02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਚੋ ਜ਼ਹਿਰੀਲੇ ਭੋਜਨ ਦੇ ਮਾੜੇ ਪ੍ਰਭਾਵਾਂ ਤੋਂ

ਅਜੀਤ ਡੈਸਕ 24-07-2026

ਜ਼ਹਿਰੀਲੇ ਭੋਜਨ ਨਾਲ ਸਿਹਤ ਖ਼ਰਾਬ ਹੋ ਜਾਂਦੀ ਹੈ ਅਤੇ ਸਰੀਰ ਅਸਮਰੱਥ ਹੋ ਕੇ ਮੌਤ ਤੱਕ ਪਹੁੰਚ ਸਕਦਾ ਹੈ। ਇਕ ਮਨੁੱਖ ਹਰ ਸਾਲ 500 ਤੋਂ 600 ਕਿੱਲੋਗ੍ਰਾਮ ਤੱਕ ਖਾਣ ਵਾਲੇ ਪਦਾਰਥਾਂ ਨੂੰ ਖਾ ਕੇ ਹਜ਼ਮ ਕਰ ਜਾਂਦਾ ਹੈ। ਭੋਜਨ ਨੂੰ ਪਕਾਉਣ, ਲੋਕਾਂ ਤੱਕ ਪਹੁੰਚਾਉਣ, ਇਕੱਠਾ ਕਰਨ, ਪਰੋਸਣ ਤੱਕ ਅਨੇਕ ਵਿਅਕਤੀਆਂ ਦਾ ਹੱਥ ਹੁੰਦਾ ਹੈ। ਇਸ ਦੌਰਾਨ ਖਾਣ-ਪੀਣ ਤੋਂ ਲੈ ਕੇ ਪੱਕਿਆ ਹੋਇਆ ਭੋਜਨ ਤੱਕ ਪ੍ਰਦੂਸ਼ਿਤ ਹੋ ਸਕਦਾ ਹੈ, ਹਾਨੀਕਾਰਕ ਰਸਾਇਣ ਇਸ ਵਿਚ ਮਿਲ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਭੋਜਨ ਜ਼ਹਿਰੀਲਾ ਨਾ ਬਣ ਸਕੇ, ਇਸ ਲਈ ਹੇਠ ਲਿਖੀਆਂ ਸਾਵਧਾਨੀਆਂ ਨੂੰ ਵਰਤਣਾ ਜ਼ਰੂਰੀ ਹੈ:-
ਖਾਣ ਵਾਲੀਆਂ ਚੀਜ਼ਾਂ ਜ਼ਹਿਰੀਲੀਆਂ ਨਾ ਹੋਣ, ਇਸ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਭੋਜਨ ਪਕਾਉਣ ਵਾਲੇ ਵਿਅਕਤੀ ਸਾਫ਼-ਸਫ਼ਾਈ ਦੇ ਨਿਯਮਾਂ ਦਾ ਪਾਲਣ ਜ਼ਰੂਰ ਕਰਨ। ਨਾਲ ਹੀ ਪਕਾਉਣ ਤੋਂ ਬਾਅਦ ਉਨ੍ਹਾਂ ਨੂੰ ਢਕ ਕੇ ਸੁਰੱਖਿਅਤ ਰੱਖਣ ਦੀ ਵਿਵਸਥਾ ਜ਼ਰੂਰ ਹੋਵੇ।
ਸਮਾਰੋਹ ਲਈ ਪਕਾਏ ਜਾਣ ਵਾਲੇ ਭੋਜਨ ਨੂੰ ਖੁੱਲ੍ਹੀ ਥਾਂ 'ਤੇ ਨਹੀਂ ਰੱਖਣਾ ਚਾਹੀਦਾ। ਜੇਕਰ ਭੋਜਨ ਠੰਢਾ ਹੋ ਗਿਆ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਗਰਮ ਕਰ (165 ਸੈਂ.ਗ੍ਰੇ.) ਹੀ ਪਰੋਸਿਆ ਜਾਣਾ ਚਾਹੀਦਾ ਹੈ। ਜੇਕਰ ਭੋਜਨ ਕਮਰੇ ਦੇ ਤਾਪਮਾਨ 'ਤੇ ਹੀ ਰੱਖਣਾ ਹੋਵੇ ਤਾਂ ਚਾਰ ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਨਹੀਂ ਰੱਖਣਾ ਚਾਹੀਦਾ।
ਭੋਜਨ ਨੂੰ ਹੱਥਾਂ ਨਾਲ ਕਦੀ ਵੀ ਨਹੀਂ ਪਰੋਸਣਾ ਚਾਹੀਦਾ। ਪਰੋਸਣ ਲਈ ਚਮਚ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਹਮੇਸ਼ਾ ਤਾਜ਼ਾ ਭੋਜਨ ਹੀ ਕਰਨਾ ਚਾਹੀਦਾ ਹੈ। ਜੇਕਰ ਭੋਜਨ ਜ਼ਿਆਦਾ ਸਮੇਂ ਤੱਕ ਰੱਖਣਾ ਹੋਵੇ ਤਾਂ ਭੋਜਨ ਨੂੰ ਪਕਾ ਕੇ ਤੇਜ਼ੀ ਨਾਲ ਠੰਢਾ ਕਰਕੇ ਫਰਿੱਜ ਵਿਚ ਰੱਖ ਦਿਓ।
ਭੋਜਨ ਪਕਾਉਣ ਵਾਲੇ ਭਾਂਡਿਆਂ, ਖਾਣ ਵਾਲੇ ਭਾਂਡਿਆਂ ਅਤੇ ਪਰੋਸਣ ਵਾਲੇ ਭਾਂਡਿਆਂ ਦੇ ਨਾਲ-ਨਾਲ ਹੀ ਰਸੋਈ ਦੀ ਸਫ਼ਾਈ ਦਾ ਧਿਆਨ ਵਿਸ਼ੇਸ਼ ਰੂਪ ਵਿਚ ਰੱਖਣਾ ਚਾਹੀਦਾ ਹੈ।
ਭੋਜਨ ਪਕਾਉਣ ਵਾਲਾ, ਪਰੋਸਣ ਵਾਲਾ ਵਿਅਕਤੀ ਕਿਸੇ ਜ਼ਖ਼ਮ, ਫੋੜੇ, ਫਿਨਸੀ, ਦਸਤ, ਪੇਚਿਸ਼, ਖੰਘ, ਦਮਾ ਆਦਿ ਨਾਲ ਪੀੜਤ ਹੋਵੇ ਤਾਂ ਉਸ ਨੂੰ ਭੋਜਨ ਪਕਾਉਣ, ਪਰੋਸਣ ਆਦਿ ਵਿਚ ਹੱਥ ਨਹੀਂ ਲਗਾਉਣਾ ਚਾਹੀਦਾ।
ਭੋਜਨ ਪਕਾਉਣ ਅਤੇ ਖਾਣ ਦੀ ਥਾਂ 'ਤੇ ਮੱਖੀਆਂ, ਮੱਛਰ, ਧੂੜ, ਚੂਹੇ ਆਦਿ ਨਹੀਂ ਹੋਣੇ ਚਾਹੀਦੇ। ਉਸ ਥਾਂ 'ਤੇ ਕੁੱਤਾ, ਬਿੱਲੀ, ਗਾਂ, ਮੱਝ ਆਦਿ ਦਾ ਵੀ ਦਾਖਲਾ ਨਾ ਹੋਵੇ, ਇਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਭੋਜਨ ਪਕਾਉਣ, ਪਰੋਸਣ, ਖਾਣ ਆਦਿ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਇਨ੍ਹਾਂ ਦੇ ਕੱਪੜੇ ਵੀ ਸਾਫ਼ ਹੋਣ, ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਡੱਬਾਬੰਦ ਖਾਣੇ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਯਕੀਨੀ ਕਰ ਲੈਣਾ ਚਾਹੀਦਾ ਕਿ ਉਹ ਸੁਰੱਖਿਅਤ ਹੈ। ਘਰ ਵਿਚ ਜੇਕਰ ਅਚਾਰ, ਚਟਨੀ, ਸੌਸ, ਜੈਮ, ਜੈਲੀ ਬਣਾਉਂਦੇ ਹੋ ਤਾਂ ਉਸ ਨੂੰ ਪਲਾਸਟਿਕ ਦੇ ਭਾਂਡਿਆਂ ਵਿਚ ਨਾ ਰੱਖ ਕੇ ਸਟੀਲ ਜਾਂ ਸ਼ੀਸ਼ੇ ਦੇ ਮੂੰਹਬੰਦ ਭਾਂਡਿਆਂ ਵਿਚ ਹੀ ਰੱਖਣਾ ਚਾਹੀਦਾ ਹੈ।
ਪਾਰਟੀ ਜਾਂ ਦਾਅਵਤ ਆਦਿ ਵਿਚ ਭੋਜਨ ਦੀ ਚੋਣ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਜੇਕਰ ਡਰ ਹੈ ਤਾਂ ਸਲਾਦ, ਰਾਇਤਾ, ਦਹੀਂ ਵੜਾ, ਗੋਸ਼ਤ ਆਦਿ ਦੀ ਵਰਤੋਂ ਬਹੁਤ ਸੋਚ-ਸਮਝ ਕੇ ਹੀ ਕਰਨੀ ਚਾਹੀਦੀ ਹੈ। ਪਿੰਡਾਂ ਵਿਚ ਤਲਾਬਾਂ ਜਾਂ ਖੂਹਾਂ ਦੇ ਪਾਣੀ ਦੀ ਵਰਤੋਂ ਕਰ ਲਈ ਜਾਂਦੀ ਹੈ। ਇਸ ਨਾਲ ਭੋਜਨ ਪ੍ਰਦੂਸ਼ਿਤ ਹੋ ਕੇ ਜ਼ਹਿਰੀਲਾ ਬਣ ਸਕਦਾ ਹੈ।
ਭੋਜਨ ਬਣਾਉਣ ਵਾਲੀ ਥਾਂ 'ਤੇ ਮੱਕੜੀ ਦਾ ਜਾਲਾ, ਛਿਪਕਲੀ ਆਦਿ ਨਾ ਹੋਵੇ, ਇਸ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਪਕਾਉਂਦੇ ਸਮੇਂ ਉੱਠਣ ਵਾਲੀ ਭਾਫ਼ ਨਾਲ ਇਹ ਭੋਜਨ ਵਿਚ ਡਿੱਗ ਕੇ ਭੋਜਨ ਨੂੰ ਜ਼ਹਿਰੀਲਾ ਕਰ ਸਕਦੇ ਹਨ।
ਦਰੱਖਤਾਂ ਦੇ ਹੇਠਾਂ ਵੀ ਭੋਜਨ ਨਹੀਂ ਪਕਾਉਣਾ ਚਾਹੀਦਾ। ਪੱਤੀਆਂ ਅਤੇ ਟਹਿਣੀਆਂ 'ਤੇ ਬੈਠੇ ਪੰਛੀਆਂ ਦੀਆਂ ਬਿੱਠਾਂ ਜਾਂ ਹੋਰ ਕੀਟ-ਪਤੰਗੇ ਭੋਜਨ ਵਿਚ ਡਿੱਗ ਕੇ ਭੋਜਨ ਨੂੰ ਜ਼ਹਿਰੀਲਾ ਕਰ ਸਕਦੇ ਹਨ।
ਥਾਂ, ਪਾਣੀ, ਭਾਂਡੇ, ਪਕਾਉਣ ਵਾਲੇ, ਪਰੋਸਣ ਵਾਲੇ ਆਦਿ ਦੀ ਸਫ਼ਾਈ ਦਾ ਧਿਆਨ ਰੱਖ ਕੇ ਭੋਜਨ ਨੂੰ ਜ਼ਹਿਰੀਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਸਬਜ਼ੀ, ਸਲਾਦ, ਚੌਲ ਆਦਿ ਨੂੰ ਪਕਾਉਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਅਨੇਕ ਵਾਰ ਧੋ ਲੈਣਾ ਚਾਹੀਦਾ ਹੈ। ਮਸਾਲਾ-ਤੇਲ ਆਦਿ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
-0-

ਪਿਛਲੀ ਖ਼ਬਰ ਖੇਡਣਾ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਲਈ ਅਗਲੀ ਖ਼ਬਰ ਤੇਜ਼ ਕਲੇਜੇ 'ਚ ਜਲਣ ਤੇ ਤੇਜ਼ਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।