22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵਿਦਿਆਰਥੀਆਂ ਨੂੰ ਆਪਣੇ ਕਿੱਤੇ ਖੁਦ ਚੁਣਨ ਦਿਓ

ਵਿਦਿਆਰਥੀਆਂ ਨੂੰ ਆਪਣੇ ਕਿੱਤੇ ਖੁਦ ਚੁਣਨ ਦਿਓ

ਅਜੀਤ ਡੈਸਕ 22-08-2026

ਸਰਕਾਰ ਤੈਅ ਕਰਦੀ ਹੈ ਕਿ ਬੱਚਿਆਂ ਨੂੰ  ਕੀ ਪੜ੍ਹਾਇਆ ਜਾਵੇਗਾ ਤੇ ਕਿਹੜੀਆਂ ਪ੍ਰੀਖਿਆਵਾਂ ਜ਼ਰੀਏ ਉਸ ਦੀ ਪਰਖ ਕੀਤੀ ਜਾਵੇਗੀ, ਮਾਪੇ ਫ਼ੈਸਲਾ ਕਰਦੇ ਹਨ ਕਿ ਉਸ ਦੀ ਪੜ੍ਹਾਈ ਕਿਸ ਮੁਕਾਮ ਤੱਕ ਹੋਵੇਗੀ ਤੇ ਵਿਦਿਆਰਥੀ ਨੂੰ  ਇਨ੍ਹਾਂ ਦੋਹਾਂ ਦੇ ਫ਼ੈਸਲਿਆਂ ਵਿਚਕਾਰ ਪੂਰੀ ਜ਼ਿੰਦਗੀ ਬਿਤਾਉਣੀ ਪੈਂਦੀ ਹੈ | ਇਹ ਵਿਵਸਥਾ ਉਸ ਮਸ਼ੀਨ ਵਾਂਗ ਹੈ, ਜਿਸ 'ਤੇ ਕਨਵੇਅਰ ਬੈਲਟ 'ਤੇ ਚੱਲਦੀ ਹੈ ਅਤੇ ਇਹ ਇਕ ਪੜਾਅ ਤੋਂ ਦੂਜੇ ਪੜਾਅ ਤੱਕ ਜਾਣ ਤੋਂ ਇਲਾਵਾ ਕੁਝ ਨਹੀਂ ਹੈ | ਸਕੂਲ ਤੋਂ ਨਿਕਲਦੀ ਇਹ ਧਾਰਾ ਦਾਖ਼ਲਾ ਪ੍ਰੀਖਿਆ ਤੱਕ ਪਹੁੰਚ ਕੇ ਕਿਸੇ  'ਸਤਿਕਾਰਯੋਗ' ਡਿਗਰੀ ਤੱਕ ਲੈ ਜਾਂਦੀ ਹੈ | ਇਸ ਤੋਂ ਹੀ ਨੌਕਰੀ ਜਾਂ ਉੱਦਮ ਪੈਦਾ ਹੁੰਦਾ ਹੈ, ਜਿਸ ਦਾ ਅੱਗੇ ਰਿਸ਼ਤੇਦਾਰੀ, ਵਿਆਹਾਂ, ਪਰਿਵਾਰਕ ਇਕੱਠਾਂ ਵਿਚ ਬੜੇ ਮਾਣ ਨਾਲ ਜ਼ਿਕਰ ਕੀਤਾ ਜਾਂਦਾ ਹੈ  | ਇਹ ਇਕ ਅਜਿਹੀ ਦੌੜ ਹੈ, ਜਿਸ ਵਿਚ ਨੌਜਵਾਨਾਂ ਦੀ ਉਤਸੁਕਤਾ, ਯੋਗਤਾਵਾਂ ਤੇ ਸੁਭਾਅ ਚੁੱਪ-ਚਾਪ ਪਿੱਛੇ ਰਹਿ ਜਾਂਦੇ ਹਨ ਅਤੇ ਉਸ ਦੀ ਜ਼ਿੰਦਗੀ ਸਮਾਜ ਦੁਆਰਾ ਨਿਰਧਾਰਤ ਪੈਟਰਨਾਂ ਦੀ ਪਾਲਣਾ ਕਰਦਿਆਂ ਖ਼ਤਮ ਹੋ ਜਾਂਦੀ ਹੈ | ਸਵਾਲ ਇਹ ਹੈ ਕਿ ਫ਼ੈਸਲਾ-ਵਿਦਿਆਰਥੀ, ਮਾਪੇ ਜਾਂ ਅਧਿਆਪਕ ਕਿਸ ਦਾ ਹੋਣਾ ਚਾਹੀਦਾ ਹੈ? ਇਸ ਦਾ ਜਵਾਬ ਕਿਸੇ ਨਾਅਰੇ ਜਾਂ ਇਕ ਲਾਈਨ ਵਿਚ ਨਹੀਂ ਦਿੱਤਾ ਜਾ ਸਕਦਾ | ਅਧਿਆਪਕ ਸੈਂਕੜੇ ਘੰਟੇ ਬੱਚਿਆਂ ਨੂੰ  ਸੋਚਦੇ, ਸਵਾਲ ਕਰਦੇ ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਦੇਖਦੇ ਹਨ, ਜੋ ਉਨ੍ਹਾਂ ਦੇ ਮਾਪੇ ਨਹੀਂ ਦੇਖ ਸਕਦੇ | ਮਾਪੇ ਤਾਂ ਘਰ ਵਿਚ ਬੱਚੇ ਨੂੰ  ਥੱਕਿਆ, ਪ੍ਰੇਸ਼ਾਨ, ਬੇਚੈਨ ਹੀ ਪਾਉਂਦੇ ਹਨ ਅਤੇ ਬੱਚੇ ਵੀ ਘਰ 'ਚ ਆਪਣੀ ਮਾਨਸਿਕ ਪ੍ਰੇਸ਼ਾਨੀ ਤੇ ਭਾਵਨਾਵਾਂ ਨਹੀਂ ਪ੍ਰਗਟਾਅ ਪਾਉਂਦੇ, ਜਦਕਿ ਅਧਿਆਪਕ ਬੱਚੇ ਦੀ ਪ੍ਰਤਿਭਾ ਨੂੰ  ਪਛਾਣਨ ਦੇ ਬਾਵਜੂਦ ਇਸ ਨੂੰ  ਪ੍ਰਗਟ ਨਹੀਂ ਹੋਣ ਦਿੰਦਾ ਤੇ ਉਹ ਵਿਦਿਆਰਥੀ ਨੂੰ  ਪ੍ਰੀਖਿਆਵਾਂ ਦੇਣ ਦੀ ਸਿਖਲਾਈ ਦਿੰਦਾ ਹੈ | ਇਕ ਅਧਿਆਪਕ ਇਕ ਵਿਦਿਆਰਥੀ ਨੂੰ  ਇਕ ਵਿਸ਼ੇ, ਜਮਾਤ ਤੇ ਅਕਾਦਮਿਕ ਸਾਲ ਦੇ ਦਾਇਰੇ ਅੰਦਰ ਹੀ ਜਾਣਦਾ ਹੈ, ਉਸ ਦੀ ਪਰਿਵਾਰਕ ਵਿੱਤੀ ਸਥਿਤੀ, ਘਰ ਦੇ ਮਾਹੌਲ ਤੋਂ ਜਾਣੂ ਨਹੀਂ ਹੁੰਦਾ | ਜੇਕਰ ਕਿਸੇ ਬੱਚੇ ਨੂੰ  ਅਧਿਆਪਕ ਦੀ ਸਲਾਹ 'ਤੇ ਕੋਈ ਖਾਸ ਵਿਸ਼ਾ ਚੁਣ ਕੇ ਕੁਝ ਸਾਲਾਂ ਬਾਅਦ ਆਪਣੇ ਪੈਰਾਂ 'ਤੇ ਖੜ੍ਹੇ ਹੋਣ 'ਚ ਮੁਸ਼ਕਿਲ ਆਉਂਦੀ ਹੈ ਤਾਂ ਉਸ ਦੇ ਭਵਿੱਖ ਬਾਰੇ ਚਿੰਤਾ ਅਧਿਆਪਕ ਨਹੀਂ, ਉਸ ਦਾ ਪਰਿਵਾਰ ਕਰਦਾ ਹੈ | ਇਕ ਕਰੀਅਰ-ਮਾਰਗਦਰਸ਼ਨ ਸਰਵੇਖਣ ਵਿਚ 60 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੇ ਕਰੀਅਰ ਸੰਬੰਧੀ ਫ਼ੈਸਲਿਆਂ ਨੂੰ  ਪ੍ਰਭਾਵਿਤ ਕੀਤਾ ਹੈ | ਇਕ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ 14 ਤੋਂ 21 ਸਾਲ ਦੀ ਉਮਰ ਦੇ 93 ਫ਼ੀਸਦੀ  ਭਾਰਤੀ ਵਿਦਿਆਰਥੀਆਂ 'ਚੋਂ ਸਿਰਫ਼ 7 ਕਰੀਅਰ ਸੰਬੰਧੀ ਬਦਲਾਂ ਤੋਂ ਜਾਣੂ ਹਨ, ਜਦੋਂ ਕਿ ਅੱਜ 250 ਤੋਂ ਵੱਧ ਮਾਨਤਾ ਪ੍ਰਾਪਤ ਕਰੀਅਰ ਮਾਰਗ ਦੱਸਣ ਵਾਲੇ ਮੌਜੂਦ ਹਨ | ਇਹ ਸਿਰਫ਼ ਕਿਸ਼ੋਰਾਂ ਦੀ ਕਹਾਣੀ ਨਹੀਂ ਹੈ, ਜੋ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ | ਇਹ ਉਨ੍ਹਾਂ ਦਰਵਾਜ਼ਿਆਂ ਦੀ ਕਹਾਣੀ ਹੈ, ਜਿਨ੍ਹਾਂ ਬਾਰੇ ਉਨ੍ਹਾਂ ਨੂੰ  ਕਦੇ ਨਹੀਂ ਦੱਸਿਆ ਗਿਆ | 
ਤੁਲਨਾ ਕਰਨੀ ਜ਼ਰੂਰੀ
ਭਾਰਤ ਦੀਆਂ ਸਿੱਖਿਆ ਪ੍ਰਣਾਲੀਆਂ ਦੀ ਦੂਜੇ ਦੇਸ਼ਾਂ ਨਾਲ ਤੁਲਨਾ ਕਰਨਾ ਸਿਰਫ਼ ਉਸ ਧਾਰਨਾ ਤੱਕ ਹੀ ਸੀਮਿਤ ਨਹੀਂ ਹੈ ਕਿ 'ਦੂਜੇ ਦੇਸ਼ ਵਿਚ ਸਭ ਕੁਝ ਬਿਹਤਰ ਹੈ |' ਸਗੋਂ ਇਹ ਸਮਝਣ ਦਾ ਇਕ ਤਰੀਕਾ ਹੈ ਕਿ ਵੱਖ-ਵੱਖ ਸਿੱਖਿਆ ਪ੍ਰਣਾਲੀਆਂ ਵਿਦਿਆਰਥੀਆਂ ਨੂੰ  ਫ਼ੈਸਲੇ ਲੈਣ ਦੀ ਆਗਿਆ ਕਿਵੇਂ ਦਿੰਦੀਆਂ ਹਨ | ਅਮਰੀਕਾ, ਯੂ.ਕੇ., ਕੈਨੇਡਾ, ਆਸਟ੍ਰੇਲੀਆ ਤੇ ਪੱਛਮੀ ਯੂਰਪ ਦੇ ਕਈ ਹਿੱਸਿਆਂ ਵਿਚ ਸਿੱਖਿਆ ਨੂੰ  ਇਸ ਤਰੀਕੇ ਨਾਲ ਸੰਰਚਿਤ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਨੂੰ  ਆਪਣੇ ਫ਼ੈਸਲੇ ਲੈਣ ਦੀ ਆਗਿਆ ਦਿੰਦਾ ਹੈ, ਜਦਕਿ ਭਾਰਤੀ ਵਿਦਿਆਰਥੀ ਇਕ ਤਿਕੋਣ ਵਿਚ ਫਸ ਜਾਂਦੇ ਹਨ | ਕਈ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਬਿਨਾਂ ਕੋਈ ਵਿਸ਼ਾ ਲਿਆ ਕਾਲਜ ਵਿਚ ਦਾਖ਼ਲਾ ਲੈ ਕੇ ਵੱਖ-ਵੱਖ ਵਿਭਾਗਾਂ ਦੀ ਪੜਚੋਲ ਕਰਕੇ ਆਪਣੀ ਮਰਜ਼ੀ ਦਾ ਵਿਸ਼ਾ ਚੁਣ ਸਕਦੇ ਹਨ ਤੇ ਇਕ ਡਿਗਰੀ ਦੌਰਾਨ 2-3 ਵਾਰ ਵਿਸ਼ਾ ਬਦਲਣਾ ਅਸਧਾਰਨ ਨਹੀਂ ਹੈ | ਅਜਿਹਾ ਨਹੀਂ ਹੈ ਕਿ ਵਿਦੇਸ਼ਾਂ 'ਚ ਮਾਪੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕਰਦੇ, ਪਰ ਉਨ੍ਹਾਂ ਦੀ ਸੋਚ ਹੈ ਕਿ ਇਹ ਉਸ ਦੀ ਜ਼ਿੰਦਗੀ ਹੈ ਅਤੇ ਉਹ ਉਸ ਦੇ ਨਾਲ ਖੜ੍ਹੇ ਹਨ | ਪਰ ਭਾਰਤੀ ਮਾਪੇ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਦੁਨੀਆ ਦੇਖੀ ਹੈ ਤੇ ਅਸੀਂ ਤੁਹਾਡੇ ਨਾਲੋਂ ਬਿਹਤਰ ਜਾਣਦੇ ਹਾਂ | ਭਾਰਤ ਵਿਚ ਬੱਚੇ ਦੇ ਕਰੀਅਰ ਦੇ ਫ਼ੈਸਲੇ ਪਰਿਵਾਰਕ ਫ਼ੈਸਲੇ ਬਣ ਜਾਂਦੇ ਹਨ | ਬਹੁਤੇ ਪਰਿਵਾਰ ਆਪਣੀ ਕਮਾਈ ਬੱਚੇ ਦੀ ਕਿਸੇ ਖਾਸ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ 'ਤੇ ਲਗਾਉਂਦੇ ਹਨ | ਇਹ ਪੈਸਾ ਫਿਰ ਬੱਚੇ 'ਤੇ ਇਕ ਕਿਸਮ ਦਾ ਅਦਿੱਖ ਦਬਾਅ ਬਣ ਜਾਂਦਾ ਹੈ – ਇੰਨਾ ਖਰਚ ਹੋ ਗਿਆ ਹੈ ਹੁਣ ਮੈਨੂੰ ਇਹੀ ਕਰਨਾ ਪਵੇਗਾ | ਪਰ ਇਹ ਬੱਚੇ ਦੇ ਹਿੱਤਾਂ ਜਾਂ ਯੋਗਤਾਵਾਂ ਦੀ ਬਜਾਏ ਉਕਤ ਪੜ੍ਹਾਈ 'ਤੇ ਹੋਇਆ ਖਰਚ ਪੈਸਾ ਅਹਿਮ ਹੋ ਜਾਂਦਾ ਹੈ | ਰਾਸ਼ਟਰੀ ਸਿੱਖਿਆ ਨੀਤੀ 2020 ਦਾ ਬਹੁ-ਅਨੁਸ਼ਾਸਨੀ ਸਿੱਖਿਆ ਤੇ ਡਿਗਰੀ ਪ੍ਰੋਗਰਾਮਾਂ 'ਚ ਬਦਲਾਅ ਕਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਨੀਤੀ ਨਿਰਮਾਤਾ ਖੁਦ ਮੰਨਦੇ ਹਨ ਕਿ ਪੁਰਾਣੀ ਸਿੱਖਿਆ ਪ੍ਰਣਾਲੀ ਹਰ ਵਿਦਿਆਰਥੀ ਲਈ ਕੰਮ ਨਹੀਂ ਕਰ ਰਹੀ ਸੀ ਅਤੇ 'ਕੰਮ ਨਾ ਕਰਨਾ' ਸਿਰਫ਼ ਇਕ ਮੁਹਾਵਰਾ ਨਹੀਂ ਹੈ | ਇਸ ਦੇ ਪਿੱਛੇ ਅਜਿਹੇ ਅੰਕੜੇ ਹਨ, ਜੋ ਦਿਲ ਨੂੰ  ਦਹਿਲਾਉਣ ਵਾਲੇ ਹਨ | ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅਨੁਸਾਰ 2023 'ਚ ਭਾਰਤ 'ਚ 13,892 ਵਿਦਿਆਰਥੀ ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ, ਜੋ ਕਿ ਪਿਛਲੇ ਦਹਾਕੇ ਨਾਲੋਂ 65 ਫ਼ੀਸਦੀ ਵੱਧ ਹੈ | ਇਹ ਵਾਧਾ ਦੇਸ਼ ਦੀ ਸਮੁੱਚੀ ਖੁਦਕੁਸ਼ੀ ਦਰ ਨਾਲੋਂ ਤੇਜ਼ ਸੀ | ਅਗਲੇ ਸਾਲ 2024 ਦੌਰਾਨ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀ ਗਿਣਤੀ ਵਧ ਕੇ 14,488 ਹੋ ਗਈ | ਇਸ ਲਈ ਅਸਲੀ ਸੰਕਟ ਵਧ ਰਿਹਾ ਹੈ, ਪਰ ਇਸ ਦੀਆਂ ਜੜ੍ਹਾਂ ਸਿਰਫ਼ ਵਿਸ਼ਾ ਜਾਂ ਕਰੀਅਰ ਦੀ ਗਲਤ ਚੋਣ ਨਹੀਂ ਹੈ | ਇਹ ਪਰਿਵਾਰ, ਮਾਨਸਿਕ ਦਬਾਅ, ਸਮਾਜਿਕ ਉਮੀਦਾਂ ਤੇ ਭਾਵਨਾਤਮਕ ਸੰਬੰਧਾਂ ਦੀ ਇਕ ਵੱਡੀ ਤਸਵੀਰ ਦਾ ਹਿੱਸਾ ਹੈ ਅਤੇ ਇਸ ਅੰਤਰ ਨੂੰ  ਸਮਝਣਾ ਜ਼ਰੂਰੀ ਹੈ | ਸਭ ਤੋਂ ਅਹਿਮ ਹੈ ਕਿ ਪਰਿਵਾਰ ਬੱਚੇ ਦੇ ਕਿਸੇ ਫ਼ੈਸਲੇ ਨੂੰ  ਉਸ ਦੀ ਪੂਰੀ ਜ਼ਿੰਦਗੀ ਤੇ ਆਪਣੀ ਪ੍ਰਤਿਸ਼ਠਾ ਨਾਲ ਜੋੜਨਾ ਬੰਦ ਕਰੇ |
ਹੱਲ ਕੀ ਹੈ?
ਅੱਜ ਕੰਮ ਦੀ ਦੁਨੀਆ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ 16 ਸਾਲ ਦੀ ਉਮਰ 'ਚ ਲਿਆ ਗਿਆ ਕਰੀਅਰ ਦਾ ਫ਼ੈਸਲਾ ਇਕ ਵਿਦਿਆਰਥੀ ਦੇ ਗ੍ਰੈਜੂਏਟ ਹੋਣ ਤੱਕ ਪਹਿਲਾਂ ਵਰਗਾ ਨਹੀਂ ਰਹਿ ਸਕਦਾ! ਦਰਅਸਲ ਆਟੋਮੇਸ਼ਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਕੰਮ ਦੇ ਸਾਰੇ ਖੇਤਰਾਂ ਨੂੰ  ਤੇਜ਼ੀ ਨਾਲ ਬਦਲ ਰਹੇ ਹਨ | ਅਜਿਹੇ ਵਿਚ ਆਪਣੇ-ਆਪ ਨੂੰ  ਕਿਸੇ ਇਕ ਖੇਤਰ ਨਾਲ ਬੰਨ੍ਹਣਾ ਖ਼ਤਰਨਾਕ ਹੋ ਸਕਦਾ ਹੈ | ਇਸ ਲਈ ਵਿਦਿਆਰਥੀ, ਮਾਪੇ ਤੇ ਅਧਿਆਪਕ  ਨੂੰ  ਕੋਈ ਫ਼ੈਸਲਾ ਲੈਣ ਲਈ  ਇਕਪਾਸੜ ਅਧਿਕਾਰ ਨਹੀਂ ਹੋਣਾ ਚਾਹੀਦਾ | ਕਲਮ ਵਿਦਿਆਰਥੀ ਦੇ ਹੱਥਾਂ 'ਚ ਹੋਵੇ-ਕਿਉਂਕਿ ਆਖਰ ਜ਼ਿੰਦਗੀ ਉਸ ਦੀ ਹੋਣ ਕਰਕੇ ਅੰਤਿਮ ਫ਼ੈਸਲਾ ਵੀ ਉਸ ਦਾ ਹੀ ਹੋਣਾ ਚਾਹੀਦਾ ਹੈ | ਅੱਜ ਸਾਡੇ ਸਾਹਮਣੇ ਖੁਦਕੁਸ਼ੀ ਦਰ, ਰੁਜ਼ਗਾਰ-ਯੋਗਤਾ ਦੇ ਅੰਕੜੇ ਤੇ ਕਰੀਅਰ ਬਦਲਾਂ ਬਾਰੇ ਜਾਣਕਾਰੀ ਦਾ ਪਾੜਾ ਸਭ ਇਕੋ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ | ਪੁਰਾਣੀ ਕਹਾਵਤ - ਇਕ ਸੁਰੱਖਿਅਤ ਤੇ ਵੱਕਾਰੀ ਕਰੀਅਰ ਚੁਣਨ ਨਾਲ ਤੁਹਾਡਾ ਭਵਿੱਖ ਸੁਰੱਖਿਅਤ ਹੋ ਜਾਵੇਗਾ, ਹੁਣ ਪਹਿਲਾਂ ਵਾਂਗ ਕਾਮਯਾਬ ਨਹੀਂ ਰਹੀ | ਸ਼ਾਇਦ ਅੰਕੜਿਆਂ ਦੀ ਸੱਚਾਈ ਸਾਨੂੰ ਅਜੇ ਵੀ ਸਮਝ ਨਹੀਂ ਆ ਰਹੀ | ਇਹੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਇਕ ਕਾਰਨ ਹੈ |
ਈ-ਮੇਲ : pooranchandsarin0gmail.com

ਪਿਛਲੀ ਖ਼ਬਰ ਸੱਜਣ ਕੁਮਾਰ ਦਾ ਅੰਜਾਮ ਅਗਲੀ ਖ਼ਬਰ ਧਰਮ ਜੋੜਨ ਦਾ ਕੰਮ ਕਰਨ ਤੋੜਨ ਦਾ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।