02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਰਸਾਤਾਂ ਵਿਚ ਵਧਾਓ ਰੋਗਾਂ ਨਾਲ ਲੜਨ ਦੀ ਸ਼ਕਤੀ

ਅਜੀਤ ਡੈਸਕ 24-07-2026

ਬਰਸਾਤ ਦਾ ਮੌਸਮ ਗਰਮੀ ਵਿਚ ਰਾਹਤ ਤਾਂ ਦਿੰਦਾ ਹੈ, ਪਰ ਆਪਣੇ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਚੁਣੌਤੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿਚ ਵਾਤਾਵਰਨ ਵਿਚ ਨਮੀ ਵਧ ਜਾਂਦੀ ਹੈ। ਤਾਪਮਾਨ ਵਿਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ ਅਤੇ ਬੈਕਟੀਰੀਆ, ਵਾਇਰਸ ਅਤੇ ਉੱਲੀ ਤੇਜ਼ੀ ਨਾਲ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਸਰਦੀ, ਜ਼ੁਕਾਮ, ਵਾਇਰਲ, ਬੁਖਾਰ, ਪੇਟ ਦੇ ਸੰਕ੍ਰਮਣ, ਫੂਡ ਪੋਇਜ਼ਨਿੰਗ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਇਸ ਮੌਸਮ ਵਿਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਮੌਨਸੂਨ ਦੇ ਸਮੇਂ ਦੌਰਾਨ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਰੋਗ ਪ੍ਰਤੀਰੋਧੀ ਤਾਕਤ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ। ਇਸ ਲਈ ਖਾਣ ਵਾਲੀਆਂ ਚੀਜ਼ਾਂ ਦੀ ਚੋਣ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜਾ ਇਸ ਤਰ੍ਹਾਂ ਦਾ ਭੋਜਨ ਹੈ ਜੋ ਸਾਨੂੰ ਇਸ ਮੌਸਮ ਵਿਚ ਵਿਟਾਮਿਨ, ਖਣਿਜ, ਐਂਟੀ ਆਕਸੀਡੈਂਟਸ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਦਿੰਦੇ ਹਨ। ਆਓ ਇਸੇ ਬਾਰੇ ਜਾਣਦੇ ਹਾਂ।
ਅਦਰਕ : ਅਦਰਕ ਉਂਝ ਤਾਂ ਕਈ ਲੋਕ ਸਵਾਦ ਲਈ ਹਰ ਮੌਸਮ ਵਿਚ ਖਾਂਦੇ ਹਨ, ਪਰ ਬਾਰਿਸ਼ ਦੇ ਦਿਨਾਂ ਵਿਚ ਇਸ ਦੀ ਵਰਤੋਂ ਜ਼ਰੂਰ ਕਰੋ। ਇਸ ਵਿਚ ਮੌਜੂਦ ਐਂਟੀਇਨਫਲੇਮੈਟਰੀ ਅਤੇ ਐਂਟੀਆਕਸੀਡੈਂਟ ਗੁਣ ਸਰੀਰ ਨੂੰ ਸੰਕ੍ਰਮਣਾਂ ਨਾਲ ਲੜਨ ਵਿਚ ਮਦਦ ਕਰਦੇ ਹਨ। ਨਾਲ ਹੀ ਇਹ ਸਾਡੇ ਹਾਜ਼ਮੇ ਨੂੰ ਵੀ ਬਿਹਤਰ ਬਣਾਉਂਦਾ ਹੈ, ਜਿਸ ਨਾਲ ਪੇਟ ਦੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸਰਦੀਆਂ ਦੀਆਂ ਤਰ੍ਹਾਂ ਬਾਰਿਸ਼ ਵਿਚ ਵੀ ਅਦਰਕ ਵਾਲੀ ਚਾਹ ਗਲੇ ਨੂੰ ਆਰਾਮ ਪਹੁੰਚਾਉਂਦੀ ਹੈ ਅਤੇ ਸਰਦੀ-ਜ਼ੁਕਾਮ ਤੋਂ ਸਾਨੂੰ ਛੁਟਕਾਰਾ ਦਿਵਾਉਂਦੀ ਹੈ।
ਹਲਦੀ : ਹਲਦੀ ਵੀ ਇਕ ਇਸ ਤਰ੍ਹਾਂ ਦਾ ਭੋਜਨ ਹੈ ਜਿਸ ਦੀ ਵਰਤੋਂ ਬਾਰਿਸ਼ ਦੇ ਦਿਨਾਂ ਵਿਚ ਜ਼ਰੂਰ ਕਰਨੀ ਚਾਹੀਦੀ ਹੈ। ਹਲਦੀ ਭਾਰਤੀ ਰਸੋਈ ਦਾ ਅਨਿੱਖੜਵਾਂ ਅੰਗ ਹੈ। ਇਸ ਲਈ ਜੇਕਰ ਵਿਸ਼ੇਸ਼ ਤੌਰ 'ਤੇ ਇਸ 'ਤੇ ਧਿਆਨ ਨਾ ਵੀ ਦਿੱਤਾ ਜਾਵੇ ਤਾਂ ਵੀ ਹਲਦੀ ਅਸੀਂ ਅਕਸਰ ਖਾਂਦੇ ਹੀ ਰਹਿੰਦੇ ਹਾਂ। ਪਰ ਬਾਰਿਸ਼ ਦੇ ਦਿਨਾਂ ਵਿਚ ਇਸ ਨੂੰ ਪੂਰੀ ਸਾਵਧਾਨੀ ਨਾਲ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਪਾਇਆ ਜਾਣ ਵਾਲਾ ਕਰਕਿਊਮਿਨ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਤੱਤ, ਸੋਜ ਰੋਕੂ ਗੁਣਾਂ ਲਈ ਜਾਣਿਆ ਜਾਂਦਾ ਹੈ। ਮੌਨਸੂਨ ਵਿਚ ਹਲਦੀ ਵਾਲਾ ਦੁੱਧ ਪੀਣਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀ ਲਗਾਤਾਰ ਰੱਖਿਆ ਪ੍ਰਣਾਲੀ ਮਜ਼ਬੂਤ ਬਣੀ ਰਹਿੰਦੀ ਹੈ। ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਉਂਝ ਤਾਂ ਹਲਦੀ ਬੇਹੱਦ ਰੋਗ ਪ੍ਰਤੀਰੋਧੀ ਸ਼ਕਤੀ ਰੱਖਦੀ ਹੈ, ਪਰ ਇਸ ਦੀ ਵਰਤੋਂ ਸੰਤੁਲਿਤ ਮਾਤਰਾ ਵਿਚ ਹੀ ਕਰਨੀ ਚਾਹੀਦੀ ਹੈ।
ਲਸਣ : ਲਸਣ ਵਿਚ ਕੁਦਰਤੀ ਐਂਟੀਬਾਇਓਟਿਕ ਤੱਤ ਪਾਏ ਜਾਂਦੇ ਹਨ। ਇਸ ਵਿਚ ਐਲੀਸਿਨ ਨਾਂਅ ਦਾ ਤੱਤ ਪਾਇਆ ਜਾਂਦਾ ਹੈ, ਜੋ ਕਈ ਤਰ੍ਹਾਂ ਦੇ ਸੂਖਮਜੀਵੀਆਂ ਵਿਰੁੱਧ ਪ੍ਰਭਾਵੀ ਹੁੰਦੇ ਹਨ। ਲਗਾਤਾਰ ਲਸਣ ਦੀ ਥੋੜ੍ਹੀ ਮਾਤਰਾ ਵਿਚ ਵਰਤੋਂ ਕੀਤੀ ਜਾਵੇ ਤਾਂ ਇਹ ਕਈ ਤਰ੍ਹਾਂ ਦੇ ਸੰਕ੍ਰਮਣਾਂ ਨੂੰ ਖ਼ਤਮ ਕਰ ਦਿੰਦਾ ਹੈ ਅਤੇ ਇਹ ਬਾਰਿਸ਼ ਦੇ ਦਿਨਾਂ ਵਿਚ ਬਹੁਤ ਲਾਭਕਾਰੀ ਹੁੰਦਾ ਹੈ। ਕਿਉਂਕਿ ਇਨ੍ਹੀਂ ਦਿਨੀਂ ਤੇਜ਼ੀ ਨਾਲ ਹੋਣ ਵਾਲੇ ਸੰਕ੍ਰਮਣਾਂ ਤੋਂ ਇਹ ਬਚਾਉਂਦਾ ਹੈ।
ਦਹੀਂ : ਬਰਸਾਤ ਦੇ ਮੌਸਮ ਵਿਚ ਹਾਜ਼ਮਾਤੰਤਰ ਨੂੰ ਸਿਹਤਮੰਦ ਰੱਖਣ ਵਿਚ ਦਹੀਂ ਅਤੇ ਲੱਸੀ ਦੀ ਅਹਿਮ ਭੂਮਿਕਾ ਹੈ, ਪਰ ਕਈ ਲੋਕ ਬਾਰਿਸ਼ ਦੇ ਦਿਨਾਂ ਵਿਚ ਦਹੀਂ ਖਾਣ ਤੋਂ ਬਚਦੇ ਹਨ, ਜਦ ਕਿ ਇਸ ਦੇ ਖਾਣ ਅੰਤੜੀਆਂ ਵਿਚ ਚੰਗੇ ਬੈਕਟੀਰੀਆ ਵਧਦੇ ਹਨ। ਹਾਜ਼ਮਾ ਵੀ ਬਿਹਤਰ ਹੁੰਦਾ ਹੈ ਅਤੇ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਵੀ ਸਮਰਥਨ ਮਿਲਦਾ ਹੈ।
ਮੌਸਮੀ ਫਲ ਅਤੇ ਸੁੱਕੇ ਮੇਵੇ : ਮੌਨਸੂਨ ਵਿਚ ਉਪਲਬਧ ਕਈ ਫਲ ਵਿਟਾਮਿਨ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਜਿਵੇਂ ਜਾਮਣ, ਨਾਸ਼ਪਤੀ, ਆਲੂਬੁਖਾਰਾ, ਸੇਬ ਅਤੇ ਅਨਾਰ। ਇਨ੍ਹੀਂ ਦਿਨੀਂ ਇਹ ਫਲ ਖਾਣ ਨਾਲ ਸਰੀਰ ਦੇ ਪੋਸ਼ਣ ਦੇ ਨਾਲ-ਨਾਲ ਰੋਗ-ਪ੍ਰਤੀਰੋਧੀ ਸ਼ਕਤੀ ਨੂੰ ਵੀ ਮਜ਼ਬੂਤੀ ਮਿਲਦੀ ਹੈ। ਪਰ ਫਲ ਹਮੇਸ਼ਾ ਧੋ ਕੇ ਅਤੇ ਤਾਜ਼ੇ ਹੀ ਖਾਣੇ ਚਾਹੀਦੇ ਹਨ। ਕੱਟੇ ਹੋਏ ਫਲ ਜਾਂ ਕੱਟ ਕੇ ਫਰਿੱਜ ਵਿਚ ਰੱਖੇ ਫਲ ਖਾਣ ਤੋਂ ਬਚਣਾ ਚਾਹੀਦਾ ਹੈ।

ਪਿਛਲੀ ਖ਼ਬਰ ਪਹਿਲਾ ਸੁੱਖ ਨਿਰੋਗੀ ਕਾਇਆ ਅਗਲੀ ਖ਼ਬਰ ਉਨੀਂਦਰਾ ਦੂਰ ਕਰਦਾ ਹੈ ਭੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।