ਅੱਖਾਂ ਵਿਚ ਦੋਸ਼ ਹੋਣਾ ਕਈ ਕਾਰਨਾਂ ਕਰਕੇ ਹੁੰਦਾ ਹੈ ਜਿਵੇਂ ਜ਼ਿਆਦਾ ਟੀ.ਵੀ. ਦੇਖਣਾ, ਜ਼ਿਆਦਾ ਸਮੇਂ ਤੱਕ ਕੰਪਿਊਟਰ 'ਤੇ ਕੰਮ ਕਰਨਾ, ਅੱਖਾਂ ਦੀ ਸਹੀ ਦੇਖਭਾਲ ਨਾ ਕਰਨਾ, ਜ਼ਿਆਦਾ ਦਿਨਾਂ ਤੱਕ ਨੀਂਦ ਪੂਰੀ ਨਾ ਹੋਣਾ, ਪ੍ਰਦੂਸ਼ਣ ਭਰੇ ਵਾਤਾਵਰਨ ਵਿਚ ਜ਼ਿਆਦਾ ਸਮੇਂ ਤੱਕ ਰਹਿਣਾ ਜਾਂ ਕੁਝ ਮਾਨਸਿਕ ਤਣਾਅ ਦਾ ਹੋਣਾ। ਤੁਸੀਂ ਕੁਝ ਗੱਲਾਂ 'ਤੇ ਧਿਆਨ ਦੇ ਕੇ ਆਪਣੀਆਂ ਅੱਖਾਂ ਦੇ ਤਣਾਅ ਨੂੰ ਦੂਰ ਕਰ ਸਕਦੇ ਹੋ। ਜਦੋਂ ਕਦੀ ਤੁਹਾਡੀਆਂ ਅੱਖਾਂ ਤਣਾਅਗ੍ਰਸਤ ਹੋਣ ਤਾਂ ਹੇਠ ਲਿਖੇ ਉਪਾਅ ਅਪਣਾਓ।
ਠੰਢਾ ਪਾਣੀ
ਜਦੋਂ ਕਦੀ ਅੱਖਾਂ ਤਣਾਅਗ੍ਰਸਤ ਹੋਣ ਤਾਂ ਠੰਢੇ ਪਾਣੀ ਨਾਲ ਅੱਖਾਂ ਦੀ ਥਕਾਵਟ ਅਤੇ ਤਣਾਅ ਤੋਂ ਛੇਤੀ ਰਾਹਤ ਮਿਲਦੀ ਹੈ। ਅੱਖਾਂ 'ਤੇ ਆਰਾਮ ਨਾਲ ਠੰਢੇ ਪਾਣੀ ਦੇ ਛਿੱਟੇ ਮਾਰੋ। ਧਿਆਨ ਰੱਖੋ ਜ਼ੋਰ ਨਾਲ ਪਾਣੀ ਨਾ ਸੁੱਟੋ। 15 ਤੋਂ 20 ਵਾਰ ਠੰਢੇ ਪਾਣੀ ਨਾਲ ਅੱਖਾਂ ਨੂੰ ਧੋਵੋ। ਅੱਖਾਂ ਤਣਾਅ ਰਹਿਤ ਅਤੇ ਤਰੋਤਾਜ਼ਾ ਹੋ ਜਾਣਗੀਆਂ। ਅੱਖਾਂ 'ਤੇ ਪਾਣੀ ਪਾਉਂਦੇ ਸਮੇਂ ਪਾਣੀ ਦੋ ਇੰਚ ਦੀ ਦੂਰੀ ਤੋਂ ਅੱਖਾਂ ਬੰਦ ਕਰਕੇ ਪਾਓ। ਧਿਆਨ ਰੱਖੋ ਪਾਣੀ ਠੰਢਾ, ਤਾਜ਼ਾ ਅਤੇ ਸਾਫ਼ ਹੋਣਾ ਚਾਹੀਦਾ ਹੈ।
ਝਪਕਣਾ
ਜ਼ਿਆਦਾ ਪੜ੍ਹਨ-ਲਿਖਣ ਵਾਲੇ ਲੋਕਾਂ ਨੂੰ ਹਰ ਦਸ ਮਿੰਟ ਬਾਅਦ ਆਪਣੀਆਂ ਅੱਖਾਂ ਝਪਕਣੀਆਂ ਚਾਹੀਦੀਆਂ ਹਨ। ਝਪਕਾਉਂਦੇ ਸਮੇਂ ਲਿਖਾਈ-ਪੜ੍ਹਾਈ ਦਾ ਕੰਮ ਨਾ ਕਰੋ। ਉਂਝ ਤਾਂ ਅੱਖਾਂ ਆਪਣੇ-ਆਪ ਵੀ ਝਪਕ ਹੁੰਦੀਆਂ ਰਹਿੰਦੀਆਂ ਹਨ, ਪਰ ਅੱਖਾਂ ਦਾ ਕੰਮ ਕਰਦੇ ਸਮੇਂ ਖ਼ੁਦ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦਾ ਤਣਾਅ ਘੱਟ ਹੁੰਦਾ ਹੈ। ਹਰ ਦਸ ਮਿੰਟ ਬਾਅਦ ਦੋ ਵਾਰ ਅੱਖਾਂ ਬਿਨਾਂ ਕਿਸੇ ਦਬਾਅ ਦੇ ਝਪਕਾਓ।
ਹਥੇਲੀ ਨਾਲ ਅੱਖਾਂ ਨੂੰ ਢਕੋ
ਉਂਝ ਤਾਂ ਅਸੀਂ ਰਾਤ ਦੀ ਨੀਂਦ ਪੂਰੀ ਲੈ ਲਈਏ ਤਾਂ ਸਵੇਰੇ ਉੱਠ ਕੇ ਅੱਖਾਂ ਵਿਚ ਨਾ ਤਾਂ ਥਕਾਵਟ ਰਹਿੰਦੀ ਹੈ ਅਤੇ ਨਾ ਹੀ ਤਣਾਅ। ਦਿਨ ਵਿਚ ਵੀ ਘੱਟ ਤੋਂ ਘੱਟ ਅੱਧੇ ਤੋਂ ਇਕ ਘੰਟਾ ਅੱਖਾਂ ਨੂੰ ਬੰਦ ਕਰਕੇ ਆਰਾਮ ਦੇਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਕੁਰਸੀ 'ਤੇ ਜਾਂ ਸੋਫੇ 'ਤੇ ਆਰਾਮ ਨਾਲ ਬੈਠ ਕੇ ਅੱਖਾਂ ਨੂੰ ਹਥੇਲੀ ਨਾਲ ਢਕ ਲਓ ਅਤੇ ਸਰੀਰ ਨੂੰ ਢਿੱਲਾ ਛੱਡ ਦਿਓ। ਅੱਖਾਂ ਨੂੰ ਇਸ ਤਰ੍ਹਾਂ ਹਥੇਲੀਆਂ ਨਾਲ ਢਕੋ ਕਿ ਅੱਖਾਂ 'ਤੇ ਕੋਈ ਦਬਾਅ ਨਾ ਪਵੇ। ਇਸ ਨਾਲ ਅੱਖਾਂ ਨੂੰ ਪੂਰਾ ਆਰਾਮ ਮਿਲਦਾ ਹੈ। ਇਹ ਇਕ ਸਹੀ ਅਭਿਆਸ ਹੈ। ਇਹ ਅਭਿਆਸ 15 ਤੋਂ 20 ਮਿੰਟ ਤੱਕ ਕਰੋ। ਅੱਖਾਂ ਬੰਦ ਉਦੋਂ ਤੱਕ ਰੱਖੋ ਜਦੋਂ ਤੱਕ ਕਾਲਾ ਰੰਗ ਨਾ ਦਿਖਾਈ ਦੇਵੇ। ਇਸ ਨਾਲ ਦਿਮਾਗ਼ ਨੂੰ ਵੀ ਆਰਾਮ ਮਿਲਦਾ ਹੈ।
ਸੂਰਜੀ ਰੌਸ਼ਨੀ
ਸੂਰਜ ਦੀ ਤੇਜ਼ ਰੌਸ਼ਨੀ ਸਿੱਧੀ ਪੈਣ ਨਾਲ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ। ਥੋੜ੍ਹੀ ਰੌਸ਼ਨੀ ਅੱਖਾਂ ਦੇ ਸੁਧਾਰ ਲਈ ਚੰਗੀ ਹੁੰਦੀ ਹੈ। ਅੱਖਾਂ ਨੂੰ ਸੂਰਜ ਦੀ ਰੌਸ਼ਨੀ ਇਸ ਤਰ੍ਹਾਂ ਦੇਣੀ ਚਾਹੀਦੀ ਹੈ ਕਿ ਅੱਖਾਂ ਨੂੰ ਬੰਦ ਕਰਕੇ ਸੂਰਜ ਵਾਲੇ ਪਾਸੇ ਚਿਹਰਾ ਕਰ ਕੇ ਸਿਰ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਨੂੰ ਘੁਮਾਓ। ਇਸ ਤਰ੍ਹਾਂ ਕਰਨ ਨਾਲ ਸੂਰਜ ਦੀ ਰੌਸ਼ਨੀ ਅੱਖਾਂ ਦੇ ਸਭ ਹਿੱਸਿਆਂ ਨੂੰ ਮਿਲੇਗੀ। ਇਸ ਕਿਰਿਆ ਨੂੰ ਦਿਨ ਵਿਚ 5 ਤੋਂ 10 ਮਿੰਟ ਤੱਕ ਕਰੋ। ਧਿਆਨ ਰੱਖ ਕਿ ਸਵੇਰ ਸਮੇਂ ਜਦੋਂ ਸੂਰਜ ਪੂਰਾ ਚੜ੍ਹ ਜਾਂਦਾ ਹੈ, ਉਦੋਂ ਕਰੋ। ਦੁਪਹਿਰ ਨੂੰ ਤੇਜ਼ ਧੁੱਪ ਵਿਚ ਇਸ ਕਿਰਿਆ ਨੂੰ ਨਾ ਕਰੋ।
ਇਧਰ-ਉਧਰ ਝੂਮਣਾ
ਸਿੱਧੇ ਖੜ੍ਹੇ ਹੋ ਕੇ ਦੋਵਾਂ ਪੈਰਾਂ ਵਿਚਾਲੇ 12 ਇੰਚ ਦੀ ਦੂਰੀ ਰੱਖਦੇ ਹੋਏ ਹੱਥਾਂ ਨੂੰ ਢਿੱਲਾ ਛੱਡ ਦਿਓ, ਫਿਰ ਬਾਅਦ ਵਿਚ ਹੌਲੀ-ਹੌਲੀ ਸਰੀਰ ਨੂੰ ਸੱਜੇ-ਖੱਬੇ ਘੁਮਾਓ। ਇਸ ਤਰ੍ਹਾਂ ਘੁਮਾਓ ਜਿਵੇਂ ਘੜੀ ਦੀਆਂ ਸੂਈਆਂ ਘੁੰਮਦੀਆਂ ਹਨ। ਇਸ ਤਰ੍ਹਾਂ ਸਰੀਰ ਨੂੰ ਸੱਜੇ-ਖੱਬੇ 5 ਤੋਂ 10 ਮਿੰਟ ਤੱਕ ਘੁਮਾਉਂਦੇ ਰਹੋ। ਇਸ ਤਰ੍ਹਾਂ ਕਰਨ ਨਾਲ ਨਾੜੀ ਪ੍ਰਣਾਲੀ ਨੂੰ ਆਰਾਮ ਮਿਲਦਾ ਹੈ। ਸਰੀਰ ਨੂੰ ਘੁਮਾਉਂਦੇ ਸਮੇਂ ਅੱਖਾਂ ਬੰਦ ਕਰੋ ਅਤੇ ਖੋਲ੍ਹੋ। ਇਸ ਨਾਲ ਸਰੀਰ ਦੇ ਨਾਲ-ਨਾਲ ਅੱਖਾਂ ਦੀ ਵੀ ਕਸਰਤ ਹੁੰਦੀ ਹੈ ਅਤੇ ਅੱਖਾਂ ਤਣਾਅ ਰਹਿਤ ਰਹਿੰਦੀਆਂ ਹਨ।
ਇਸ ਤਰ੍ਹਾਂ ਦੂਰ ਕਰੋ ਅੱਖਾਂ ਦਾ ਤਣਾਅ
ਅਜੀਤ ਡੈਸਕ
01-05-2026