02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਖੇਡਣਾ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਲਈ

ਅਜੀਤ ਡੈਸਕ 24-07-2026

ਖੇਡਾਂ ਦਾ ਆਪਣਾ ਹੀ ਮਹੱਤਵ ਹੈ। ਖੇਡਾਂ ਨਾਲ ਸਰੀਰ 'ਚ ਚੁਸਤੀ-ਫੁਰਤੀ ਆਉਂਦੀ ਹੈ ਅਤੇ ਬੱਚਿਆਂ ਦੀ ਕੰਮ ਕਰਨ ਦੀ ਤਾਕਤ ਵਧਦੀ ਹੈ। ਜਦੋਂ ਬੱਚੇ ਖੇਡਦੇ ਹਨ ਤਾਂ ਉਨ੍ਹਾਂ ਦਾ ਵਿਕਾਸ ਵੀ ਸਹੀ ਰਫ਼ਤਾਰ ਨਾਲ ਹੁੰਦਾ ਹੈ। ਖੇਡਣ ਵਾਲੇ ਤੇ ਇਕ ਹੀ ਥਾਂ ਹਮੇਸ਼ਾ ਡਟੇ ਰਹਿਣ ਵਾਲੇ ਬੱਚੇ ਕਾਫ਼ੀ ਮੋਟੇ ਤੇ ਆਲਸੀ ਬਣ ਜਾਂਦੇ ਹਨ। ਉਨ੍ਹਾਂ ਦੀ ਚਰਬੀ ਵਧ ਜਾਂਦੀ ਹੈ।
ਖੇਡਾਂ ਨਾਲ ਬੱਚਿਆਂ ਦੇ ਸਰੀਰ ਦੇ ਅੰਗ ਜ਼ਿਆਦਾ ਸਰਗਰਮ ਤੇ ਲਚੀਲੇ ਰਹਿੰਦੇ ਹਨ। ਇਸ ਨਾਲ ਉਨ੍ਹਾਂ ਨੂੰ ਸਮੇਂ ਸਿਰ ਭੁੱਖ ਲਗਦੀ ਹੈ ਤੇ ਚੰਗੀ ਨੀਂਦ ਆਉਂਦੀ ਹੈ। ਉਹ ਸਮੇਂ ਸਿਰ ਜਾਗ ਸਕਦੇ ਹਨ ਤੇ ਆਪਣੇ ਕੰਮ ਨਿਪਟਾ ਸਕਦੇ ਹਨ। ਖੇਡਣ ਦਾ ਕਾਫ਼ੀ ਮੌਕਾ ਨਾ ਪਾਉਣ ਵਾਲੇ ਬੱਚਿਆਂ ਵਿਚ ਹੱਡੀਆਂ ਦੀ ਕਮਜ਼ੋਰੀ ਤੇ ਦਰਦ ਦੀ ਸ਼ਿਕਾਇਤ ਵੀ ਦੇਖੀ ਜਾ ਸਕਦੀ ਹੈ। ਖੇਡਾਂ ਬੱਚਿਆਂ ਦੀਆਂ ਮਾਸਪੇਸ਼ੀਆਂ ਤੇ ਖੂਨ ਸੰਚਾਰ ਨੂੰ ਦਰੁਸਤ ਬਣਾਈ ਰੱਖਦੀਆਂ ਹਨ।
ਖੇਡਾਂ ਦਾ ਸਹੀ ਮੌਕਾ ਹਾਸਿਲ ਕਰਨ ਵਾਲੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਤੇਜ਼ ਰਫ਼ਤਾਰ ਨਾਲ ਹੁੰਦਾ ਹੈ। ਖੇਡਾਂ ਵਿਚ ਰੁੱਝੇ ਰਹਿ ਕੇ ਉਹ ਤਣਾਅ ਤੋਂ ਕਾਫ਼ੀ ਦੂਰ ਹੋ ਜਾਂਦੇ ਹਨ। ਇਸ ਨਾਲ ਉਹ ਕਾਇਰ ਤੇ ਸੁਸਤ ਹੋ ਜਾਂਦੇ ਹਨ। ਖੇਡਾਂ ਵਿਚ ਹਿੱਸਾ ਲੈਣ ਵਾਲੇ ਬੱਚੇ ਦਿਮਾਗ਼ੀ ਤਾਜ਼ਗੀ ਦੇ ਧਨੀ ਹੁੰਦੇ ਹਨ ਅਤੇ ਉਨ੍ਹਾਂ ਵਿਚ ਪੜ੍ਹਨ-ਲਿਖਣ ਦੀ ਤਾਕਤ ਦਾ ਵਿਕਾਸ ਹੁੰਦਾ ਹੈ।
ਖੇਡਣ ਨਾਲ ਬੱਚਿਆਂ ਦਾ ਸਮਾਜਿਕ ਵਿਕਾਸ ਮਜ਼ਬੂਤ ਰਹਿੰਦਾ ਹੈ। ਖੇਡਾਂ ਦਾ ਮੈਦਾਨ ਇਕ ਇਸ ਤਰ੍ਹਾਂ ਦੀ ਥਾਂ ਹੁੰਦੀ ਹੈ, ਜਿਥੇ ਹਰ ਵਰਗ ਤੇ ਹਰ ਤਬਕੇ ਦੇ ਬੱਚੇ ਖੇਡਣ ਲਈ ਆਉਂਦੇ ਹਨ। ਸਭ ਨਾਲ ਮਿਲ-ਜੁਲ ਕੇ ਖੇਡਣ ਵਾਲੇ ਬੱਚੇ ਸਮਾਜ ਨੂੰ ਸਮਝਦੇ ਹਨ। ਉਹ ਆਪਣੀ ਜ਼ਿੰਮੇਦਾਰੀ ਨਿਰਧਾਰਿਤ ਕਰਦੇ ਹਨ। ਖੇਡਾਂ ਦੌਰਾਨ ਵੀ ਬੱਚੇ ਸਕੂਲ ਦੀ ਤਰ੍ਹਾਂ ਆਪਣੇ ਪਿਆਰੇ ਮਿੱਤਰ ਨੂੰ ਲੱਭ ਪਾਉਂਦੇ ਹਨ ਅਤੇ ਉਨ੍ਹਾਂ ਦੇ ਨਾਲ ਬੈਠ ਪਾਉਂਦੇ ਹਨ। ਉਂਝ ਵੀ ਬੱਚਿਆਂ ਲਈ ਹਮਉਮਰ ਬੱਚਿਆਂ ਨਾਲ ਲਗਾਤਾਰ ਸਮਾਂ ਗੁਜ਼ਾਰਨਾ ਰੋਮਾਂਚਕ ਹੁੰਦਾ ਹੈ।
ਖੇਡਾਂ ਨਾਲ ਬੱਚਿਆਂ ਵਿਚ ਸਮਾਜਿਕ ਅਨੁਸ਼ਾਸਨ ਵੀ ਪੈਦਾ ਹੁੰਦਾ ਹੈ। ਬੱਚੇ ਖ਼ੁਦ ਨਿਰਧਾਰਿਤ ਕਰਨ ਲਗਦੇ ਹਨ ਕਿ ਉਨ੍ਹਾਂ ਨੂੰ ਕੀ ਤੇ ਕਿੰਨਾ ਖੇਡਣਾ ਚਾਹੀਦਾ ਹੈ। ਹੌਲੀ-ਹੌਲੀ ਉਹ ਖੇਡ ਦੀ ਪੂਰੀ ਮਹੱਤਤਾ ਨੂੰ ਸਮਝਣ ਲਗਦੇ ਹਨ। ਫਿਰ ਖੇਡਾਂ ਉਨ੍ਹਾਂ ਲਈ ਮਾਰ-ਕੁੱਟ ਤੇ ਹੰਗਾਮੇ ਦੀ ਚੀਜ਼ ਨਹੀਂ ਰਹਿ ਜਾਂਦੀਆਂ ਸਗੋਂ ਰੋਜ਼ਮਰ੍ਹਾ ਦੀ ਜ਼ਰੂਰਤ ਬਣ ਜਾਂਦੀਆਂ ਹਨ।
ਬੱਚਿਆਂ ਲਈ ਯਕੀਨਨ ਹੀ ਖੇਡਾਂ ਦਾ ਸਮਾਂ ਨਿਰਧਾਰਿਤ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਸਕੂਲ ਲਗਦੇ ਹੋਣ ਤਾਂ ਸਕੂਲ ਤੋਂ ਆਉਣ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਨੂੰ ਡੇਢ-ਦੋ ਘੰਟੇ ਸਮਾਂ ਤਾਂ ਖੇਡਣ ਲਈ ਮਿਲਣਾ ਹੀ ਚਾਹੀਦਾ ਹੈ। ਗਰਮੀਆਂ ਦੀਆਂ ਛੁੱਟੀਆਂ ਵਿਚ ਸਵੇਰੇ ਛੇ ਵਜੇ ਤੋਂ ਸੱਤ ਵਜੇ ਤੱਕ ਸਮਾਂ ਖੇਡਾਂ ਲਈ ਸਹੀ ਹੁੰਦਾ ਹੈ।
ਸ਼ਾਮ ਦੀ ਖੇਡ ਵੀ ਲਗਾਤਾਰ ਹੋਣੀ ਚਾਹੀਦੀ ਹੈ। ਇਹ ਵੀ ਠੀਕ ਨਹੀਂ ਕਿ ਬੱਚਾ ਖੇਡਣ ਲਈ ਨਿਕਲੇ ਅਤੇ ਕਿਸੇ ਕੋਨੇ ਵਿਚ ਲੁੱਕ ਕੇ ਲੂਡੋ ਜਾਂ ਕੈਰਮ ਖੇਡਣ ਲੱਗੇ। ਬੱਚਿਆਂ ਦੇ ਖੇਡਣ ਦਾ ਮਤਲਬ ਹੈ ਕਸਰਤ ਨਾਲ ਹੀ ਹੈ। ਕ੍ਰਿਕਟ, ਫੁੱਟਬਾਲ, ਸਾਈਕਲਿੰਗ ਆਦਿ ਖੇਡਾਂ ਬੱਚਿਆਂ ਲਈ ਆਦਰਸ਼ ਖੇਡਾਂ ਹਨ।
ਉਂਝ ਵੀ ਖੇਡਾਂ ਬੱਚਿਆਂ ਦੀ ਉਮਰ 'ਤੇ ਨਿਰਭਰ ਕਰਦੀਆਂ ਹਨ। ਤਿੰਨ ਸਾਲ ਦੀ ਉਮਰ ਤੱਕ ਤਾਂ ਬੱਚੇ ਘਰ ਵਿਚ ਰਹਿਣਾ ਤੇ ਦਾਦਾ-ਦਾਦੀ, ਮਾਤਾ-ਪਿਤਾ ਤੇ ਭਰਾ-ਭੈਣ ਨਾਲ ਖੇਡਣਾ ਹੀ ਪਸੰਦ ਕਰਦੇ ਹਨ। ਪੰਜ-ਛੇ ਸਾਲ ਤੱਕ ਦੇ ਬੱਚਿਆਂ ਨੂੰ ਸਾਈਕਲ ਚਲਾਉਣਾ, ਹਮਉਮਰ ਬੱਚਿਆਂ ਨਾਲ ਖੇਡਣਾ ਪਸੰਦ ਆਉਂਦਾ ਹੈ। ਇਸ ਤੋਂ ਉੱਪਰ ਦੇ ਬੱਚਿਆਂ ਨੂੰ ਕ੍ਰਿਕਟ, ਫੁੱਟਬਾਲ ਵਗੈਰਾ ਚੰਗੇ ਲਗਦੇ ਹਨ।
ਹੁਣ ਇਸ ਤਰ੍ਹਾਂ ਦਾ ਸਮਾਂ ਆ ਗਿਆ ਹੈ ਕਿ ਬੱਚਿਆਂ ਵਿਚ ਖੇਡਣ ਪ੍ਰਤੀ ਇਕ ਤਰ੍ਹਾਂ ਦੀ ਉਦਾਸੀਨਤਾ ਘਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੰਪਿਊਟਰ ਜਾਂ ਟੀ.ਵੀ. ਦੇ ਪਰਦੇ ਨਾਲ ਚੁੰਬੜੇ ਰਹਿਣਾ ਜ਼ਿਆਦਾ ਚੰਗਾ ਲਗਦਾ ਹੈ ਪਰ ਇਸ ਤੋਂ ਬੱਚਿਆਂ ਦਾ ਮਨੋਰੰਜਨ ਘੱਟ ਹੁੰਦਾ ਹੈ ਅਤੇ ਉਨ੍ਹਾਂ ਦੇ ਦਿਮਾਗ਼ 'ਤੇ ਦਬਾਅ ਜ਼ਿਆਦਾ ਪੈਂਦਾ ਹੈ। ਇਸ ਲਈ ਮਾਤਾ-ਪਿਤਾ ਤੇ ਵੱਡਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਲਗਾਤਾਰ ਖੇਡਣ ਲਈ ਉਤਸ਼ਾਹਿਤ ਕਰਨ ਕੰਪਿਊਟਰ ਅਤੇ ਟੀ.ਵੀ. ਤੋਂ ਉਨ੍ਹਾਂ ਦੀ ਦੂਰੀ ਬਣਾਈ ਰੱਖੋ।
ਮਾਤਾ-ਪਿਤਾ ਇਹ ਵੀ ਹਮੇਸ਼ਾ ਧਿਆਨ ਵਿਚ ਰੱਖਣ ਕਿ ਬੱਚਿਆਂ ਨੂੰ ਕਾਪੀਆਂ-ਕਿਤਾਬਾਂ ਵਿਚ ਖਪਾ ਦੇਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਦਿਮਾਗ਼ੀ ਅਤੇ ਸਰੀਰਕ ਤੌਰ 'ਤੇ ਬਰਾਬਰ ਦੌੜ ਲਗਾਉਣ ਵਿਚ ਹੀ ਖੁਸ਼ੀ ਦਾ ਖਜ਼ਾਨਾ ਲੁਕਿਆ ਹੈ।

ਪਿਛਲੀ ਖ਼ਬਰ ਉਨੀਂਦਰਾ ਦੂਰ ਕਰਦਾ ਹੈ ਭੋਜਨ ਅਗਲੀ ਖ਼ਬਰ ਬਚੋ ਜ਼ਹਿਰੀਲੇ ਭੋਜਨ ਦੇ ਮਾੜੇ ਪ੍ਰਭਾਵਾਂ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।