ਮੌਤ ਜੀਵਨ ਦਾ ਇਕਮਾਤਰ ਸੱਚ ਹੈ। ਕੋਈ ਵੀ ਵਿਅਕਤੀ ਅਮਰ ਨਹੀਂ ਹੈ। ਸਾਨੂੰ ਆਪਣੀ ਜ਼ਿੰਦਗੀ ਵਿਚ ਜੀਵਨ ਦੇ ਚਾਰ ਪੜਾਵਾਂ ਵਿਚੀਂ ਲੰਘਣਾ ਪੈਂਦਾ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਲਈ ਚਾਰੇ ਹੀ ਪੜਾਅ ਸਾਧਾਰਨ ਹੁੰਦੇ ਹਨ ਤੇ ਕਿਸੇ ਲਈ ਦੁੱਖ ਭਰੇ। ਅੱਜਕਲ੍ਹ ਮਰਦਾਂ ਵਿਚ ਔਰਤਾਂ ਦੀ ਤਰ੍ਹਾਂ ਸੁੰਦਰਤਾ ਬੋਧ ਜਾਗ ਰਿਹਾ ਹੈ। ਮੁਟਿਆਰਾਂ ਵਿਚ ਡਾਈਟਿੰਗ ਦਾ ਰੁਝਾਨ ਵਧ ਰਿਹਾ ਹੈ। ਹਰ ਮੁਟਿਆਰ ਪਤਲੀ ਦਿਸਣਾ ਚਾਹੁੰਦੀ ਹੈ। ਮੋਟਾਪਾ ਸੱਚਮੁੱਚ ਹੀ ਤ੍ਰਾਸਦੀ ਬਣ ਰਿਹਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਤਲੇ ਦਿਸਣ ਲਈ ਡਾਈਟਿੰਗ ਕਰੋ। ਦਵਾਈਆਂ ਦੀ ਵਰਤੋਂ ਕਰੋ। ਇਕ ਖੋਜ ਅਨੁਸਾਰ ਡਾਈਟਿੰਗ ਨਾਲ ਆਸਿਟਓਪੋਰੋਸਿਸ, ਬਾਂਝਪਨ, ਚਿਹਰੇ ਦਾ ਬਦਸੂਰਤ ਦਿਸਣਾ, ਸਰੀਰ ਵਿਚ ਊਰਜਾ ਦੀ ਕਮੀ ਹੋਣਾ ਵਰਗੇ ਦੋਸ਼ ਪੈਦਾ ਹੋ ਰਹੇ ਹਨ।
ਡਾਈਟਿੰਗ ਕਾਰਨ ਹੀ ਸਰੀਰ ਨੂੰ ਸਹੀ ਮਾਤਰਾ ਵਿਚ ਵਿਟਾਮਿਨ ਅਤੇ ਪ੍ਰੋਟੀਨ ਨਹੀਂ ਮਿਲ ਪਾਉਂਦੇ। ਇਥੋਂ ਤੱਕ ਕਿ ਦਿਮਾਗ਼ ਸੰਬੰਧੀ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਡਾਈਟਿੰਗ ਦਾ ਰੁਝਾਨ ਕੰਮਕਾਜੀ ਔਰਤਾਂ ਵਿਚ ਕੁੱਝ ਜ਼ਿਆਦਾ ਵਧ ਰਿਹਾ ਹੈ। ਕਾਲਜ ਵਿਚ ਪੜ੍ਹਨ ਵਾਲੀਆਂ ਕੁੜੀਆਂ ਵਿਚ ਵੀ ਡਾਈਟਿੰਗ ਦੀ ਆਦਤ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਹੁਣ ਤਾਂ ਸਕੂਲੀ ਵਿਦਿਆਰਥਣਾਂ ਵੀ ਡਾਈਟਿੰਗ ਕਰਨ ਲੱਗੀਆਂ ਹਨ। ਇਕ ਸਰਵੇਖਣ ਅਨੁਸਾਰ ਸਕੂਲੀ ਬੱਚਿਆਂ ਦੇ ਡੱਬੇ ਵਿਚ ਪੌਸ਼ਟਿਕ ਭੋਜਨ ਦਿਨੋ-ਦਿਨ ਘਟ ਰਿਹਾ ਹੈ। ਨਰਸਰੀ ਦੇ ਬੱਚਿਆਂ ਦੇ ਡੱਬੇ ਵਿਚ ਬਿਸਕੁਟ, ਬ੍ਰੈੱਡ ਜਾਂ ਨਮਕੀਨ ਹੀ ਜ਼ਿਆਦਾ ਹੁੰਦੇ ਹਨ।
ਕੁੜੀਆਂ ਦਾਲ-ਰੋਟੀ ਦੀ ਥਾਂ ਅਚਾਰ-ਪਰੌਂਠਾ ਜਾਂ ਫਿਰ ਪੋਹਾ ਖਾਣਾ ਜ਼ਿਆਦਾ ਪਸੰਦ ਕਰਦੀਆਂ ਹਨ। ਚਾਕਲੇਟ ਦਾ ਰੁਝਾਨ ਵੀ ਜ਼ਿਆਦਾ ਹੋ ਗਿਆ ਹੈ। ਦੁੱਧ, ਦਹੀਂ, ਸਲਾਦ ਅਤੇ ਫਲਾਂ ਤੋਂ ਤਾਂ ਜਿਵੇਂ ਮੁਟਿਆਰਾਂ ਨੂੰ ਐਲਰਜੀ ਹੋਵੇ। ਉਨ੍ਹਾਂ ਨੂੰ ਤਾਂ ਚਾਟ, ਪਾਓ-ਭਾਜੀ, ਛੋਲੇ ਭਟੂਰੇ, ਮੋਮੋਜ਼, ਪੀਜ਼ਾ, ਬਰਗਰ, ਸਮੋਸਾ, ਭੇਲ ਜਾਂ ਫਿਰ ਗੋਲ ਗੱਪੇ ਪਸੰਦ ਹਨ।
ਕੀ ਫਾਇਦਾ ਹੈ ਡਾਈਟਿੰਗ ਦਾ? ਭੁੱਖੇ ਰਹਿਣਾ ਬੁੱਧੀਮਾਨੀ ਨਹੀਂ ਹੈ। ਖਾਣ-ਪੀਣ ਵਿਚ ਲਾਪ੍ਰਵਾਹੀ ਦਾ ਹੀ ਬੁਰਾ ਨਤੀਜਾ ਹੈ ਪੇਟ ਨਾਲ ਸੰਬੰਧਿਤ ਰੋਗਾਂ ਦਾ ਵਧਣਾ। ਡਾਈਟਿੰਗ ਨਾਲ ਸਰੀਰ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਿਚ ਵੀ ਕਮੀ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਡਾਈਟਿੰਗ ਕਰਨ ਵਾਲਿਆਂ ਨੂੰ ਖੰਘ-ਜ਼ੁਕਾਮ ਵਰਗੀਆਂ ਬਿਮਾਰੀਆਂ ਵੀ ਛੇਤੀ ਹੁੰਦੀਆਂ ਹਨ।
ਕਹਿਣਾ ਦਾ ਮਤਲਬ ਸਿਰਫ਼ ਇਹ ਹੈ ਕਿ ਡਾਈਟਿੰਗ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਪਤਲਾ ਰਹਿਣਾ ਹੈ ਤਾਂ ਮਿਹਨਤ ਕਰੋ। ਸਵੇਰ ਦੀ ਸੈਰ ਕਰੋ। ਸੰਤੁਲਿਤ ਭੋਜਨ ਖਾਣ ਦੀ ਆਦਤ ਪਾਓ। ਜੀਭ 'ਤੇ ਕੰਟਰੋਲ ਕਰਨਾ ਸਿੱਖ ਕੇ ਚਟੋਰਾ ਬਣਨ ਦਾ ਜੁਰਮ ਨਾ ਕਰੋ।
ਡਾਈਟਿੰਗ ਬਿਮਾਰੀ ਦਾ ਕਾਰਨ ਬਣ ਸਕਦੀ ਹੈ!
ਅਜੀਤ ਡੈਸਕ
01-05-2026