17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਮਰੀਕੀ ਆਗੂਆਂ ਕੋਲ ਉਠਾਇਆ ਗਿਆ ਪੰਜਾਬੀ ਵਰਕਿੰਗ ਕਾਰੋਬਾਰੀਆਂ ਦਾ ਮਸਲਾ

ਅਮਰੀਕੀ ਆਗੂਆਂ ਕੋਲ ਉਠਾਇਆ ਗਿਆ ਪੰਜਾਬੀ ਵਰਕਿੰਗ ਕਾਰੋਬਾਰੀਆਂ ਦਾ ਮਸਲਾ

ਅਜੀਤ ਡੈਸਕ 17-09-2026

ਅਮਰੀਕਾ ਦੇ ਪ੍ਰਸਿੱਧ ਗੁਰਸਿੱਖ ਵਕੀਲ ਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਬੀਤੇ ਦਿਨੀਂ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਤੇ ਲੀਡਰ ਆਫ ਆਪੋਜੀਸ਼ਨ ਹਕੀਮ ਜੈਫਰੀਜ਼ ਨਾਲ ਪੰਜਾਬੀ ਟਰੱਕ ਡਰਾਈਵਰਾਂ, ਇਮੀਗ੍ਰੇਸ਼ਨ ਮਸਲੇ ਤੇ ਗ੍ਰਹਿ ਵਿਭਾਗ ਵਲੋਂ ਹੁਣ ਹਟਾਏ ਜਾ ਚੁੱਕੇ ਇਤਰਾਜ਼ਯੋਗ ਪੋਸਟਰ ਬਾਰੇ ਗੱਲਬਾਤ ਕੀਤੀ ਹੈ | ਗ੍ਰਹਿ ਵਿਭਾਗ ਦੀ ਵੈੱਬ ਸਾਈਟ 'ਤੇ 9 ਸਤੰਬਰ ਨੂੰ  ਇਕ ਸਿੱਖ ਦੀ ਫੋਟੋ ਨਾਲ ਪਾਏ ਪੋਸਟਰ ਵਿਚ ਕਿਹਾ ਗਿਆ ਸੀ ਕਿ ਮਿਸਟਰ ਸਿੰਘ ਸੜਕਾਂ ਤੋਂ ਹਟ ਜਾਓ, ਤੁਹਾਨੂੰ ਸੁਰੱਖਿਅਤ ਗੱਡੀ ਚਲਾਉਣੀ ਨਹੀਂ ਆਉਂਦੀ | ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਨਿਊਯਾਰਕ ਵਿਖੇ ਇਕ ਡਿਨਰ 'ਤੇ ਜਾਣ ਦਾ ਸਬੱਬ ਬਣਿਆ, ਜੋ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.)
ਹਕੀਮ ਜੈਫਰੀਜ਼ ਵਲੋਂ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਸਨਮਾਨ 'ਚ ਆਯੋਜਿਤ ਕੀਤਾ ਗਿਆ ਸੀ | ਇਸ ਮੌਕੇ ਕਰੀਬ 50 ਕੁ ਅਹਿਮ ਹਸਤੀਆਂ 'ਚ ਮੇਰੇ ਮਿੱਤਰ ਤੇ ਨਿਊਜਰਸੀ ਤੋਂ ਸੰਸਦ ਮੈਂਬਰ (ਕਾਂਗਰਸਮੈਨ) ਜੋਸ਼ ਗੋਥਹੈਮਰ ਸਮੇਤ ਕਈ ਹੋਰ ਨੇਤਾਵਾਂ 'ਚ ਉਹ ਇਕੱਲੇ ਸਿੱਖ ਸਨ | ਅਟਾਰਨੀ ਨੇ ਦੱਸਿਆ ਕਿ ਉਨ੍ਹਾਂ ਦੀ ਬਾਰਾਕ ਓਬਾਮਾ ਨਾਲ 8 ਤੋਂ 10 ਮਿੰਟ ਗੱਲ ਹੋਈ ਤੇ ਉਨ੍ਹਾਂ ਹਕੀਮ ਜੈਫਰੀਜ਼ ਤੇ ਹੋਰਾਂ ਨਾਲ ਵੀ 12 ਮਿੰਟ ਗੱਲ ਕੀਤੀ | ਉਨ੍ਹਾਂ ਵੱਡੀ ਸਮੱਸਿਆ ਨਾਲ ਜੂਝ ਰਹੇ ਸਾਡੇ ਟਰੱਕ ਡਰਾਈਵਰਾਂ ਦੇ ਮਸਲੇ ਤੇ ਹੈਬੀਅਸ ਪਟੀਸ਼ਨ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਸਾਡੀ 'ਕਮਿਊਨਿਟੀ ਹੇਟ ਕ੍ਰਾਈਮ' ਦੀ ਸ਼ਿਕਾਰ ਹੈ |  ਉਨ੍ਹਾਂ ਦੱਸਿਆ  ਕਿ ਸਾਰਿਆਂ ਨੇ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ, ਹਕੀਮ ਜੈਫਰੀਜ਼ ਤੇ ਬਰਾਕ ਓਬਾਮਾ ਨੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਆਖਦਿਆਂ ਇੱਥੋਂ ਤੱਕ ਕਿਹਾ ਕਿ 'ਸਿੰਘ ਪਰਾਊਡ ਆਫ ਯੂ |' ਅਟਾਰਨੀ ਨੇ ਮਾਣ ਨਾਲ ਦੱਸਿਆ ਕਿ ਉਸ ਦੀ ਗੱਲ ਨੂੰ  ਧਿਆਨ ਨਾਲ ਸੁਣਨਾ ਇਕ ਵੱਡੀ ਪ੍ਰਾਪਤੀ ਹੈ, ਬਾਰਾਕ ਓਬਾਮਾ ਨੂੰ  ਉਹ  ਪਹਿਲੀ ਵਾਰ ਮਿਲਿਆ ਸੀ | ਜਸਪ੍ਰੀਤ ਹੋਰਾਂ ਸਿੱਖ ਕੌਮ ਦੀਆਂ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ  ਸੰਬੰਧੀ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਪੰਜਾਬੀ ਟਰੱਕਿੰਗ ਕਮਿਊਨਿਟੀ ਬਾਰੇ ਸਾਰਥਿਕ ਮਾਹੌਲ ਬਣਾਉਣ ਦੀ ਵੀ ਮੰਗ ਕੀਤੀ |

ਪੰਜਾਬੀ ਕਲਚਰਲ ਸੁਸਾਇਟੀ ਵਲੋਂ ਸਨਮਾਨ 
ਸ਼ਿਆਮਬਰਗ, ਇਲੀਨੋਇਸ 'ਚ ਸ਼ਿਕਾਗੋ ਦੀ ਪੰਜਾਬੀ ਕਲਚਰਲ ਸੁਸਾਇਟੀ ਵਲੋਂ ਲੇਬਰ ਡੇਅ ਪ੍ਰੇਡ ਸੰਬੰਧੀ  ਕਰਵਾਏ ਗਏ ਵਿਸ਼ੇਸ਼ ਸਮਾਰੋਹ ਦੌਰਾਨ ਨੋਬਲ ਪੁਰਸਕਾਰ ਜੇਤੂਆਂ ਸਮੇਤ ਵਿਗਿਆਨ ਤੇ ਤਕਨਾਲੋਜੀ 'ਚ  ਵਿਸ਼ਵ ਪ੍ਰਸਿੱਧੀ ਵਾਲੇ ਨਾਮਵਰ ਪੰਜਾਬੀਆਂ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਦੀਆਂ ਤਸਵੀਰਾਂ ਵੱਡੇ ਬੈਨਰਾਂ 'ਤੇ ਸਜਾ ਕੇ ਪਰੇਡ 'ਚ ਪ੍ਰਦਰਸ਼ਿਤ ਕਰਨ ਲਈ ਲਿਜਾਈਆਂ ਗਈਆਂ | ਇਸ ਮੌਕੇ ਸਨਮਾਨਿਤ ਕੀਤੇ ਗਏ ਪੰਜਾਬੀਆਂ ਵਿਚ ਭਗਤ ਸਿੰਘ ਥਿੰਦ (ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਲਈ ਲੜਨ ਵਾਲੇ ਤੇ ਅਮਰੀਕੀ ਨਾਗਰਿਕਤਾ ਲਈ ਇਤਿਹਾਸਕ ਕਾਨੂੰਨੀ ਲੜਾਈ ਲੜ ਕੇ ਦੂਜਿਆਂ ਲਈ ਦਰਵਾਜ਼ੇ ਖੋਲ੍ਹਣ ਵਾਲੇ), ਦਿਲੀਪ ਸਿੰਘ ਸੌਂਦ (ਕੈਲੀਫੋਰਨੀਆ ਤੋਂ ਬੈਂਕਰੇ ਬੈਂਕਸੀ 2023 ਵਿਚ ਚੁਣੇ ਗਏ ਪਹਿਲੇ ਏਸ਼ੀਆਈ ਅਮਰੀਕੀ ਕਾਂਗਰਸਮੈਨ), ਫ਼ੌਜਾ ਸਿੰਘ (ਪਹਿਲੇ ਸ਼ਤਾਬਦੀ ਮੈਰਾਥਨ ਦੌੜਾਕ), ਡਾ. ਨਰਿੰਦਰ ਸਿੰਘ ਕਪਾਨੀ (ਫਾਈਬਰ ਆਪਟਿਕਸ ਦੇ ਪਿਤਾਮਾ), ਡਾ. ਗੁਰਤੇਜ ਸਿੰਘ ਸੰਧੂ (ਥਾਮਸ ਐਡੀਸਨ ਨਾਲੋਂ ਵੱਧ ਪੇਟੈਂਟਾਂ ਵਾਲੇ ਖੋਜੀ) ਤੇ ਨੋਬਲ ਪੁਰਸਕਾਰ ਜੇਤੂ ਡਾ. ਹਰਗੋਬਿੰਦ ਖੁਰਾਣਾ (ਫਿਜ਼ੀਓਲੋਜੀ/ ਮੈਡੀਸਨ 'ਚ ਨੋਬਲ ਪੁਰਸਕਾਰ ਜੇਤੂ) ਤੇ ਡਾ. ਅਬਦੁਸ ਸਲਾਮ (ਭੌਤਿਕ ਵਿਗਿਆਨ 'ਚ ਨੋਬਲ ਪੁਰਸਕਾਰ ਜੇਤੂ) ਆਦਿ ਸ਼ਾਮਿਲ ਸਨ | ਇਸ ਸੁਸਾਇਟੀ ਦੇ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਰਜਿੰਦਰ ਸਿੰਘ ਮਾਗੋ ਨੇ ਦੱਸਿਆ ਕਿ ਇਸ ਕੋਸ਼ਿਸ਼ ਦਾ ਮਕਸਦ ਮੁੱਖਧਾਰਾ ਦੇ ਲੋਕਾਂ ਵਿਚ ਪੰਜਾਬੀ ਭਾਈਚਾਰੇ ਬਾਰੇ ਸਕਾਰਾਤਮਕ ਜਾਗਰੂਕਤਾ ਪੈਦਾ ਕਰਨਾ ਹੈ | ਸ਼ਿਆਮਬਰਗ ਮੇਅਰ ਟੌਮ ਡੇਲੀ ਤੇ ਗ੍ਰੈਂਡ ਮਾਰਸ਼ਲ ਬੌਬ ਸ਼ਮਿਟ ਵੀ ਇਸ ਪ੍ਰੇਡ 'ਚ ਸ਼ਾਮਿਲ ਹੋਏ | ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਪੂਰੀ ਤਰ੍ਹਾਂ ਇਕ ਸਵੈ-ਇੱਛੁਕ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਸਿੱਖਿਆ, ਚੰਗੀ ਨਾਗਰਿਕਤਾ, ਭਾਈਚਾਰਕ ਵਿਕਾਸ, ਨਾਗਰਿਕ ਸ਼ਮੂਲੀਅਤ, ਖੇਡਾਂ, ਪੰਜਾਬੀ ਸੱਭਿਆਚਾਰ, ਭਾਸ਼ਾ ਤੇ ਪ੍ਰਦਰਸ਼ਨ ਕਲਾਵਾਂ ਨੂੰ  ਸੰਭਾਲਣ ਦਾ ਪ੍ਰਚਾਰ ਕਰਦੀ ਹੈ |
ਸਿੱਖ ਸੰਸਥਾਵਾਂ 'ਚ ਰੋਸ
ਭਾਵੇਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵਲੋਂ ਪ੍ਰਕਾਸ਼ਿਤ ਵਿਵਾਦਤ ਪੋਸਟਰ 'ਮਿਸਟਰ ਸਿੰਘ ਅਮਰੀਕੀ ਸੜਕਾਂ ਤੋਂ ਹਟੋ' ਦਾ ਵਿਰੋਧ ਹੋਣ ਬਾਅਦ ਵਿਭਾਗ ਨੇ ਆਪਣੀ ਵੈੱਬਸਾਈਟ ਤੇ ਹੋਰ ਸੋਸ਼ਲ ਮੀਡੀਆ ਪਲੇਟਫਰਮਾਂ ਤੋਂ ਇਸ ਨੂੰ  ਹਟਾ ਦਿੱਤਾ ਹੈ, ਪਰ ਪੰਜਾਬੀ ਤੇ ਖਾਸਕਰ ਸਿੱਖ ਭਾਈਚਾਰੇ ਵਲੋਂ ਇਸ ਦਾ ਤਿੱਖਾ ਵਿਰੋਧ ਅਜੇ ਵੀ ਜਾਰੀ ਹੈ | ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੁਰਦੇਵ ਸਿੰਘ, ਸਹਿ ਚੇਅਰਪਰਸਨ ਸ. ਹਿੰਮਤ ਸਿੰਘ ਤੇ ਕੋਆਰਡੀਨੇਟਰ ਡਾ. ਪਿ੍ਤਪਾਲ ਸਿੰਘ ਨੇ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਯੂ.ਐਸ. ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਡੇਵਿਡ ਜੀ. ਵਾਲਾਦਾਓ ਤੇ ਮੈਰੀ ਗੇ ਸਕੈਨਲਨ ਨੂੰ  ਪੱਤਰ ਲਿਖ ਕੇ ਹੋਮਲੈਂਡ ਸਕਿਉਰਿਟੀ ਵਿਭਾਗ ਕੋਲ ਸਿੱਖਾਂ ਨਾਲ ਜੁੜੇ ਇਸ ਗੰਭੀਰ ਮੁੱਦੇ ਨੂੰ  ਉਠਾਉਂਦਿਆਂ ਕਿਹਾ ਕਿ ਮਿਸਟਰ ਸਿੰਘ ਪੋਸਟਰ ਨੂੰ  ਹਟਾਉਣ ਲਈ ਤੁਹਾਡਾ ਧੰਨਵਾਦ … ਪਰ ਇਹ ਵੀ ਦੱਸਿਆ ਜਾਏ ਕਿ ਇਸ ਪੋਸਟਰ ਨੂੰ  ਕਿਉਂ ਬਣਾਇਆ ਗਿਆ, ਇਸ ਪਿੱਛੇ ਮਾਨਸਿਕਤਾ ਕੀ ਸੀ ਤੇ ਇਸ ਨੂੰ  ਕਿਸ ਨੇ ਪ੍ਰਵਾਨਗੀ ਦਿੱਤੀ ਸੀ?   ਸਿੱਖ ਨੁਮਾਇੰਦਿਆਂ ਨੇ ਕਿਹਾ ਕਿ ਅਸੀਂ ਅਮਰੀਕੀ ਸਰਕਾਰ ਤੋਂ ਅਜਿਹਾ ਕਰਨ ਵਾਲਿਆਂ ਸੰਬੰਧੀ ਜਵਾਬਦੇਹੀ ਦੀ ਮੰਗ ਕਰਦੇ ਹਾਂ | ਅਮਰੀਕੀ ਲੋਕ ਇਹ ਜਾਨਣ ਦੇ ਹੱਕਦਾਰ ਹਨ ਕਿ ਇਸ ਸੰਦੇਸ਼ ਨੂੰ  ਕਿਸ ਨੇ ਅਧਿਕਾਰਤ ਕੀਤਾ ਤੇ ਕਿਉਂ? ਜਨਤਕ ਤੌਰ 'ਤੇ ਜਵਾਬਦੇਹੀ ਭਵਿੱਖ 'ਚ ਹੋਰ ਘਟਨਾਵਾਂ ਨੂੰ  ਰੋਕਣ ਵਿਚ ਮਦਦ ਕਰੇਗੀ |
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ...
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਵਲੋਂ ਏ.ਆਈ. ਦੁਆਰਾ ਬਣਾਏ ਚਿੱਤਰ ਨੂੰ  ਜਾਰੀ ਕਰਨ ਸੰਬੰਧੀ 'ਗਲੋਬਲ ਟਰੱਕਿੰਗ' ਦੇ ਸੰਚਾਲਕ ਰਾਜਿੰਦਰ ਸਿੰਘ ਟਾਂਡਾ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਈ ਸਾਲ ਤੋਂ ਭੂਰੀ ਚਮੜੀ ਦੇ ਖ਼ਿਲਾਫ਼ ਚਿੱਟੀ ਚਮੜੀ ਵਾਲਿਆਂ ਦੇ ਮਨਾਂ 'ਚ ਵਸ ਰਹੀ ਨਫ਼ਰਤ ਦਾ ਪ੍ਰਗਟਾਵਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਆਪਣੀਆਂ ਗਲਤੀਆਂ ਤੋਂ ਵੀ ਮੁਨਕਰ ਨਹੀਂ ਹੋ ਸਕਦੇ | ਅੱਜ ਜੋ ਵਾਪਰ ਰਿਹਾ ਹੈ, ਇਸ ਦਾ ਕੇਵਲ ਡਰ ਹੀ ਨਹੀਂ, ਯਕੀਨ ਸੀ ਕਿ ਜੇ ਅਸੀਂ ਆਪਣੀਆਂ ਕਮੀਆਂ ਨਾ ਸੁਧਾਰੀਆਂ ਤਾਂ ਜ਼ਲੀਲ ਤੇ ਖੁਆਰ ਹੋਣਾ ਹੀ ਪਵੇਗਾ | ਦੁਖੀ ਹਿਰਦੇ ਨਾਲ ਬਸ ਅੱਜ ਏਨਾ ਹੀ ਕਿਹਾ ਜਾ ਸਕਦਾ ਹੈ-
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਤੇ ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ |

(ਰਾਜਿੰਦਰ ਸਿੰਘ ਟਾਂਡਾ)
ਈ-ਮੇਲ :  ashokbhaura@gmail.com

'

ਪਿਛਲੀ ਖ਼ਬਰ ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਭਵਿੱਖ ਦਾ ਸੰਕਲਪ ਅਗਲੀ ਖ਼ਬਰ College Clash Video Viral ; ਕਾਲਜ 'ਚ ਨੌਜਵਾਨਾਂ ਦੀ ਹੋ ਗਈ ਲੜਾਈ ! ਵੀਡੀਓ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।