ਮਰੀਜ਼ ਜਦੋਂ ਡਾਕਟਰ ਕੋਲ ਜਾਣ ਤਾਂ ਉਨ੍ਹਾਂ ਨੂੰ ਡਾਕਟਰ ਨਾਲ ਖੁੱਲ੍ਹ ਕੇ ਆਪਣੇ ਰੋਗ ਦੀ ਚਰਚਾ ਕਰਨੀ ਚਾਹੀਦੀ ਹੈ, ਉਸ ਤੋਂ ਕੁਝ ਲੁਕਾਉਣਾ ਨਹੀਂ ਚਾਹੀਦਾ, ਤਾਂ ਹੀ ਸਹੀ ਮਰਜ਼ ਦੀ ਪਛਾਣ ਕਰਕੇ ਡਾਕਟਰ ਉਸ ਦਾ ਇਲਾਜ ਕਰ ਸਕਦਾ ਹੈ।
ਜ਼ਿਆਦਾਤਰ ਰੋਗੀ ਇਸ ਬਾਰੇ ਸਭ ਜਾਣਦੇ ਹਨ ਫਿਰ ਵੀ ਅਕਸਰ ਉਹ ਕੁਝ ਨਾ ਕੁਝ ਗ਼ਲਤੀਆਂ ਕਰਦੇ ਹਨ। ਧਿਆਨ ਦਿਓ ਉਹ ਗ਼ਲਤੀਆਂ ਤੁਸੀਂ ਨਾ ਦੁਹਰਾਓ। ਕਿਸੇ ਵੀ ਬਿਮਾਰੀ ਬਾਰੇ ਡਾਕਟਰ ਤੋਂ ਸਲਾਹ ਲੈਣ ਜਾਂਦੇ ਹੋ ਤਾਂ ਆਪਣੇ ਸਾਰੇ ਰਿਕਾਰਡ ਲੈ ਕੇ ਨਹੀਂ ਜਾਂਦੇ। ਪੁਰਾਣੀ ਬਿਮਾਰੀ ਨੂੰ ਲੁਕਾ ਜਾਂਦੇ ਹਨ। ਅਕਸਰ ਦਵਾਈ ਸਹੀ ਸਮੇਂ 'ਤੇ ਨਹੀਂ ਲੈਂਦੇ।
ਦਵਾਈ ਜੋ ਡਾਕਟਰ ਨੇ ਲਿਖੀ ਹੈ, ਉਸ ਨੂੰ ਪਾਣੀ ਨਾਲ ਲੈਣਾ ਹੈ ਜਾਂ ਦੁੱਧ ਨਾਲ, ਖਾਲੀ ਪੇਟ ਜਾਂ ਖਾਣੇ ਤੋਂ ਬਾਅਦ, ਇਸ ਗੱਲ ਦਾ ਧਿਆਨ ਨਹੀਂ ਰੱਖਦੇ।
ਕਦੀ-ਕਦੀ ਮਰੀਜ਼ ਕਈ ਡਾਕਟਰਾਂ ਤੋਂ ਸਲਾਹ ਲੈਂਦੇ ਹਨ ਅਤੇ ਪੂਰੀ ਦਵਾਈ ਕਿਸੇ ਦੀ ਵੀ ਸ਼ੁਰੂ ਨਹੀਂ ਕਰਦੇ, ਸਗੋਂ ਮਿਕਸ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਬਾਰੇ ਡਾਕਟਰ ਨੂੰ ਕੁਝ ਵੀ ਨਹੀਂ ਦੱਸਦੇ।
ਜ਼ਿਆਦਾਤਰ ਲੋਕ ਇਕ ਪਰਿਵਾਰਕ ਡਾਕਟਰ ਨਹੀਂ ਬਣਾਉਂਦੇ ਹਨ, ਸਗੋਂ ਵੱਖ-ਵੱਖ ਮਾਹਿਰਾਂ ਕੋਲ ਭੱਜਦੇ ਹਨ। ਇਸ ਨਾਲ ਸਮਾਂ ਬਰਬਾਦ ਹੁੰਦਾ ਹੈ ਅਤੇ ਰੋਗ ਵਧਦਾ ਜਾਂਦਾ ਹੈ। ਜੇਕਰ ਕੋਈ ਪਰਿਵਾਰਕ ਡਾਕਟਰ ਹੋਵੇ ਤਾਂ ਉਹ ਸਹੀ ਰਾਇ ਦੇ ਸਕਦਾ ਹੈ ਕਿ ਕਿਸ ਮਾਹਿਰ ਦੇ ਕੋਲ ਜਾ ਕੇ ਉਸ ਰੋਗ ਦਾ ਇਲਾਜ ਕਰਵਾ ਸਕਦਾ ਹੈ।
ਅਕਸਰ ਖਾਣ-ਪੀਣ ਦੇ ਪਰਹੇਜ਼ ਵੱਲ ਧਿਆਨ ਨਹੀਂ ਦਿੰਦੇ।
ਅਕਸਰ ਡਾਕਟਰ ਤੋਂ ਇਹ ਜਾਣਕਾਰੀ ਨਹੀਂ ਲੈਂਦੇ ਕਿ ਇਲਾਜ ਦਾ ਪੂਰਾ ਲਾਭ ਲੈਣ ਲਈ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਵੱਲ ਧਿਆਨ ਰੱਖਣਾ ਚਾਹੀਦਾ ਹੈ।
ਜ਼ਿਆਦਾਤਰ ਮਰੀਜ਼ ਡਾਕਟਰ ਤੋਂ ਪੂਰੇ ਇਲਾਜ 'ਤੇ ਕਿੰਨਾ ਖ਼ਰਚ ਆਉਣਾ ਹੈ, ਪਹਿਲਾਂ ਪੁੱਛਦੇ ਨਹੀਂ। ਬਾਅਦ ਵਿਚ ਕਈ ਵਾਰ ਪੈਸੇ ਪੂਰੇ ਨਾ ਹੋਣ 'ਤੇ ਵਿਚਾਲੇ ਹੀ ਇਲਾਜ ਛੱਡ ਦਿੰਦੇ ਹਨ।
ਮਰੀਜ਼ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
ਡਾਕਟਰ ਕੋਲ ਜਾਣ ਤੋਂ ਪਹਿਲਾਂ ਬਿਮਾਰੀ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਇਕ ਪੇਪਰ 'ਤੇ ਲਿਖ ਲੈਣ, ਤਾਂ ਕਿ ਤੁਸੀਂ ਉਸ ਬਾਰੇ ਡਾਕਟਰ ਤੋਂ ਸਾਰੀ ਜਾਣਕਾਰੀ ਲੈ ਸਕੋ। ਜੇਕਰ ਪਹਿਲਾਂ ਤੋਂ ਇਲਾਜ ਚਲ ਰਿਹਾ ਹੋਵੇ ਅਤੇ ਫਾਇਦਾ ਜ਼ਿਆਦਾ ਨਾ ਹੋਵੇ ਤਾਂ ਆਪਣੇ ਨਾਲ ਪੁਰਾਣੇ ਰਿਕਾਰਡ, ਦਵਾਈਆਂ ਦੀ ਸੂਚੀ ਲੈ ਕੇ ਜਾਓ, ਤਾਂ ਕਿ ਡਾਕਟਰ ਨੂੰ ਪਤਾ ਹੋਵੇ ਕਿ ਹੁਣ ਤੱਕ ਤੁਸੀਂ ਕੀ ਟੈਸਟ ਕਰਵਾਏ ਹਨ ਅਤੇ ਕੀ ਇਲਾਜ ਹੁਣ ਤੱਕ ਹੋਇਆ ਹੈ।
ਪਰਿਵਾਰਕ ਡਾਕਟਰ ਤੋਂ ਪਹਿਲਾਂ ਸਲਾਹ ਲੈ ਲਓ ਕਿ ਕਿਸ ਮਾਹਿਰ ਡਾਕਟਰ ਕੋਲ ਇਸ ਬਿਮਾਰੀ ਦਾ ਇਲਾਜ ਕਰਾਉਣਾ ਚਾਹੀਦਾ ਹੈ।
ਜਿਨ੍ਹਾਂ ਦਵਾਈਆਂ ਨਾਲ ਤੁਹਾਨੂੰ ਐਲਰਜੀ ਹੋਵੇ, ਉਨ੍ਹਾਂ ਬਾਰੇ ਡਾਕਟਰ ਨੂੰ ਖ਼ੁਦ ਦੱਸੋ।
ਜੇਕਰ ਤੁਹਾਡੇ ਪਰਿਵਾਰਾਂ ਵਿਚ ਉਹੀ ਬਿਮਾਰੀ ਹੋਰ ਕਿਸੇ ਮੈਂਬਰ ਨੂੰ ਹੈ ਤਾਂ ਡਾਕਟਰ ਨੂੰ ਜ਼ਰੂਰ ਦੱਸ ਦਿਓ।
ਬਿਮਾਰੀ ਦੀ ਪੂਰੀ ਜਾਣਕਾਰੀ ਡਾਕਟਰ ਨੂੰ ਦਿਓ, ਲੁਕਾਓ ਨਾ।
ਦਵਾਈ ਜੇਕਰ ਜ਼ਿਆਦਾ ਮਹਿੰਗੀ ਹੋਵੇ ਤਾਂ ਡਾਕਟਰ ਤੋਂ ਸਸਤੀ ਤੇ ਜੈਨਰਿਕ ਦਵਾਈ ਲਿਖਵਾ ਸਕਦੇ ਹੋ।
ਡਾਕਟਰ ਤੋਂ ਟੈਸਟਾਂ ਦੀ ਪੂਰੀ ਜਾਣਕਾਰੀ ਲਓ ਅਤੇ ਬਿਮਾਰੀ ਠੀਕ ਹੋਣ ਦੇ ਕੀ ਮੌਕੇ ਹਨ, ਲਗਭਗ ਸਮਾਂ ਕਿੰਨਾ ਲੱਗੇਗਾ, ਕੁੱਲ ਖ਼ਰਚ ਕਿੰਨਾ ਆਵੇਗਾ, ਹਸਪਤਾਲ ਵਿਚ ਦਾਖ਼ਲ ਹੋਣ ਦੀ ਜ਼ਰੂਰਤ ਹੈ ਜਾਂ ਘਰ 'ਚ ਰਹਿ ਕੇ ਇਲਾਜ ਹੋ ਸਕਦਾ ਹੈ। ਪੂਰੀ ਜਾਣਕਾਰੀ ਲਓ।
ਟੈਸਟ ਜੇਕਰ ਬਾਹਰ ਤੋਂ ਕਰਵਾਉਣੇ ਹਨ ਤਾਂ ਉਨ੍ਹਾਂ ਲੈਬ ਅਤੇ ਐਕਸਰੇ ਕਰਵਾਉਣ ਵਾਲੀਆਂ ਥਾਵਾਂ ਦੀ ਜਾਣਕਾਰੀ ਲੈ ਲਓ, ਜਿਨ੍ਹਾਂ ਦੇ ਨਤੀਜੇ ਠੀਕ ਹੋਣ ਅਤੇ ਪੈਸੇ ਵੀ ਘੱਟ ਲਗਦੇ ਹੋਣ।
ਗ਼ਲਤੀਆਂ ਜੋ ਅਕਸਰ ਮਰੀਜ਼ ਕਰਦੇ ਹਨ
ਅਜੀਤ ਡੈਸਕ
12-06-2026