ਜੇਕਰ ਤੁਹਾਨੂੰ ਆਲਸ, ਤਣਾਅ, ਉਦਾਸੀ ਮਹਿਸੂਸ ਹੁੰਦੀ ਹੈ ਤਾਂ ਤੁਸੀਂ 'ਸੈਡ' ਦੀ ਪਕੜ ਵਿਚ ਹੋ। 'ਸੈਡ' ਭਾਵ ਮੌਸਮੀ ਪ੍ਰਭਾਵੀ ਵਿਕਾਰ। ਮੌਨਸੂਨ ਵਿਚ ਸੂਰਜ ਦੀ ਰੌਸ਼ਨੀ ਘੱਟ ਹੋ ਜਾਣ ਜਾਂ ਕਈ ਦਿਨਾਂ ਤੱਕ ਉਸ ਦੇ ਛੁਪੇ ਰਹਿਣ ਨਾਲ ਇਹ ਪ੍ਰੇਸ਼ਾਨੀ ਹੁੰਦੀ ਹੈ, ਪਰ ਕੁਝ ਛੋਟੀਆਂ-ਛੋਟੀਆਂ ਗੱਲਾਂ 'ਤੇ ਅਮਲ ਕਰਨ ਨਾਲ ਇਹ ਉਦਾਸੀ ਦੂਰ ਹੋ ਸਕਦੀ ਹੈ।
ਕੀ ਇਹ ਬਿਮਾਰੀ ਹੈ? : 'ਸੈਡ' ਇਕ ਨਿਸ਼ਾਨੀ ਹੈ, ਇਸ ਦਾ ਖੁਲਾਸਾ ਕੁਝ ਸਮਾਂ ਪਹਿਲਾਂ ਹੋਇਆ ਹੈ। 1984 ਵਿਚ ਇਸ ਨੂੰ 'ਮੂਡ ਡਿਸਆਰਡਰ' ਦੇ ਤੌਰ 'ਤੇ ਲਿਆ ਜਾਂਦਾ ਸੀ। ਸੂਰਜ ਦੀ ਘੱਟ ਰੌਸ਼ਨੀ ਕਾਰਨ ਬਾਇਓਲਾਜੀਕਲ ਕਲਾਕ ਸੰਤੁਲਿਤ ਢੰਗ ਨਾਲ ਕੰਮ ਨਹੀਂ ਕਰ ਪਾਉਂਦਾ ਜਿਸ ਨਾਲ ਹਾਰਮੋਨਜ਼ ਪ੍ਰਭਾਵਿਤ ਹੁੰਦੇ ਹਨ, ਵਿਟਾਮਿਨ-ਡੀ ਅਤੇ ਸੈਰੋਟਾਨਿਨ ਦਾ ਪੱਧਰ ਡਿੱਗ ਜਾਂਦਾ ਹੈ।
ਸਾਇਕੋਥੈਰੇਪਿਸਟ ਅਤੇ ਬਿਹੇਵੀਅਰ ਸਕਿਲਜ਼ ਸਪੈਸ਼ਲਿਸਟ 'ਸੈਡ' ਨੂੰ ਕਲੀਨਿਕਲ ਤਣਾਅ ਮੰਨਦੇ ਹਨ, ਜਿਸ ਲਈ ਠੰਢਾ ਮੌਸਮ ਟ੍ਰਿਗਰ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਡਿਪ੍ਰੈਸਿਵ ਡਿਸਆਰਡਰ ਹੈ ਜੋ ਮੌਸਮ 'ਤੇ ਨਿਰਭਰ ਕਰਦਾ ਹੈ ਅਤੇ ਮੌਸਮ ਬਦਲਣ ਨਾਲ ਇਹ ਖ਼ਤਮ ਹੋ ਜਾਂਦਾ ਹੈ।
ਕਈ ਵਾਰ 'ਸੈਡ' ਨੂੰ ਮੂਡ ਸਵਿੰਗ ਵੀ ਮੰਨ ਲਿਆ ਜਾਂਦਾ ਹੈ। ਮੈਲਾਟੋਨਿਨ ਹਾਰਮੋਨ ਜੋ ਸੌਣ ਅਤੇ ਜਾਗਣ ਦੇ ਸਾਈਕਲ ਲਈ ਜ਼ਿੰਮੇਦਾਰ ਹਨ, ਇਸ ਦੀ ਵਜ੍ਹਾ ਨਾਲ ਉਹ ਪ੍ਰਭਾਵਿਤ ਹੁੰਦਾ ਹੈ। ਸਰੀਰ ਨੂੰ ਇਸ ਗੱਲ ਦੇ ਸੰਕੇਤ ਮਿਲਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਕਿ ਕਦੋਂ ਜਾਗਣਾ ਹੈ। 'ਸੈਡ' ਲਈ ਵਿਰਾਸਤੀ ਅਤੇ ਵਾਤਾਵਰਨਕ ਕਾਰਨ ਵੀ ਦੋਸ਼ੀ ਹੋ ਸਕਦੇ ਹਨ।
ਕਿਨ੍ਹਾਂ ਨੂੰ ਹੈ ਖ਼ਤਰਾ
ਜੋ ਲੋਕ ਕੁਦਰਤ ਪ੍ਰਤੀ ਸੰਵੇਦਨਸ਼ੀਲ ਹਨ ਉਨ੍ਹਾਂ ਨੂੰ ਇਸ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਸੂਰਜ ਦੀ ਘੱਟ ਰੌਸ਼ਨੀ ਕਾਰਨ ਲੋਕਾਂ ਦੇ ਸਰੀਰ 'ਚੋਂ ਵਿਟਾਮਿਨ ਡੀ ਦੀ ਮਾਤਰਾ ਘੱਟ ਹੋ ਜਾਂਦੀ ਹੈ। ਮੌਨਸੂਨ ਵਿਚ ਬਾਡੀ ਕਲਾਕ ਬਦਲ ਜਾਂਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਹਮੇਸ਼ਾ ਨੀਂਦ ਦਾ ਅਨੁਭਵ ਹੁੰਦਾ ਹੈ।
ਕੀ ਹੁੰਦਾ ਹੈ : ਇਸ ਤੋਂ ਪੀੜਤ ਵਿਅਕਤੀ ਦਾ ਕਿਸੇ ਵੀ ਕੰਮ ਵਿਚ ਮਨ ਨਹੀਂ ਲਗਦਾ। ਉਨ੍ਹਾਂ ਨੂੰ ਰੋਣ ਦੀ ਇੱਛਾ ਹੁੰਦੀ ਹੈ। ਇਨਸੋਮਨੀਆ, ਭੁੱਖ ਵਿਚ ਕਮੀ ਦੇ ਨਾਲ-ਨਾਲ ਆਤਮ-ਵਿਸ਼ਵਾਸ ਵਿਚ ਵੀ ਕਮੀ ਆ ਜਾਂਦੀ ਹੈ। ਜੇਕਰ 'ਸੈਡ' ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਲੋਕਾਂ ਵਿਚ ਖੁਦਕੁਸ਼ੀ ਕਰਨ ਤੱਕ ਨੌਬਤ ਆ ਜਾਂਦੀ ਹੈ।
ਇਲਾਜ ਕੀ ਹੈ : 'ਸੈਡ' ਵਿਚ ਲਾਈਟ ਥੈਰੇਪੀ ਸਭ ਤੋਂ ਕਾਰਗਰ ਮੰਨੀ ਜਾਂਦੀ ਹੈ। ਇਸ ਵਿਚ ਰੋਗੀ ਨੂੰ ਸਪੈਸ਼ਲ ਲਾਈਟ ਦੇ ਸਾਹਮਣੇ ਰੋਜ਼ਾਨਾ 30 ਮਿੰਟ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਬਿਠਾਇਆ ਜਾਂਦਾ ਹੈ। ਐਂਟੀ ਡਿਪ੍ਰੇਸੈਂਟ ਦੀ ਡੋਜ਼ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਕਾਗਨੈਟਿਵ ਬਿਹੇਵੀਅਰ ਥੈਰੇਪੀ ਵੀ ਕੀਤੀ ਜਾਂਦੀ ਹੈ। ਇਕ ਮਾਹਿਰ ਦਾ ਕਹਿਣਾ ਹੈ ਕਿ ਇਨ੍ਹਾਂ ਸਭ ਇਲਾਜਾਂ ਤੋਂ ਇਲਾਵਾ ਵਿਅਕਤੀ ਨੂੰ ਸਰੀਰ ਅਤੇ ਦਿਮਾਗ਼ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਸੰਤੁਲਿਤ ਭੋਜਨ ਲੈਣਾ ਜ਼ਰੂਰੀ ਹੁੰਦਾ ਹੈ।
ਤਲੀਆਂ-ਭੁੱਜੀਆਂ ਚੀਜ਼ਾਂ ਤੋਂ ਦੂਰ ਰਹੋ, ਸੂਪ ਪੀਓ, ਸਲਾਦ ਖਾਓ ਅਤੇ ਭਰਪੂਰ ਮਾਤਰਾ ਵਿਚ ਪਾਣੀ ਪੀਓ। ਬਰਸਾਤ ਵਿਚ ਬਾਹਰ ਕਸਰਤ ਕਰਨਾ ਮਨ੍ਹਾਂ ਹੈ, ਇਸ ਲਈ ਘਰ ਅੰਦਰ ਹੀ ਹਲਕੀ-ਫੁਲਕੀ ਕਸਰਤ ਕਰੋ। ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਦੋਸਤਾਂ ਨੂੰ ਮਿਲੋ, ਸ਼ਾਪਿੰਗ ਕਰੋ ਜਾਂ ਇਸ ਤਰ੍ਹਾਂ ਦਾ ਹੀ ਕੋਈ ਮਨਪਸੰਦ ਕੰਮ ਕਰ ਸਕਦੇ ਹੋ।
'ਸੈਡ' ਕਰਦਾ ਹੈ ਮੌਨਸੂਨ
ਅਜੀਤ ਡੈਸਕ
24-07-2026