ਪੰਜਾਬ ਸਰਕਾਰ ਫ਼ਸਲੀ ਵਿਭਿੰਨਤਾ ਲਈ ਲੰਮੇ ਸਮੇਂ ਤੋਂ ਉਪਰਾਲੇ ਕਰ ਰਹੀ ਹੈ, ਪਰ ਝੋਨੇ ਦੀ ਕਾਸ਼ਤ ਹੇਠ ਰਕਬਾ ਘਟਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਕਿਉਂਕਿ ਇਸ ਦੇ ਮੁਕਾਬਲੇ ਖਰੀਫ 'ਚ ਕੋਈ ਹੋਰ ਫ਼ਸਲ ਕਿਸਾਨਾਂ ਲਈ ਬਹੁਤੀ ਲਾਹੇਵੰਦ ਨਹੀਂ। ਇਸ ਸਾਲ 32.5 ਲੱਖ ਹੈਕਟੇਅਰ 'ਤੇ ਝੋਨੇ ਦੀ ਕਾਸ਼ਤ ਕੀਤੇ ਜਾਣ ਦਾ ਅਨੁਮਾਨ ਹੈ। ਝੋਨੇ ਨੂੰ ਪਾਣੀ ਦੀ ਬਹੁਤੀ ਲੋੜ ਹੋਣ ਕਾਰਨ ਰਾਜ ਦਾ 80% ਰਕਬਾ (154 ਬਲਾਕਾਂ 'ਚੋਂ 117 ਬਲਾਕ) ਸਿਆਹ (ਡਾਰਕ) ਜ਼ੋਨ 'ਚ ਤਬਦੀਲ ਹੋ ਗਏ ਹਨ। ਪੰਜਾਬ ਸਰਕਾਰ ਨੇ ਝੋਨੇ ਦੀ ਕਾਸ਼ਤ ਹੇਠ ਰਕਬਾ ਘਟਾ ਕੇ ਫ਼ਸਲੀ ਵਿਭਿੰਨਤਾ ਲਿਆਉਣ ਲਈ ਮੱਕੀ ਦੀ ਕਾਸ਼ਤ ਵਧਾਉਣ 'ਤੇ ਜ਼ੋਰ ਦਿੱਤਾ ਹੈ। ਇਸ ਦੀ ਕਾਸ਼ਤ ਹੇਠ ਇਸ ਸਾਲ 50 ਹਜ਼ਾਰ ਏਕੜ ਰਕਬਾ ਵਧਾਉਣ ਦੀ ਯੋਜਨਾ ਹੈ। ਖ਼ਰੀਫ਼ ਮੌਸਮ ਦੀ ਮੱਕੀ ਹੇਠ 1.30 ਲੱਖ ਹੈਕਟੇਅਰ ਰਕਬਾ ਲਿਆਂਦਾ ਜਾਵੇਗਾ। ਪਰ ਕਿਸਾਨ ਜ਼ਿਆਦਾ ਬਹਾਰ ਰੁੱਤ ਦੀ ਮੱਕੀ ਬੀਜ ਰਹੇ ਹਨ, ਜੋ ਲਗਭਗ ਝੋਨੇ ਜਿੰਨਾ ਪਾਣੀ ਹੀ ਮੰਗਦੀ ਹੈ।
ਇਕ ਅਨੁਮਾਨ ਅਨੁਸਾਰ ਇਸ ਸਾਲ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ 3 ਤੋਂ 3.25 ਲੱਖ ਹੈਕਟੇਅਰ 'ਤੇ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਬਹਾਰ ਰੁੱਤ ਦੀ ਮੱਕੀ 2 ਕੁ ਲੱਖ ਹੈਕਟੇਅਰ ਰਕਬੇ 'ਤੇ ਲਾਈ ਗਈ ਸੀ, ਜਦਕਿ 2024 'ਚ 1.50 ਲੱਖ ਹੈਕਟੇਅਰ ਰਕਬਾ 'ਤੇ ਸੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਗੁਰਜੀਤ ਸਿੰਘ ਬਰਾੜ ਕਹਿੰਦੇ ਹਨ ਕਿ ਕਿਸਾਨਾਂ ਨੂੰ ਬਹਾਰ ਰੁੱਤ ਦੀ ਮੱਕੀ ਨਾ ਬੀਜਣ ਲਈ ਪ੍ਰੇਰਿਆ ਜਾ ਰਿਹਾ ਹੈ, ਪਰ ਕਿਸਾਨ ਵਧੇਰੇ ਲਾਹੇਵੰਦ ਹੋਣ ਕਰਕੇ ਬਹਾਰ ਰੁੱਤ ਦੀ ਮੱਕੀ ਦੀਆਂ ਕਿਸਮਾਂ ਦੀ ਕਾਸ਼ਤ ਕਰਨ 'ਤੇ ਹੀ ਤੁਲੇ ਹੋਏ ਹਨ। ਹਾਲਾਂਕਿ ਖ਼ਰੀਫ਼ ਮੌਸਮ 'ਚ ਮੱਕੀ ਬੀਜਣ ਲਈ ਪੰਜਾਬ ਸਰਕਾਰ ਵਲੋਂ ਵੱਡੀ ਸਬਸਿਡੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਲਈ ਹਾਈਬ੍ਰਿਡ ਕਿਸਮਾਂ ਦਾ ਬੀਜ ਨਿੱਜੀ ਕੰਪਨੀਆਂ ਤੇਜ਼ੀ ਨਾਲ ਵੇਚ ਰਹੀਆਂ ਹਨ। ਪੰਜਾਬ ਸਰਕਾਰ ਨੇ ਹਾਈਬ੍ਰਿਡ ਬੀਜ 'ਤੇ ਪਾਬੰਦੀ ਲਾਈ ਸੀ (ਭਾਵੇਂ ਖਾਰੇ ਪਾਣੀ ਦੇ ਮੁਕਤਸਰ ਆਦਿ ਜਿਹੇ ਜ਼ਿਲ੍ਹਿਆਂ 'ਚ ਹਾਈਬ੍ਰਿਡ ਕਿਸਮਾਂ ਸਫ਼ਲਤਾ ਨਾਲ ਹੋ ਜਾਂਦੀਆਂ ਹਨ)। ਇਹ ਪਾਬੰਦੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਤੇ ਹੁਣ ਇਨ੍ਹਾਂ ਬੀਜਾਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਡਾ. ਬਰਾੜ ਨੇ ਦੱਸਿਆ ਕਿ ਸਰਕਾਰ ਤਾਂ ਪਾਣੀ ਦੀ ਬੱਚਤ ਲਈ ਸਿੱਧੀ ਬਿਜਾਈ 'ਤੇ ਵੀ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਦੇ ਰਹੀ ਹੈ। ਪਰ ਇਸ ਸਾਲ ਸਿੱਧੀ ਬਿਜਾਈ ਦੀ ਕਾਸ਼ਤ ਬਾਰਿਸ਼ਾਂ ਤੇ ਕੁਝ ਹੋਰ ਕਾਰਨਾਂ ਕਾਰਨ ਬਹੁਤ ਘੱਟ ਰਕਬੇ 'ਤੇ ਹੋਈ ਹੈ। ਕਿਸਾਨ ਬਹਾਰ ਰੁੱਤ ਦੀ ਮੱਕੀ ਇਸ ਕਾਰਨ ਬੀਜ ਰਹੇ ਹਨ ਕਿ ਸਬਸਿਡੀ ਨਾਲੋਂ ਉਨ੍ਹਾਂ ਦੀ ਕਾਸ਼ਤ ਨਾਲ ਮੁਨਾਫ਼ਾ ਵਧੇਰੇ ਹੁੰਦਾ। ਭਾਵੇਂ ਮੱਕੀ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਸਹੀ ਅਰਥਾਂ 'ਚ ਇਸ ਦੀ ਐਮ.ਐਸ.ਪੀ. ਨਹੀਂ ਹੈ। ਕਿਸਾਨਾਂ ਨੂੰ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਭਾਅ 1900 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ, ਕਿਉਂਕਿ ਮੱਕੀ ਦੀ ਮੰਗ ਜਿਵੇਂ ਪੋਲਟਰੀ, ਇਥਨੌਲ ਤੇ ਚਾਰਿਆਂ ਸੰਬੰਧੀ ਵਧ ਰਹੀ ਹੈ। ਭਾਵੇਂ ਮੱਕੀ ਦੀ ਕਾਸ਼ਤ ਥੱਲੇ ਰਕਬਾ 4.30 ਲੱਖ (3.0 ਲੱਖ ਹੈਕਟੇਅਰ ਹਾਈਬ੍ਰਿਡ+1.30 ਲੱਖ ਹੈਕਟੇਅਰ ਖ਼ਰੀਫ਼ ਮੌਸਮ ਦੀ ਮੱਕੀ) ਹੈਕਟੇਅਰ ਤੋਂ ਵੱਧ ਤੱਕ ਚਲਾ ਗਿਆ, ਪਰ ਝੋਨੇ ਦੀ ਕਾਸ਼ਤ ਹੇਠ ਰਕਬੇ 'ਚ ਕੋਈ ਕਮੀ ਨਹੀਂ ਆਈ। ਰਕਬਾ ਦੂਜੀਆਂ ਹੋਰ ਫ਼ਸਲਾਂ ਜਿਵੇਂ ਨਰਮਾ, ਕਪਾਹ ਆਦਿ 'ਚੋਂ ਨਿਕਲ ਕੇ ਮੱਕੀ, ਝੋਨੇ ਦੀ ਕਾਸ਼ਤ ਹੇਠ ਚਲਾ ਗਿਆ ਹੈ। ਨਰਮੇ, ਕਪਾਹ ਦੀ ਫ਼ਸਲ ਹੁਣ ਤੱਕ ਕੇਵਲ 70 ਹਜ਼ਾਰ ਹੈਕਟੇਅਰ ਰਕਬੇ 'ਤੇ ਬੀਜੀ ਗਈ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਕਹਿੰਦੇ ਹਨ ਕਿ ਪੰਜਾਬ ਸਰਕਾਰ ਬੀਟੀ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33% ਸਬਸਿਡੀ ਦੇ ਰਹੀ ਹੈ, ਪਰ ਕਿਸਾਨ ਇਸ ਨੂੰ ਫੇਰ ਵੀ ਨਹੀਂ ਅਪਣਾ ਰਹੇ, ਕਿਉਂਕਿ ਇਸ ਦੇ ਮੰਡੀਕਰਨ 'ਚ ਮੁਸ਼ਕਿਲਾਂ ਆਉਂਦੀਆਂ ਹਨ। ਪਿਛਲੇ ਸਾਲ ਕਾਟਨ ਕਾਪਰੋਪੇਸ਼ਨ ਆਫ ਇੰਡੀਆ ਨੇ ਨਰਮੇ ਦੀ ਖ਼ਰੀਦ ਲਈ ਮੰਡੀ 'ਚ ਪ੍ਰਵੇਸ਼ ਹੀ ਨਹੀਂ ਸੀ ਕੀਤਾ। ਨਰਮੇ-ਕਪਾਹ ਦੀ ਕਾਸ਼ਤ ਲਈ ਜੋ ਨਿਸ਼ਾਨਾ ਮਿੱਥਿਆ ਗਿਆ ਸੀ, ਉਸ 'ਚੋਂ 55 56 ਫ਼ੀਸਦੀ ਦੀ ਹੀ ਪ੍ਰਾਪਤੀ ਹੋਈ ਹੈ।
ਬਹਾਰ ਰੁੱਤ 'ਚ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਵਧਣ ਨਾਲ ਪੰਜਾਬ 'ਚ 3 ਫ਼ਸਲੀ ਚੱਕਰ ਆਲੂ, ਮੱਕੀ ਤੇ ਝੋਨਾ ਉੱਭਰ ਕੇ ਅੱਗੇ ਆ ਰਿਹਾ ਹੈ। ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਹੋਰ ਘਟਣ ਦਾ ਅੰਦੇਸ਼ਾ ਹੈ, ਜੋ ਭਵਿੱਖ 'ਚ ਪੰਜਾਬ ਦੀ ਖੇਤੀ 'ਤੇ ਭਾਰੀ ਪਵੇਗਾ। ਡਾਇਰੈਕਟਰ ਬਰਾੜ ਕਹਿੰਦੇ ਹਨ ਕਿ ਖਾਰੇ ਪਾਣੀ ਵਾਲੇ ਜ਼ਿਲ੍ਹਿਆਂ ਤੋਂ ਇਲਾਵਾ ਮੱਕੀ ਦੇ ਹਾਈਬ੍ਰਿਡਜ਼ ਦੀ ਬਹਾਰ ਰੁੱਤ 'ਚ ਕਾਸ਼ਤ ਨਹੀਂ ਹੋਣੀ ਚਾਹੀਦੀ। ਇਹ ਵੀ ਕਿ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਵਧਣ ਨਾਲ ਯਕੀਨਨ ਪਾਣੀ ਦਾ ਸੰਕਟ ਘਟੇਗਾ, ਕਿਉਂਕਿ ਬਾਸਮਤੀ ਕਈ ਸਥਿਤੀਆਂ 'ਚ ਮੌਨਸੂਨ ਦੇ ਮੀਹਾਂ ਨਾਲ ਹੀ ਹੋ ਜਾਂਦੀ ਹੈ, ਪਰ ਇਸ ਲਈ ਲਾਹੇਵੰਦ ਮੰਡੀਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਕਿਸਾਨ ਬਾਸਮਤੀ 'ਤੇ ਐਮ.ਐਸ.ਪੀ. ਦੀ ਮੰਗ ਕਰ ਰਹੇ ਹਨ, ਜੋ ਕੇਂਦਰ ਸਰਕਾਰ ਨੂੰ ਵਿਚਾਰਨ ਦੀ ਲੋੜ ਹੈ। ਪਰ ਬਾਸਮਤੀ ਦੀ ਕਾਸ਼ਤ ਹੇਠ ਜਦੋਂ ਰਕਬਾ ਵਧਦਾ ਹੈ ਤਾਂ ਮੰਡੀ 'ਚ ਇਸ ਦਾ ਭਾਅ ਡਿਗ ਜਾਂਦਾ ਹੈ। ਭਾਵੇਂ ਬਾਸਮਤੀ ਚੌਲਾਂ ਦੀ ਖ਼ਪਤ ਘਰੇਲੂ ਤੇ ਦੂਜੇ ਮੁਲਕਾਂ 'ਚ ਵਧ ਰਹੀ ਹੈ, ਪਰ ਕਿਸਾਨਾਂ ਨੂੰ ਡਰ ਹੈ ਕਿ ਪੱਛਮੀ ਏਸ਼ੀਆਂ ਦੀ ਜੰਗ ਕਾਰਨ ਬਰਾਮਦ ਘਟਣ 'ਤੇ ਕਿਤੇ ਭਾਅ ਡਿੱਗ ਨਾ ਜਾਵੇ। ਜੋ ਆਈ.ਸੀ.ਏ.ਆਰ ਆਈ.ਏ.ਆਰ.ਆਈ. ਨੇ ਬਾਸਮਤੀ ਦੀਆਂ ਵਧੇਰੇ ਲਾਹੇਵੰਦ ਕਿਸਮਾਂ ਜਿਵੇਂ ਪੀਬੀ 1121, ਪੀਬੀ 1885 ਤੇ ਪੀਬੀ 1509 ਆਦਿ ਵਿਕਸਿਤ ਕੀਤੀਆਂ, ਉਸ ਦੇ ਬਾਵਜੂਦ ਬਾਸਮਤੀ ਦਾ ਭਾਅ ਡਿਗਣ ਨਾਲ ਕਿਸਾਨਾਂ 'ਚ ਇਹ ਸੁਪਰ ਫਾਈਨ ਕਿਸਮਾਂ ਬੀਜਣ ਲਈ ਉਤਸ਼ਾਹ ਘਟੇਗਾ। ਮੱਕੀ ਦੀਆਂ ਕੁਝ ਹਾਈਬ੍ਰਿਡ ਕਿਸਮਾਂ ਦੀ ਬਹਾਰ ਰੁੱਤ 'ਚ ਕਾਸ਼ਤ 'ਤੇ ਰੋਕ ਲਾ ਕੇ ਅਤੇ ਬਾਸਮਤੀ 'ਤੇ ਐਮ.ਐਸ.ਪੀ. ਦੇ ਕੇ ਪੰਜਾਬ 'ਚ ਤੇਜ਼ੀ ਨਾਲ ਵਧ ਰਹੇ 3 ਫ਼ਸਲੀ ਚੱਕਰ ਨੂੰ ਰੋਕਣ ਦੀ ਲੋੜ ਹੈ।
ਈ-ਮੇਲ : bhagwandass226@gmail.com