02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਉਨੀਂਦਰਾ ਦੂਰ ਕਰਦਾ ਹੈ ਭੋਜਨ

ਅਜੀਤ ਡੈਸਕ 24-07-2026


ਬਰਤਾਨੀਆ ਦੇ ਇਕ ਮਾਹਿਰ ਅਨੁਸਾਰ ਸਾਡੀ ਰਾਤ ਦੀ ਨੀਂਦ ਸਾਡੇ ਵਲੋਂ ਦਿਨ ਵਿਚ ਖਾਧੇ ਗਏ ਭੋਜਨ 'ਤੇ ਨਿਰਭਰ ਕਰਦੀ ਹੈ। ਖੋਜ ਤੋਂ ਪਤਾ ਲੱਗਾ ਹੈ ਕਿ ਨੀਂਦ ਦੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਮੁਸ਼ਕਿਲ ਸ਼ੁੱਧ ਸ਼ਾਕਾਹਾਰੀ ਲੋਕਾਂ ਨੂੰ ਪੇਸ਼ ਆਉਂਦੀ ਹੈ। ਨੀਂਦ ਮਾਹਿਰਾਂ ਨੇ ਪਾਇਆ ਹੈ ਕਿ ਕੁਝ ਭੋਜਨ ਨੀਂਦ ਲਿਆਉਣ ਵਿਚ ਵਿਸ਼ੇਸ਼ ਤੌਰ 'ਤੇ ਸਹਾਇਤਾ ਕਰਦੇ ਹਨ।
ਮੋਜ਼ਰੇਲਾ ਚੀਜ਼ ਇਸ ਤਰ੍ਹਾਂ ਦਾ ਖਾਣ ਵਾਲਾ ਪਦਾਰਥ ਹੈ ਜਿਸ ਵਿਚ ਟ੍ਰਿਪਟੋਫੈਨ ਹੁੰਦਾ ਹੈ। ਇਹ ਇਕ ਅਮੀਨੋ ਐਸਿਡ ਹੈ ਜੋ ਸਾਡੇ ਸਰੀਰ ਵਿਚ ਨੀਂਦ ਲਿਆਉਣ ਵਾਲੇ ਹਾਰਮੋਨਜ਼ ਮੋਲਾਟੋਨਿਨ ਅਤੇ ਸੈਰੋਟੋਨਿਨ ਬਣਾਉਣ ਵਿਚ ਮਹੱਤਵਪੂਰਨ ਹਿੱਸਾ ਲੈਂਦਾ ਹੈ।
ਕਾਰਬੋਹਾਈਡ੍ਰੇਟ ਖਾਣ ਨਾਲ ਵੀ ਸਾਡੇ ਦਿਮਾਗ਼ ਨੂੰ ਟ੍ਰਿਪਟੋਫੈਨ ਮਿਲਦਾ ਹੈ। ਇਸ ਲਈ ਰਾਤ ਨੂੰ ਚੀਜ਼ ਟੋਸਟ ਖਾਣਾ ਨੀਂਦ ਲਿਆਉਣ ਵਿਚ ਸਹਾਇਕ ਸਿੱਧ ਹੋ ਸਕਦਾ ਹੈ। ਓਟਸ ਖਾਣ ਨਾਲ ਵੀ ਉਸ ਵਿਚ ਮੌਜੂਦ ਵਿਟਾਮਿਨਜ਼ ਅਤੇ ਖਣਿਜ ਪਦਾਰਥਾਂ ਕਾਰਨ ਦਿਮਾਗ਼ ਨੂੰ ਆਰਾਮ ਮਿਲਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ। ਸੋਇਆ ਉਤਪਾਦ ਵੀ ਟ੍ਰਿਪਟੋਫੈਨ ਦੇ ਚੰਗੇ ਸਰੋਤ ਹਨ। ਟੋਫੂ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਨੀਂਦ ਲਿਆਉਣ ਵਿਚ ਸਹਾਇਕ ਹੁੰਦਾ ਹੈ। ਆਂਡਿਆਂ ਵਿਚ ਵਿਟਾਮਿਨ ਡੀ ਅਤੇ ਟ੍ਰਿਪਟੋਫੈਨ ਹੁੰਦੇ ਹਨ। ਇਹ ਵੀ ਉਨੀਂਦਰੇ ਨੂੰ ਦੂਰ ਕਰਨ ਵਿਚ ਸਹਾਇਕ ਹੈ।
ਇਹ ਵੀ ਧਿਆਨ ਰੱਖੋ ਕਿ ਭੋਜਨ ਤਾਂ ਮਹੱਤਵਪੂਰਨ ਹੈ ਹੀ, ਇਸ ਤੋਂ ਇਲਾਵਾ ਉਨੀਂਦਰੇ ਤੋਂ ਪੀੜਤ ਲੋਕਾਂ ਨੂੰ ਆਰਾਮਦੇਹ ਬਿਸਤਰ ਦੀ ਵਿਵਸਥਾ ਕਰਨੀ ਚਾਹੀਦੀ ਹੈ ਅਤੇ ਸੌਣ ਤੋਂ ਪਹਿਲਾਂ ਅਲਕੋਹਲ ਨਹੀਂ ਪੀਣੀ ਚਾਹੀਦੀ ਹੈ। ਇਹ ਤੁਹਾਡੀ ਨੀਂਦ ਲਈ ਹਾਨੀਕਾਰਕ ਹੋ ਸਕਦੀ ਹੈ।
-0-
ਪ੍ਰੋਬਾਇਓਟਿਕ ਵੀ ਮਹੱਤਵਪੂਰਨ ਹੈ
ਪ੍ਰੋਬਾਇਓਟਿਕ ਬਾਰੇ ਤਾਂ ਜ਼ਿਆਦਾਤਰ ਲੋਕਾਂ ਨੇ ਸੁਣਿਆ ਹੈ ਕਿ ਇਹ ਸਾਡੇ ਪੇਟ ਦੀ ਤੰਦਰੁਸਤੀ ਲਈ ਚੰਗੇ ਬੈਕਟੀਰੀਆ ਦਿੰਦੇ ਹਨ ਪਰ ਪ੍ਰੋਬਾਇਓਟਿਕਸ ਦੇ ਸਹੀ ਕੰਮ ਕਰਨ ਲਈ ਪ੍ਰੋਬਾਇਓਟਿਕਸ ਵੀ ਲੈਣਾ ਜ਼ਰੂਰੀ ਹੁੰਦਾ ਹੈ ਜੋ ਪ੍ਰੋਬਾਇਓਟਿਕਸ ਲਈ ਖ਼ੁਰਾਕ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਕੁਝ ਖਾਣ ਵਾਲੇ ਪਦਾਰਥਾਂ ਵਿਚ ਕੁਦਰਤੀ ਰੂਪ ਵਿਚ ਪਾਇਆ ਜਾਂਦਾ ਹੈ ਜਿਨ੍ਹਾਂ ਨੂੰ ਲਗਾਤਾਰ ਲੈਣਾ ਸਾਡੀ ਸਿਹਤ ਲਈ ਜ਼ਰੂਰੀ ਹੁੰਦਾ ਹੈ। ਇਹ ਮੂਲ ਰੂਪ ਵਿਚ ਉਨ੍ਹਾਂ ਖਾਣ ਵਾਲੀਆਂ ਚੀਜ਼ਾਂ ਵਿਚ ਹੁੰਦੇ ਹਨ ਜਿਨ੍ਹਾਂ ਵਿਚ ਫਾਈਬਰ ਜ਼ਿਆਦਾ ਹੁੰਦਾ ਹੈ। ਪ੍ਰੋਬਾਇਓਟਿਕਸ ਜਾਂ ਚੰਗਾ ਬੈਕਟੀਰੀਆ ਸਾਡੀ ਵੱਡੀ ਅੰਤੜੀ ਵਿਚ ਰਹਿੰਦੇ ਹਨ। ਉਨ੍ਹਾਂ ਲਈ ਇਹ ਫਾਈਬਰ ਵਾਲੇ ਖਾਣ ਵਾਲੀਆਂ ਚੀਜ਼ਾਂ ਭੋਜਨ ਦਾ ਕੰਮ ਕਰਦੇ ਹਨ। ਪ੍ਰੋਬਾਇਓਟਿਕਸ ਵਿਚ ਸਭ ਤੋਂ ਪਹਿਲਾ ਨਾਂਅ ਕੱਚੇ ਪਿਆਜ਼ ਦਾ ਹੈ। ਕੱਚੇ ਪਿਆਜ਼ ਵਿਚ ਪ੍ਰੋਬੀਓਇਟਕਸ ਐਂਟੀਆਕਸੀਡੈਂਟਸ ਅਤੇ ਫਲੇਬਨਾਇਡਸ ਚੰਗੀ ਮਾਤਰਾ ਵਿਚ ਹੁੰਦੇ ਹਨ। ਲਸਣ ਵੀ ਪ੍ਰੋਬਾਇਓਟਿਕ ਹੈ ਜੋ ਵੱਡੀ ਅੰਤੜੀ ਵਿਚ ਲਾਭਕਾਰੀ ਬੀਫਿਡੋਬੈਕਟੀਰੀਆ ਦੇ ਵਧਣ ਵਿਚ ਸਹਾਇਤਾ ਕਰਦਾ ਹੈ ਅਤੇ ਇਹ ਸਿਹਤ ਲਈ ਹਾਨੀਕਾਰਕ ਬੈਕਟੀਰੀਆ ਨੂੰ ਰੋਕਦਾ ਵੀ ਹੈ। ਵੀਟਗ੍ਰਾਮ ਇਕ ਚੰਗਾ ਪ੍ਰੋਬਾਇਓਟਿਕ ਭੋਜਨ ਹੈ। ਇਸ ਨੂੰ ਦਹੀਂ ਵਿਚ ਜਾਂ ਸਮੂਧੀ ਵਿਚ ਪਾ ਕੇ ਵੀ ਖਾਧਾ ਜਾ ਸਕਦਾ ਹੈ। ਛੋਲੇ ਵੀ ਚੰਗੇ ਪ੍ਰੋਬਾਇਓਟਿਕ ਦਾ ਕੰਮ ਕਰਦੇ ਹਨ। ਉਨ੍ਹਾਂ ਵਿਚ ਫਾਈਬਰ ਦੀ ਚੰਗੀ ਮਾਤਰਾ ਤੋਂ ਇਲਾਵਾ ਪ੍ਰੋਟੀਨ, ਆਇਰਨ ਅਤੇ ਬੀ ਸਮੂਹ ਦੇ ਵਿਟਾਮਿਨ ਹੁੰਦੇ ਹਨ। ਸੇਬ ਵਿਚ ਚੰਗੇ ਪ੍ਰੋਬਾਇਓਟਿਕ ਗੁਣ ਹੁੰਦੇ ਹਨ ਜੋ ਸਾਡੀਆਂ ਅੰਤੜੀਆਂ ਦੀ ਸਿਹਤਮੰਦੀ ਲਈ ਚੰਗਾ ਹੈ। ਇਨ੍ਹਾਂ ਵਿਚ ਚੰਗੀ ਮਾਤਰਾ ਵਿਚ ਐਂਟੀਆਕਸੀਡੈਂਟ ਅਤੇ ਪੋਲੀਫਿਨੋਲ ਹੁੰਦੇ ਹਨ ਅਤੇ ਲਗਾਤਾਰ ਇਕ ਜਾਂ ਦੋ ਸੇਬ ਖਾਣ ਨਾਲ ਸਾਡੀ ਹਾਜ਼ਮਾ ਸ਼ਕਤੀ ਤੇ ਮੈਟਾਬਾਲੀਜ਼ਅਮ ਵਧਦੇ ਹਨ ਅਤੇ ਐਲ.ਡੀ.ਐਲ. ਕੋਲੈਸਟਰੋਲ ਘੱਟ ਹੁੰਦਾ ਹੈ।

ਪਿਛਲੀ ਖ਼ਬਰ ਬਰਸਾਤਾਂ ਵਿਚ ਵਧਾਓ ਰੋਗਾਂ ਨਾਲ ਲੜਨ ਦੀ ਸ਼ਕਤੀ ਅਗਲੀ ਖ਼ਬਰ ਖੇਡਣਾ ਜ਼ਰੂਰੀ ਹੈ ਬੱਚਿਆਂ ਦੀ ਸਿਹਤ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।