20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਆਓ, ਆਉਣ ਵਾਲੀਆਂ ਪੀੜ੍ਹੀਆਂ ਬਚਾਉਣ ਲਈ ਰੁੱਖ ਲਾਈਏ

ਅਜੀਤ ਡੈਸਕ 05-06-2026

ਧਰਤੀ ਦੀ ਵਧ ਰਹੀ ਤਪਸ਼ ਅਤੇ ਇਸ ਕਾਰਨ ਵਿਗੜ ਰਹੇ ਵਾਤਾਵਰਨ ਸੰਤੁਲਨ ਦੇ ਸੰਦਰਭ ਵਿਚ ਸਾਡੇ ਵਲੋਂ ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਲੋਕਾਂ ਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਇਹੀ ਸੰਦੇਸ਼ ਦਿੱਤਾ ਜਾਂਦਾ ਹੈ ਕਿ ਇਹ ਸਾਡੀ ਧਰਤੀ ਦਾ ਸਾਂਝਾ ਮੁੱਦਾ ਹੈ, ਜਿਸ ਦਾ ਮੁਕਾਬਲਾ ਵੀ ਅਸੀਂ ਸਾਂਝੇ ਯਤਨਾਂ ਨਾਲ ਹੀ ਕਰ ਸਕਦੇ ਹਾਂ। ਜੇ ਅਸੀਂ ਅੱਜ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਵਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਆਲਮੀ ਤਪਸ਼ ਦੀ ਸਮੱਸਿਆ ਦਾ ਸੌਖਾ ਤੇ ਸਦੀਵੀ ਹੱਲ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚੋਂ ਹੀ ਮਿਲ ਜਾਂਦਾ ਹੈ:-
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ॥ (ਸਲੋਕ, ਮ:1, ਅੰਗ:8)

ਇਨ੍ਹਾਂ ਸ਼ਬਦਾਂ 'ਚ ਸਮੁੱਚੇ ਵਾਤਾਵਰਨ ਦਾ ਦਰਸ਼ਨ ਸਮਾਇਆ ਹੋਇਆ ਹੈ। ਗੁਰੂ ਸਾਹਿਬ ਸਾਨੂੰ ਕੁਦਰਤ ਨਾਲ ਪਿਆਰ ਕਰਨ ਤੇ ਉਸ ਦੀ ਸੰਭਾਲ ਕਰਨ ਦਾ ਸੰਦੇਸ਼ ਦਿੰਦੇ ਹਨ। ਗੁਰਬਾਣੀ 'ਚ ਕੁਦਰਤ ਦੀ ਮਹਾਨਤਾ ਦਾ ਵਰਣਨ ਕਰਦਿਆਂ ਫਰਮਾਇਆ ਗਿਆ ਹੈ:-
ਬਲਿਹਾਰੀ ਕੁਦਰਤਿ ਵਸਿਆ ॥
ਤੇਰਾ ਅੰਤੁ ਨ ਜਾਈ ਲਖਿਆ॥ (ਆਸਾ, ਮ:1, ਅੰਗ:469)

ਕੁਦਰਤ ਬੇਅੰਤ ਹੈ, ਪਰ ਮਨੁੱਖ ਦੀਆਂ ਗਲਤੀਆਂ ਨੇ ਇਸ ਦੇ ਸੰਤੁਲਨ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਉਦਯੋਗੀਕਰਨ, ਜੰਗਲਾਂ ਦੀ ਕਟਾਈ ਤੇ ਪਲਾਸਟਿਕ ਦੀ ਹੱਦੋਂ ਵੱਧ ਵਰਤੋਂ ਨੇ ਧਰਤੀ ਨੂੰ ਵੱਡੇ ਸੰਕਟ ਵੱਲ ਧੱਕ ਦਿੱਤਾ ਹੈ। ਇਸ ਧਰਤੀ 'ਤੇ ਪਲਾਸਟਿਕ ਪ੍ਰਦੂਸ਼ਣ ਕਾਰਨ 300 ਅਰਬ ਤੋਂ ਲੈ ਕੇ 600 ਅਰਬ ਤੱਕ ਦਾ ਸਾਲਾਨਾ ਨੁਕਸਾਨ ਹੋ ਰਿਹਾ ਹੈ। ਇਹ ਪਲਾਸਟਿਕ ਹੀ ਸਭ ਤੋਂ ਵੱਡਾ ਕੈਂਸਰ ਦਾ ਕਾਰਨ ਬਣਦਾ ਹੈ। ਧਰਤੀ ਦੇ ਵਾਤਾਵਰਨ ਵਿਚ ਵਧ ਰਹੀ ਕਾਰਬਨ ਡਾਈਆਕਸਾਈਡ ਤੇ ਹੋਰ ਹਾਨੀਕਾਰਕ ਗੈਸਾਂ ਨੂੰ ਸੋਖਣ ਲਈ ਵੱਧ ਤੋਂ ਵੱਧ ਰੁੱਖਾਂ ਦੀ ਲੋੜ ਹੈ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਦੁਨੀਆ ਭਰ 'ਚ ਲੱਖਾਂ ਲੋਕ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਹ ਅੰਕੜੇ ਸਾਨੂੰ ਚਿਤਾਵਨੀ ਦਿੰਦੇ ਹਨ ਕਿ ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਥਿਤੀ ਹੋਰ ਭਿਆਨਕ ਹੋ ਸਕਦੀ ਹੈ। ਪਲਾਸਟਿਕ ਪ੍ਰਦੂਸ਼ਣ ਵੀ ਅੱਜ ਦੇ ਸਮੇਂ ਦੀ ਇਕ ਵੱਡੀ ਸਮੱਸਿਆ ਹੈ। ਇਹ ਨਾ ਸਿਰਫ਼ ਧਰਤੀ ਤੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਸਗੋਂ ਮਨੁੱਖੀ ਸਿਹਤ ਲਈ ਵੀ ਗੰਭੀਰ ਖ਼ਤਰਾ ਬਣ ਚੁੱਕਾ ਹੈ। ਇਸ ਦੇ ਉਲਟ ਸਾਫ਼-ਸੁਥਰਾ ਵਾਤਾਵਰਨ ਸਾਡੀ ਸਿਹਤ ਤੇ ਖੁਸ਼ਹਾਲੀ ਦਾ ਅਨਮੋਲ ਖ਼ਜ਼ਾਨਾ ਹੈ। ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਤੇ ਸਮੁੰਦਰ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇ ਧਰਤੀ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਵਧ ਗਿਆ ਤਾਂ ਇਸ ਦੇ ਨਤੀਜੇ ਬਹੁਤ ਵਿਨਾਸ਼ਕਾਰੀ ਹੋ ਸਕਦੇ ਹਨ। ਇਸ ਲਈ ਵਿਸ਼ਵ ਭਾਈਚਾਰਾ ਇਸ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਲਈ ਯਤਨਸ਼ੀਲ ਹੈ। ਵਿਸ਼ਵ ਵਾਤਾਵਰਨ ਦਿਵਸ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਆਪਣੇ ਫ਼ਰਜ਼ਾਂ ਨੂੰ ਸਮਝੀਏ ਤੇ ਕੁਦਰਤ ਦੀ ਰੱਖਿਆ ਲਈ ਅੱਗੇ ਆਈਏ। ਆਓ, ਅਸੀਂ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਕਲਪ ਕਰੀਏ, ਪਲਾਸਟਿਕ ਦੀ ਵਰਤੋਂ ਘਟਾਈਏ, ਪਾਣੀ ਤੇ ਹੋਰ ਕੁਦਰਤੀ ਸਰੋਤਾਂ ਦੀ ਸੰਭਾਲ ਕਰੀਏ ਅਤੇ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹਿਣ ਯੋਗ ਬਣਾਈਏ। ਸਾਲ 2026 ਦੇ ਵਿਸ਼ਵ ਵਾਤਾਵਰਨ ਦਿਵਸ ਦਾ ਥੀਮ 'ਕੁਦਰਤ ਤੋਂ ਪ੍ਰੇਰਿਤ ਜਲਵਾਯੂ ਲਈ, ਸਾਡੇ ਭਵਿੱਖ ਲਈ' ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਕੁਦਰਤ ਨਾਲ ਤਾਲਮੇਲ ਬਣਾ ਕੇ ਹੀ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਰੁੱਖਾਂ ਨਾਲ ਹੀ ਇਹ ਧਰਤੀ ਸੋਹਣੀ ਲੱਗਦੀ ਹੈ, ਰੁੱਖਾਂ ਨਾਲ ਹੀ ਜੀਵਨ ਮਹਿਕਦਾ ਹੈ ਤੇ ਰੁੱਖਾਂ ਨਾਲ ਹੀ ਸਾਡਾ ਭਵਿੱਖ ਸੁਰੱਖਿਅਤ ਬਣ ਸਕਦਾ ਹੈ। ਆਓ, ਆਪਣੇ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਲਈ ਵੱਧ ਤੋਂ ਵੱਧ ਰੁੱਖ ਲਾਈਏ।
-(ਲੇਖਕ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਹਨ।)

ਪਿਛਲੀ ਖ਼ਬਰ ਅਪਰਾਧ ਸ਼ਾਖਾ-2 ਦੀ ਟੀਮ ਵਲੋਂ ਨਸ਼ੀਲੇ ਪਦਾਰਥਾਂ ਸਮੇਤ ਇਕ ਮੁਲਜ਼ਮ ਕਾਬੂ ਅਗਲੀ ਖ਼ਬਰ ਫ਼ਿਲਮੀ ਪਰਦੇ 'ਤੇ ਔਰਤਾਂ ਖ਼ਿਲਾਫ਼ ਭੱਦੀਆਂ ਤੇ ਅਪਮਾਨਜਨਕ ਟਿੱਪਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।