ਬੰਗਲਾਦੇਸ਼ ਦੀਆਂ ਹੋਈਆਂ ਤਾਜ਼ਾ ਚੋਣਾਂ ਵਿਚ 20 ਸਾਲ ਦੇ ਅਰਸੇ ਤੋਂ ਬਾਅਦ ਤਾਰਿਕ ਰਹਿਮਾਨ ਦੀ ਅਗਵਾਈ ਵਿਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। 2008 ਤੋਂ 2024 ਤੱਕ ਸ਼ੇਖ਼ ਹਸੀਨਾ ਦੀ ਅਗਵਾਈ ਵਿਚ ਅਵਾਮੀ ਲੀਗ ਨੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਹੈ। ਚਾਹੇ ਸ਼ੇਖ਼ ਹਸੀਨਾ ਨੂੰ ਸਖ਼ਤ ਪ੍ਰਸ਼ਾਸਕ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਪਰ ਉਸ ਵਿਰੁੱਧ ਦੇਸ਼ ਵਿਚ ਉੱਠੀ ਬਗ਼ਾਵਤ ਦਾ ਕਾਰਨ ਵੀ ਉਸ ਦੀਆਂ ਤਾਨਾਸ਼ਾਹੀ ਨੀਤੀਆਂ ਨੂੰ ਮੰਨਿਆ ਗਿਆ ਹੈ। ਪਰ ਸ਼ੇਖ਼ ਹਸੀਨਾ ਆਪਣੇ ਨੇੜਲੇ ਵੱਡੇ ਗੁਆਂਢੀ ਭਾਰਤ ਦੇ ਮਹੱਤਵ ਨੂੰ ਜਾਣਦੀ ਸੀ। ਭਾਰਤ ਨੇ ਹੀ ਉਸ ਦੇ ਪਿਤਾ ਸ਼ੇਖ਼ ਮੁਜੀਬਰ ਰਹਿਮਾਨ ਵਲੋਂ ਪਾਕਿਸਤਾਨ ਤੋਂ ਆਜ਼ਾਦੀ ਦੀ ਵਿੱਢੀ ਲੜਾਈ ਵਿਚ ਵੱਡੀ ਮਦਦ ਕੀਤੀ ਸੀ, ਪਰ ਇਸ ਦੇ ਨਾਲ-ਨਾਲ ਉੱਥੇ ਲਗਾਤਾਰ ਜਮਾਤ-ਏ-ਇਸਲਾਮੀ ਵਰਗੀ ਕੱਟੜਪੰਥੀ ਪਾਰਟੀ ਦਾ ਵੀ ਪ੍ਰਭਾਵ ਬਣਿਆ ਰਿਹਾ ਹੈ।
ਸ਼ੇਖ਼ ਹਸੀਨਾ ਦੀ ਪ੍ਰਸ਼ਾਸਨਿਕ ਸ਼ਕਤੀ ਦਾ ਇਕ ਪਹਿਲੂ ਇਹ ਵੀ ਸੀ ਕਿ ਉਸ ਨੇ ਆਪਣੇ ਸਮੇਂ ਵਿਚ ਅੱਤਵਾਦੀ ਸੰਗਠਨਾਂ ਨਾਲ ਜੁੜੀਆਂ ਪਾਰਟੀਆਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਸੀ ਦਿੱਤਾ, ਪਰ ਜਦੋਂ ਖ਼ਾਲਿਦਾ ਜ਼ੀਆ ਦੀ ਬੰਗਲਾਦੇਸ਼ ਨੈਸ਼ਨਲ ਪਾਰਟੀ ਨੇ ਸਾਲ 2001 ਤੋਂ 2006 ਤੱਕ ਦੇਸ਼ ਦਾ ਪ੍ਰਸ਼ਾਸਨ ਚਲਾਇਆ ਸੀ ਤਾਂ ਉਸ ਸਮੇਂ ਉਹ ਜਮਾਤ-ਏ-ਇਸਲਾਮੀ ਦੀ ਭਾਈਵਾਲ ਪਾਰਟੀ ਸੀ। ਉਸ ਸਮੇਂ ਅੱਤਵਾਦੀ ਸੰਗਠਨਾਂ ਨੂੰ ਖੁੱਲ੍ਹ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸੇ ਕਰਕੇ ਉਸ ਅਰਸੇ ਵਿਚ ਭਾਰਤ ਅਤੇ ਬੰਗਲਾਦੇਸ਼ ਦੇ ਸੰਬੰਧਾਂ ਵਿਚ ਵੱਡਾ ਤਣਾਅ ਬਣਿਆ ਰਿਹਾ ਸੀ। ਹੁਣ ਦੀਆਂ ਚੋਣਾਂ ਤੋਂ ਪਹਿਲਾਂ ਅਵਾਮੀ ਲੀਗ 'ਤੇ ਪਾਬੰਦੀ ਲਾ ਦਿੱਤੀ ਸੀ, ਇਸ ਲਈ ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਇਸ ਕਰਕੇ ਸਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਕ ਬੇਹੱਦ ਪ੍ਰਭਾਵਸ਼ਾਲੀ ਰਹੀ ਪਾਰਟੀ ਨੂੰ ਚੋਣਾਂ ਵਿਚ ਹਿੱਸਾ ਨਹੀਂ ਲੈਣ ਦਿੱਤਾ ਗਿਆ। ਖ਼ਾਲਿਦਾ ਜ਼ੀਆ ਦਾ ਬੇਟਾ ਤਾਰਿਕ ਰਹਿਮਾਨ ਪਿਛਲੇ 17 ਸਾਲਾਂ ਤੋਂ ਇੰਗਲੈਂਡ ਵਿਚ ਆਪੇ ਸਿਰਜੀ ਜਲਾਵਤਨੀ ਵਿਚ ਰਿਹਾ ਹੈ। ਇਸ ਵਾਰ ਉਸ ਦੀ ਪਾਰਟੀ ਨੇ ਕੱਟੜਪੰਥੀ ਜਮਾਤ-ਏ-ਇਸਲਾਮੀ ਨਾਲ ਸਮਝੌਤਾ ਨਹੀਂ ਕੀਤਾ, ਜਦੋਂ ਕਿ ਪਿਛਲੇ 18 ਮਹੀਨੇ ਮੁਹੰਮਦ ਯੂਨੁਸ ਦੀ ਅੰਤਰਿਮ ਸਰਕਾਰ ਦੇ ਹੁੰਦਿਆਂ ਇਹ ਸੰਗਠਨ ਅਤੇ ਇਨ੍ਹਾਂ ਨਾਲ ਸੰਬੰਧਿਤ ਛੋਟੀਆਂ ਵੱਡੀਆਂ ਪਾਰਟੀਆਂ ਨੇ ਊਧਮ ਮਚਾਈ ਰੱਖਿਆ ਸੀ। ਇਸ ਸਮੇਂ ਵਿਚ ਵੱਡੀ ਪੱਧਰ 'ਤੇ ਹਿੰਸਾ ਫੈਲੀ। ਘੱਟ ਗਿਣਤੀ, ਖ਼ਾਸ ਤੌਰ 'ਤੇ ਹਿੰਦੂਆਂ ਨੂੰ ਉੱਥੇ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਬਹੁਤ ਸਾਰੇ ਘੱਟ ਗਿਣਤੀ ਨਾਲ ਸੰਬੰਧਿਤ ਲੋਕਾਂ ਨੂੰ ਮਾਰ ਦਿੱਤਾ ਗਿਆ ਅਤੇ ਹਜ਼ਾਰਾਂ ਹੀ ਹਿੰਸਕ ਵਾਰਦਾਤਾਂ ਹੋਈਆਂ, ਜਿਨ੍ਹਾਂ ਨੂੰ ਮੁਹੰਮਦ ਯੂਨੁਸ ਦੀ ਸਰਕਾਰ ਰੋਕਣ 'ਚ ਨਾਕਾਮ ਰਹੀ।
ਇਸੇ ਹੀ ਸਮੇਂ ਵਿਚ ਉਸ ਨੇ ਚੀਨ ਅਤੇ ਪਾਕਿਸਤਾਨ ਨਾਲ ਵਧੇਰੇ ਦੋਸਤੀ ਵਧਾਈ ਅਤੇ ਇਕ ਤਰ੍ਹਾਂ ਨਾਲ ਭਾਰਤ ਨੂੰ ਅਣਗੌਲਿਆ ਕਰੀ ਰੱਖਿਆ, ਪਰ ਤਾਰਿਕ ਰਹਿਮਾਨ ਦੇ ਪਿਛਲੇ ਦਿਨੀਂ ਸਾਹਮਣੇ ਆਏ ਬਿਆਨਾਂ ਤੋਂ ਇਹ ਜ਼ਰੂਰ ਲਗਦਾ ਰਿਹਾ ਕਿ ਉਹ ਆਪਣੇ ਪ੍ਰਸ਼ਾਸਨ ਵਿਚ ਫਿਰਕੂ ਅਨਸਰਾਂ ਨੂੰ ਭਾਰੂ ਨਹੀਂ ਹੋਣ ਦੇਵੇਗਾ ਅਤੇ ਕੱਟੜਵਾਦਤਾ ਨੂੰ ਆਪਣੇ ਤੋਂ ਦੂਰ ਰੱਖਣ ਦਾ ਯਤਨ ਕਰੇਗਾ। ਸ਼ੇਖ਼ ਹਸੀਨਾ ਨੇ ਆਪਣੇ 15 ਸਾਲਾਂ ਦੇ ਪ੍ਰਸ਼ਾਸਨ ਵਿਚ ਸਿਆਸੀ ਖਲਬਲੀ 'ਤੇ ਕਾਬੂ ਪਾਈ ਰੱਖਿਆ ਅਤੇ ਸਖ਼ਤੀ ਨਾਲ ਘੱਟ ਗਿਣਤੀ ਫਿਰਕਿਆਂ ਦੀ ਮਦਦ ਕੀਤੀ ਅਤੇ ਆਰਥਿਕ ਮੁਹਾਜ਼ 'ਤੇ ਵੀ ਦੇਸ਼ ਨੂੰ ਅੱਗੇ ਵਧਾਇਆ ਸੀ। ਪਰ ਉਸਦੀ ਸਰਕਾਰ ਜਾਣ ਤੋਂ ਬਾਅਦ ਪਿਛਲੇ ਡੇਢ ਸਾਲ ਰਹੀ ਗੜਬੜ ਸਮੇਂ ਭਾਰਤ ਨਾਲ ਬੰਗਲਾਦੇਸ਼ ਦੇ ਸੰਬੰਧ ਵਿਗੜੇ ਰਹੇ। ਹੁਣ ਤਾਰਿਕ ਰਹਿਮਾਨ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੈ ਕਿ ਭਾਰਤ ਨਾ ਸਿਰਫ਼ ਉਸ ਦਾ ਨੇੜਲਾ ਗੁਆਂਢੀ ਹੀ ਹੈ, ਸਗੋਂ ਦੋਹਾਂ ਦੇਸ਼ਾਂ ਦੀ 4000 ਕਿਲੋਮੀਟਰ ਲੰਬੀ ਸਰਹੱਦ ਵੀ ਸਾਂਝੀ ਹੈ। ਪਿਛਲੇ ਸਮੇਂ ਵਿਚ ਭਾਰਤ ਬੰਗਲਾਦੇਸ਼ ਦਾ ਵੱਡਾ ਸਹਿਯੋਗੀ ਹੀ ਨਹੀਂ ਬਣਿਆ ਰਿਹਾ, ਸਗੋਂ ਦੋਹਾਂ ਦੇਸ਼ਾਂ ਦਾ ਆਪਸੀ ਵਪਾਰ ਵੀ ਹੋਰ ਦੇਸ਼ਾਂ ਨਾਲੋਂ ਕਿਤੇ ਵਧੇਰੇ ਸੀ। ਦੋਹਾਂ ਦੇਸ਼ਾਂ ਦੀਆਂ ਨਦੀਆਂ ਤੱਕ ਸਾਂਝੀਆਂ ਹਨ।
ਚਾਹੇ ਪਿਛਲੇ ਅਰਸੇ ਵਿਚ ਚੀਨ ਨੇ ਬੰਗਲਾਦੇਸ਼ ਦੀ ਮਦਦ ਲਈ ਆਪਣਾ ਹੱਥ ਵਧਾਈ ਰੱਖਿਆ ਅਤੇ ਪਾਕਿਸਤਾਨ ਨੇ ਵੀ ਮੁੜ ਬੰਗਲਾਦੇਸ਼ ਅੰਦਰ ਆਪਣਾ ਪ੍ਰਭਾਵ ਬਣਾਉਣ ਦਾ ਯਤਨ ਕੀਤਾ ਪਰ ਹੁਣ ਤਾਰਿਕ ਰਹਿਮਾਨ ਇਸ ਸਮੁੱਚੀ ਸਥਿਤੀ ਨਾਲ ਕਿਵੇਂ ਨਿਪਟਦਾ ਹੈ, ਇਹ ਜ਼ਰੂਰ ਵੇਖਣ ਵਾਲੀ ਗੱਲ ਹੋਵੇਗੀ। ਸ਼ੇਖ਼ ਹਸੀਨਾ ਦੀ ਭਾਰਤ ਵਿਚ ਪਨਾਹ ਨੂੰ ਲੈ ਕੇ ਬੰਗਲਾਦੇਸ਼ ਦਾ ਪ੍ਰਸ਼ਾਸਨ ਪਹਿਲਾਂ ਵੀ ਅਤੇ ਹੁਣ ਵੀ ਉਸ ਨੂੰ ਬੰਗਲਾਦੇਸ਼ ਨੂੰ ਸੌਂਪਣ ਦੀ ਗੱਲ ਜ਼ਰੂਰ ਕਰਦਾ ਰਿਹਾ ਹੈ ਪਰ ਇਸ ਸਮੇਂ ਭਾਰਤ ਲਈ ਅਜਿਹਾ ਕਰਨਾ ਬੇਹੱਦ ਮੁਸ਼ਕਿਲ ਜਾਪਦਾ ਹੈ। ਆਉਂਦੇ ਸਮੇਂ ਵਿਚ ਦੋਵੇਂ ਦੇਸ਼ ਇਕ-ਦੂਸਰੇ ਨਾਲ ਕਿਸ ਤਰ੍ਹਾਂ ਵਿਚਰਦੇ ਹਨ, ਦੁਵੱਲੇ ਮਸਲਿਆਂ ਪ੍ਰਤੀ ਦੋਵਾਂ ਦੇਸ਼ਾਂ ਨੂੰ ਪ੍ਰੋੜ੍ਹ ਸੋਚ ਦੀ ਹੀ ਜ਼ਰੂਰਤ ਹੋਵੇਗੀ, ਅਤੇ ਅਜਿਹਾ ਅਮਲ ਵਿਚ ਲਿਆਉਣਾ ਦੋਹਾਂ ਲਈ ਵੱਡੀ ਮਹੱਤਤਾ ਵਾਲੀ ਗੱਲ ਹੋਵੇਗਾ।
-ਬਰਜਿੰਦਰ ਸਿੰਘ ਹਮਦਰਦ