ਏ.ਆਈ. (ਮਸਨੂਈ ਬੁੱਧੀ) ਦਾ ਆਗਮਨ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਵੱਡੀ ਉਪਲਬਧੀ ਹੈ। ਇਸ ਨਾਲ ਏ.ਆਈ. ਨੇ ਚੈਟ-ਜੀਪੀਟੀ, ਜੈਮਨੀ, ਗਰੋਕ, ਡੀਪਸੀਕ, ਪ੍ਰੋਪਲੈਕਸਟੀ, ਮੋਨਸ ਆਦਿ ਦੇ ਰੂਪ ਵਿਚ ਕਈ ਕੀਰਤੀਮਾਨ ਸਥਾਪਤ ਕੀਤੇ ਹਨ। ਏ.ਆਈ. ਦੇ ਜਾਣਕਾਰ ਇਸ ਨੂੰ ਗੁਣਾਂ ਦੀ ਖਾਣ ਕਹਿੰਦੇ ਹਨ, ਪਰ ਇਸ ਦੇ ਉਲਟ ਕਈ ਲੋਕਾਂ ਦਾ ਮੰਨਣਾ ਹੈ ਕਿ ਏ.ਆਈ. ਕਦੇ ਵੀ ਮਨੁੱਖੀ ਦਿਮਾਗ਼ ਦਾ ਮੁਕਾਬਲਾ ਨਹੀਂ ਕਰ ਸਕਦੀ। ਵੱਖ-ਵੱਖ ਰਿਪੋਰਟਾਂ ਇਸ ਦੀ ਗਵਾਹੀ ਭਰਦੀਆਂ ਹਨ ਕਿ ਏ.ਆਈ. ਨੇ ਇਨਸਾਨੀ ਜ਼ਿੰਦਗੀ ਨੂੰ ਬੜਾ ਨੇੜਿਓਂ ਪ੍ਰਭਾਵਿਤ ਕੀਤਾ ਹੈ। ਰੋਜ਼ਮਰ੍ਹਾ ਦੇ ਹਜ਼ਾਰਾਂ ਕੰਮਾਂ 'ਚ ਏ.ਆਈ. ਨੇ ਇਕ ਸਹਾਇਕ ਬਣ ਕੇ ਸਾਡੀ ਜ਼ਿੰਦਗੀ ਸੁਖਾਲੀ ਬਣਾਈ ਹੈ। ਦੂਜੇ ਪਾਸੇ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ 'ਚ ਅੜਿੱਕਾ ਵੀ ਏ.ਆਈ. ਹੀ ਬਣੀ ਹੈ। 2026 ਦੇ ਵਰ੍ਹੇ ਵਿਚ ਕੋਡ ਤੋਂ ਬਿਨਾਂ ਸਾਫ਼ਟਵੇਅਰ ਤਿਆਰ ਕਰਨ, ਵਰਚੂਅਲ ਰਿਐਲਿਟੀ, ਆਈ.ਓ.ਟੀ., ਇਨਸਾਨੀ ਦਿਮਾਗ਼ ਤੇ ਕੰਪਿਊਟਰ ਦਾ ਜੁੜਾਅ, ਏ.ਆਈ. ਆਧਾਰਿਤ ਰੋਬੋਟ, ਪਹਿਨਣ ਵਾਲੇ ਕੰਪਿਊਟਰ, ਕੁਇੰਟਮ ਕੰਪਿਊਟਿੰਗ ਆਦਿ ਦੇ ਖੇਤਰ 'ਚ ਵੱਡਾ ਚਮਤਕਾਰ ਹੋਵੇਗਾ। ਆਓ ਇਕ-ਇਕ ਖੇਤਰ ਬਾਰੇ ਵਿਸਥਾਰ ਨਾਲ ਜਾਣੀਏ।
ਡਿਜੀਟਲ ਕਰਮੀ-ਏ.ਆਈ. ਏਜੰਟਾਂ ਨੂੰ ਵਾਰ-ਵਾਰ ਨਿਰਦੇਸ਼ ਦੇਣ ਜਾਂ ਮਾਨੀਟਰ ਕਰਨ ਦੀ ਲੋੜ ਨਹੀਂ ਪੈਂਦੀ। ਆਈ-ਏਜੰਟ (i-Agent) ਨੂੰ ਇਕ ਵਾਰ ਕੰਮ ਸੰਭਾਲ ਦਿਓ ਤਾਂ ਇਹ ਆਪਣੇ-ਆਪ ਕੰਮ ਕਰਦਾ ਰਹਿੰਦਾ ਹੈ। 2024 'ਚ ਕੋਗਨੀਸ਼ਨ ਲੈਬ ਵਲੋਂ ਬਣਾਇਆ ਏਜੰਟ ਪੂਰੀ ਵੈੱਬਸਾਈਟ ਬਣਾ ਸਕਦਾ ਹੈ ਤੇ ਆਪਣੇ-ਆਪ ਕੋਡ ਦੀ ਦਰੁਸਤੀ ਕਰ ਸਕਦਾ ਹੈ। ਆਟੋ-ਜੀਪੀਟੀ ਵਰਗੇ ਕਈ ਏਜੰਟ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ। ਇਹ ਯਾਤਰਾ ਦੀ ਯੋਜਨਾ ਬਣਾ ਕੇ ਤੇ ਟਿਕਟ ਬੁਕ ਕਰਵਾ ਕੇ ਸਾਨੂੰ ਭੇਜ ਸਕਦੇ ਹਨ। ਇਨਾਂ ਨੂੰ ਕੰਪਨੀਆਂ 'ਚ ਕਰਮਚਾਰੀਆਂ ਦੀ ਭਰਤੀ ਕਰਨ, ਡਾਟਾ ਪ੍ਰਬੰਧ ਕਰਨ, ਈ-ਮੇਲ ਜਾਂ ਚੈਟਸ ਦਾ ਜਵਾਬ ਦੇਣ ਲਈ ਸਿੱਖਿਅਤ ਕੀਤਾ ਜਾ ਰਿਹਾ ਹੈ। ਮਨੁੱਖਾਂ ਦੇ ਜਥੇ ਵਾਂਗ ਇਹ ਡਿਜੀਟਲ ਕਰਮੀ ਵੀ ਇਕੱਠੇ ਹੋ ਕੇ ਵੱਡੇ ਕੰਮਾਂ ਨੂੰ ਅੰਜਾਮ ਦੇ ਸਕਦੇ ਹਨ।
ਵਿਸਤ੍ਰਿਤ ਯਥਾਰਥ-ਇਹ ਖੇਤਰ ਅਸਲ ਦੁਨੀਆ ਨੂੰ ਆਭਾਸੀ ਡਿਜੀਟਲ ਦੁਨੀਆ ਨਾਲ ਮਿਲਾਉਂਦਾ ਹੈ। ਵੀ.ਆਰ. (ਵਰਚੂਅਲ ਰਿਐਲਿਟੀ) ਗੂਗਲ ਐਨਕਾਂ, ਅਵਤਾਰ, ਵਰਚੂਅਲ ਦੁਕਾਨਾਂ ਆਦਿ ਇਸ ਦੀਆਂ ਉਦਾਹਰਨਾਂ ਹਨ। ਏ.ਆਈ. ਰਾਹੀਂ ਅਸਲ ਦੁਨੀਆ 'ਚ ਡਿਜੀਟਲ ਚੀਜ਼ਾਂ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਇਸ ਤਕਨੀਕ ਦੀ ਬਦੌਲਤ ਆਪਣੇ ਅਸਲ ਸੰਸਾਰ ਦਾ ਵਿਸਥਾਰ ਕੀਤਾ ਜਾ ਸਕਦਾ ਹੈ।
ਵੀ.ਆਰ. ਘਰ ਦੇ ਯਥਾਰਥ ਕਰਕੇ ਵਰਚੂਅਲ ਸੋਫ਼ੇ, ਗੱਦੇ, ਬੈੱਡ ਆਦਿ ਫ਼ਰਨੀਚਰ ਦਿਖਾ ਸਕਦੀ ਹੈ, ਜਿਸ ਤੋਂ ਸੇਧ ਲੈ ਕੇ ਇਨਸਾਨ ਆਪਣੇ ਘਰ 'ਚ ਪਸੰਦ ਦਾ ਫ਼ਰਨੀਚਰ ਲਿਆ ਸਕਦਾ ਹੈ। ਐਕਸ.ਆਰ. (ਐਕਸਟੈਂਡਿਡ ਰਿਐਲਿਟੀ) ਤਕਨੀਕ ਇਸ ਦਾ ਮਹੱਤਵਪੂਰਨ ਵਾਧਾ ਹੈ, ਜੋ ਅਗਲੇ ਸਾਲ ਇਨਸਾਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ।
ਆਈ.ਓ.ਟੀ.-ਇੰਟਰਨੈੱਟ-ਆਫ਼-ਥਿੰਗਸ (IoT) ਇੰਟਰਨੈੱਟ ਨਾਲ ਜੁੜੀਆਂ ਚੀਜ਼ਾਂ ਦਾ ਇਕ ਵੱਖਰਾ ਜਹਾਨ ਹੈ, ਜਿੱਥੇ ਹਰ ਕੰਮ ਵਾਈ-ਫਾਈ ਰਾਹੀਂ ਸਮਾਰਟ ਫ਼ੋਨ 'ਤੇ ਨਿਯੰਤਰਿਤ ਹੁੰਦਾ ਹੈ। ਸਮਾਰਟ ਫ਼ਰਿੱਜ ਆਪਣੇ-ਆਪ ਨੋਟੀਫ਼ਿਕੇਸ਼ਨ ਦੇਵੇਗੀ ਕਿ ਉਸ ਵਿਚ ਦੁੱਧ ਖ਼ਤਮ ਹੋਣ ਵਾਲਾ ਹੈ। ਇਹ ਸੌਦੇ ਦੀ ਦੁਕਾਨ ਜਾਂ ਮਾਲ ਕੋਲੋਂ ਲੰਘਦਿਆਂ ਤੁਹਾਡੇ ਫ਼ੋਨ 'ਤੇ ਨੋਟੀਫ਼ਿਕੇਸ਼ਨ ਆਏਗਾ ਤੇ ਖ਼ਤਮ ਹੋ ਚੁੱਕੀਆਂ ਵਸਤੂਆਂ ਦੀ ਸੂਚੀ ਜਾਰੀ ਕਰੇਗਾ। ਅਗਲੇ ਵਰ੍ਹੇ ਡਿਜੀਟਲ ਤਕਨਾਲੋਜੀ ਦੀ ਮਦਦ ਨਾਲ ਅਜਿਹਾ ਆਧਾਰਭੂਤ ਢਾਂਚਾ (Infrastructure) ਤਿਆਰ ਕੀਤਾ ਜਾਵੇਗਾ, ਜੋ ਜਨਤਕ ਪ੍ਰਣਾਲੀਆਂ ਨੂੰ ਬੁੱਧੀਮਾਨ, ਕੁਸ਼ਲ ਤੇ ਆਟੋਮੈਟਿਕ ਬਣਾਏਗਾ। ਇਸ ਰਾਹੀਂ ਸੈਂਸਰ, ਕੰਪਿਊਟਰ, ਸਾਫ਼ਟਵੇਅਰ ਆਦਿ ਵਰਤ ਕੇ ਸੜਕਾਂ, ਪਾਣੀ, ਬਿਜਲੀ ਤੇ ਆਵਾਜਾਈ ਨੂੰ ਵਿਕਸਿਤ ਕੀਤਾ ਜਾਵੇਗਾ।
ਸਥਾਨਕ ਪ੍ਰੋਸੈਸਿੰਗ (Local Processing)-ਹਾਲਾਂਕਿ ਅਸੀਂ ਆਪਣੇ ਕੰਪਿਊਟਰ 'ਤੇ ਜਿਹੜੇ ਦਫ਼ਤਰੀ ਜਾਂ ਪੇਸ਼ੇਵਰ ਕੰਮ ਕਰਦੇ ਹਾਂ, ਉਨ੍ਹਾਂ 'ਚੋਂ ਜ਼ਿਆਦਾਤਰ ਕਲਾਊਡ ਸਟੋਰੇਜ ਦੀ ਮਦਦ ਨਾਲ ਪੂਰੇ ਹੁੰਦੇ ਹਨ, ਪਰ ਇਸ ਨਾਲ ਡਾਟਾ ਸੁਰੱਖਿਆ, ਧੀਮਾ ਨੈੱਟ ਤੇ ਵਾਧੂ ਫ਼ੀਸ ਭਰਨ ਲਈ ਮਜਬੂਰ ਹੋਣਾ ਪੈਂਦਾ ਹੈ। ਆਪਰੇਟਿੰਗ ਸਿਸਟਮ ਸਟੋਰ ਕਰਨ ਲਈ ਐਸ.ਐਸ.ਡੀ. ਜਾਂ ਹਾਰਡ ਡਿਸਕ ਦੀ ਵਰਤੋਂ ਕੀਤੀ ਜਾਂਦੀ ਹੈ। ਵਿਗਿਆਨੀ ਅਜਿਹੇ ਕੰਪਿਊਟਿੰਗ ਸਿਸਟਮ ਦਾ ਤਜਰਬਾ ਕਰ ਚੁੱਕੇ ਹਨ, ਜਿਸ 'ਚ ਪ੍ਰੋਸੈਸਰ (ਸੀ.ਪੀ.ਯੂ.) ਉੱਚ ਗੁਣਵੱਤਾ ਵਾਲਾ ਤੇਜ਼ ਹੋਵੇਗਾ। ਆਪਰੇਟਿੰਗ ਸਿਸਟਮ (ਜਿਵੇਂ ਕਿ ਵਿੰਡੋਜ਼) ਤੋਂ ਲੈ ਕੇ ਸਾਰੀਆਂ ਪ੍ਰਮੁੱਖ ਐਪਲੀਕੇਸ਼ਨਾਂ ਦੇ ਕੰਮ ਸਥਾਨਕ ਪ੍ਰੋਸੈਸਰ ਵਿਚ ਹੀ ਪੂਰੇ ਹੋਣਗੇ। ਬੋਲ ਕੇ ਟਾਈਪ ਕਰਨ, ਟਾਈਪ ਰੂਪ ਤੋਂ ਆਵਾਜ਼ ਬਦਲੀ, ਤਸਵੀਰ ਤੋਂ ਟੈਕਸਟ, ਅਨੁਵਾਦ ਆਦਿ ਸਾਫ਼ਟਵੇਅਰ ਪ੍ਰੋਸੈਸਰ ਵਿਚ ਹੀ ਪਾ ਦਿੱਤੇ ਜਾਣਗੇ। ਇਸ ਨਾਲ ਸਾਰੇ ਕੰਮ ਅੱਖ ਦੇ ਫੋਰ ਨਾਲ ਹੋਣਗੇ। ਐਪਲ ਦੇ ਆਧੁਨਿਕ ਚਿਪਸ ਸਿੱਧਾ ਆਈ ਫ਼ੋਨ 'ਤੇ ਅਜਿਹੇ ਕੰਮਾਂ ਨੂੰ ਅੰਜਾਮ ਦੇ ਸਕਦੇ ਹਨ। ਅਜੋਕੇ ਫ਼ੋਨਾਂ 'ਚ ਪਹਿਲਾਂ ਹੀ ਯੂਨੀਕੋਡ ਮਿਆਰੀ ਫੌਂਟ ਤੇ ਟਾਈਪ ਕਰਨ ਲਈ ਵੰਨ-ਸੁਵੰਨੀਆਂ ਕੀ-ਬੋਰਡ ਐਪਸ ਹਨ। ਕਈ ਐਪਸ ਟਾਈਪ ਵੇਲੇ ਅਗਲੇ ਢੁਕਵੇਂ ਸ਼ਬਦ ਦਾ ਸੁਝਾਅ ਵੀ ਦਿੰਦੀਆਂ ਹਨ। 2026 ਵਿਚ ਇਕ ਨਵਾਂ ਰੁਝਾਨ ਜ਼ੋਰ ਫੜੇਗਾ। ਹੁਣ ਇਹ ਐਪਸ ਸਟੋਰੇਜ ਵਿਚ ਜਾਂ ਆਨਲਾਈਨ ਨਹੀਂ, ਸਗੋਂ ਤੁਹਾਡੇ ਕੰਪਿਊਟਰ ਜਾਂ ਸਮਾਰਟ ਫ਼ੋਨ ਦੇ ਆਪਰੇਟਿੰਗ ਸਿਸਟਮ ਦਾ ਹਿੱਸਾ ਹੋਣਗੀਆਂ।
ਸਵੈ-ਚਾਲਤ ਕੰਮਾਂ ਦੇ ਕਾਰਨਾਮੇ-ਐਮਾਜ਼ੋਨ ਦੇ ਸਟੋਰ ਵਿਚ ਸਾਲ 2024 ਤੋਂ ਰੋਬੋਟ ਕੰਮ ਕਰ ਰਹੇ ਹਨ, ਜੋ ਸੈਲਫ਼ ਤੋਂ ਸਾਮਾਨ ਚੁੱਕ ਕੇ ਪੈਕਿੰਗ ਕਰਨ ਦਾ ਕੰਮ ਕਰਦੇ ਹਨ। ਇਹ ਰੋਬੋਟ ਗੁਆਚੀਆਂ ਚੀਜ਼ਾਂ ਨੂੰ ਲੱਭਣ, ਆਨਲਾਈਨ ਆਰਡਰ ਵਾਲੇ ਸਾਮਾਨ ਨੂੰ ਇਕੱਠਾ ਕਰਨ, ਸਟੋਰ 'ਚ ਗਾਹਕਾਂ ਨੂੰ ਗਾਈਡ ਕਰਨ, ਚੀਜ਼ਾਂ ਨੂੰ ਸਟੋਰ ਕਰਨ, ਵੰਡ ਤੇ ਢੋਆ-ਢਆਈ ਕਰਨ ਲਈ ਵਰਤੇ ਜਾ ਰਹੇ ਹਨ। ਇਹ ਸਾਲ ਆਟੋਮੇਸ਼ਨ ਦਾ ਸਾਲ ਹੋਵੇਗਾ। ਵੱਡੇ, ਗੁੰਝਲਦਾਰ ਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਕੰਮਾਂ ਨੂੰ ਸਵੈ-ਚਾਲਕ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਸਾਲ ਵਿਚ ਵਿਗਿਆਨੀਆਂ ਨੇ ਸਾਫ਼ਟਵੇਅਰਾਂ ਤੇ ਏ.ਆਈ. ਦੇ ਸੁਮੇਲ ਨਾਲ ਵੱਡੇ-ਵੱਡੇ ਹਜ਼ਾਰਾਂ ਕੰਮਾਂ ਨੂੰ ਸਵੈ-ਚਾਲਕ ਢੰਗ ਨਾਲ ਕਰਨ ਦਾ ਟੀਚਾ ਮਿਥਿਆ ਹੈ। ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਹਜ਼ਾਰਾਂ ਕੰਮ ਤਰਤੀਬਵਾਰ ਪੂਰੇ ਹੋਣਗੇ। ਯੂਨੀਵਰਸਿਟੀਆਂ ਹਜ਼ਾਰਾਂ ਵਿਦਿਆਰਥੀਆਂ ਨੂੰ ਆਟੋਮੇਸ਼ਨ ਰਾਹੀਂ ਦਾਖ਼ਲ ਕਰਨਗੀਆਂ। ਬੈਂਕ ਗਾਹਕਾਂ ਦੇ ਰਿਕਾਰਡ ਨੂੰ ਵੇਖ ਕੇ ਆਟੋਮੈਟਿਕ ਕਰਜ਼ਿਆਂ ਦੀ ਪ੍ਰਵਾਨਗੀ ਦੇਣਗੇ। ਕੰਪਨੀਆਂ ਹਜ਼ਾਰਾਂ ਉਮੀਦਵਾਰਾਂ ਦੇ ਜੀਵਨ ਵੇਰਵੇ Biodata) ਨੂੰ ਆਟੋਮੈਟਿਕ ਪਰਖ ਕੇ ਸਹੀ ਵਿਅਕਤੀ ਦੀ ਚੋਣ ਕਰਨਗੀਆਂ।
ਪਹਿਨਣ ਵਾਲੇ ਯੰਤਰ-2026 'ਚ ਏ.ਆਈ. ਤੇ ਬਾਇਓ-ਸੈਂਸਰ ਸਾਡੀ ਸਿਹਤ, ਆਦਤਾਂ ਅਤੇ ਭਾਵਨਾਵਾਂ ਨੂੰ ਵੇਖ ਕੇ ਭਵਿੱਖਬਾਣੀ ਕਰਕੇ ਜੀਵਨ ਬਦਲ ਦੇਣਗੇ। ਇਹ ਯੰਤਰ ਸਾਡੇ ਸਰੀਰ ਤੇ ਮਨ ਨੂੰ ਸਕੈਨ ਕਰਕੇ ਨਿੱਜੀ ਸਲਾਹ ਦੇਣਗੇ। ਇਹ ਯੰਤਰ ਰੀਅਲ-ਟਾਈਮ ਟਰੈਕਿੰਗ ਕਰਕੇ ਦਿਲ ਦੀ ਗਤੀ, ਹਾਰਮੋਨਾਂ ਦਾ ਪੱਧਰ ਤੇ ਤਣਾਅ ਬਾਰੇ ਜਾਣ ਕੇ ਬਿਮਾਰੀਆਂ ਨੂੰ ਅੱਗੇ ਵਧਣ ਤੋਂ ਰੋਕਣਗੇ। ਨਿਊਰਲ ਸੈਂਸਰ ਸਾਡੀਆਂ ਭਾਵਨਾਵਾਂ ਅਤੇ ਮੂਡ ਦੇ ਪੈਟਰਨ ਨੂੰ ਸਮਝ ਕੇ ਯੋਗਾ ਜਾਂ ਮੈਡੀਟੇਸ਼ਨ ਦਾ ਸੁਝਾਅ ਦੇਣਗੇ। ਏ.ਆਈ. ਆਧਾਰਿਤ ਪਹਿਨਣ ਵਾਲੇ ਯੰਤਰ ਸਾਡੀ ਊਰਜਾ ਦੇ ਪੱਧਰ ਨੂੰ ਧਿਆਨ 'ਚ ਰੱਖ ਕੇ ਭੋਜਨ, ਨੀਂਦ ਤੇ ਕਸਰਤ ਦੀ ਯੋਜਨਾ ਬਣਾਉਣਗੇ। ਇਨ੍ਹਾਂ ਸਮਾਰਟ ਯੰਤਰਾਂ ਦੀ ਬਦੌਲਤ ਅਸੀਂ ਬਿਨਾਂ ਉਂਗਲੀ ਖਭੋਏ ਸ਼ੂਗਰ ਚੈੱਕ ਕਰ ਸਕਦੇ ਹਾਂ। ਸਮਾਰਟ ਰਿੰਗ ਬਿਮਾਰ ਹੋਣ ਤੋਂ ਪਹਿਲਾਂ ਹੀ ਸਰੀਰ ਦੇ ਬਦਲਦੇ ਤਾਪਮਾਨ ਤੇ ਦਿਲ ਦੀ ਗਤੀ ਨੂੰ ਵੇਖ ਕੇ ਪਤਾ ਲਾ ਲਵੇਗੀ ਕਿ ਤੁਹਾਨੂੰ ਕੀ ਹੋਣ ਵਾਲਾ ਹੈ?
ਇਸ ਸਾਲ ਆਧੁਨਿਕ ਸਮਾਰਟ ਘੜੀਆਂ, ਗੂਗਲ ਏ.ਆਈ. ਐਨਕਾਂ ਸਾਡਾ ਧਿਆਨ ਖਿੱਚਣਗੀਆਂ। 2026 'ਚ ਐਂਡਰਾਇਡ ਆਧਾਰਤ ਜੈਮਨੀ ਏ.ਆਈ. ਐਕਸਆਰ ਮੰਚ 'ਤੇ ਕੰਮ ਕਰੇਗੀ। ਇਸ ਤੋਂ ਇਲਾਵਾ ਬਹੁਤ ਥੋੜ੍ਹੇ ਸਮੇਂ 'ਚ ਰੇ-ਬੈਨ, ਮੈਟਾ ਗਲਾਸ, ਐਪਲ ਗਲਾਸ, ਹਾਲੀਡੇਅ ਏ.ਆਈ. ਗਲਾਸ, ਔਰਾ (Oura) ਰਿੰਗ, ਵੂਪ (Whoop) ਆਪਣੇ ਦੁਰਲੱਭ ਗੁਣਾਂ ਕਾਰਨ ਪ੍ਰਸੰਸਾ ਦਾ ਪਾਤਰ ਬਣਨਗੇ। (ਬਾਕੀ ਕੱਲ੍ਹ)
-ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਈਮੇਲ :cpkamboj.com