29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅਕਾਲੀ-ਭਾਜਪਾ ਗੱਠਜੋੜ ਤੇ ਪੰਜਾਬ ਦਾ ਭਵਿੱਖ

ਅਕਾਲੀ-ਭਾਜਪਾ ਗੱਠਜੋੜ ਤੇ ਪੰਜਾਬ ਦਾ ਭਵਿੱਖ

ਅਜੀਤ ਡੈਸਕ 29-11-2026

ਗੁਰੂ ਨਾਨਕ ਪਾਤਸ਼ਾਹ ਦੇ 537ਵੇਂ ਪ੍ਰਕਾਸ਼ ਪੁਰਬ ਮੌਕੇ ਅਕਾਲੀ ਦਲ ਤੇ ਭਾਜਪਾ ਨੇ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਿਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ | ਇਸ ਨੂੰ  ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਗੱਠਜੋੜ 'ਤੇ ਮੋਹਰ ਲਾ ਦਿੱਤੀ | ਬੜੇ ਲੰਮੇ ਸਮੇਂ ਤੋਂ ਇਹ ਚਰਚਾ ਚਲ ਰਹੀ ਸੀ ਕਿ ਗੱਠਜੋੜ ਹੋਵੇਗਾ ਜਾਂ ਨਹੀਂ | ਰਾਜਨੀਤੀ ਦੇ ਮਾਹਿਰਾਂ ਤੇ ਆਮ ਲੋਕਾਂ ਵਿਚ ਇਸ ਬਾਰੇ ਜਿਥੇ ਚਰਚੇ ਸਨ, ਉਥੇ ਕਿਆਸ ਅਰਾਈਆਂ ਵੀ ਸਨ ਕਿ ਇਸ ਨਾਲ ਰਾਜਨੀਤੀ ਵਿਚ ਨਵੇਂ ਸਮੀਕਰਨ ਬਣਨਗੇ ਤੇ ਹੋ ਸਕਦਾ ਹੈ ਕਿ ਇਸ ਨਾਲ ਸਥਿਰ ਸਰਕਾਰ ਬਣ ਜਾਵੇ | ਇਸ ਗੱਲ ਦੀ ਚਰਚਾ ਵੀ ਜ਼ੋਰਾਂ 'ਤੇ ਸੀ ਕਿ ਇਸ ਵਾਰ ਕਿਸੇ ਪਾਰਟੀ ਨੂੰ  ਬਹੁਮਤ ਮਿਲਣ ਦੇ ਆਸਾਰ ਘੱਟ ਹਨ ਤੇ ਹੋ ਸਕਦੈ ਮਿਲੀ-ਜੁਲੀ ਸਰਕਾਰ ਬਣੇ | ਪੰਜਾਬ ਵਿਚ ਪਹਿਲਾਂ ਵੀ ਕਈ ਅਜਿਹੇ ਮੌਕੇ ਆਏ ਹਨ, ਜਦੋਂ ਮਿਲੀਆਂ-ਜੁਲੀਆਂ ਸਰਕਾਰਾਂ ਬਣੀਆਂ ਹਨ | ਭਾਵੇਂ ਇਹ ਥੋੜ੍ਹੇ ਚਿਰ ਲਈ ਚੱਲੀਆਂ ਪਰ ਪੰਜਾਬ ਲਈ ਹੁਣ ਇਹ ਕੋਈ ਨਵੀਂ ਗੱਲ ਨਹੀਂ | 

ਪਰ ਇਸ ਵਿਚ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਪਾਰਟੀਆਂ ਦੇ ਗੱਠਜੋੜ ਜਾਂ ਮਿਲੀਆਂ-ਜੁਲੀਆਂ ਸਰਕਾਰਾਂ ਦੇ ਹੋਂਦ ਵਿਚ ਆਉਣ ਨਾਲ ਪੰਜਾਬ ਨੂੰ  ਕੀ ਫਾਇਦਾ ਹੋਵੇਗਾ? ਸਿਆਸੀ ਪੰਡਿਤ ਤਾਂ ਇਹ ਵੀ ਕਹਿ ਰਹੇ ਹਨ ਕਿ ਇਸ ਵਾਰ ਕਿਸੇ ਪਾਰਟੀ ਕੋਲ ਪੰਜਾਬ ਲਈ ਕੋਈ ਵਿਸ਼ੇਸ਼ ਏਜੰਡਾ ਨਹੀਂ ਸਿਵਾਏ ਵੋਟਾਂ ਹਾਸਿਲ ਕਰਨ ਤੇ ਸਰਕਾਰ ਬਣਾਉਣ ਦੇ | ਜਿਥੇ ਸਰਕਾਰੀ ਧਿਰ ਇਹ ਦਾਅਵਾ ਕਰ ਰਹੀ ਹੈ ਕਿ ਉਹ ਹਜ਼ਾਰ, ਪੰਦਰਾਂ ਸੌ ਦੇ ਲੌਲੀ ਪੋਪ, ਮੁਫ਼ਤ ਬਿਜਲੀ ਤੇ ਔਰਤਾਂ ਨੂੰ  ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਾ ਲਾਲਚ ਦੇ ਕੇ ਬੀਬੀਆਂ ਦੀਆਂ ਵੋਟਾਂ ਨਾਲ ਮੁੜ ਸਰਕਾਰ ਬਣਾ ਲਵੇਗੀ, ਉਥੇ ਦੂਜੀਆਂ ਪਾਰਟੀਆਂ ਕੋਲ ਨਸ਼ੇ ਦੇ ਖ਼ਾਤਮੇ ਦਾ ਨਾਅਰਾ ਹੈ | ਭਿ੍ਸ਼ਟਾਚਾਰ ਸਾਰਿਆਂ ਦਾ ਸਾਂਝਾ ਮੁੱਦਾ ਹੈ, ਪਰ ਇਸ ਨੂੰ  ਰੋਕਣ ਲਈ ਕਿਸੇ ਕੋਲ ਕੋਈ ਕਾਰਗਰ ਉਪਾਅ ਨਹੀਂ |  
ਇਕ-ਦੂਜੇ 'ਤੇ ਇਲਜ਼ਾਮਤਰਾਸ਼ੀ ਤੇ ਘਟੀਆ ਤਾਹਣਿਆਂ-ਮਿਹਣਿਆਂ ਵਾਲੀ ਭਾਸ਼ਾ ਨੇ ਪੰਜਾਬ ਦੇ ਵਕਾਰ ਨੂੰ  ਸੱਟ ਮਾਰ ਕੇ ਸਾਡੀ ਸੱਭਿਆਚਾਰਕ ਰਵਾਇਤ ਦਾ ਘਾਣ ਕਰ ਦਿੱਤਾ ਹੈ | ਕੀ ਅਸੀਂ ਗੁਰੂਆਂ ਦੀ ਵਰੋਸਾਈ ਧਰਤੀ ਉੱਤੇ ਹਲੀਮੀ, ਸਹਿਜ, ਸਲੀਕਾ ਸਭ ਕੁਝ ਭੁੱਲ ਗਏ ਹਾਂ? ਕੀ ਸਾਨੂੰ ਆਪਣੀ ਭਾਸ਼ਾ ਵਿਚ ਗੱਲ ਕਰਨ ਦੀ ਤਮੀਜ਼ ਭੁੱਲ ਗਈ ਹੈ? ਕੀ ਰਾਜਨੀਤੀ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਚੁਟਕਲੇਬਾਜ਼ੀ, ਟੋਟਕਿਆਂ ਤੇ ਤਾਹਨੇ-ਮਿਹਣਿਆਂ ਵਿਚ ਹੈ? ਇਹੋ ਜਿਹੇ ਮਸਲਿਆਂ ਵਿਚ ਜਦੋਂ ਹਰ ਰੋਜ਼ ਟੀ.ਵੀ. 'ਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਬਹਿਸਾਂ ਕਰਦੇ ਹਨ ਤਾਂ ਕਈ ਵਾਰੀ ਗੱਲ ਗਾਲੀ-ਗਲੋਚ ਦਾ ਰੂਪ ਧਾਰਨ ਕਰ ਲੈਂਦੀ ਹੈ | ਇਹੋ ਜਿਹੇ ਮਾਹੌਲ ਵਿਚ ਪੰਜਾਬ ਦਾ ਸਾਹ ਘੁੱਟਦਾ ਜਾ ਰਿਹਾ ਹੈ | 
ਅਕਾਲੀ-ਭਾਜਪਾ ਗੱਠਜੋੜ ਦੀ ਜੇ ਗੱਲ ਕਰੀਏ ਤਾਂ ਇਸ ਵਿਚੋਂ ਉਹ ਮੁੱਦੇ ਗਾਇਬ ਹਨ, ਜਿਨ੍ਹਾਂ ਬਾਰੇ ਅਕਾਲੀ ਦਲ ਮੋਰਚੇ ਲਾਉਂਦਾ ਤੇ ਕੇਂਦਰੀ ਸਰਕਾਰ ਦੇ ਵਿਤਕਰਿਆਂ ਖ਼ਿਲਾਫ਼ ਸੰਘਰਸ਼ ਕਰਦਾ ਰਿਹਾ ਹੈ | ਉਹਦਾ ਇਤਿਹਾਸ ਨਾਬਰੀ ਸੁਰ ਵਾਲਾ ਰਿਹਾ ਹੈ | ਪਰ ਵਰਤਮਾਨ ਵਿਚ ਅਕਾਲੀ ਦਲ ਨੇ ਆਪਣਾ ਖੇਤਰੀ ਪਾਰਟੀ ਤੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਵਾਲਾ ਅਕਸ ਧੁੰਦਲਾ ਕਰ ਲਿਆ ਹੈ | ਭਾਜਪਾ ਜਦੋਂ ਇਕ ਦੇਸ਼, ਇਕ ਭਾਸ਼ਾ, ਇਕ ਚੋਣ, ਇਕ ਧਰਮ ਵਰਗੇ ਕੇਂਦਰੀਕਿ੍ਤ ਏਜੰਡੇ ਨੂੰ  ਅੰਜਾਮ ਦੇਣ ਲਈ ਨੀਤੀਆਂ ਘੜ ਰਹੀ ਹੈ, ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਤਾਂ ਅਕਾਲੀ ਦਲ ਜੋ ਲੰਮੇ ਸਮੇਂ ਤੋਂ ਅਨੰਦਪੁਰ ਸਾਹਿਬ ਦੇ ਮਤੇ ਤੇ ਰਾਜਾਂ ਲਈ ਵਧੇਰੇ ਅਧਿਕਾਰਾਂ ਦਾ ਮੁਦਈ ਰਿਹਾ ਹੈ, ਉਸ ਨੇ ਇਕ ਤਰ੍ਹਾਂ ਨਾਲ ਭਾਜਪਾ ਦੀਆਂ ਨੀਤੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ | 
ਕੀ ਦੇਸ਼ ਨੂੰ  ਹੁਣ ਫੈਡਰਲ ਢਾਂਚੇ ਦੀ ਲੋੜ ਖ਼ਤਮ ਹੋ ਗਈ ਹੈ? ਪੰਜਾਬ ਤੇ ਪੰਜਾਬੀ ਦੇ ਮੁੱਦੇ ਖ਼ਤਮ ਹੋ ਗਏ ਹਨ ? ਕੀ ਰਾਜਾਂ ਨੂੰ  ਵੱਧ ਅਧਿਕਾਰ ਪ੍ਰਾਪਤ ਹੋ ਗਏ ਹਨ? ਅਕਾਲੀ ਦਲ ਕੋਲ ਸ਼ਾਇਦ ਇਸ ਦਾ ਕੋਈ ਜੁਆਬ ਨਹੀਂ | ਅੱਜ ਸੂਬਿਆਂ ਦੀ ਸਥਿਤੀ ਮਿਊਾਸੀਪਲ ਕਮੇਟੀਆਂ ਤੋਂ ਵੱਧ ਨਹੀਂ ਰਹਿ ਗਈ | ਸਾਰੇ ਟੈਕਸਾਂ ਦਾ ਪੈਸਾ ਕੇਂਦਰ ਕੋਲ ਹੈ ਤੇ ਉਹ ਰਾਜਾਂ ਨੂੰ  ਮਨਮਰਜ਼ੀ ਨਾਲ ਹਿੱਸਾ ਦਿੰਦਾ ਹੈ | ਸੂਬੇ ਲਗਾਤਾਰ ਕਰਜ਼ੇ ਦੀ ਮਾਰ ਝੱਲ ਰਹੇ ਹਨ ਤੇ ਵਿਆਜ ਚੁਕਾਉਣ ਲਈ ਵੀ ਕਰਜ਼ੇ ਲੈ ਰਹੇ ਹਨ | ਇਹੋ ਜਿਹੀਆਂ ਸਥਿਤੀਆਂ ਵਿਚ ਫੈਡਰਲ ਢਾਂਚੇ ਦੀ ਮੰਗ ਜ਼ੋਰਦਾਰ ਢੰਗ ਨਾਲ਼ ਚੁੱਕਣ ਦੀ ਲੋੜ ਹੈ |
ਵੋਟ ਚੋਰੀ ਦੇ ਇਲਜ਼ਾਮਾਂ ਵਿਚ ਘਿਰੀ ਕੇਂਦਰੀ ਸਰਕਾਰ ਤੇ ਚੋਣ ਕਮਿਸ਼ਨ, ਡੀਲਿਮੀਟੇਸ਼ਨ, ਪੇਪਰ ਲੀਕੇਜ ਮਾਮਲੇ ਵਿਚ ਜੈਨਜ਼ੀ ਸੰਘਰਸ਼ ਤੇ ਅਜਿਹੇ ਹੋਰ ਮੁੱਦਿਆਂ 'ਤੇ ਸਰਕਾਰ ਖਾਮੋਸ਼ ਹੈ | ਵਿਰੋਧੀ ਪਾਰਟੀਆਂ ਲੋਕਤੰਤਰ ਤੇ ਸੰਵਿਧਾਨ ਨੂੰ  ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ | ਪਾਰਲੀਮੈਂਟ ਦੇ ਸੈਸ਼ਨਾਂ ਵਿਚੋਂ ਸਰਕਾਰ ਦੇ ਮੁਖੀ ਗਾਇਬ ਰਹਿੰਦੇ ਹਨ, ਤਾਂ ਇਹੋ ਜਿਹੀਆਂ ਸਥਿਤੀਆਂ ਵਿਚ ਅਕਾਲੀ ਦਲ ਦੇ ਇਸ ਗੱਠਜੋੜ ਵਲੋਂ ਉਨ੍ਹਾਂ ਸਾਰੀਆਂ ਅਲੋਕਤੰਤਰੀ ਨੀਤੀਆਂ ਦਾ ਚੁੱਪਚਾਪ ਸਮਰਥਨ ਪੰਜਾਬ ਲਈ ਘਾਤਕ ਹੈ | ਗੱਠਜੋੜ ਵਿਚ ਸਿਧਾਂਤਕ ਮੁੱਦਿਆਂ ਤੇ ਪੰਜਾਬ ਦੇ ਮੁੱਦਿਆਂ ਦਾ ਕੋਈ ਜ਼ਿਕਰ ਨਹੀਂ | ਜਿਹੜੇ ਮੁੱਦਿਆਂ ਲਈ ਅਕਾਲੀ ਦਲ ਆਵਾਜ਼ ਉਠਾਉਂਦਾ ਰਿਹਾ ਹੈ, ਕੀ ਹੁਣ ਉਹ ਉਨ੍ਹਾਂ ਤੋਂ ਮੁਖ ਮੋੜ ਲਵੇਗਾ? 
ਜਿਹੋ, ਜਿਹੀ ਡਬਲ ਇੰਜਣ ਵਾਲੀ ਸਰਕਾਰ ਦੇ ਗੁਣ ਗਾਏ ਜਾ ਰਹੇ ਹਨ, ਪਰ ਜਿਥੇ ਡਬਲ ਇੰਜਣ ਵਾਲੀਆਂ ਸਰਕਾਰਾਂ ਹਨ ਕੀ ਉਨ੍ਹਾਂ ਦਾ ਕਦੇ ਮੁਲਾਂਕਣ ਕੀਤਾ ਗਿਆ ਹੈ ਕਿ ਉਥੇ ਲੋਕਾਂ ਦੀ ਦਸ਼ਾ ਕਿਹੋ ਜਿਹੀ ਹੈ? ਕੀ ਪੰਜਾਬ ਵਿਚ ਅਜਿਹੀ ਡਬਲ ਇੰਜਣ ਦੀ ਸਰਕਾਰ ਬਣਨ 'ਤੇ ਸਾਰੇ ਮਸਲੇ ਹੱਲ ਹੋ ਜਾਣਗੇ? ਜਦੋਂ ਪ੍ਰੈੱਸ ਕਾਨਫਰੰਸ ਵਿਚ ਇਹ ਐਲਾਨ ਕਰ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਅਕਾਲੀ ਦਲ ਐਨ.ਡੀ.ਏ. ਪਰਿਵਾਰ ਦਾ ਹਿੱਸਾ ਹੈ ਤੇ ਮੁੱਦਿਆਂ 'ਤੇ ਪਰਿਵਾਰ ਵਿਚ ਬਹਿ ਕੇ ਗੱਲਬਾਤ ਕਰ ਲਈ ਜਾਵੇਗੀ, ਤਾਂ ਇਹ ਸਵਾਲ  ਪੈਦਾ ਹੁੰਦਾ ਹੈ ਕਿ ਲੋਕਾਂ ਨੂੰ  ਦੱਸਿਆ ਤਾਂ ਜਾਵੇ ਕਿ ਕਿਹੜੇ ਮੁੱਦੇ ਹਨ ਤੇ ਉਨ੍ਹਾਂ ਦਾ ਹੱਲ ਕੀ ਹੈ? ਨਹੁੰ-ਮਾਸ ਦਾ ਰਿਸ਼ਤਾ, ਹਿੰਦੂ-ਸਿੱਖ ਏਕਤਾ ਵਰਗੇ ਜੁਮਲੇ ਸਿਰਫ਼ ਭਾਵੁਕ ਰਾਜਨੀਤੀ ਦੇ ਪ੍ਰਤੀਕ ਹਨ | ਜਦੋਂ ਕੋਈ ਪਰਿਵਾਰ ਦਾ ਹਿੱਸਾ ਬਣ ਜਾਏ ਤਾਂ ਮੁੱਦੇ ਆਪਣੇ ਖੀਣ ਹੋ ਜਾਣ ਦੀ ਸ਼ੰਕਾ ਵਧ ਜਾਂਦੀ ਹੈ | 
ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਇਹ ਲੰਮੇ ਸਮੇਂ ਤੋਂ ਜਿਉਂ ਦੇ ਤਿਉਂ ਹੀ ਨਜ਼ਰ ਆ ਰਹੇ ਹਨ | ਪਿਛਲੀਆਂ ਸਾਰੀਆਂ ਸਰਕਾਰਾਂ ਤੋਂ ਲੈ ਕੇ ਵਰਤਮਾਨ ਸਰਕਾਰ ਤੱਕ ਹਰ ਕੋਈ ਇਹੀ ਦਾਅਵੇ ਕਰਦਾ ਆ ਰਿਹਾ ਹੈ ਕਿ ਉਹ ਪੰਜਾਬ ਦਾ ਹਿਤੈਸ਼ੀ ਹੈ ਤੇ ਉਸ ਨੂੰ  ਪੰਜਾਬ ਨਾਲ ਦਰਦ ਹੈ | ਕੋਈ ਇਸ ਨੂੰ  ਰੰਗਲਾ ਤੇ ਖ਼ੁਸ਼ਹਾਲ ਬਣਾਉਣ ਦੇ ਦਾਅਵੇ ਕਰ ਰਿਹਾ ਹੈ, ਕੋਈ ਕੈਲੇਫੋਰਨੀਆ ਬਣਾਉਣ ਦੇ, ਪਰ ਹਕੀਕੀ ਰੂਪ ਵਿਚ ਜੇ ਦੇਖੀਏ ਤਾਂ ਸਾਰੀਆਂ ਸਰਕਾਰਾਂ ਹੌਲੀ-ਹੌਲੀ ਲੁਕਵੇਂ ਰੂਪ ਵਿਚ ਪੰਜਾਬ ਦੋਖੀ ਹੀ ਨਜ਼ਰ ਆਉਣਗੀਆਂ | ਰਾਜ ਕਰਨ ਦੀ ਲਾਲਸਾ ਤੇ ਆਪਣੀਆਂ ਜਾਇਦਾਦਾਂ, ਵਪਾਰ ਨੂੰ  ਬਚਾਉਣ ਲਈ ਪੰਜਾਬ ਨੂੰ  ਦਾਅ 'ਤੇ ਲਾਉਣ ਵਿਚ ਕਿਸੇ ਨੇ ਕੋਈ ਕਸਰ ਬਾਕੀ ਨਹੀਂ ਛੱਡੀ | 
ਕ੍ਰਮਵਾਰ ਮੁੱਦਿਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਭਖਵਾਂ ਮੁੱਦਾ ਨਸ਼ਿਆਂ ਦਾ ਹੈ | ਨਸ਼ਿਆਂ ਦੀ ਸਮੱਸਿਆ ਪੂਰੀ ਦੁਨੀਆ ਵਿਚ ਹੈ, ਪਰ ਪੰਜਾਬ ਵਿਚ ਜਦੋਂ ਨਸ਼ਿਆਂ ਦੇ ਦਰਿਆ ਦਾ ਟੱਕ ਲੱਗਿਆ  ਸੀ, ਤਾਂ ਉਦੋਂ ਗੱਠਜੋੜ ਦੀ ਸਰਕਾਰ ਸੀ | ਉਸ ਨੇ ਇਸ ਵਲੋਂ ਅੱਖਾਂ ਮੀਟੀ ਰੱਖੀਆਂ | ਕਾਂਗਰਸ ਦੀ ਸਰਕਾਰ ਆਈ ਤਾਂ ਗੁਟਕੇ ਨੂੰ  ਢਾਲ ਬਣਾ ਕੇ ਨਸ਼ਾ ਖ਼ਤਮ ਕਰਨ ਦਾ ਹੋਕਾ ਦਿੱਤਾ ਗਿਆ, ਪਰ ਪਰਨਾਲਾ ਉਥੇ ਦਾ ਓਥੇ ਹੀ ਰਿਹਾ | ਨਵੀਂ ਸਰਕਾਰ ਆਈ ਤਾਂ ਉਹਦੇ ਪ੍ਰਮੁੱਖ ਨੇ ਤਿੰਨਾਂ ਮਹੀਨਿਆਂ ਵਿਚ ਨਸ਼ੇ ਦੇ ਖ਼ਾਤਮੇ ਦਾ ਫ਼ਤਵਾ ਦੇ ਦਿੱਤਾ | ਫਿਰ ਨਸ਼ਿਆਂ ਖ਼ਿਲਾਫ਼ ਯੁੱਧ ਛੇੜ ਦਿੱਤਾ | ਪਰ ਅੱਜ ਸਥਿਤੀ ਪਹਿਲਾਂ ਨਾਲੋਂ ਵੀ ਭੈੜੀ ਹੋ ਗਈ ਹੈ | ਗਲੀਆਂ, ਬਾਜ਼ਾਰਾਂ, ਮੁਹੱਲਿਆਂ ਤੇ ਖੋਲਿਆਂ ਵਿਚ ਅਨੇਕਾਂ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ | ਪਰਮਿੰਦਰ ਸਿੰਘ ਝੋਟਾ ਨਸ਼ਿਆਂ ਖਿਲਾਫ਼ ਲੜਦਾ ਮੁੱਕ ਗਿਆ | 
ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਲੋਕ ਪਿੰਡਾਂ ਵਿਚ ਵਿਧਾਇਕਾਂ, ਮੰਤਰੀਆਂ ਕੋਲੋਂ ਨਸ਼ਿਆਂ ਬਾਰੇ ਸਵਾਲ ਪੁੱਛ ਰਹੇ ਤੇ ਉਹ ਬਿਨਾਂ ਜੁਆਬ ਦਿੱਤਿਆਂ ਭੱਜਦੇ ਦਿਖਾਈ ਦੇ ਰਹੇ ਹਨ | ਗੱਠਜੋੜ ਨੇ 2029 ਤੱਕ ਨਸ਼ੇ ਖ਼ਤਮ ਕਰਨ ਦਾ ਮੁੱਦਾ ਉਠਾਇਆ | ਪਰ ਕੀ ਨਸ਼ੇ ਇਹੋ ਜਿਹੀ ਚੀਜ਼ ਹਨ ਕਿ ਫਲਾਣੀ ਤਰੀਕ ਜਾਂ ਸਾਲ ਤੋਂ ਸਵਿਚ ਬੰਦ ਕਰਨ ਨਾਲ ਖ਼ਤਮ ਹੋ ਜਾਣਗੇ | ਕੇਂਦਰੀ ਸਰਕਾਰ ਕੋਲ ਵੱਡਾ ਨੈੱਟਵਰਕ ਹੈ, ਕੀ ਉਹਨੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਸ਼ੇ ਦੇਸ਼ ਵਿਚ ਕਿਵੇਂ ਤੇ ਕਿਥੋਂ ਆ ਰਹੇ ਹਨ? ਕੀ ਗੁਜਰਾਤ ਦੀ ਬੰਦਰਗਾਹ ਤੋਂ ਵੱਡੀ ਮਾਤਰਾ ਵਿਚ ਫੜੀ ਨਸ਼ੇ ਦੀ ਖੇਪ ਦੀ ਕੋਈ ਜਾਂਚ ਪੜਤਾਲ ਹੋਈ ਹੈ? ਇਨ੍ਹਾਂ ਦੀ ਰੋਕਥਾਮ ਲਈ ਕੋਈ ਪੁਖਤਾ ਪ੍ਰੋਗਰਾਮ ਹੈ ਜਾਂ ਸਿਰਫ਼ ਇਹ ਵੋਟਾਂ ਲਈ ਇਕ ਜੁਮਲਾ ਹੈ |
ਅੱਜ ਦੇਸ਼ ਵਿਚ ਵੱਡੀ ਪੱਧਰ ਉੱਤੇ ਮੈਡੀਕਲ ਨਸ਼ੇ ਬਣ ਤੇ ਵਿਕ ਰਹੇ ਹਨ, ਉਨ੍ਹਾਂ ਦੀ ਰੋਕਥਾਮ ਲਈ ਕੀ ਉਪਾਅ ਕੀਤੇ ਗਏ ਹਨ? ਇਨ੍ਹਾਂ ਸਾਰੇ ਸਵਾਲਾਂ ਦੇ ਜੁਆਬ ਕਿਸੇ ਕੋਲ ਨਹੀਂ | ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਨੂੰ  ਜਾਗਰੂਕ ਕਰਨ ਦੇ ਨਾਲ-ਨਾਲ ਹੋਰ ਬਹੁਤ ਸਾਰੇ ਕਦਮ ਚੁੱਕਣ ਦੀ ਲੋੜ ਹੈ, ਜਿਨ੍ਹਾਂ ਨਾਲ ਦੇਸ਼ ਦੀ ਜਵਾਨੀ ਨੂੰ  ਬਚਾਇਆ ਜਾ ਸਕੇ | 

(ਬਾਕੀ ਕੱਲ੍ਹ)
-ਮੋਬਾਈਲ : 94173 58120

ਪਿਛਲੀ ਖ਼ਬਰ ਸਿਆਸਤ ਅਤੇ ਕੁਨਬਾਪਰਵਰੀ ਅਗਲੀ ਖ਼ਬਰ ਪਾਕਿਸਤਾਨ 'ਚ ਪੰਜਾਬੀ ਖੋਜ ਤੇ ਅਧਿਆਪਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।