ਭਾਰਤ ਵਿਚ ਪਤੰਗ ਦੀ ਸ਼ੁਰੂਆਤ ਬਾਰੇ ਪੂਰੀ ਤਰ੍ਹਾਂ ਨਿਸਚਿਤ ਸਮੇਂ ਦਾ ਪਤਾ ਤਾਂ ਨਹੀਂ ਮਿਲਦਾ, ਪਰ ਇਤਿਹਾਸਕਾਰਾਂ ਦੀ ਸਹਿਮਤੀ ਅਨੁਸਾਰ ਪਤੰਗ ਦੀ ਖੋਜ ਚੀਨ ਵਿਚ ਲਗਭਗ 2000-2500 ਸਾਲ ਪਹਿਲਾਂ ਹੋਈ। ਵਪਾਰ ਅਤੇ ਸੱਭਿਆਚਾਰਕ ਸੰਪਰਕਾਂ ਰਾਹੀਂ ਇਹ ਭਾਰਤ ਸਮੇਤ ਏਸ਼ੀਆ ਦੇ ਹੋਰ ਦੇਸ਼ਾਂ ਤੱਕ ਪਹੁੰਚੀ। ਜੇਕਰ ਆਪਾਂ ਭਾਰਤ ਵਿਚ ਪਤੰਗਾਂ ਦੇ ਪ੍ਰਚਲਨ ਦੀ ਗੱਲ ਕਰੀਏ ਤਾਂ ਇਸ ਦੀ ਭਾਰਤ ਵਿਚ ਵਰਤੋਂ ਪੁਰਾਤਨ ਸਮਿਆਂ ਤੋਂ ਮਿਲਦੀ ਹੈ। ਖਾਸ ਤੌਰ 'ਤੇ ਮੱਧਕਾਲੀ ਦੌਰ ਵਿਚ (ਮੁਗ਼ਲ ਸਮੇਂ) ਪਤੰਗਬਾਜ਼ੀ ਬਹੁਤ ਲੋਕਪ੍ਰਿਯ ਹੋਈ। ਅਕਬਰ, ਜਹਾਂਗੀਰ ਵਰਗੇ ਮੁਗ਼ਲ ਬਾਦਸ਼ਾਹ ਪਤੰਗਬਾਜ਼ੀ ਦੇ ਸ਼ੌਕੀਨ ਸਨ। ਮੰਨਿਆ ਜਾਂਦਾ ਹੈ ਕਿ ਪਤੰਗਬਾਜ਼ੀ ਰਾਹੀਂ ਬਾਦਸ਼ਾਹ ਜਨਤਾ ਦੇ ਨੇੜੇ ਆਉਂਦੇ ਸਨ। ਜਦੋਂ ਬਾਦਸ਼ਾਹ ਜਨਤਕ ਤੌਰ 'ਤੇ ਪਤੰਗ ਉਡਾਉਂਦੇ ਸਨ, ਤਾਂ ਉਨ੍ਹਾਂ ਦੀ ਆਪਣੇ ਅਵਾਮ ਨਾਲ ਨਜ਼ਦੀਕੀ ਬਣਦੀ ਸੀ ਅਤੇ ਬਾਦਸ਼ਾਹ ਦੀ ਲੋਕਪ੍ਰਿਯਤਾ ਵਧਦੀ ਸੀ। ਇਸ ਤਰ੍ਹਾਂ ਸੱਤਾ ਅਤੇ ਸਮਾਜ ਵਿਚ ਵਿੱਥ ਘਟਦੀ ਸੀ। ਇਸ ਤਰ੍ਹਾਂ ਮੁਗ਼ਲ ਕਾਲ ਸਮੇਂ ਪਤੰਗਬਾਜ਼ੀ ਜਿੱਥੇ ਬਾਦਸ਼ਾਹਾਂ ਦੇ ਸ਼ੌਂਕ ਨਾਲ ਜੁੜੀ ਹੋਈ ਸੀ, ਉਥੇ ਹੀ ਉਹ ਬਹੁ-ਦਿਸ਼ਾਵੀ ਅਰਥ ਵੀ ਰੱਖਦੀ ਸੀ। ਭਾਵ ਮੁਗ਼ਲ ਕਾਲ ਵਿਚ ਪਤੰਗਬਾਜ਼ੀ ਮਨੋਰੰਜਨ, ਰਸਮ, ਸਿਆਸਤ, ਪ੍ਰਤੀਕ ਆਦਿ ਕੁਲ ਮਿਲਾਕੇ ਬੜਾ ਕੁਝ ਸੀ। ਮਿਲ ਰਹੀ ਲਿਖਤੀ ਜਾਣਕਾਰੀ ਮੁਤਾਬਿਕ ਭਾਰਤ ਵਿਚ ਪਤੰਗ ਮਕਰ ਸੰਕਰਾਂਤੀ, ਲੋਹੜੀ, ਉੱਤਰਾਇਣ, ਬਸੰਤ ਪੰਚਮੀ ਵਰਗੇ ਤਿਉਹਾਰਾਂ ਨਾਲ ਜੁੜੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਵਿਚ ਪਤੰਗਬਾਜ਼ੀ ਦੇ ਪ੍ਰਚਲਣ ਨੇ ਖੂਬ ਜ਼ੋਰ ਫੜਿਆ ਅਤੇ ਫਿਰ ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਸ਼ਹਿਰਾਂ ਵਿਚ ਬਸੰਤ ਸਮੇਂ ਛੱਤਾਂ 'ਤੇ ਪਤੰਗਾਂ ਅਤੇ ਬੋ ਕੱਟਾ ਦੀਆਂ ਆਵਾਜ਼ਾਂ ਆਮ ਗੱਲ ਜਿਹੀ ਬਣ ਗਈ।
ਉਪਰੋਕਤ ਵਿਖਿਆਨ ਵਿਚ ਕਾਫ਼ੀ ਕੁਝ ਠੀਕ ਹੈ ਕਿ ਮਾਘੀ ਦੇ ਮਹੀਨੇ ਵਿਚ ਬਸੰਤ ਦੀ ਆਮਦ ਜੀਵਨ ਉੱਤੇ ਨਵੀਂ ਨੁਹਾਰ ਲੈ ਕੇ ਆਉਂਦੀ ਹੈ। 'ਆਈ ਬਸੰਤ ਪਾਲਾ ਉੜੰਤ' 'ਝੜ ਚੱਲ ਪੱਤਿਆ ਹੁਣ ਰੁੱਤ ਨਵਿਆਂ ਦੀ ਆਈ ਹੈ' ਇਹ ਕਹਾਵਤਾਂ ਪੰਜਾਬ ਵਿਚ ਆਮ ਹੀ ਪ੍ਰਚੱਲਤ ਹਨ। ਬਸੰਤ ਰੁੱਤ ਦੇ ਆਉਣ ਨਾਲ ਲੋਕ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਖੁੱਲ੍ਹਦੇ ਹਨ। ਲੋਕ ਬਸੰਤ ਪੰਚਮੀ ਮਨਾਉਂਦੇ ਹਨ। ਪਰ ਮਕਾਨਾਂ ਦੀਆਂ ਛੱਤਾਂ ਉੱਤੇ ਬੱਚੇ ਜੋ ਪਤੰਗ ਉਡਾਉਂਦੇ ਹਨ, ਅਜਿਹੀ ਪਤੰਗਬਾਜ਼ੀ ਦਾ ਮੌਜੂਦਾ ਪੰਜਾਬ ਵਿਚ ਪ੍ਰਚਲਣ ਪਿਛਲੇ 20-30 ਕੁ ਸਾਲਾਂ ਤੋਂ ਵਧੇਰੇ ਹੋਇਆ ਹੈ। ਇਸ ਦਾ ਜ਼ਿਆਦਾ ਜ਼ੋਰ ਸ਼ਹਿਰੀ ਖੇਤਰਾਂ ਵਿਚ ਖੂਬ ਵੇਖਣ ਨੂੰ ਮਿਲਦਾ ਹੈ। ਸ਼ਾਇਦ ਇਸ ਦੀ ਵਜ੍ਹਾ ਬਜ਼ਾਰ ਵਲੋਂ ਵਿਖਾਏ ਅਤੇ ਪ੍ਰਚਾਰੇ ਜਾ ਰਹੇ ਚੁਸਤ ਜਿਹੇ ਨਫ਼ਾ ਕਮਾਊ ਸੱਭਿਆਚਾਰ ਨਾਲ ਹੈ। ਸ਼ਹਿਰ ਵਿਚਲੇ ਬਾਜ਼ਾਰ ਦੀਆਂ ਜ਼ਿਆਦਾਤਰ ਦੁਕਾਨਾਂ ਦੇ ਮੂਹਰਲੇ ਪਾਸੇ ਰੰਗ ਬਰੰਗੇ ਪਤੰਗ ਅਤੇ ਡੋਰ ਸਜਾ ਕੇ ਰੱਖੀ ਹੁੰਦੀ ਹੈ, ਤਾਂ ਕਿ ਬੱਚੇ ਇਸ ਵੱਲ ਖਿੱਚੇ ਆਉਣ। ਟੀ. ਵੀ. ਦੇ ਚੈਨਲ ਬਾਜ਼ਾਰ ਦੇ ਇਸ਼ਾਰੇ 'ਤੇ ਅਤੇ ਆਪਣੀਂ ਟੀ. ਆਰ. ਪੀ. ਵਧਾਉਣ ਲਈ ਇੱਕ-ਦੂਜੇ ਤੋਂ ਵਧ ਕੇ ਇਸ ਨੂੰ ਬਾਕੀ ਤਿਉਹਾਰਾਂ ਵਾਂਗ ਖੂਬ ਪ੍ਰਚਾਰਦੇ ਹਨ, ਜਦ ਕਿ ਬਸੰਤ ਪੰਚਮੀ ਪੰਜਾਬ ਦਾ ਕੋਈ ਉਘੜਵਾਂ ਅਤੇ ਪ੍ਰਮੁੱਖ ਤਿਉਹਾਰ ਨਹੀਂ ਹੈ ਪਰ ਇਸ ਨੂੰ ਪਤੰਗਬਾਜ਼ੀ ਨਾਲ ਜੋੜ ਕੇ ਖ਼ੂਬ ਬਾਜ਼ਾਰੂ ਨਫ਼ੇ ਲਈ ਹਵਾ ਛਕਾਈ ਜਾਂਦੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਭਾਰਤ ਵਿਚ ਪਤੰਗਬਾਜ਼ੀ ਅਤੇ ਸਬੰਧਤ ਉਤਪਾਦ (ਕਾਈਟਜ਼/ਮੰਜਾ/ਧਾਗੇ ਆਦਿ) ਸੰਬੰਧੀ ਬਾਜ਼ਾਰ ਦੀ ਕੁੱਲ ਕੀਮਤ ਲਗਭਗ 1,200 ਕਰੋੜ ਰੁਪਏ ਦੇ ਆਸ-ਪਾਸ ਅੰਦਾਜ਼ੀ ਜਾ ਚੁੱਕੀ ਹੈ। ਇਹ ਅੰਦਾਜ਼ਾ 1ssocham ਦੀ ਰਿਪੋਰਟ ਦੇ ਮੁਤਾਬਕ ਹੈ। ਗੁਜਰਾਤ ਦੇ ਅਹਿਮਦਾਬਾਦ ਅਤੇ ਸੂਰਤ ਸ਼ਹਿਰ ਭਾਰਤ ਦੇ ਸਭ ਤੋਂ ਵੱਡੇ ਪਤੰਗ ਉਤਪਾਦਕ ਹਨ। ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਬੰਗਾਲ ਵਰਗੇ ਰਾਜ ਵੀ ਪਤੰਗ ਵਪਾਰ ਵਿਚ ਬਹੁਤ ਸਰਗਰਮ ਹਨ ਅਤੇ ਉਥੇ ਅਜਿਹੀਆਂ ਦੁਕਾਨਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਪੰਜਾਬ ਵਿਚ ਵੀ ਪਤੰਗਾਂ ਦਾ ਕੋਈ ਛੋਟਾ-ਮੋਟਾ ਕਾਰੋਬਾਰ ਨਹੀਂ, ਸਗੋਂ ਮਿਲੀ ਜਾਣਕਾਰੀ ਮੁਤਾਬਿਕ ਇਹ 30 ਕਰੋੜ ਰੁਪਏ ਦੇ ਆਸ-ਪਾਸ ਹੈ।
ਭਾਰਤੀ ਅਤੇ ਪੰਜਾਬ ਦਾ ਜ਼ਿਆਦਾਤਰ ਅਵਾਮ ਪਿੰਡਾਂ ਵਿਚ ਰਹਿੰਦਾ ਹੈ, ਜਿਸ ਦਾ ਵਿਰਾਸਤੀ ਤੌਰ 'ਤੇ ਇਸ ਤਿਉਹਾਰ ਨਾਲ ਕੋਈ ਖਾਸ ਵਾਸਤਾ ਨਹੀਂ ਰਿਹਾ। ਲੋਕ ਆਮ ਮੌਸਮਾਂ ਦੀ ਤਬਦੀਲੀ ਵਾਂਗ ਹੀ ਬਸੰਤ ਨੂੰ ਲੈਂਦੇ ਆਏ ਹਨ ਅਤੇ ਬਸੰਤ ਪੰਚਮੀ ਵਾਲੇ ਦਿਨ ਕੜਾਹ ਪ੍ਰਸ਼ਾਦ ਬਣਾ ਕੇ ਘਰਾਂ ਵਿਚ ਹੀ ਮੱਥਾ ਟੇਕਦੇ ਆਏ ਹਨ। ਇਸ ਤੋਂ ਇਲਾਵਾ ਘਰਾਂ ਵਿਚ ਪੀਲੇ ਮਿੱਠੇ ਚੌਲ ਬਣਾ ਲਏ ਜਾਂਦੇ ਅਤੇ ਲੋਕ ਸ਼ੌਂਕੀਆ ਰੂਪ ਵਿਚ ਪੀਲੇ ਜਿਹੇ ਰੰਗ ਦੇ ਕੱਪੜੇ ਵੀ ਪਾ ਲੈਂਦੇ ਹਨ। ਪਿੰਡਾਂ ਦੇ ਲੋਕਾਂ ਲਈ ਕਦੇ ਵੀ ਇਸ ਦੀ ਆਮਦ ਵਾਲਾ ਦਿਨ ਪਤੰਗਬਾਜ਼ੀ ਵਾਲਾ ਵਿਸ਼ੇਸ਼ ਦਿਨ ਨਹੀਂ ਰਿਹਾ। ਜਦੋਂ ਕਦੇ ਵਿਹਲ ਜਿਹੀ ਮਿਲੀ ਅਤੇ ਦਿਲ ਕੀਤਾ ਲੋਕ ਦੁਕਾਨ ਤੋਂ ਤਾਓ ਲਿਆ ਕੇ, ਬੌਕਰ ਦੇ ਤੀਲੇ ਦੀ ਵਰਤੋਂ ਕਰਦਿਆਂ ਆਟੇ ਦੀ ਲੇਵੀ ਨਾਲ ਪਤੰਗ ਘਰੇ ਬਣਾ ਕੇ ਲੋਕ ਵਿਹਲੇ ਸਮਿਆਂ ਵਿਚ ਵਿਹਲੇ ਥਾਵਾਂ 'ਤੇ ਪਤੰਗਾਂ ਨੂੰ ਉੜਾਉਂਦੇ ਮੈ ਜ਼ਰੂਰ ਵੇਖੇ ਹਨ। ਜੀਵਨ ਦੇ ਤਜਰਬੇ ਅਤੇ ਮੇਰੀ ਜਾਣਕਾਰੀ ਮੁਤਾਬਕ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਕਈ ਦਹਾਕੇ ਪਹਿਲਾਂ ਬੱਚੇ ਅਤੇ ਨੌਜਵਾਨ, ਕਣਕਾਂ ਦੇ ਖਾਲੀ ਪਏ ਖੇਤਾਂ ਵਿਚ ਜੇਠ ਹਾੜ੍ਹ ( ਮਈ, ਜੂਨ) ਦੇ ਮਹੀਨਿਆਂ ਵਿਚ ਪਤੰਗ ਉਡਾਉਂਦੇ ਜ਼ਰੂਰ ਤੱਕੇ ਹਨ। ਲੋਕਾਂ ਦਾ ( ਬੱਚੇ ਅਤੇ ਨੌਜਵਾਨ) ਕਦੇ ਵੀ ਪਤੰਗਬਾਜ਼ੀ ਦਾ ਕੋਈ ਟੂਰਨਾਮੈਂਟ ਜਾਂ ਮੁਕਾਬਲਾ ਹੁੰਦਾ ਮੈਂ ਤਾਂ ਕਦੇ ਨਹੀਂ ਤੱਕਿਆ। ਇਸ ਕਰਕੇ ਇਸ ਦਾ ਪੰਜਾਬ ਦੇ ਪੇਂਡੂ ਸੱਭਿਆਚਾਰਕ ਧਰਾਤਲ ਨਾਲ ਕੋਈ ਖਾਸ ਵਾਸਤਾ ਨਹੀਂ ਰਿਹਾ ਪਰ ਪਤੰਗਬਾਜ਼ੀ ਦਾ ਚਲਨ ਸ਼ਹਿਰੀ ਸੱਭਿਆਚਾਰ ਦਾ ਹਿੱਸਾ ਜ਼ਰੂਰ ਰਿਹਾ ਹੈ।
ਅਜੋਕਾ ਸਮਾਂ ਸੱਭਿਆਚਾਰਕ ਹਮਲਿਆਂ ਦਾ ਯੁੱਗ ਹੈ, ਜਿਸ ਵਿਚ ਤਿੱਥ ਤਿਉਹਾਰਾਂ ਨੂੰ ਲਿਸ਼ਕਾਅ- ਪੁਸ਼ਕਾਅ ਕੇ ਮਨੁੱਖੀ ਮਨ ਦੀ ਭੁੱਖ ਪਿਆਸ ਬਣਾ ਕੇ ਉਸ ਸਾਹਮਣੇ ਪਰੋਸਦਿਆਂ ਨਫ਼ੇ ਲਈ ਚੁਸਤ ਵਿਉਪਾਰ ਦੀ ਤਕਨੀਕ ਨੂੰ ਵਰਤਿਆ ਜਾਂਦਾ ਹੈ। ਧਿਆਨ ਨਾਲ ਨਿਗਾਹ ਮਾਰਦਿਆਂ ਪਤਾ ਲਗਦਾ ਹੈ ਕਿ ਸਾਲ ਦਾ ਕੋਈ ਅਜਿਹਾ ਦਿਨ ਨਹੀਂ ਜੋ ਦਿਵਸ ਦੀ ਮਾਰ ਤੋਂ ਬਚਿਆ ਹੋਵੇ। ਤਿਉਹਾਰ ਅਤੇ ਵਿਉਪਾਰ ਨੇੜਿਓਂ ਜੁੜ ਚੁੱਕੇ ਹਨ। ਬਾਜ਼ਾਰ ਦਾ ਮੂੰਹ ਖੋਲ੍ਹ ਦਿੱਤਾ ਗਿਆ ਹੈ। ਉਸ ਉੱਤੇ ਕਿਸੇ ਦੀ ਲਗਾਮ ਨਹੀਂ ਰਹੀ। ਉਹ ਜੋ ਚਾਹੇ ਮੰਗ ਲੈਂਦਾ ਹੈ ਅਤੇ ਵੰਡ ਦਿੰਦਾ ਹੈ। ਇਸੇ ਬਾਜ਼ਾਰੂ ਸੰਦਰਭ ਵਿਚ ਚਾਇਨਾ ਡੋਰ ਦੀ ਚਰਚਾ ਕਰਨੀ ਅਤਿ ਜ਼ਰੂਰੀ ਹੈ, ਜਿਸ ਕਾਰਨ ਰੋਜ਼ਾਨਾਂ ਮਨੁੱਖਾਂ ਅਤੇ ਪੰਛੀਆਂ ਦੀ ਮੌਤ ਹੋ ਰਹੀ ਹੈ। ਇਸ ਨੂੰ ਚਾਈਨਾ ਡੋਰ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਪਹਿਲਾਂ ਇਹ ਡੋਰ ਚੀਨ ਤੋਂ ਆਯਾਤ ਹੋ ਕੇ ਭਾਰਤ ਅਤੇ ਹੋਰ ਦੇਸ਼ਾਂ ਵਿਚ ਆਈ। ਇਸ ਵਿਚ ਨਾਇਲੋਨ ਜਾਂ ਸਿੰਥੈਟਿਕ ਧਾਗਾ ਵਰਤਿਆ ਜਾਂਦਾ ਸੀ, ਜਿਸ 'ਤੇ ਕੱਚ ({&ass powder), ਧਾਤੂ ਪਾਊਡਰ ਅਤੇ ਕੈਮੀਕਲ ਲੱਗੇ ਹੁੰਦੇ ਸਨ। ਇਹ ਡੋਰ ਰਵਾਇਤੀ ਸੂਤੀ ਡੋਰ ਨਾਲੋਂ ਕਾਫ਼ੀ ਮਜ਼ਬੂਤ ਅਤੇ ਖ਼ਤਰਨਾਕ ਹੁੰਦੀ ਹੈ, ਜੋ ਹੋਰ ਪਤੰਗਾਂ ਦੀ ਡੋਰ ਆਸਾਨੀ ਨਾਲ ਕੱਟ ਦਿੰਦੀ ਹੈ। ਇਸ ਕਰਕੇ ਲੋਕਾਂ ਨੇ ਇਸ ਨੂੰ ਸਿੱਧਾ ਚੀਨ ਵਾਲੀ ਡੋਰ (ਚਾਇਨਾ ਡੋਰ) ਕਹਿਣਾ ਸ਼ੁਰੂ ਕਰ ਦਿੱਤਾ।
ਭਾਵੇਂ ਇਹ ਸ਼ੁਰੂ ਵਿਚ ਵੱਡੀ ਮਾਤਰਾ ਵਿਚ ਚੀਨ ਵਿਚ ਬਣਦੀ ਸੀ ਪਰ ਬਾਅਦ ਵਿਚ ਇਸ ਦੀ ਨਕਲ ਕਰਕੇ ਭਾਰਤ ਵਿਚ ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼ ਵਿਚ ਵੀ ਗੈਰਕਾਨੂੰਨੀ ਤੌਰ 'ਤੇ ਬਣਾਈ ਜਾਣ ਲੱਗੀ। ਇਸ ਖ਼ਤਰਨਾਕ ਡੋਰ ਦਾ ਵਿਉਪਾਰ ਧੜੱਲੇ ਨਾਲ ਚੱਲ ਰਿਹਾ ਹੈ। ਇਹ ਸਥਾਨਕ ਤੌਰ 'ਤੇ ਬਣੀ ਡੋਰ ਵੀ ਚਾਈਨਾ ਡੋਰ ਦੇ ਨਾਂਅ ਨਾਲ ਹੀ ਵੇਚੀ ਜਾਂਦੀ ਹੈ, ਭਾਵੇਂ ਉਹ ਚੀਨ ਦੀ ਨਾ ਵੀ ਹੋਵੇ। ਇਹ ਇਨਸਾਨਾਂ, ਪੰਛੀਆਂ ਅਤੇ ਪਸ਼ੂਆਂ ਲਈ ਬਹੁਤ ਖ਼ਤਰਨਾਕ ਹੈ, ਇਸ ਕਰਕੇ ਇਸ ਦੀ ਵਰਤੋਂ ਉੱਤੇ ਕਈ ਥਾਵਾਂ 'ਤੇ ਪਾਬੰਦੀ ਲੱਗੀ ਹੋਈ ਹੈ, ਕਿਉਂਕਿ ਇਸ ਦੀ ਵਰਤੋਂ ਕਾਰਨ ਇਸ ਨਾਲ ਗਲ੍ਹ ਕੱਟਣ ਅਤੇ ਹਾਦਸਿਆਂ ਦੇ ਬਹੁਤ ਸਾਰੇ ਮਾਮਲੇ ਹੋ ਚੁੱਕੇ ਹਨ ਅਤੇ ਹੋ ਰਹੇ ਹਨ। ਹਾਦਸਾਗ੍ਰਸਤ ਲੋਕ ਚਾਇਨਾ ਡੋਰ ਦੀ ਵਰਤੋਂ ਵਿਰੁੱਧ ਰੌਲਾ ਪਾ ਰਹੇ ਹਨ। ਸਰਕਾਰੀ ਤੰਤਰ ਨੂੰ ਇਵੇਂ ਲਗਦਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ। ਇਨ੍ਹਾਂ ਦਿਨਾਂ ਵਿਚ ਕਈ ਮੌਤਾਂ ਹੋਈਆਂ ਪਰ ਕੋਈ ਕਾਰਗਰ ਕਾਰਵਾਈ ਨਹੀਂ ਹੋਈ। ਉਂਝ ਪੰਜਾਬ ਸਰਕਾਰ ਵਲੋਂ ਸਮਾਜਿਕ ਵਿਗਾੜਾਂ ਵਿਰੁੱਧ ਵੱਡੇ ਵੱਡੇ ਨਾਅਰਿਆਂ ਤਹਿਤ ਮੁਹਿੰਮਾਂ ਛੇੜਨ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਪਰ ਸਰਕਾਰ ਇਸ ਵਿਰੁੱਧ ਕੁਝ ਵੀ ਨਹੀਂ ਕਰ ਸਕੀ। ਆਏ ਸਾਲ ਪਤੰਗਬਾਜ਼ੀ ਦੇ ਸ਼ੌਂਕ ਰਾਹੀਂ ਬੇਗੁਨਾਹ ਇਨਸਾਨਾਂ ਅਤੇ ਪੰਛੀਆਂ ਨੂੰ ਗਹਿਰੇ ਜ਼ਖ਼ਮ ਦਿੱਤੇ ਜਾਂਦੇ ਹਨ। ਆਏ ਸਾਲ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਮਰਦੇ ਹਨ, ਸੁਹਾਗ ਉਜੜਦੇ ਹਨ ਅਤੇ ਪਤਾ ਨਹੀਂ ਕਿੰਨੇ ਕੁ ਪੰਛੀ ਮਰਦੇ ਜਾਂ ਜ਼ਖ਼ਮੀ ਹੁੰਦੇ ਹਨ। ਉਨ੍ਹਾਂ ਦੀ ਚੀਕ ਅਤੇ ਦਰਦ ਤਾਂ ਸਿਰਫ ਉਹੀ ਜਾਣਦੇ ਹਨ। ਸ਼ਾਇਦ ਚੀਕ ਹੁਣ ਆਵਾਜ਼ ਖੋ ਚੁੱਕੀ ਹੈ। ਸ਼ਾਸਨ ਦੀ ਇਸ ਵੱਲ ਅਣਦੇਖੀ ਅਤੇ ਇਸ ਨਿਰਦਈਪੁਣੇ ਦੇ ਖ਼ਿਲਾਫ਼ ਚੁੱਪ ਸੂਝਵਾਨ ਮਨੁੱਖਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਇਹ ਖ਼ਤਰਨਾਕ ਡੋਰ ਕਿੱਥੇ ਬਣਦੀ ਹੈ, ਇਸ ਨੂੰ ਲਿਆ ਕੇ ਕੌਣ-ਕੌਣ ਵੇਚਦਾ ਹੈ ਅਤੇ ਇਸ ਨੂੰ ਖਰੀਦ ਕੇ ਕਿਹੜੇ-ਕਿਹੜੇ ਪਰਿਵਾਰ ਆਪਣੇ ਪੁੱਤਰਾਂ ਨੂੰ ਇਸ ਦੀ ਵਰਤੋਂ ਦੀ ਖੁੱਲ੍ਹ ਦੇ ਕੇ, ਉੱਚੀਆਂ ਇਮਾਰਤਾਂ ਉੱਤੇ ਚੜ੍ਹਾਅ ਕੇ ਉਨ੍ਹਾਂ ਦੇ ਸ਼ੌਂਕ ਪੂਰੇ ਕਰਨ ਲਈ ਖ਼ੁੱਲ੍ਹਾਂ ਰਾਹੀਂ ਉਤਸ਼ਾਹਿਤ ਕਰਦੇ ਹਨ, ਇਨ੍ਹਾਂ ਨੂੰ ਲੱਭ ਕੇ ਫ਼ੜਨਾ ਕਿੰਨਾ ਕੁ ਔਖਾ ਕਾਰਜ ਹੈ? ਪਰ ਇਸ ਲਈ ਰਾਜਸੀ ਅਤੇ ਪ੍ਰਸ਼ਾਸਨਿਕ ਦਿਆਨਤਦਾਰੀ ਅਤੇ ਹਿੰਮਤ ਚਾਹੀਦੀ ਹੈ। ਇਸ ਪ੍ਰਚੱਲਿਤ ਪ੍ਰਣਾਲੀ ਦੀ ਜਿਹੜੀ ਹਾਲਤ ਹੈ ਉਹ ਹੁਣ ਕਿਸੇ ਤੋਂ ਗੁੱਝੀ ਨਹੀਂ। ਨਿਰਦਈਪੁਣੇ ਦੀ ਪੂਰੀ ਚੜ੍ਹਤ ਹੈ। ਲੁੱਟ, ਲਾਹਾ, ਨਫ਼ਾ ਇਸ ਸਿਸਟਮ ਦਾ ਅੰਗ ਬਣ ਕੇ ਰਹਿ ਗਏ ਹਨ। ਸਾਨੂੰ ਸਭ ਨੂੰ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ, ਕਿ ਸਤਾ ਸਮਾਜ ਦੇ ਸਿਰ 'ਤੇ ਜਿਉਂਦੀ ਹੈ। ਬਾਜ਼ਾਰ ਦੀ ਵਾਹ-ਵਾਹ ਅਤੇ ਉਸ ਦੇ ਰਹਿਮੋਕਰਮ 'ਤੇ ਸ਼ਾਸਨ ਦਿਨ ਕਟੀ ਤਾਂ ਕਰ ਸਕਦੇ ਹਨ ਪਰ ਆਵਾਮ ਦੇ ਮਨਾਂ ਵਿਚ ਜੀਵੰਤ ਨਹੀ ਰਹਿ ਸਕਦੇ। ਇਸ ਕਰਕੇ ਰਾਜਸੀ ਪ੍ਰਣਾਲੀ ਅਤੇ ਪ੍ਰਸ਼ਾਸਨ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਵੱਲ ਤੁਰੰਤ ਤਵੱਜੋ ਦੇ ਕੇ ਅਵਾਮ ਦੀਆਂ ਪੀੜਾਂ ਨੂੰ ਮਹਿਸੂਸ ਕਰਦਿਆਂ ਉਸ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ।\
ਮੋਬਾਈਲ : 90411-13193