ਮਨੋਰੰਜਨ ਜਗਤ ਨੂੰ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ। ਫ਼ਿਲਮਾਂ, ਵੈੱਬ ਸੀਰੀਜ਼ ਤੇ ਡਿਜੀਟਲ ਮੀਡੀਆ ਰਾਹੀਂ ਦਿਖਾਏ ਜਾਣ ਵਾਲੇ ਪ੍ਰੋਗਰਾਮ ਲੋਕਾਂ ਦੀ ਸੋਚ ਅਤੇ ਵਿਹਾਰ 'ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਖ਼ਾਸ ਕਰਕੇ ਨੌਜਵਾਨ ਪੀੜ੍ਹੀ ਅਕਸਰ ਫ਼ਿਲਮੀ ਕਿਰਦਾਰਾਂ ਤੇ ਉਨ੍ਹਾਂ ਦੀ ਬੋਲਬਾਣੀ ਤੋਂ ਪ੍ਰਭਾਵਿਤ ਹੁੰਦੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਮਨੋਰੰਜਨ ਦੇ ਨਾਂਅ 'ਤੇ ਅਸ਼ਲੀਲ ਭਾਸ਼ਾ, ਔਰਤਾਂ ਪ੍ਰਤੀ ਭੱਦੀਆਂ ਟਿੱਪਣੀਆਂ ਅਤੇ ਹਲਕੀ ਸੋਚ ਨੂੰ ਆਮ ਬਣਾਉਣ ਦੀ ਪ੍ਰਵਿਰਤੀ ਤੇਜ਼ੀ ਨਾਲ ਵਧੀ ਹੈ। ਖ਼ਾਸਕਰ ਪੰਜਾਬੀ ਸਿਨੇਮਾ ਦਾ ਅਜਿਹੇ ਰੁਝਾਨ ਵੱਲ ਵਧਣਾ ਸਾਡੇ ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਪਰਿਵਾਰਕ ਮਰਿਆਦਾ ਲਈ ਬੇਹੱਦ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਹ ਰੁਝਾਨ ਨਾ ਸਿਰਫ਼ ਸਮਾਜਿਕ ਮਰਿਆਦਾ ਨੂੰ ਠੇਸ ਪਹੁੰਚਾ ਰਿਹਾ ਹੈ, ਸਗੋਂ ਪੰਜਾਬੀ ਸੱਭਿਆਚਾਰ ਤੇ ਸਿੱਖ ਸਿਧਾਂਤਾਂ ਦੇ ਵੀ ਖ਼ਿਲਾਫ਼ ਹੈ। ਫ਼ਿਲਮਾਂ ਤੇ ਵੈੱਬ ਸੀਰੀਜ਼ ਵਿਚ ਅਕਸਰ ਔਰਤਾਂ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ ਹਾਸੇ ਜਾਂ ਮਸਤੀ ਦੇ ਨਾਂਅ 'ਤੇ ਅਜਿਹੇ ਸੰਵਾਦ (ਡਾਇਲਾਗ) ਵਰਤ ਲਏ ਜਾਂਦੇ ਹਨ, ਜੋ ਔਰਤਾਂ ਦੀ ਇੱਜ਼ਤ ਤੇ ਸਮਾਜ ਵਿਚ ਉਨ੍ਹਾਂ ਦੇ ਸਥਾਨ ਨੂੰ ਘਟਾਉਂਦੇ ਹਨ। ਚਿੰਤਾਜਨਕ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਸਮੱਗਰੀ ਨੂੰ ਵੱਡੇ ਪੱਧਰ 'ਤੇ ਪ੍ਰਸਾਰਿਤ ਕੀਤਾ ਜਾਂਦਾ ਹੈ ਅਤੇ ਕਈ ਲੋਕ ਇਸ ਨੂੰ ਆਮ ਗੱਲ ਸਮਝਣ ਲੱਗ ਪੈਂਦੇ ਹਨ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਮਾਜ ਵਿਚ ਔਰਤਾਂ ਪ੍ਰਤੀ ਗਲਤ ਸੋਚ ਤੇ ਅਸੰਵੇਦਨਸ਼ੀਲਤਾ ਨੂੰ ਹੌਸਲਾ ਮਿਲਦਾ ਹੈ। ਹਾਲ ਹੀ ਵਿਚ ਇਕ ਅਦਾਕਾਰ ਤੇ ਸਾਬਕਾ ਕ੍ਰਿਕਟਰ ਵਲੋਂ ਇਕ ਵੈੱਬ ਸੀਰੀਜ਼ ਦੌਰਾਨ ਔਰਤਾਂ ਪ੍ਰਤੀ ਕੀਤੀ ਗਈ ਵਿਵਾਦਿਤ ਤੇ ਬੇਹੱਦ ਅਪਮਾਨਜਨਕ ਟਿੱਪਣੀ ਨੇ ਸਮਾਜ ਵਿਚ ਵੱਡਾ ਵਿਵਾਦ ਖੜ੍ਹਾ ਕੀਤਾ ਹੈ। ਇਸ ਭੱਦੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਤੇ ਮਹਿਲਾ ਸੰਸਥਾਵਾਂ ਸਮੇਤ ਕਈ ਸਮਾਜਿਕ ਜਥੇਬੰਦੀਆਂ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਨਤਕ ਜੀਵਨ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਦੀ ਹਰ ਗੱਲ ਦਾ ਪ੍ਰਭਾਵ ਲੱਖਾਂ ਲੋਕਾਂ 'ਤੇ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਭਾਸ਼ਾ ਤੇ ਜ਼ਿੰਮੇਵਾਰੀ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਸਿੱਖ ਧਰਮ ਹਮੇਸ਼ਾ ਤੋਂ ਹੀ ਔਰਤ ਦੇ ਸਤਿਕਾਰ ਤੇ ਬਰਾਬਰੀ ਦੀ ਵਕਾਲਤ ਕਰਦਾ ਆਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥' ਦਾ ਉਪਦੇਸ਼ ਦੇ ਕੇ ਔਰਤ ਨੂੰ ਉੱਚਾ ਦਰਜਾ ਦਿੱਤਾ ਹੈ। ਸਿੱਖ ਇਤਿਹਾਸ ਵਿਚ ਮਾਈ ਭਾਗੋ, ਮਾਤਾ ਖੀਵੀ ਜੀ, ਮਾਤਾ ਗੁਜਰੀ ਜੀ ਤੇ ਬੀਬੀ ਭਾਨੀ ਜੀ ਵਰਗੀਆਂ ਮਹਾਨ ਔਰਤਾਂ ਦਾ ਯੋਗਦਾਨ ਸਦਾ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਅਜਿਹੇ ਵਿਚ ਮਨੋਰੰਜਨ ਦੇ ਨਾਂਅ 'ਤੇ ਔਰਤਾਂ ਦੀ ਤੌਹੀਨ ਕਰਨ ਵਾਲੀ ਭਾਸ਼ਾ ਨਾ ਸਿਰਫ਼ ਸਮਾਜਿਕ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ, ਸਗੋਂ ਸਿੱਖੀ ਦੇ ਮੂਲ ਸਿਧਾਂਤਾਂ ਦੀ ਵੀ ਉਲੰਘਣਾ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਫ਼ਿਲਮ ਸਨਅਤ, ਸੈਂਸਰ ਬੋਰਡ ਅਤੇ ਸਮਾਜਿਕ ਸੰਸਥਾਵਾਂ ਮਿਲ ਕੇ ਅਜਿਹੀ ਸਮੱਗਰੀ 'ਤੇ ਨਜ਼ਰ ਰੱਖਣ, ਜੋ ਸਮਾਜ ਵਿਚ ਗਲਤ ਸੰਦੇਸ਼ ਪੈਦਾ ਕਰਦੀ ਹੈ। ਮਨੋਰੰਜਨ ਦੇ ਨਾਂਅ 'ਤੇ ਕਿਸੇ ਵੀ ਵਰਗ ਖ਼ਾਸ ਕਰਕੇ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਜਨਤਕ ਹਸਤੀਆਂ ਨੂੰ ਵੀ ਸਮਝਣਾ ਹੋਵੇਗਾ ਕਿ ਉਨ੍ਹਾਂ ਦੇ ਸ਼ਬਦ ਸਿਰਫ਼ ਸੰਵਾਦ ਨਹੀਂ ਹੁੰਦੇ, ਸਗੋਂ ਸਮਾਜ 'ਤੇ ਅਸਰ ਛੱਡਣ ਵਾਲੇ ਸੁਨੇਹੇ ਬਣ ਜਾਂਦੇ ਹਨ। ਜੇ ਸਮੇਂ ਸਿਰ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਸੋਚ ਅਤੇ ਸਮਾਜਿਕ ਸੰਤੁਲਨ ਦੋਵਾਂ ਲਈ ਘਾਤਕ ਸਾਬਤ ਹੋ ਸਕਦਾ ਹੈ।
-ਮੋਬਾਈਲ : 94632-00019