27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਿਆਨਬਾਜ਼ੀ ਦੀ ਮਰਿਆਦਾ

ਬਿਆਨਬਾਜ਼ੀ ਦੀ ਮਰਿਆਦਾ

ਅਜੀਤ ਡੈਸਕ 27-10-2026

ਦੇਸ਼ ਦੇ ਸਿਆਸੀ ਮੰਚ 'ਤੇ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ, ਉਹ ਚਿੰਤਾ ਪੈਦਾ ਕਰਨ ਵਾਲਾ ਹੈ | ਕਈ ਤਰ੍ਹਾਂ ਦੀਆਂ ਹੋ ਰਹੀਆਂ ਕਾਰਵਾਈਆਂ ਤੋਂ ਇਲਾਵਾ ਛੋਟੇ-ਵੱਡੇ ਆਗੂਆਂ ਵਲੋਂ ਆਪਣੇ ਵਿਰੋਧੀਆਂ ਖ਼ਿਲਾਫ਼ ਕਈ ਵਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾਣ ਲੱਗੀ ਹੈ, ਜੋ ਮਰਿਆਦਾ ਦੀਆਂ ਹੱਦਾਂ ਟੱਪ ਜਾਂਦੀ ਹੈ | ਲੋਕਤੰਤਰ ਵਿਚ ਆਪਸੀ ਵਿਚਾਰਧਾਰਕ ਵਿਰੋਧ ਹੋਣਾ ਕੁਦਰਤੀ ਹੈ ਪਰ ਜੇ ਅਜਿਹਾ ਵਿਰੋਧ ਨਫ਼ਰਤ ਅਤੇ ਦੁਸ਼ਮਣੀ ਵਿਚ ਬਦਲਦਾ ਦਿਖਾਈ ਦੇਵੇ ਤਾਂ ਉਹ ਇਸ ਪੂਰੇ ਪ੍ਰਬੰਧ ਲਈ ਘਾਤਕ ਸਾਬਤ ਹੋ ਸਕਦਾ ਹੈ | ਹੇਠਲੀ ਪੱਧਰ 'ਤੇ ਤਾਂ ਬਹੁਤੀ ਵਾਰ ਅਜਿਹਾ ਕੁਝ ਦਿਖਾਈ ਦਿੰਦਾ ਹੈ ਪਰ ਜੇਕਰ ਇਹ ਉਪਰਲੀ ਪੱਧਰ ਤੱਕ ਪਹੁੰਚ ਜਾਏ ਅਤੇ ਅਜਿਹੇ ਦਿ੍ਸ਼ ਅਕਸਰ ਦੇਖਣ ਨੂੰ  ਮਿਲਣ ਲੱਗ ਪੈਣ ਤਾਂ ਇਹ ਪੂਰੇ ਸਿਆਸੀ ਪ੍ਰਬੰਧ ਲਈ ਹੀ ਨੁਕਸਾਨਦੇਹ ਸਾਬਿਤ ਨਹੀਂ ਹੋਣਗੇ, ਸਗੋਂ ਸਮੁੱਚੇ ਤਾਣੇ-ਬਾਣੇ 'ਤੇ ਇਸ ਦਾ ਅਸਰ ਪ੍ਰਤੱਖ ਰੂਪ ਵਿਚ ਦੇਖਿਆ ਜਾਣ ਲੱਗੇਗਾ | ਇਸ ਸੰਬੰਧੀ ਵੱਡਾ ਵਿਵਾਦ ਉਸ ਸਮੇਂ ਵੀ ਪੈਦਾ ਹੁੰਦਾ ਹੈ, ਜਦੋਂ ਵੱਡੇ ਆਗੂ ਜ਼ਾਬਤੇ ਤੋਂ ਬਾਹਰ ਹੋ ਜਾਂਦੇ ਹਨ | ਅਜਿਹਾ ਕੁਝ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਵੱਡੇ-ਛੋਟੇ ਆਗੂਆਂ ਵਲੋਂ ਕੀਤਾ ਜਾਂਦਾ ਰਿਹਾ ਹੈ |

ਪਿਛਲੇ ਲੰਮੇ ਸਮੇਂ ਤੋਂ 'ਵੋਟ ਚੋਰੀ' ਦੇ ਮਸਲੇ 'ਤੇ ਜਿਸ ਕਦਰ ਬਹੁਤ ਵਾਰੀ ਆਪੇ ਤੋਂ ਬਾਹਰ ਹੁੰਦਿਆਂ ਵੱਡੇ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ, ਉਹ ਕਈ ਵਾਰ ਮਰਿਆਦਾ ਤੋਂ ਬਾਹਰ ਜਾਂਦੀ ਦਿਖਾਈ ਤਾਂ ਦਿੰਦੀ ਹੀ ਹੈ ਪਰ ਉਸ ਤੋਂ ਉਨ੍ਹਾਂ ਅੰਦਰ ਪੈਦਾ ਹੋ ਰਹੀ ਬੌਖਲਾਹਟ ਦਾ ਵੀ ਭਲੀ-ਭਾਂਤ ਪਤਾ ਚਲ ਜਾਂਦਾ ਹੈ | ਪਿਛਲੇ ਲਗਭਗ 12 ਸਾਲ ਤੋਂ ਕਾਂਗਰਸ ਨੂੰ  ਪਾਰਟੀ ਦੇ ਤੌਰ 'ਤੇ ਵੱਡੀਆਂ ਅਜਿਹੀਆਂ ਸਿਆਸੀ ਹਾਰਾਂ ਦਾ ਮੂੰਹ ਦੇਖਣਾ ਪਿਆ ਹੈ, ਜਿਸ ਦੀ ਉਨ੍ਹਾਂ ਨੂੰ  ਉਮੀਦ ਨਹੀਂ ਸੀ, ਜਿਸ ਕਾਰਨ ਉਹ ਹਰ ਹੀਲੇ-ਵਸੀਲੇ ਆਪਣੀ ਹੋਂਦ ਨੂੰ  ਬਰਕਰਾਰ ਰੱਖਣ ਲਈ ਕਾਹਲੇ ਪਏ ਦਿਖਾਈ ਦਿੰਦੇ ਹਨ ਪਰ ਜਿਸ ਤਰ੍ਹਾਂ ਦਾ ਵਤੀਰਾ ਵੱਡੇ ਕਾਂਗਰਸੀ ਆਗੂਆਂ ਨੇ ਧਾਰਨ ਕਰ ਲਿਆ ਹੈ, ਉਸ ਤੋਂ ਉਨ੍ਹਾਂ ਨੂੰ  ਕੋਈ ਵੱਡੀ ਪ੍ਰਾਪਤੀ ਨਾ ਹੁੰਦੀ ਦਿਖਾਈ ਦੇਣ ਨਾਲ ਉਨ੍ਹਾਂ ਦੀ ਨਿਰਾਸ਼ਾ ਸਿਰ ਚੜ੍ਹ ਕੇ ਬੋਲਦੀ ਨਜ਼ਰ ਆ ਰਹੀ ਹੈ | ਇਸੇ ਹੀ ਕੜੀ ਵਿਚ ਮਲਿਕਅਰਜੁਨ ਖੜਗੇ ਵਲੋਂ ਦਿਖਾਈ ਗਈ ਬੌਖਲਾਹਟ ਨੂੰ  ਦੇਖਿਆ ਜਾ ਸਕਦਾ ਹੈ | ਖੜਗੇ ਪਾਰਟੀ ਦੇ ਵੱਡੇ ਆਗੂ ਹੀ ਨਹੀਂ, ਸਗੋਂ ਉਨ੍ਹਾਂ ਨੂੰ  ਸੁਲਝੇ ਅਤੇ ਸਿਆਣੇ ਨੇਤਾ ਵੀ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਇਹ ਵੀ ਦੇਖਿਆ ਗਿਆ ਹੈ ਕਿ ਉਹ ਕਈ ਵਾਰ ਆਪੇ ਤੋਂ ਬਾਹਰ ਹੋ ਕੇ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਹਨ |
ਪਿਛਲੇ ਦਿਨੀਂ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਸਮਾਗਮ ਵਿਚ ਬੋਲਦਿਆਂ ਜਦੋਂ ਉਨ੍ਹਾਂ ਕਿਹਾ ਕਿ ਕਾਂਗਰਸ ਐਸ.ਆਈ.ਆਰ. ਪ੍ਰਕਿਰਿਆ ਵਿਚ ਕਥਿਤ ਗੜਬੜੀਆਂ ਵਿਚ ਸ਼ਾਮਿਲ ਲੋਕਾਂ ਨੂੰ  ਜੇਲ੍ਹਾਂ ਵਿਚ ਭੇਜੇਗੀ ਤਾਂ ਸਭਾ ਵਿਚ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਮੋਦੀ ਹਾਲੇ ਨਹੀਂ ਜਾਣਗੇ | ਇਸ 'ਤੇ ਖੜਗੇ ਨੇ ਤਿਲਮਿਲਾ ਕੇ ਮੰਚ ਤੋਂ ਤਿੰਨ ਵਾਰ ਇਹ ਕਿਹਾ ਕਿ 'ਮੋਦੀ ਹੀ ਨਹੀਂ ਉਸ ਦਾ ਬਾਪ ਵੀ ਜਾਏਗਾ' | ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਵਰਗੀ ਪਿਤਾ ਸੰਬੰਧੀ ਵਰਤੀ ਗਈ ਅਜਿਹੀ ਸ਼ਬਦਾਵਲੀ ਕਿਸੇ ਵੀ ਤਰ੍ਹਾਂ ਸ਼ੋਭਨੀ ਨਹੀਂ ਕਹੀ ਜਾ ਸਕਦੀ | ਇਸ ਨਾਲ ਜਿੱਥੇ ਸਿਆਸੀ ਪਾਰਟੀਆਂ ਅੰਦਰ ਕੜਵਾਹਟ ਵਧਦੀ ਹੈ, ਉੱਥੇ ਹੇਠਲੇ ਪੱਧਰ ਤੱਕ ਵੀ ਅਜਿਹਾ-ਮਾਹੌਲ ਪੈਦਾ ਹੋ ਜਾਂਦਾ ਹੈ | ਇਸ ਸੰਬੰਧੀ ਵੱਡੇ ਭਾਜਪਾ ਆਗੂਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਂ ਕਿਹਾ ਹੈ ਕਿ ਜਦੋਂ ਕਿਸੇ ਪਾਰਟੀ ਦਾ ਕੋਈ ਵੱਡਾ ਆਗੂ ਹੀ ਭਾਸ਼ਾ ਦੀ ਮਰਿਆਦਾ ਭੁੱਲ ਜਾਂਦਾ ਹੈ ਤਾਂ ਉਸ ਦੇ ਵਰਕਰਾਂ ਤੋਂ ਕਿਸ ਤਰ੍ਹਾਂ ਸਲੀਕੇ ਦੀ ਆਸ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵਿਰੋਧ ਕਰੋ, ਨੀਤੀਆਂ 'ਤੇ ਸਵਾਲ ਉਠਾਓ, ਸਰਕਾਰ ਦੀ ਆਲੋਚਨਾ ਕਰੋ ਪਰ ਵਿਅਕਤੀਗਤ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ | 
ਬਿਨਾਂ ਸ਼ੱਕ ਸਿਆਸੀ ਪਾਰਟੀਆਂ ਦੇ ਛੋਟੇ-ਵੱਡੇ ਆਗੂਆਂ ਵਲੋਂ ਅਜਿਹੀ ਬਿਆਨਬਾਜ਼ੀ ਦੇਸ਼ ਦੇ ਮਾਹੌਲ ਨੂੰ  ਹੋਰ ਵੀ ਗੰਦਲਾ ਕਰਨ ਵਿਚ ਸਹਾਈ ਹੋ ਸਕਦੀ ਹੈ, ਜਿਸ ਤੋਂ ਸਾਰੀਆਂ ਪਾਰਟੀਆਂ ਨੂੰ  ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ | ਪੰਜਾਬ ਵਿਚ ਵੀ ਪਿਛਲੇ ਸਮੇਂ ਤੋਂ ਇਕ-ਦੂਸਰੇ ਵਿਰੁੱਧ ਨਿੱਜੀ ਕੁੜੱਤਣਾਂ ਪੈਦਾ ਕਰਨ ਵਾਲੀ ਕੀਤੀ ਜਾ ਰਹੀ ਬਿਆਨਬਾਜ਼ੀ ਨੇ ਮਾਹੌਲ ਵਿਚ ਪਹਿਲਾਂ ਹੀ ਬੇਹੱਦ ਭੜਕਾਹਟ ਪੈਦਾ ਕੀਤੀ ਹੋਈ ਹੈ ਤੇ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਅਜਿਹੀ ਭੜਕਾਹਟ ਸੂਬੇ ਲਈ ਹੋਰ ਵੀ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ | ਅਸੀਂ ਸਾਰੇ ਹੀ ਵੱਡੇ-ਛੋਟੇ ਆਗੂਆਂ ਨੂੰ  ਇਸ ਪੱਖ ਤੋਂ ਇਕ ਮਿਆਰ ਵਿਚ ਰਹਿ ਕੇ ਬਿਆਨਬਾਜ਼ੀ ਅਤੇ ਅਮਲ ਕਰਨ ਦੀ ਅਪੀਲ ਕਰਦੇ ਹਾਂ, ਤਾਂ ਜੋ ਚੋਣਾਂ ਦੇ ਸਮੇਂ ਵਿਚ ਮਾਹੌਲ ਨੂੰ  ਹੋਰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।