ਇਕ ਬੱਚੇ ਲਈ ਮਾਂ ਦਾ ਦੁੱਧ ਬਹੁਤ ਲਾਭਕਾਰੀ ਹੁੰਦਾ ਹੈ। ਇਹ ਬੱਚੇ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਦਾ ਹੈ ਅਤੇ ਸੰਕ੍ਰਮਣਾਂ ਤੋਂ ਬਚਾਉਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜਨਮ ਸਮੇਂ ਤੋਂ ਹੀ ਬੱਚੇ ਨੂੰ ਮਾਂ ਦਾ ਦੁੱਧ ਮਿਲਣਾ ਚਾਹੀਦਾ ਹੈ। ਮਾਂ ਦੇ ਦੁੱਧ ਵਿਚ ਏਨੇ ਹੀ ਫ਼ਾਇਦੇ ਨਹੀਂ ਹਨ, ਸਗੋਂ ਇਸ ਤੋਂ ਵੀ ਕਿਤੇ ਵੱਧ ਹਨ। ਹਾਲ ਹੀ ਵਿਚ ਜਰਮਨੀ ਦੇ ਵਿਗਿਆਨੀਆਂ ਨੇ ਇਹ ਪਤਾ ਲਗਾਇਆ ਹੈ ਕਿ ਉਹ ਲੋਕ ਘੁਰਾੜੇ ਨਹੀਂ ਮਾਰਦੇੇ ਜਿਨ੍ਹਾਂ ਨੇ ਬਚਪਨ ਵਿਚ ਮਾਂ ਦੇ ਦੁੱਧ ਦੀ ਵਰਤੋਂ ਕੀਤੀ ਹੁੰਦੀ ਹੈ। 20 ਤੋਂ 50 ਸਾਲ ਦੀ ਉਮਰ ਦੇ ਲੋਕਾਂ 'ਤੇ ਕੀਤੇ ਅਧਿਐਨ ਤੋਂ ਬਾਅਦ ਖੋਜਕਾਰ ਇਸ ਨਤੀਜੇ 'ਤੇ ਪਹੁੰਚੇ ਕਿ ਘੁਰਾੜੇ ਮਾਰਨ ਵਾਲੇ ਇਨ੍ਹਾਂ ਲੋਕਾਂ ਵਿਚੋਂ 60 ਫ਼ੀਸਦੀ ਉਹ ਹਨ, ਜਿਨ੍ਹਾਂ ਨੇ ਆਪਣੇ ਬਚਪਨ ਵਿਚ ਬੋਤਲ ਨਾਲ ਦੁੱਧ ਪੀਤਾ ਸੀ। ਇਸ ਬਾਰੇ ਸਪੀਚ ਥੈਰੇਪੀ ਮਾਹਿਰ ਸਬੀਨ ਬਰਨਡਸਨ ਦਾ ਕਹਿਣਾ ਹੈ ਕਿ ਮਾਂ ਦੇ ਦੁੱਧ ਨਾਲ ਬੱਚੇ ਦੇ ਗਲੇ ਦੀਆਂ ਮਾਸਪੇਸ਼ੀਆਂ ਦੀ ਚੰਗੀ ਕਸਰਤ ਹੋ ਜਾਂਦੀ ਹੈ ਅਤੇ ਉਹ ਮਜ਼ਬੂਤ ਹੋ ਜਾਂਦੀਆਂ ਹਨ। ਇਸ ਨਾਲ ਵੱਡਾ ਹੋਣ 'ਤੇ ਘੁਰਾੜੇ ਦੀ ਸਮੱਸਿਆ ਨਾਲ ਜੂਝਣਾ ਨਹੀਂ ਪੈਂਦਾ।
ਘੁਰਾੜਿਆਂ ਤੋਂ ਵੀ ਬਚਾਏ ਮਾਂ ਦਾ ਦੁੱਧ
ਅਜੀਤ ਡੈਸਕ
01-05-2026