹਾ ਜਿਹਾ ਕੋਸਾ ਕਰੇ ਵਰਤੋਂ 'ਚ ਲਿਆਂਦਾ ਜਾਂਦਾ ਹੈ।
ਬੇਬੀ ਆਇਲ
ਬੇਬੀ ਆਇਲ ਬੱਚਿਆਂ ਦੀ ਮਾਲਿਸ਼ ਲਈ ਵਰਤੋਂ 'ਚ ਲਿਆਂਦਾ ਜਾਂਦਾ ਹੈ। ਇਸ ਨਾਲ ਚਮੜੀ ਮਖਮਲੀ ਰਹਿੰਦੀ ਹੈ। ਇਸ 'ਚ ਤਰਲ ਪੈਰਾਫਿਨ ਜਾਂ ਪੈਟਰੋਲੀਅਮ ਜੈਲੀ ਹੁੰਦੀ ਹੈ। ਵੱਡੇ ਇਸ ਨੂੰ ਨਹਾਉਣ ਤੋਂ ਤੁਰੰਤ ਬਾਅਦ ਵਰਤੋਂ 'ਚ ਲਿਆ ਸਕਦੇ ਹਨ।
ਬਾਦਾਮ ਦਾ ਤੇਲ
ਬਾਦਾਮ ਦਾ ਤੇਲ ਚਮੜੀ ਨੂੰ ਪੋਸ਼ਣ ਵੀ ਦਿੰਦਾ ਹੈ ਅਤੇ ਇਸ ਦੀ ਵਰਤੋਂ ਹਰ ਮੌਸਮ 'ਚ ਕੀਤੀ ਜਾ ਸਕਦੀ ਹੈ। ਬਾਦਾਮ ਦਾ ਤੇਲ ਮਹਿੰਗਾ ਹੁੰਦਾ ਹੈ। ਇਸ ਦੀ ਵਰਤੋਂ ਖ਼ੁਸ਼ਕ ਚਮੜੀ ਅਤੇ ਵਾਲਾਂ ਨੂੰ ਲਗਾਉਣ ਲਈ ਅਕਸਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਫੁੱਲਾਂ 'ਚੋਂ ਵੀ ਤੇਲ ਕੱਢਿਆ ਜਾਂਦਾ ਹੈ। ਇਨ੍ਹਾਂ 'ਚੋਂ ਜੋਜੋਬਾ ਦਾ ਤੇਲ ਚੰਗਾ ਹੁੰਦਾ ਹੈ। ਬਾਕੀ ਤੇਲ ਖੁਸ਼ਬੂਦਾਰ ਹੁੰਦੇ ਹਨ। ਸਰੀਰ 'ਤੇ ਲਗਾਉਣ ਵਾਲੇ ਤੇਲਾਂ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ, ਖ਼ੂਨ ਦਾ ਵਹਾਅ ਵੀ ਠੀਕ ਰਹਿੰਦਾ ਹੈ।

ਪਿਛਲੀ ਖ਼ਬਰ ਸਰੀਰ-ਸ਼ੁੱਧੀ ਲਈ ਨੇਤੀ ਕਿਰਿਆਵਾਂ ਅਗਲੀ ਖ਼ਬਰ ਬੱਚਿਆਂ ਦੇ ਮਾਨਸਿਕ ਵਿਕਾਸ 'ਤੇ ਬੁਰੇ ਪ੍ਰਭਾਵ ਪਾਉਂਦਾ ਹੈ ਐਕਸਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।