20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਕੀ ਧਰਤੀ 'ਤੇ ਜੀਵਨ ਹਮੇਸ਼ਾ ਸੁਰੱਖਿਅਤ ਰਹੇਗਾ?

ਅਜੀਤ ਡੈਸਕ 05-06-2026

ਵਿਸ਼ਵ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਕੀ ਧਰਤੀ 'ਤੇ ਜੀਵਨ ਹਮੇਸ਼ਾ ਸੁਰੱਖਿਅਤ ਰਹੇਗਾ? ਇਹ ਹੈ ਉਹ ਸਵਾਲ, ਜਿਹੜਾ ਇਸ ਵਕਤ ਫ਼ਿਜ਼ਾ 'ਚ ਘੁੰਮ ਰਿਹਾ ਹੈ। ਇਹ ਸਵਾਲ ਇਸ ਕਰਕੇ ਉੱਠਿਆ ਕਿ ਹਰ ਵਰ੍ਹੇ ਵਧਦੀ ਆਲਮੀ ਤਪਸ਼ ਜਿਹੜੀ ਸਾਂਵੇ ਮੌਸਮਾਂ ਤੇ ਪਾਣੀ ਦੀ ਧੜਵੈਲ ਦੁਸ਼ਮਣ ਹੈ, ਬੀਤੇ ਵਰ੍ਹਿਆਂ ਤੋਂ ਉੱਗਰ ਰੂਪ ਧਾਰ ਰਹੀ ਹੈ। 'ਵਿਸ਼ਵ ਮੌਸਮ ਸੰਗਠਨ ਵਲੋਂ ਬੀਤੀਆਂ 10 ਸਦੀਆਂ ਦੇ ਤੁਲਨਾਤਮਕ ਅਧਿਐਨ ਉਪਰੰਤ ਚਿਤਾਵਨੀ ਦਿੱਤੀ ਗਈ ਸੀ, 'ਗਰਮ ਹੋ ਰਹੀ ਧਰਤੀ ਖ਼ਤਰਨਾਕ ਨਤੀਜੇ ਵੱਲ ਵਧ ਰਹੀ ਹੈ। ਤਾਪਮਾਨ ਵਿਚ ਵਾਧੇ ਦੇ ਇਸ ਸਿਲਸਿਲੇ ਨੇ ਬੀਤੇ ਤਿੰਨ-ਚਾਰ ਦਹਾਕਿਆਂ ਤੋਂ ਜ਼ਿਆਦਾ ਜ਼ੋਰ ਫੜਿਆ ਹੈ। ਉਦੋਂ ਤੋਂ ਜਦੋਂ ਤੋਂ ਕੁਦਰਤ ਨੂੰ ਮਿੱਧ ਕੇ ਬੇਲਗਾਮ ਉਦਯੋਗਿਕ ਸਰਗਰਮੀਆਂ ਤੇ ਅਖੌਤੀ ਵਿਕਾਸ ਦਾ ਦੌਰ ਸ਼ੁਰੂ ਹੋਇਆ।' ਦਰ-ਹਕੀਕਤ ਦੁਨੀਆ ਨੂੰ ਦਰਪੇਸ਼ ਵੱਡੇ ਖ਼ਤਰਿਆਂ 'ਚੋਂ ਇਕ ਵੱਡਾ ਖ਼ਤਰਾ ਹੈ ਆਲਮੀ-ਤਪਸ਼ ਭਾਵ ਗਲੋਬਲ ਵਾਰਮਿੰਗ।
ਸਾਡੇ ਗ੍ਰਹਿ ਤੋਂ ਬਿਨਾਂ ਸੋਰ-ਮੰਡਲ ਦੇ ਜ਼ਿਆਦਾਤਰ ਗ੍ਰਹਿ ਜਾਂ ਤਾਂ ਯਖ ਠੰਢੇ ਹਨ ਜਾਂ ਬਹੁਤ ਗਰਮ। ਸਿੱਟੇ ਵਜੋਂ ਧਰਤੀ ਤੋਂ ਇਲਾਵਾ ਹੋਰ ਕਿਸੇ ਗ੍ਰਹਿ 'ਤੇ ਜ਼ਿੰਦਗੀ ਨਹੀਂ ਵਿਗਸਦੀ, ਰੁੱਖ ਨਹੀਂ ਮੌਲਦੇ। ਜ਼ਿੰਦਗੀ ਵਿਗਸਣ, ਧੜਕਣ ਤੇ ਮੌਲਣ ਦੀ ਅਸਲ ਵਜ੍ਹਾ ਹੀ ਸਵੱਲੀ ਕੁਦਰਤ, ਜਲ-ਸੋਮੇ ਤੇ ਸਾਵਾਂ ਤਾਪਮਾਨ ਹਨ। ਪਰ ਹੁਣ ਇਹ ਆਪੇ ਸਹੇੜੀ ਆਲਮੀ-ਤਪਸ਼ ਨਾਲ ਗੜਬੜਾ ਰਹੇ ਹਨ। ਵਿਗਿਆਨੀਆਂ ਨੇ ਜੋ ਕਾਰਨ ਲੱਭੇ ਹਨ, ਉਨ੍ਹਾਂ 'ਚ ਸਭ ਤੋਂ ਵੱਡਾ ਕਾਰਨ ਵਾਤਾਵਰਨ 'ਚ ਕਾਰਬਨ ਡਾਇਆਕਸਾਈਡ ਤੇ ਦੂਜੀਆਂ ਗ੍ਰੀਨ ਹਾਊਸ ਗੈਸਾਂ ਦੀ ਵਧਦੀ ਮਾਤਰਾ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜ਼ਹਿਰੀਲੀਆਂ ਗੈਸਾਂ ਦਾ ਰਿਸਾਅ ਵਧਿਆ ਹੈ। ਗ਼ੈਰ-ਰਵਾਇਤੀ ਘਣੀ ਖੇਤੀ ਨੇ ਵੀ ਇਸ 'ਚ ਵੱਡਾ ਵਾਧਾ ਕੀਤਾ ਹੈ। ਗ਼ੈਰ-ਜ਼ਰੂਰੀ ਪਟਰੋਲਿੰਗ ਹੋ ਰਹੀ ਹੈ, ਜਿਹੜੀ ਘਾਤਕ ਮਿਥੇਨ ਗੈਸ ਦੀ ਮੁੱਖ ਸਿਰਜਕ ਹੈ। ਉਦਯੋਗ ਕੋਲਾ, ਪੈਟਰੋਕੈਮੀਕਲ ਤੇ ਕੁਦਰਤੀ ਗੈਸਾਂ ਜਿਹੇ ਹਾਈਡਰੋਕਾਰਬਨ ਬਾਲਣ 'ਤੇ ਨਿਰਭਰ ਹੋ ਕੇ ਰਹਿ ਗਏ ਹਨ। ਰਾਕਟਾਂ ਤੇ ਆਤਸ਼ੀ-ਹਥਿਆਰਾਂ ਨੇ ਚੌਗਿਰਦੇ ਦੇ ਗੰਧਲੇਪਨ ਨੂੰ ਜਰਬਾਂ ਦੇ ਦਿੱਤੀਆਂ ਹਨ। ਪਿਛਲੀ ਡੇਢ ਸਦੀ 'ਚ ਤਾਪਮਾਨ 'ਚ 1.08 ਤੋਂ 1.76 ਡਿਗਰੀ ਫਾਰਨਹੀਟ ਦਾ ਵਾਧਾ ਹੋ ਗਿਆ ਹੈ।
ਗੱਲ ਕੀ, ਧਰਤੀ ਦੇ ਹਰੇ-ਭਰੇ ਪਿੰਡੇ ਨੂੰ ਜ਼ਹਿਰੀਲੇ ਧੂੰਏਂ 'ਚ ਲਿਪਟੇ ਗਰਮ ਗ੍ਰਹਿ ਵਿਚ ਤਬਦੀਲ ਕੀਤਾ ਜਾ ਰਿਹਾ ਹੈ, ਜਿਹੜਾ ਅਣਮਿਣਵੇਂ ਜਲ ਸੰਕਟ, ਅੰਨ ਸੰਕਟ, ਨਵੇਂ-ਨਿਵੇਕਲੇ ਰੋਗਾਂ ਸਮੇਤ ਅਣਕਿਆਸੀਆਂ ਸਮਾਜਿਕ ਤੇ ਰਾਜਨੀਤਕ ਉਥਲ-ਪੁਥਲਾਂ ਦਾ ਵੀ ਕਾਰਨ ਬਣੇਗਾ। ਇਸ ਬੇਲਗਾਮ ਤਪਸ਼ ਦਾ ਕਾਰਨ, ਕੋਈ ਇਕ-ਅੱਧ ਵਜ੍ਹਾ ਨਹੀਂ ਹੈ। ਏਅਰ ਕੰਡੀਸ਼ਨਰ, ਰੈਫਜੀਰੇਟਰ, ਫੋਮ ਤੇ ਹਾਰ-ਸ਼ਿੰਗਾਰ ਉਦਯੋਗਾਂ ਤੋਂ ਨਿਕਲਣ ਵਾਲੀਆਂ ਮਾਰੂ ਗੈਸਾਂ ਲੋਕਾਂ ਦੇ ਸਿਰ ਮੜ੍ਹ ਦਿੱਤੀ ਗਈ ਰਸਾਇਣਕ ਖੇਤੀ, ਵਾਹਨਾਂ ਦਾ ਧੂੰਆਂ, ਰਹਿੰਦ-ਖੂੰਹਦ ਤੇ ਜੰਗਲਾਂ ਨੂੰ ਅੱਗ, ਸ਼ੋਰ-ਪ੍ਰਦੂਸ਼ਨ, ਬੇਪ੍ਰਵਾਹ ਉਦਯੋਗਿਕ ਤੇ ਰਸਾਇਣਕ ਸਰਗਰਮੀਆਂ, ਪ੍ਰਮਾਣੂ ਤੇ ਪੁਲਾੜ ਖੋਜਾ, ਪੈਟਰੋ-ਕੈਮੀਕਲਜ਼ ਦੀ ਅੰਨ੍ਹੇਵਾਹ ਵਰਤੋਂ ਤੇ ਮਾਰੂ ਹਥਿਆਰਾਂ ਦਾ ਚਲਣ ਆਦਿ ਇਸ ਦੇ ਸਿਰਜਕ ਹਨ। ਜਲਵਾਯੂ ਦੇ ਬਦਲਦੇ ਮਿਜ਼ਾਜ 'ਤੇ ਕੀਤੇ ਇਕ ਅਧਿਐਨ ਮੁਤਾਬਿਕ, ਵਾਤਾਵਰਨ ਤਬਦੀਲੀ ਨਾਲ ਮੁਲਕਾਂ ਦੀ ਸੁਰੱਖਿਆਂ ਲਈ ਵੀ ਗੰਭੀਰ ਖ਼ਤਰੇ ਖੜ੍ਹੇ ਹੋ ਜਾਣਗੇ, ਕਿਉਂਕਿ ਸਮੁੰਦਰ ਤੱਲ ਦੇ ਉੱਪਰ ਉਠਣ ਅਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਜਲ-ਵਹਿਣਾਂ ਅਤੇ ਵਿਸ਼ਵੀ-ਹੱਦਬੰਦੀ 'ਚ ਬਦਲਾਅ ਦੀ ਸੰਭਾਵਨਾ ਪੈਦਾ ਹੋ ਰਹੀ ਹੈ।
ਕੀ ਹੋਵੇਗਾ ਫਿਰ? ਮਹਿਜ ਦੋ ਕੁ ਡਿਗਰੀ ਦਾ ਵਾਧਾ ਵੀ ਤਿੱਖੇ ਤੇ ਅਣਕਿਆਸੇ ਜਲਵਾਯੂ ਬਦਲਾਅ ਦਾ ਕਾਰਨ ਬਣੇਗਾ, ਜਿਹੜਾ ਪਹਿਲਾਂ ਭਾਰੀ ਹੜ੍ਹ, ਸੋਕਾ ਤੇ ਸਮੁੰਦਰੀ ਹਲਚਲਾਂ ਉਪਰੰਤ ਕਈ ਤਟਵਰਤੀ ਸਥਾਨਾਂ ਅਤੇ ਨੀਵੇਂ ਦੇਸ਼ਾਂ ਨੂੰ ਨਿਗਲ ਲਵੇਗਾ। ਇਹ ਗਲੇਸ਼ੀਅਰ ਹੀ ਹਨ, ਜਿਨ੍ਹਾਂ 'ਚੋਂ ਪਾਣੀ ਰਿਸ-ਰਿਸ ਕੇ ਦਰਿਆ-ਨਦੀਆਂ ਹੋਂਦ 'ਚ ਆਈਆਂ, ਜਿਨ੍ਹਾਂ ਨੇ ਸਾਨੂੰ ਉਪਜਾਊ ਖਿੱਤੇ ਬਖਸ਼ੇ। ਪਰ ਜੇ ਤਾਪਮਾਨ ਵਧਣ ਦੀ ਰਫ਼ਤਾਰ ਇਹੋ ਰਹੀ ਤਾਂ ਅੱਧੀ ਸਦੀ ਤੱਕ ਇਨ੍ਹਾਂ ਦਾ ਵਜੂਦ ਖ਼ਤਮ ਹੋ ਜਾਵੇਗਾ। ਇੰਟਰਨੈਸ਼ਨਲ ਕਮਿਸ਼ਨ ਫਾਰ ਸਨੋਅ ਐਂਡ ਆਈਸ ਅਨੁਸਾਰ ਜੇ ਧਰਤੀ ਦਾ ਤਾਪਮਾਨ ਇਵੇਂ ਹੀ ਵਧਦਾ ਰਿਹਾ ਤਾਂ ਇਹ ਭਾਣਾ ਜਲਦੀ ਵੀ ਵਾਪਰ ਸਕਦਾ ਹੈ। ਵਰਕਿੰਗ ਗਰੁੱਪ ਆਫ ਹਿਮਾਲਿਆ ਗਲੇਸ਼ੀਆਲੋਜੀ ਮੁਤਾਬਿਕ ਮੌਜੂਦਾ 5 ਲੱਖ ਵਰਗ ਕਿਲੋਮੀਟਰ ਦਾ ਹਿਮ-ਖੇਤਰ ਸੁੰਗੜ ਕੇ ਬਹੁਤ ਛੇਤੀ ਇਕ ਲੱਖ ਵਰਗ ਕਿ.ਮੀ. ਰਹਿ ਜਾਵੇਗਾ। ਇਸੇ ਤਪਸ਼ ਕਾਰਨ ਸਾਈਬੇਰੀਆ ਦੇ ਕਰੀਬ ਅੱਧਾ ਸੈਂਕੜਾ ਗਲੇਸ਼ੀਅਰ ਪਿਘਲਣ ਨਾਲ ਉੱਥੇ 2.4 ਤੋਂ 5.6 ਰੈਕਟਰ ਦੇ ਭੂਚਾਲ ਦੇ ਝਟਕੇ ਨੋਟ ਕੀਤੇ ਗਏ ਤੇ ਉੱਥੋਂ ਦੀ ਸ਼ੀਤ ਠੰਢ ਵੀ ਨਿੱਘ 'ਚ ਬਦਲ ਰਹੀ ਹੈ। ਦਰ-ਹਕੀਕਤ, ਆਲਮੀ ਤਪਸ਼ ਦਾ ਮੁੱਖ ਜ਼ਿੰਮੇਵਾਰ ਉਹ ਧੜਵੈਲ ਧਨ-ਕੁਬੇਰ ਤੇ ਹਾਕਮ-ਜਮਾਤਾਂ ਹਨ, ਜਿਨ੍ਹਾਂ ਨੇ ਵਿਕਾਸ ਤੇ ਮਨੁੱਖੀ ਸਹੂਲਤਾਂ ਦਾ ਮਖੌਟਾ ਪਹਿਨਿਆ ਹੋਇਆ ਹੈ। ਅਖੌਤੀ ਵਿਕਾਸ ਕੁਦਰਤ, ਮਨੁੱਖੀ ਕਦਰਾਂ-ਕੀਮਤਾਂ ਤੇ ਸੰਸਾਰ ਭਾਈਚਾਰੇ ਨੂੰ ਟਿੱਚ ਜਾਣਦਾ ਹੈ। ਬੰਦਾ ਤਦ ਹੀ ਬਚੇਗਾ ਜੇ ਸਭ ਅਲਾਮਤਾਂ ਸਮੇਤ ਆਲਮੀ ਤਪਸ਼, ਦੀਆਂ ਜ਼ਿੰਮੇਵਾਰ ਮਨੁੱਖੀ ਆਪ-ਹੁਦਰੀਆਂ ਨੂੰ ਅਲਵਿਦਾ ਆਖੀ ਜਾਵੇ। ਇਸ ਲਈ ਸਾਨੂੰ ਉਸ ਨਿਜ਼ਾਮ ਜਿਸ ਨੇ ਮਨੁੱਖ ਨੂੰ ਬਾਜ਼ਾਰ ਦੀ ਚਕਾਚੌਂਧ ਵਿਚ ਉਲਝਾ ਲਿਆ ਹੈ, ਨੂੰ ਵੀ ਨਕਾਰਨਾ ਪਵੇਗਾ, ਜਿਹੜਾ ਭਾਈਚਾਰਕ ਤੇ ਕੁਦਰਤੀ ਸਹਿਹੋਂਦ ਦੀ ਬਜਾਏ ਮੁਨਾਫਿਆਂ ਤੇ ਤਖ਼ਤਾਂ ਮਗਰ ਹਾਫਲਿਆ ਫਿਰਦਾ ਹੈ। ਨਫ਼ੇ, ਦੌਲਤ ਤੇ ਹੋਰ ਦੌਲਤ ਹਥਿਆਉਣ ਲਈ, ਫਿਰ ਦੂਜਿਆਂ 'ਤੇ ਇਸੇ ਦੌਲਤ ਨਾਲ ਸੱਤਾ ਕਾਇਮ ਕਰਨ ਦੀ ਭੁੱਖ ਅਕਸਰ ਸਰਬੱਤ ਦੇ ਭਲੇ ਵਾਲੀਆਂ ਸਪੱਸ਼ਟ ਧਾਰਨਾਵਾਂ ਨੂੰ ਧੁੰਦਲਾਅ ਦਿੰਦੀ ਹੈ। ਵਧਦੀ ਆਬਾਦੀ ਦੀਆਂ ਜ਼ਰੂਰਤਾਂ ਤੇ ਭੌਤਿਕ ਸਹੂਲਤਾਂ ਪੈਦਾ ਕਰਨ ਦੇ ਬਹਾਨੇ ਭਾਰੀ ਮੁਨਾਫਿਆਂ ਦੀ ਕਾਰਪੋਰੇਟੀ-ਪ੍ਰਵਿਰਤੀ ਵਲੋਂ ਕੁਦਰਤੀ ਸਰੋਤਾਂ 'ਤੇ ਕੀਤੇ ਤਾਬੜ ਤੋੜ ਹੱਲਿਆਂ, ਬੇਕਿਰਕ ਮਾਈਨਿੰਗ ਨੇ ਜਲ ਪੱਧਰ ਨੂੰ ਲਗਾਤਾਰ ਥੱਲੇ ਲਾਉਣ ਸਮੇਤ ਧਰਤੀ ਨੂੰ ਜਿਵੇਂ ਅੰਦਰੋ-ਅੰਦਰ ਖੋਖਲਾ ਕਰ ਦਿੱਤਾ ਹੈ, ਦੇ ਮਾਰੂ-ਸਿੱਟੇ ਕੁਝ ਸਾਲਾਂ 'ਚ ਹੀ ਸਾਹਮਣੇ ਆ ਜਾਣਗੇ।
ਜੇ ਬਰਸਾਤ ਜਿਸ ਬਾਰੇ ਪਤਾ ਨਹੀਂ ਕਿ ਕਿੰਨੀ ਕੁ ਪੈਣੀ ਹੈ ਜਾਂ ਨਹੀਂ, ਨੂੰ ਸ਼ਾਮਿਲ ਨਾ ਕੀਤਾ ਜਾਵੇ ਤਦ ਵੀ ਖ਼ੁਦ-ਸਹੇੜੀ ਆਲਮੀ ਤਪਸ਼ ਕਾਰਨ ਬਹੁ-ਰੁੱਤਾਂ ਵਾਲਾ ਭਾਰਤੀ ਉਪ ਮਹਾਂਦੀਪ ਸਿਰਫ਼ ਦੋ ਰੁੱਤਾਂ ਅਰਥਾਤ ਗਰਮੀ ਤੇ ਸਰਦੀ ਵਾਲਾ ਖਿੱਤਾ ਬਣ ਜਾਵੇਗਾ। ਬਹੁ-ਰੁੱਤਾਂ ਤੋਂ ਦੋ ਜਾਂ ਤਿੰਨ ਰੁੱਤਾਂ 'ਚ ਸੁੰਗੜ ਜਾਣ ਦਾ ਅਰਥ ਹੈ ਬਹੁ-ਭਾਂਤੀ ਵੰਨ-ਸੁਵੰਨਤਾ ਤੋਂ ਦੋ ਜਾਂ ਤਿੰਨ 'ਚ ਤਬਦੀਲ ਹੋ ਜਾਣਾ। ਤਦ ਨਾ ਤਾਂ ਰੁੱਤਾਂ, ਪੰਖੇਰੂਆਂ-ਜਨੌਰਾਂ ਦੀ ਵੰਨਗੀ ਥਿਆਵੇਗੀ ਤੇ ਨਾ ਹੀ ਇਸ ਬਹੁ-ਵੰਨਗੀ ਤਹਿਤ ਕੁਦਰਤ ਵਲੋਂ ਪਰੋਸੀਆਂ ਜਾਣ ਵਾਲੀਆਂ ਨਿਆਮਤਾਂ। ਬੰਦਾ, ਦੋ-ਰੁੱਤਾਂ ਦੀਆਂ ਪੈਦਾਵਾਰਾਂ ਨੂੰ ਖਾਣ-ਹੰਢਾਉਣ ਤੇ ਪਹਿਨਣ-ਪਚਰਨ ਲਈ ਨਰੜਿਆ ਜਾਵੇਗਾ। ਬਹੁ-ਭਾਂਤੀ ਬਨਸਪਤੀ ਤੇ ਜੀਵਾਂ ਦੇ ਖ਼ਾਤਮੇ ਦੀ ਤਾਂ ਗੱਲ ਛੱਡੋ, ਸਾਨੂੰ ਫ਼ਸਲੀ ਪ੍ਰਣਾਲੀ, ਘਰ-ਢਾਰਿਆਂ, ਕੱਪੜੇ-ਲੱਤੇ, ਰਹਿਣ ਸਹਿਣ, ਪਹਿਨਣ-ਪਚਰਨ, ਜੀ-ਪ੍ਰਚਾਵਿਆਂ 'ਚ ਤਿੱਖੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਇਸ ਤੋਂ ਪਹਿਲਾਂ ਕਿ ਕੁਦਰਤ ਸਾਨੂੰ ਆਪਣਾ ਵਿਰਾਟ ਰੂਪ ਵਿਖਾਵੇ, ਆਓ ਆਪਾਂ ਸੰਭਲ ਜਾਈਏ।

-ਮੋਬਾਈਲ : 94634-39075

ਪਿਛਲੀ ਖ਼ਬਰ ਫ਼ਿਲਮੀ ਪਰਦੇ 'ਤੇ ਔਰਤਾਂ ਖ਼ਿਲਾਫ਼ ਭੱਦੀਆਂ ਤੇ ਅਪਮਾਨਜਨਕ ਟਿੱਪਣੀਆਂ ਅਗਲੀ ਖ਼ਬਰ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।