ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਉਸ ਇਤਿਹਾਸਕ ਪੜਾਅ ਦੀ ਪੂਰਵ-ਸੰਧਿਆ 'ਤੇ ਆਇਆ ਹੈ, ਜਦੋਂ ਉਹ 7 ਅਕਤੂਬਰ ਨੂੰ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਂਦਿਆਂ ਲੋਕ-ਸੇਵਾ ਦੇ ਲਗਾਤਾਰ 25 ਸਾਲ ਪੂਰੇ ਕਰਨ ਜਾ ਰਹੇ ਹਨ | ਇਹ ਸਿਰਫ਼ ਕਿਸੇ ਆਗੂ ਦੇ ਲੰਮੇ ਕਾਰਜਕਾਲ ਦਾ ਹਿਸਾਬ ਨਹੀਂ, ਸਗੋਂ ਉਸ ਸ਼ਾਸਨ-ਦਿ੍ਸ਼ਟੀ ਨੂੰ ਸਮਝਣ ਦਾ ਮੌਕਾ ਹੈ, ਜਿਸ ਨੇ ਸਰਕਾਰੀ ਯੋਜਨਾ ਦਾ ਅਰਥ ਐਲਾਨ ਤੋਂ ਬਦਲ ਕੇ ਇਸ ਦੇ ਆਖ਼ਰੀ ਲਾਭਪਾਤਰੀ ਤੱਕ ਪਹੁੰਚ ਨੂੰ ਬਣਾਇਆ ਹੈ | ਇਨ੍ਹਾਂ 25 ਸਾਲਾਂ ਦੀ ਕੇਂਦਰੀ ਧਾਰਨਾ ਸਪੱਸ਼ਟ ਰਹੀ ਹੈ ਕਿ ਵਿਕਾਸ ਉਦੋਂ ਹੀ ਅਰਥਪੂਰਨ ਹੁੰਦਾ ਹੈ, ਜਦੋਂ ਉਸ ਦਾ ਅਸਰ ਸਮਾਜ ਦੇ ਸਭ ਤੋਂ ਪਿੱਛੇ ਖੜ੍ਹੇ ਵਿਅਕਤੀ ਦੇ ਜੀਵਨ 'ਚ ਵੀ ਦਿਖਾਈ ਦੇਵੇ |
ਨੀਤੀ ਤੋਂ ਨਾਗਰਿਕ ਤੱਕ
ਅਗਸਤ 2014 'ਚ ਸ਼ੁਰੂ ਹੋਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਇਸ ਬਦਲਾਅ ਦੀ ਇਕ ਵੱਡੀ ਮਿਸਾਲ ਹੈ | ਮਈ 2026 ਤੱਕ ਲਗਭਗ 59.21 ਕਰੋੜ ਲੋਕ ਬੈਂਕਿੰਗ ਪ੍ਰਣਾਲੀ ਨਾਲ ਜੁੜ ਚੁੱਕੇ ਸਨ ਤੇ ਇਨ੍ਹਾਂ ਖਾਤਿਆਂ ਵਿਚ ਕਰੀਬ 3.17 ਲੱਖ ਕਰੋੜ ਰੁਪਏ ਜਮ੍ਹਾਂ ਸਨ | ਜਨ ਧਨ ਯੋਜਨਾ, ਆਧਾਰ ਤੇ ਮੋਬਾਈਲ ਟਿ੍ਨਿਟੀ ਨੇ ਸਰਕਾਰੀ ਸਹਾਇਤਾ ਨੂੰ ਵਿਚੋਲਿਆਂ ਤੋਂ ਬਚਾਉਂਦਿਆਂ ਸਿੱਧਾ ਲਾਭਪਾਤਰੀ ਦੇ ਖਾਤੇ ਤੱਕ ਪਹੁੰਚਾਉਣ ਦਾ ਰਾਹ ਮਜ਼ਬੂਤ ਕੀਤਾ ਹੈ | ਸਰਕਾਰੀ ਸਹਾਇਤਾ ਲੈਣ ਵਾਲਾ ਕਿਸੇ ਮਿਹਰਬਾਨੀ ਦੀ ਉਡੀਕ ਕਰਨ ਦੀ ਬਜਾਏ ਆਪਣੇ ਹੱਕ ਦਾ ਸਿੱਧਾ ਲਾਭਪਾਤਰੀ ਬਣਿਆ | ਡਿਜੀਟਲ ਇੰਡੀਆ ਨੇ ਇਸ ਬਦਲਾਅ ਨੂੰ ਹੋਰ ਅੱਗੇ ਵਧਾਇਆ ਹੈ | ਯੂ.ਪੀ.ਆਈ ਰਾਹੀਂ ਹੋਣ ਵਾਲੇ ਲੈਣ-ਦੇਣ 2018-19 ਦੇ 535 ਕਰੋੜ ਤੋਂ ਵਧ ਕੇ 2024-25 ਵਿਚ 18,587 ਕਰੋੜ ਤੱਕ ਪਹੁੰਚ ਗਏ |
ਸਹੂਲਤ ਦੇ ਨਾਲ ਸਨਮਾਨ
ਕਿਸੇ ਵੀ ਸਰਕਾਰੀ ਨੀਤੀ ਦੀ ਅਸਲ ਪਰਖ ਤੇ ਉਸ ਦਾ ਅਸਰ ਕਿਸੇ ਪਰਿਵਾਰ ਦੀ ਰੋਜ਼ਾਨਾ ਜ਼ਿੰਦਗੀ 'ਚ ਦਿਖਾਈ ਦੇਣ 'ਤੇ ਹੁੰਦਾ ਹੈ | ਸਵੱਛ ਭਾਰਤ ਮਿਸ਼ਨ ਤਹਿਤ 12 ਕਰੋੜ ਤੋਂ ਵੱਧ ਘਰੇਲੂ ਪਖ਼ਾਨਿਆਂ ਦੀ ਉਸਾਰੀ ਨੇ ਔਰਤਾਂ ਦੀ ਸੁਰੱਖਿਆ ਤੇ ਸਨਮਾਨ ਨੂੰ ਵੀ ਮਹੱਤਵ ਦਿੱਤਾ ਹੈ | ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ 10.57 ਕਰੋੜ ਤੋਂ ਵੱਧ ਐੱਲ.ਪੀ.ਜੀ ਕੁਨੈਕਸ਼ਨ ਮਿਲਣ ਨਾਲ ਔਰਤਾਂ ਨੂੰ ਰਵਾਇਤੀ ਚੁੱਲਿ੍ਹਆਂ ਦੇ ਧੂੰਏਾ ਤੋਂ ਰਾਹਤ ਮਿਲੀ ਹੈ | ਜਲ ਜੀਵਨ ਮਿਸ਼ਨ ਰਾਹੀਂ ਪੇਂਡੂ ਘਰਾਂ ਤੱਕ ਨਲਕਿਆਂ ਰਾਹੀਂ ਪਾਣੀ ਪਹੁੰਚਾ ਕੇ ਔਰਤਾਂ ਤੇ ਧੀਆਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਲਿਆਂਦਾ ਗਿਆ ਹੈ | ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੇ ਗੰਭੀਰ ਬਿਮਾਰੀ ਦੇ ਸਮੇਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਇਕ ਵੱਡਾ ਪ੍ਰਬੰਧ ਖੜ੍ਹਾ ਕੀਤਾ ਹੈ | 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਇਸ ਯੋਜਨਾ ਤਹਿਤ ਫਰਵਰੀ 2026 ਤੱਕ 43.52 ਕਰੋੜ ਆਯੁਸ਼ਮਾਨ ਕਾਰਡ ਬਣ ਚੁੱਕੇ ਸਨ ਤੇ 11.69 ਕਰੋੜ ਤੋਂ ਵੱਧ ਹਸਪਤਾਲੀ ਦਾਖ਼ਲੇ ਅਧਿਕਾਰਤ ਕੀਤੇ ਜਾ ਚੁੱਕੇ ਸਨ |
ਅੰਨਦਾਤਾ ਤੋਂ ਉੱਦਮੀ ਤੱਕ
ਭਾਰਤ ਦੀ ਵਿਕਾਸ ਯਾਤਰਾ ਤਾਂ ਹੀ ਮਜ਼ਬੂਤ ਹੋਵੇਗੀ, ਜੇ ਕਿਸਾਨ, ਕਾਰੀਗਰ ਤੇ ਛੋਟੇ ਉੱਦਮੀ ਆਪਣੀ ਮਿਹਨਤ ਨਾਲ ਅੱਗੇ ਵਧ ਸਕਣਗੇ | ਖੇਤਾਂ 'ਚ ਅੰਨ ਉਗਾਉਣ ਵਾਲੇ ਕਿਸਾਨਾਂ ਤੋਂ ਲੈ ਕੇ ਪੀੜ੍ਹੀਆਂ ਤੋਂ ਆਪਣੇ ਰਵਾਇਤੀ ਹੁਨਰ ਨੂੰ ਸੰਭਾਲ ਰਹੇ ਕਾਰੀਗਰਾਂ ਤੱਕ, ਹਰ ਵਰਗ ਦੀ ਆਰਥਿਕ ਮਜ਼ਬੂਤੀ ਦੇਸ਼ ਦੀ ਤਰੱਕੀ ਨਾਲ ਸਿੱਧੀ ਜੁੜੀ ਹੋਈ ਹੈ | ਪੀਐੱਮ-ਕਿਸਾਨ ਯੋਜਨਾ ਦੀਆਂ 23 ਕਿਸ਼ਤਾਂ ਰਾਹੀਂ 4.47 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਹੁੰਚਾਈ ਜਾ ਚੁੱਕੀ ਹੈ | 23ਵੀਂ ਕਿਸ਼ਤ ਦਾ ਲਾਭ 9.49 ਕਰੋੜ ਤੋਂ ਵੱਧ ਕਿਸਾਨਾਂ ਨੂੰ ਮਿਲਿਆ | ਦੂਜੇ ਪਾਸੇ, ਪੀਐੱਮ ਵਿਸ਼ਵਕਰਮਾ ਯੋਜਨਾ ਰਾਹੀਂ ਰਵਾਇਤੀ ਕਾਰੀਗਰਾਂ ਨੂੰ ਸਿਖਲਾਈ, ਆਧੁਨਿਕ ਸੰਦ, ਕਰਜ਼ਾ ਤੇ ਬਾਜ਼ਾਰ ਨਾਲ ਜੁੜਨ ਦੇ ਮੌਕੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਇਸ ਪੂਰੀ ਸੋਚ ਦਾ ਕੇਂਦਰ ਇਹ ਹੈ ਕਿ ਨੌਜਵਾਨ ਸਿਰਫ਼ ਨੌਕਰੀ ਲੱਭਣ ਵਾਲਾ ਨਾ ਰਹੇ, ਸਗੋਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਹੋਰਾਂ ਲਈ ਵੀ ਰੁਜ਼ਗਾਰ ਪੈਦਾ ਕਰਨ ਦੇ ਯੋਗ ਬਣੇ |
ਵਿਕਾਸ ਦੀ ਰਫ਼ਤਾਰ ਤੇ ਵਿਸ਼ਵਾਸ
ਦੇਸ਼ 'ਚ ਸੜਕਾਂ, ਰੇਲਵੇ, ਮਾਲ-ਢੁਆਈ ਕੌਰੀਡੋਰ, ਹਵਾਈ ਅੱਡਿਆਂ ਤੇ ਮੈਟਰੋ ਜਾਲ ਦਾ ਵਿਸਥਾਰ ਸਿਰਫ਼ ਬੁਨਿਆਦੀ ਢਾਂਚੇ ਦੀ ਉਸਾਰੀ ਦਾ ਸਿੱਧਾ ਸੰਬੰਧ ਆਰਥਿਕ ਸਰਗਰਮੀਆਂ ਨਾਲ ਹੈ | ਚੰਗੀਆਂ ਸੜਕਾਂ ਤੇ ਰੇਲ ਸੰਪਰਕ ਕਿਸਾਨ ਦੀ ਉਪਜ ਨੂੰ ਮੰਡੀ ਤੱਕ, ਉਦਯੋਗ ਨੂੰ ਬੰਦਰਗਾਹਾਂ ਤੱਕ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚਾਉਣ ਵਿਚ ਮਦਦ ਕਰਦੇ ਹਨ | 'ਵਿਕਸਿਤ ਭਾਰਤ 2047' ਦਾ ਟੀਚਾ ਨੌਜਵਾਨਾਂ ਨੂੰ ਦੇਸ਼ ਦੇ ਲੰਮੇ ਭਵਿੱਖ ਨਾਲ ਜੋੜ ਕੇ ਰੁਜ਼ਗਾਰ ਦੇ ਮੌਕੇ ਵਧਾਉਣ, ਖੇਤਰੀ ਸੰਤੁਲਨ, ਗੁਣਵੱਤਾਪੂਰਨ ਸਿੱਖਿਆ, ਸਰਕਾਰੀ ਪ੍ਰਣਾਲੀ 'ਚ ਜਵਾਬਦੇਹੀ ਨੂੰ ਮਜ਼ਬੂਤ ਕਰਨਾ ਹੋਵੇਗਾ |
ਹੁਣ ਪੰਜਾਬ ਲਈ ਮੌਕਾ
ਪੰਜਾਬ ਲਈ ਇਸ 25 ਸਾਲਾ ਸਫ਼ਰ ਦੀ ਮਹੱਤਤਾ ਹੋਰ ਵੀ ਵੱਧ ਹੈ, ਜਿਸ ਨੇ ਦੇਸ਼ ਦੀ ਅੰਨ ਸੁਰੱਖਿਆ ਨੂੰ ਮਜ਼ਬੂਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਹੈ | ਪੰਜਾਬ ਦੇ ਜਵਾਨਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ | ਪਰ ਅੱਜ ਪੰਜਾਬ ਖੇਤੀ ਤੋਂ ਘਟਦੀ ਆਮਦਨ, ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ ਤੇ ਨੌਜਵਾਨਾਂ ਦੇ ਵੱਡੇ ਪੱਧਰ 'ਤੇ ਵਿਦੇਸ਼ ਜਾਣ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ | ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾਅਰਿਆਂ ਤੇ ਐਲਾਨਾਂ ਨਾਲ ਨਹੀਂ ਹੋ ਸਕਦਾ | ਨੌਜਵਾਨਾਂ ਲਈ ਹੁਨਰ ਵਿਕਾਸ, ਸਟਾਰਟਅੱਪ, ਖੇਡਾਂ ਤੇ ਸਥਾਨਕ ਪੱਧਰ 'ਤੇ ਰੁਜ਼ਗਾਰ ਦੇ ਅਜਿਹੇ ਮੌਕੇ ਬਣਾਉਣੇ ਪੈਣਗੇ, ਜਿਨ੍ਹਾਂ ਨਾਲ ਉਨ੍ਹਾਂ ਨੂੰ ਆਪਣਾ ਭਵਿੱਖ ਸਿਰਫ਼ ਪੰਜਾਬ ਤੋਂ ਬਾਹਰ ਹੀ ਨਜ਼ਰ ਨਾ ਆਵੇ | ਪੰਜਾਬ ਦੇ ਲੋਕਾਂ ਵਿਚਕਾਰ ਲਗਾਤਾਰ ਵਿਚਰਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਸਾਡੇ ਲੋਕ ਬਦਲਾਅ ਲਈ ਤਿਆਰ ਹਨ, ਉਨ੍ਹਾਂ 'ਚ ਮਿਹਨਤ ਕਰਨ ਦੀ ਸਮਰੱਥਾ ਤੇ ਨਵੀਆਂ ਸੰਭਾਵਨਾਵਾਂ ਨੂੰ ਅਪਣਾਉਣ ਦੀ ਹਿੰਮਤ ਵੀ ਹੈ | ਪੰਜਾਬ ਕੋਲ ਆਪਣੀ ਵਿਰਾਸਤ ਦੀ ਤਾਕਤ, ਨੌਜਵਾਨਾਂ ਦੀ ਊਰਜਾ ਤੇ ਉੱਦਮੀ ਸੁਭਾਅ ਹੈ, ਇਸ ਨੂੰ ਸਹੀ ਦਿਸ਼ਾ ਤੇ ਮੌਕਿਆਂ ਨਾਲ ਜੋੜਨ 'ਤੇ ਪੰਜਾਬ ਵਿਕਸਿਤ ਭਾਰਤ ਦੀ ਯਾਤਰਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ | ਇਸ ਸਮਰੱਥਾ ਨੂੰ ਸਿਰਫ਼ ਗੱਲਾਂ ਤੱਕ ਸੀਮਤ ਰੱਖਣ ਦੀ ਬਜਾਏ ਇਸ ਨੂੰ ਸਾਂਝੇ ਸੰਕਲਪ, ਸਹਿਯੋਗ, ਚੰਗੇ ਪ੍ਰਬੰਧ ਤੇ ਲਗਾਤਾਰ ਅਮਲ ਰਾਹੀਂ ਅਸਲ ਨਤੀਜਿਆਂ ਵਿਚ ਬਦਲਣਾ ਹੀ ਪੰਜਾਬ ਦੇ ਨਵੇਂ ਭਵਿੱਖ ਦੀ ਨੀਂਹ ਬਣ ਸਕਦਾ ਹੈ |
-ਮੈਂਬਰ ਪਾਰਲੀਮੈਂਟ, ਰਾਜ ਸਭਾ
satnam.sandhu@sansad.nic.in