07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਕੁਤਬ ਮੀਨਾਰ ਬਨਾਮ ਬੁਰਜ ਖ਼ਲੀਫ਼ਾ

ਅਜੀਤ ਡੈਸਕ 15-02-2026

1943 ਵਿਚ ਰਜਿਸਟਰ ਹੋਈ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਹਰ ਸਾਲ ਫਰਵਰੀ ਦੇ ਮਹੀਨੇ ਨਵਯੁਗ ਫਾਰਮ ਵਿਖੇ ਲਗਭਗ 37 ਵਰ੍ਹਿਆਂ ਤੋਂ ਧੁੱਪ ਦੀ ਮਹਿਫ਼ਲ ਮਨਾਉਂਦੀ ਆ ਰਹੀ ਹੈ। ਇਹ ਫਾਰਮ ਮਹਿਰੌਲੀ ਵਾਲੇ ਕੁਤਬ ਮੀਨਾਰ ਦੇ ਨੇੜੇ ਹੈ। ਦਿੱਲੀ ਦੇ ਸੁਲਤਾਨ ਕੁਤਬਉਦੀਨ ਐਬਕ ਨੇ ਦਿੱਲੀ ਤੋਂ 10 ਮੀਲ ਦੀ ਦੂਰੀ 'ਤੇ ਹਿੰਦੁਸਤਾਨ ਉੱਤੇ ਆਪਣੀ ਜਿੱਤ ਦੇ ਚਿੰਨ੍ਹ ਵਜੋਂ 1193 ਵਿਚ ਕੁਤਬ ਮੀਨਾਰ ਬਣਾਉਣਾ ਆਰੰਭ ਕੀਤਾ ਸੀ। ਇਸ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਉਸ ਦੇ ਜਵਾਈ ਅਲਤਮਸ਼ ਦੇ ਮੋਢਿਆਂ 'ਤੇ ਆ ਪਈ ਸੀ। ਜਿਹੜਾ ਕੁਤਬ-ਉਦ-ਦੀਨ ਐਬਕ ਤੋਂ ਪਿੱਛੋਂ ਦਿੱਲੀ ਦੇ ਤਖ਼ਤ 'ਤੇ ਬੈਠਾ ਸੀ। ਇਸ ਦੀ ਉਸਾਰੀ ਲਈ ਦੋਵੇਂ ਸੁਲਤਾਨਾਂ ਨੇ ਚਮਕੀਲੇ ਲਾਲ ਪੱਥਰ ਤੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ। ਜਦੋਂ ਪੰਜ ਮੰਜ਼ਿਲਾ ਇਹ ਮੀਨਾਰ ਮੁਕੰਮਲ ਹੋਇਆ ਤਾਂ ਉਸ ਵੇਲੇ ਇਸ ਦਾ ਸ਼ੁਮਾਰ ਦੁਨੀਆ ਦੇ ਸਭ ਤੋਂ ਉੱਚੇ ਮੀਨਾਰ ਵਜੋਂ ਹੋਣ ਲੱਗਾ ਸੀ।
ਇਕ ਪੜਾਅ 'ਤੇ ਇੰਦਰ ਦੇਵਤਾ ਦੀ ਖੁਦਾਈ ਨੇ ਇਸ ਦੀ ਸਿਖ਼ਰਲੀ ਮੰਜ਼ਿਲ ਨੂੰ ਏਨਾ ਤਬਾਹ ਕੀਤਾ ਕਿ ਫ਼ਿਰੋਜ਼ਦੀਨ ਤੁਗਲਕ ਨੂੰ ਇਸ ਦੀ ਸਿਖ਼ਰਲੀ ਮੰਜ਼ਿਲ ਦਾ ਮੁੜ ਨਿਰਮਾਣ ਕਰਾਉਣਾ ਪਿਆ। ਇਸ ਲਈ ਉਸ ਨੇ ਚਿੱਟੇ ਸੰਗਮਰਮਰ ਦੀ ਵਰਤੋਂ ਕੀਤੀ ਤਾਂ ਕਿ ਇਸ ਦਾ ਜ਼ਿਕਰ ਕਰਨ ਸਮੇਂ ਉਸ ਦੇ ਨਾਂਅ ਨੂੰ ਵਿਸ਼ੇਸ਼ ਥਾਂ ਮਿਲ ਸਕੇ। 1600 ਸਾਲ ਪੁਰਾਣੇ ਲੋਹੇ ਦੇ ਥੰਮ੍ਹਾਂ ਵਾਲੀ ਦੁਨੀਆ ਦੀ ਸਭ ਤੋਂ ਉੱਚੀ ਇਸ ਯਾਦਗਾਰ ਦਾ ਨਾਂਅ ਦੁਨੀਆ ਭਰ ਵਿਚ ਉਦੋਂ ਤੱਕ ਬੋਲਦਾ ਰਿਹਾ, ਜਦੋਂ ਤੱਕ 2010 ਵਿਚ ਦੁਬਈ ਦੇ ਹਾਕਮਾਂ ਨੇ ਇਸ ਤੋਂ ਕਈ ਗੁਣਾ ਉੱਚੇ ਬੁਰਜ ਖ਼ਲੀਫ਼ਾ ਦੀ ਉਸਾਰੀ ਨਹੀਂ ਕਰ ਲਈ ਸੀ। ਬੁਰਜ ਖ਼ਲੀਫ਼ਾ ਦੀਆਂ 163 ਮੰਜ਼ਿਲਾਂ ਹਨ। ਇਸ ਦੀ ਉੱਚਾਈ ਏਨੀ ਹੈ ਕਿ ਇਸ ਵਿਚ 11 ਕੁਤਬ ਮੀਨਾਰ ਸਮਾ ਸਕਦੇ ਹਨ। 163 ਮੰਜ਼ਿਲਾਂ ਵਾਲਾ ਬੁਰਜ ਖ਼ਲੀਫ਼ਾ ਅੱਜ ਦੇ ਦਿਨ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ ਅਤੇ ਇਹ ਉਦੋਂ ਤੱਕ ਰਹੇਗੀ ਜਦੋਂ ਤੱਕ ਸਾਊਦੀ ਅਰਬ ਦਾ ਜੇਦਾਹ ਟਾਵਰ ਸਿਰੇ ਨਹੀਂ ਚੜ੍ਹ ਜਾਂਦਾ, ਜੋ ਹਾਲੇ ਉਸਾਰੀ ਅਧੀਨ ਹੈ।
ਜੇ ਬੁਰਜ ਖ਼ਲੀਫ਼ਾ ਨੇ ਕੁਤਬ ਮੀਨਾਰ ਨੂੰ ਮਾਤ ਪਾਈ ਤਾਂ ਸਾਊਦੀ ਅਰਬ ਦੇ ਜੇਦਾਹ ਟਾਵਰ ਨੇ ਇਸ ਨੂੰ ਮਾਤ ਪਾ ਦੇਣੀ ਹੈ। ਖੂਬੀ ਇਹ ਹੈ ਕਿ ਇਨ੍ਹਾਂ ਉੱਚੀਆਂ ਯਾਦਗਾਰਾਂ ਦੀ ਉਸਾਰੀ ਦੁਨੀਆ ਦੇ ਮੁਸਲਿਮ ਹਾਕਮਾਂ ਨੇ ਹੀ ਕੀਤੀ ਹੈ। ਭਾਵੇਂ ਉਹ ਧਰਤੀ ਦੇ ਦੂਰ-ਦੁਰਾਡੇ ਦੇ ਖੇਤਰਾਂ 'ਤੇ ਰਾਜ ਕਰਦੇ ਸਨ ਅਤੇ ਉਨ੍ਹਾਂ ਦੇ ਰਾਜ ਕਰਨ ਦੇ ਸਮੇਂ 'ਚ ਵੀ ਇਕ-ਦੂਜੇ ਤੋਂ ਸਦੀਆਂ ਦਾ ਫ਼ਰਕ ਸੀ। ਇਹ ਸਾਰੇ ਕ੍ਰਿਸ਼ਮੇ ਯਾਤਰੀਆਂ ਦੇ ਮਨ ਨੂੰ ਭਾਉਂਦੇ ਹਨ ਤੇ ਤਤਕਾਲੀ ਹਾਕਮ ਇਨ੍ਹਾਂ 'ਤੇ ਵੱਡੀਆਂ ਟਿਕਟਾਂ ਲਾ ਕੇ ਆਪਣੇ ਖ਼ਜ਼ਾਨੇ ਭਰਦੇ ਹਨ। ਮੈਂ 1953 ਤੋਂ 1984 ਤੱਕ ਦਿੱਲੀ ਦਾ ਵਸਨੀਕ ਰਿਹਾ ਹਾਂ। ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮਾਹਿਲਪੁਰ ਤੋਂ ਬੀ.ਏ. ਕਰਕੇ ਆਪਣੀ ਉਮਰ ਦੇ 20ਵੇਂ ਸਾਲ ਵਿਚ ਦਿੱਲੀ ਚਲਾ ਗਿਆ ਸਾਂ। ਉਦੋਂ ਅਸੀਂ ਇਕ-ਦੂਜੇ ਨਾਲ ਸ਼ਰਤਾਂ ਲਾ ਕੇ ਕੁਤਬ ਮੀਨਾਰ ਦੀਆਂ ਮੰਜ਼ਿਲਾਂ ਚੜ੍ਹ ਜਾਂਦੇ ਸਾਂ। ਦੁਬਈ ਵਾਲਾ ਬੁਰਜ ਖ਼ਲੀਫ਼ਾ ਵੇਖਣ ਦਾ ਸਬੱਬ ਮੇਰੇ ਜਾਣੂ ਸੁਰਿੰਦਰਪਾਲ ਸਿੰਘ ਉਬਰਾਏ ਸਦਕਾ ਬਣਿਆ, ਜਿਹੜਾ ਉੱਥੇ ਸਮੁੰਦਰ ਵਿਚ ਇਮਾਰਤਾਂ ਬਣਾਉਣ ਦਾ ਠੇਕੇਦਾਰ ਹੈ। ਨਿਸ਼ਚੇ ਹੀ ਬੁਰਜ ਖ਼ਲੀਫ਼ਾ ਵੇਖਣ ਵਾਲਿਆਂ ਲਈ ਲਿਫਟਾਂ ਵੀ ਹਨ ਤੇ ਵੱਖ-ਵੱਖ ਮੰਜ਼ਿਲਾਂ 'ਤੇ ਖਾਣ-ਪੀਣ ਦਾ ਪ੍ਰਬੰਧ ਵੀ ਹੈ।
ਜਾਂਦੇ-ਜਾਂਦੇ ਇਹ ਵੀ ਦੱਸ ਦਿਆਂ ਕਿ ਕੁਤਬ ਮੀਨਾਰ ਦੀ ਉਚਾਈ 828 ਮੀਟਰ (2717 ਫੁੱਟ, ਨੋਕ ਤੱਕ ਕੁੱਲ ਉਚਾਈ 829.8 ਮੀਟਰ ਜਾਂ 2722 ਫੁੱਟ) ਹੈ, ਜਿਸ ਦੀ ਉਸਾਰੀ ਵਿਚ ਤਿੰਨ ਹਾਕਮਾਂ ਦਾ ਯੋਗਦਾਨ ਹੈ ਪਰ 2717 ਫੁੱਟ ਉੱਚੀ ਬੁਰਜ ਖ਼ਲੀਫ਼ਾ ਦੀ ਇਮਾਰਤ ਬਹੁਤ ਘੱਟ ਸਮੇਂ 'ਚ ਸਿਰਫ਼ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਦੇਖ-ਰੇਖ ਹੇਠ ਹੀ ਉਸਾਰੀ ਗਈ ਹੈ। ਸਾਊਦੀ ਅਰਬ ਵਾਲਾ ਜੇਦਾਹ ਟਾਵਰ ਕਦੋਂ ਬਣਦਾ ਹੈ, ਇਹ ਸਮਾਂ ਦੱਸੇਗਾ। ਉਂਝ ਇਹ ਵਾਲੇ ਸਾਰੇ ਕੰਮ ਮਨੁੱਖੀ ਅਕਲ ਤੇ ਮਾਨਵੀ ਚਮਤਕਾਰਾਂ ਨੂੰ ਉਜਾਗਰ ਕਰਦੇ ਹਨ।
ਇਸ ਵਾਰੀ ਦੀ ਮਹਿਫ਼ਲ ਵਿਚ ਮਹਿਫ਼ਲ ਨਾਲੋਂ ਮੇਰਾ ਧਿਆਨ ਕੁਤਬ ਮੀਨਾਰ ਵੱਲ ਜਾਣ ਦਾ ਕਾਰਨ ਇਹ ਹੈ ਕਿ 2025 ਦੇ ਅੱਧ ਵਿਚ ਦੁਬਈ ਵਾਲਾ ਬੁਰਜ ਖ਼ਲੀਫ਼ਾ ਵੇਖ ਕੇ ਆਇਆ ਹਾਂ, ਜਿਹੜਾ ਕੁਤਬ ਮੀਨਾਰ ਨਾਲੋਂ 11 ਗੁਣਾ ਉੱਚਾ ਹੈ।

ਈ-ਮੇਲ : sandhugulzar@yahoo.com

 

ਪਿਛਲੀ ਖ਼ਬਰ ਨਵਾਂ ਜ਼ਮਾਨਾ ਏ.ਆਈ. ਦਾ-ਇਹ ਵਰ੍ਹਾ ਦਿਖਾਏਗਾ ਅਨੇਕਾਂ ਨਵੇਂ ਚਮਤਕਾਰ ਅਗਲੀ ਖ਼ਬਰ ਪਤੰਗਬਾਜ਼ੀ, ਬਸੰਤ ਪੰਚਮੀ ਅਤੇ ਪੰਜਾਬੀ ਵਸੋਂ ਦੀ ਪੀੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।