26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅੰਤਰਰਾਸ਼ਟਰੀ ਕਾਨਫਰੰਸਾਂ ਤੇ ਪੰਜਾਬੀਆਂ ਦੇ ਸਰੋਕਾਰ

ਅੰਤਰਰਾਸ਼ਟਰੀ ਕਾਨਫਰੰਸਾਂ ਤੇ ਪੰਜਾਬੀਆਂ ਦੇ ਸਰੋਕਾਰ

ਅਜੀਤ ਡੈਸਕ 27-11-2026

ਭਾਵੇਂ ਪੰਜਾਬੀ ਭਾਈਚਾਰੇ ਦੀ ਮੁਢਲੀ ਜਨਮ ਭੂਮੀ ਅਣਵੰਡਿਆ ਪੰਜਾਬ ਸੀ, ਪਰ ਹੁਣ ਪੰਜਾਬੀ ਭਾਈਚਾਰਾ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਫੈਲ ਚੁੱਕਾ ਹੈ | ਖ਼ਾਸ ਕਰਕੇ ਕੈਨੇਡਾ, ਅਮਰੀਕਾ, ਬਰਤਾਨੀਆ, ਜਰਮਨ, ਫਰਾਂਸ, ਇਟਲੀ ਤੇ ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਚੋਖੀ ਗਿਣਤੀ 'ਚ ਪੰਜਾਬੀ ਵਸੇ ਹੋਏ ਹਨ | ਬਰਤਾਨੀਆ, ਕੈਨੇਡਾ ਅਤੇ ਅਮਰੀਕਾ ਵਿਚ ਤਾਂ ਪੰਜਾਬੀਆਂ ਨੇ ਆਪਣੇ ਕਾਰੋਬਾਰਾਂ ਰਾਹੀਂ ਆਪਣੇ-ਆਪ ਨੂੰ  ਸਮਰੱਥ ਬਣਾ ਕੇ ਰਾਜਨੀਤਕ ਖੇਤਰ ਵਿਚ ਵੀ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਬਰਤਾਨੀਆ ਤੇ ਕੈਨੇਡਾ ਵਿਚ ਪੰਜਾਬੀ ਸੂਬਾਈ ਅਸੰਬਲੀਆਂ ਤੋਂ ਉੱਪਰ ਉੱਠ ਉਨ੍ਹਾਂ ਦੇਸ਼ਾਂ ਦੀਆਂ  ਸੰਸਦਾਂ ਤੇ ਕੇਂਦਰੀ ਮੰਤਰੀਆਂ ਤੱਕ ਦੇ ਅਹੁਦਿਆਂ ਤੱਕ ਵੀ ਪਹੁੰਚੇ ਹਨ | ਕੈਨੇਡਾ ਨੂੰ  ਤਾਂ ਪੰਜਾਬੀਆਂ ਦਾ ਦੂਜਾ ਘਰ ਵੀ ਕਿਹਾ ਜਾਂਦਾ ਹੈ | ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਚ ਤਾਂ ਇਕ ਸਮੇਂ ਪੰਜ ਤੋਂ ਵਧੇਰੇ ਪੰਜਾਬੀ ਮੰਤਰੀ ਸ਼ਾਮਿਲ ਸਨ | ਕੈਨੇਡਾ ਵਿਚ ਹਰਜੀਤ ਸਿੰਘ ਸੱਜਣ ਰੱਖਿਆ ਮੰਤਰਾਲਾ ਵੀ ਸੰਭਾਲਦੇ ਰਹੇ ਹਨ | ਉਨ੍ਹਾਂ ਦਿਨਾਂ ਵਿਚ ਜਸਟਿਨ ਟਰੂਡੋ ਨੇ ਇਹ ਟਿੱਪਣੀ ਵੀ ਕੀਤੀ ਸੀ ਕਿ ਭਾਰਤ ਨਾਲੋਂ ਕੈਨੇਡਾ ਦੀ ਸੰਘੀ ਸਰਕਾਰ ਵਿਚ ਪੰਜਾਬੀ ਮੰਤਰੀਆਂ ਦੀ ਗਿਣਤੀ ਵਧੇਰੇ ਹੈ | ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਪੰਜਾਬੀ ਕਿਸਾਨਾਂ ਨੇ ਵੱਡੇ-ਵੱਡੇ ਫਾਰਮ ਹਾਊਸ ਵੀ ਬਣਾਏ ਹੋਏ ਹਨ ਅਤੇ ਵੱਡੀ ਪੱਧਰ 'ਤੇ ਫਲ, ਸਬਜ਼ੀਆਂ, ਅਨਾਜ ਅਤੇ ਗੰਨੇ ਦੀ ਪੈਦਾਵਾਰ ਕਰ ਰਹੇ ਹਨ | ਪੰਜਾਬੀਆਂ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਅਤੇ ਹਰ ਦੇਸ਼ ਵਿਚ ਸੰਕਟ ਸਮੇਂ ਲੰਗਰ ਦੇ ਰਾਹੀਂ ਪੀੜਤਾਂ ਦੀ ਮਦਦ ਲਈ ਫੌਰੀ ਤੌਰ 'ਤੇ ਪਹੁੰਚਣ ਨੇ ਵੀ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨੂੰ  ਅੱਡਰੀ ਪਛਾਣ ਦਿਵਾਈ ਹੈ | ਬਿਨਾਂ ਸ਼ੱਕ ਕੌਮਾਂਤਰੀ ਪੱਧਰ 'ਤੇ ਅਨੇਕਾਂ ਦੇਸ਼ਾਂ ਵਿਚ ਪੰਜਾਬੀ ਭਾਈਚਾਰੇ ਦਾ ਚੋਖਾ ਪ੍ਰਭਾਵ ਹੈ | ਪਰ ਇਸ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਪੰਜਾਬੀਆਂ ਨੂੰ  ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਬਾਰੇ ਪੰਜਾਬੀਆਂ ਨੂੰ  ਨਿਰੰਤਰ ਚਿੰਤਨ-ਮੰਥਨ ਕਰਕੇ ਉਨ੍ਹਾਂ ਦੇ ਹੱਲ ਲੱਭਣੇ ਚਾਹੀਦੇ ਹਨ, ਸਮੇਂ-ਸਮੇਂ ਪੰਜਾਬੀ ਭਾਈਚਾਰਾ ਅਜਿਹਾ ਕਰਦਾ ਵੀ ਰਿਹਾ ਹੈ | 

ਇਸ ਸੰਦਰਭ ਵਿਚ ਕੌਮਾਂਤਰੀ ਪੱਧਰ 'ਤੇ ਹੁੰਦੀਆਂ ਪੰਜਾਬੀ ਕਾਨਫ਼ਰੰਸਾਂ ਵੀ ਮਹੱਤਵਪੂਰਨ ਰੋਲ ਅਦਾ ਕਰ ਸਕਦੀਆਂ ਹਨ | ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸਾਂ ਦੀ ਪਰੰਪਰਾ ਬਹੁਤ ਪੁਰਾਣੀ ਹੈ | ਸਮੇਂ-ਸਮੇਂ ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਅਤੇ ਕਈ ਹੋਰ ਦੇਸ਼ਾਂ ਵਿਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸਾਂ ਹੁੰਦੀਆਂ ਰਹੀਆਂ ਹਨ, ਜਿਨ੍ਹਾਂ ਵਿਚ ਪੰਜਾਬੀ ਸਾਹਿਤ, ਪੱਤਰਕਾਰੀ ਤੇ ਸੱਭਿਆਚਾਰ  ਸੰਬੰਧੀ ਚਰਚਾ ਤੋਂ ਇਲਾਵਾ ਪੰਜਾਬੀਆਂ ਨੂੰ  ਦਰਪੇਸ਼ ਸਮੱਸਿਆਵਾਂ, ਖ਼ਾਸ ਕਰਕੇ ਵੱਖ-ਵੱਖ ਦੇਸ਼ਾਂ ਵਿਚ ਹੁੰਦੇ ਨਸਲੀ ਵਿਤਕਿਰਿਆਂ ਬਾਰੇ ਵੀ ਚਰਚਾ ਹੁੰਦੀ ਰਹੀ ਹੈ | ਬਿਨਾਂ ਸ਼ੱਕ ਅਜਿਹੀਆਂ ਕਾਨਫਰੰਸਾਂ ਨਾਲ ਜਿਥੇ ਪੰਜਾਬੀ ਭਾਈਚਾਰੇ ਵਿਚ ਏਕਤਾ ਵਧਦੀ ਹੈ, ਉਥੇ ਇਨ੍ਹਾਂ ਰਾਹੀਂ ਪੰਜਾਬੀਆਂ ਦੀਆਂ ਮੁਸ਼ਕਿਲਾਂ ਵੀ ਕੁਝ ਨਾ ਕੁਝ ਹੱਦ ਤੱਕ ਸਰਕਾਰਾਂ ਤੱਕ ਪਹੁੰਚਦੀਆਂ ਹਨ | ਇਸ ਪ੍ਰਸੰਗ ਵਿਚ ਹੀ ਅਹਿਮਦ ਰਜ਼ਾ ਪੰਜਾਬੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪਿਛਲੇ 3 ਸਾਲਾਂ ਤੋਂ ਲਾਹੌਰ ਵਿਚ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਨੂੰ  ਦੇਖਿਆ ਜਾ ਸਕਦਾ ਹੈ | ਇਸ ਕਾਨਫਰੰਸ ਵਿਚ ਵੀ ਜਿਥੇ ਪੰਜਾਬੀ ਸਾਹਿਤ, ਪੱਤਰਕਾਰੀ, ਸੱਭਿਆਚਾਰ ਤੇ ਪੰਜਾਬੀ ਭਾਸ਼ਾ ਨਾਲ ਜੁੜੇ ਮੁੱਦਿਆਂ ਬਾਰੇ ਚਰਚਾ ਹੁੰਦੀ ਰਹੀ ਹੈ, ਉਥੇ ਕੌਮਾਂਤਰੀ ਪੱਧਰ 'ਤੇ ਪੰਜਾਬੀਆਂ ਵਿਚਕਾਰ ਮੇਲ-ਮਿਲਾਪ ਵਧਾਉਣ ਦੀਆਂ ਲੋੜਾਂ 'ਤੇ ਵੀ ਜ਼ੋਰ ਦਿੱਤਾ ਜਾਂਦਾ ਰਿਹਾ ਹੈ |
ਸਾਡਾ ਵਿਚਾਰ ਹੈ ਕਿ ਇਸ ਤਰ੍ਹਾਂ ਦੀਆਂ ਹੁੰਦੀਆਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸਾਂ ਵਿਚ ਹੇਠ ਲਿਖੇ ਮੁੱਦੇ ਵੀ ਪਹਿਲ ਦੇ ਆਧਾਰ 'ਤੇ ਵਿਚਾਰੇ ਜਾਣੇ ਚਾਹੀਦੇ ਹਨ:
1. ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਸਾਹਮਣੇ ਰੋਟੀ-ਰੋਜ਼ੀ ਲਈ ਸੰਘਰਸ਼ ਕਰਨ ਤੋਂ ਇਲਾਵਾ ਜੋ ਦੂਜਾ ਅਹਿਮੀਅਤ ਵਾਲਾ ਮੁੱਦਾ ਇਹ ਹੈ ਕਿ ਆਪਣੀ ਨਵੀਂ ਪੀੜ੍ਹੀ ਨੂੰ  ਪੰਜਾਬੀ ਜ਼ੁਬਾਨ, ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜ ਕੇ ਕਿਵੇਂ ਰੱਖਿਆ ਜਾਵੇ? ਅਕਸਰ ਇਹ ਦੇਖਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਤੀਜੀ ਜਾਂ ਚੌਥੀ ਪੀੜ੍ਹੀ ਪੰਜਾਬੀ ਜ਼ੁਬਾਨ, ਸੱਭਿਆਚਾਰ ਅਤੇ ਇਤਿਹਾਸ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦੀ ਹੈ | ਨਵੀਂ ਪੀੜ੍ਹੀ ਨਾਲ ਸੰਬੰਧਿਤ ਨੌਜਵਾਨ, ਜਿਹੜੇ ਵੀ ਦੇਸ਼ ਵਿਚ ਰਹਿ ਰਹੇ ਹੁੰਦੇ ਹਨ, ਉਥੇ ਦੀ ਜ਼ੁਬਾਨ ਅਤੇ ਸੱਭਿਆਚਾਰ ਸੁਭਾਵਿਕ ਤੌਰ 'ਤੇ ਉਨ੍ਹਾਂ 'ਤੇ ਭਾਰੂ ਹੋ ਜਾਂਦੇ ਹਨ | ਬਿਨਾਂ ਸ਼ੱਕ ਜਿਸ ਦੇਸ਼ ਵਿਚ ਕੋਈ ਵਸਦਾ ਹੈ, ਉਸ ਨੂੰ  ਉਥੋਂ ਦੀ ਜ਼ੁਬਾਨ, ਸੱਭਿਆਚਾਰ ਅਤੇ ਇਤਿਹਾਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਹੀ ਉਹ ਸਥਾਨਕ ਲੋਕਾਂ ਨਾਲ ਘੁਲ-ਮਿਲ ਸਕਦਾ ਹੈ ਜਾਂ ਸੰਬੰਧਿਤ ਦੇਸ਼ ਦੀ ਮੁੱਖਧਾਰਾ ਵਿਚ ਆਪਣਾ ਸਥਾਨ ਬਣਾ ਸਕਦਾ ਹੈ | ਪਰ ਇਸ ਦੇ ਨਾਲ-ਨਾਲ ਜੇਕਰ ਦੇਸ਼-ਵਿਦੇਸ਼ ਵਿਚ ਪੰਜਾਬੀ ਆਪਣੇ ਭਾਈਚਾਰੇ ਦੀ ਇਕਜੁੱਟਤਾ ਤੇ ਪਛਾਣ ਬਣਾਈ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ  ਆਪਣੇ ਬੱਚਿਆਂ ਨੂੰ  ਪੰਜਾਬੀ ਜ਼ੁਬਾਨ, ਸੱਭਿਆਚਾਰ, ਇਤਿਹਾਸ ਅਤੇ ਇਥੋਂ ਤੱਕ ਕਿ ਆਪਣੇ ਧਰਮਾਂ ਸੰਬੰਧੀ ਵੀ ਜਾਣਕਾਰੀ ਦੇਣੀ ਚਾਹੀਦੀ ਹੈ | ਇਸ ਸੰਬੰਧੀ ਯਾਹੂਦੀ ਭਾਈਚਾਰੇ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ | ਯਾਹੂਦੀ ਭਾਵੇਂ ਕਿਸੇ ਵੀ ਦੇਸ਼ ਵਿਚ ਰਹਿੰਦੇ ਹੋਣ, ਉਹ ਆਪਣੇ ਬੱਚਿਆਂ ਨੂੰ  ਹੈਬਰਿਊ ਜ਼ੁਬਾਨ ਲਿਖਣੀ ਅਤੇ ਪੜ੍ਹਨੀ ਜ਼ਰੂਰ ਸਿਖਾਉਂਦੇ ਹਨ | ਇਸ ਰਾਹੀਂ ਉਹ ਆਪਣੀ ਇਕਜੁਟਤਾ ਵੀ ਕਾਇਮ ਰੱਖਦੇ ਹਨ ਅਤੇ ਵਿਦੇਸ਼ਾਂ ਵਿਚ ਆਪਣੀ ਪਛਾਣ ਵੀ ਬਣਾਈ ਰੱਖਦੇ ਹਨ | ਇਸ ਲਈ ਪੰਜਾਬੀਆਂ ਨੂੰ  ਵੀ ਵੱਖ-ਵੱਖ ਦੇਸ਼ਾਂ ਵਿਚ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਆਪਣੇ ਬੱਚਿਆਂ ਲਈ ਪੰਜਾਬੀ ਜ਼ੁਬਾਨ ਦੀ ਪੜ੍ਹਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਬਰਤਾਨੀਆ ਅਤੇ ਕੈਨੇਡਾ ਵਿਚ ਤਾਂ ਅਨੇਕਾਂ ਥਾਵਾਂ 'ਤੇ ਸਰਕਾਰੀ ਸਕੂਲਾਂ ਵਿਚ ਵੀ ਪੰਜਾਬੀ ਪੜ੍ਹਾਉਣ ਦੀ ਵਿਵਸਥਾ ਹੋ ਚੁੱਕੀ ਹੈ ਪਰ ਜਿਨ੍ਹਾਂ ਥਾਵਾਂ 'ਤੇ ਅਜਿਹੀ ਵਿਵਸਥਾ ਨਹੀਂ ਹੈ, ਉਥੇ ਪੰਜਾਬੀਆਂ ਨੂੰ  ਆਪਣੇ ਘਰਾਂ ਵਿਚ ਜਾਂ ਗ਼ੈਰ-ਸਰਕਾਰੀ ਪੱਧਰ 'ਤੇ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਤੁਹਾਡੇ ਬੱਚੇ ਤਾਂ ਹੀ ਤੁਹਾਡੇ ਬੱਚੇ ਹਨ ਜੇ ਉਹ ਤੁਹਾਡੀ ਜ਼ੁਬਾਨ ਪੜ੍ਹਨੀ-ਲਿਖਣੀ ਤੇ ਬੋਲਣੀ ਜਾਨਣਗੇ |
2. ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਵਸਦੇ ਪੰਜਾਬੀਆਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਭਾਰਤ ਅਤੇ ਖਾਸ ਕਰਕੇ ਪੰਜਾਬ ਦੀ ਦੋ ਹਿੱਸਿਆਂ ਵਿਚ ਹੋਈ ਵੰਡ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਰਮਿਆਨ ਸੰਬੰਧ ਕਦੇ ਬਹੁਤੇ ਬਿਹਤਰ ਨਹੀਂ ਰਹੇ | ਦੋਵਾਂ ਪਾਸਿਆਂ ਦੇ ਪੰਜਾਬੀਆਂ ਨੂੰ  ਮਿਲਣ-ਗਿਲਣ ਦੇ ਬਹੁਤੇ ਖੁੱਲ੍ਹੇ ਮੌਕੇ ਨਹੀਂ ਮਿਲਦੇ | ਉਨ੍ਹਾਂ ਵਿਚ ਹਰ ਤਰ੍ਹਾਂ ਦਾ ਅਦਾਨ-ਪ੍ਰਦਾਨ ਬੜਾ ਸੀਮਤ ਹੀ ਰਹਿੰਦਾ ਹੈ | ਪਿਛਲੇ ਸਮਿਆਂ ਵਿਚ ਸਿਰਫ਼ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸਰਹੱਦਾਂ ਦੇ ਆਰ-ਪਾਰ ਆਉਂਦੇ-ਜਾਂਦੇ ਜਥਿਆਂ ਜਾਂ ਵਫ਼ਦਾਂ ਦੇ ਰਾਹੀਂ ਹੀ ਪੰਜਾਬੀਆਂ ਨੂੰ  ਮਿਲਣ-ਗਿਲਣ ਦੇ ਕੁਝ ਮੌਕੇ ਮਿਲਦੇ ਰਹੇ ਹਨ | ਕੁਝ ਸਾਲਾਂ ਤੱਕ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਨਾਲ ਵੀ ਪੰਜਾਬੀਆਂ ਨੂੰ  ਇਕ-ਦੂਜੇ ਨੂੰ  ਮਿਲਣ ਅਤੇ ਗੱਲਬਾਤ ਕਰਨ ਦੇ ਅਵਸਰ ਮਿਲੇ ਸਨ | ਕਰਤਾਰਪੁਰ ਦੇ ਲਾਂਘੇ ਰਾਹੀਂ 1947 ਦੇ ਵਿਛੜੇ ਬਹੁਤ ਸਾਰੇ ਪਰਿਵਾਰਾਂ ਨੂੰ  ਦਹਾਕਿਆਂ ਬਾਅਦ ਇਕ-ਦੂਜੇ ਨੂੰ  ਮਿਲਣ ਦੇ ਅਵਸਰ ਮਿਲੇ ਸਨ | ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਕਈ ਅਜਿਹੇ ਪਰਿਵਾਰਾਂ ਦੇ ਜੀਅ ਵੀ ਆਪਸ ਵਿਚ ਮਿਲੇ, ਜਿਨ੍ਹਾਂ ਨੂੰ  ਭਾਰਤ ਅਤੇ ਪਾਕਿਸਤਾਨ ਵਿਚ ਵਸਦੇ ਉਨ੍ਹਾਂ ਦੇ ਪਰਿਵਾਰਾਂ ਨੇ ਮਰ ਗਏ ਜਾਂ ਗੁੰਮ ਹੋ ਗਏ ਸਮਝ ਲਿਆ ਸੀ | ਭਾਰਤ ਅਤੇ ਪਾਕਿਸਤਾਨ ਵਿਚ ਵਸਦੇ ਪੰਜਾਬੀਆਂ ਤੋਂ ਇਲਾਵਾ ਬਹੁਤ ਸਾਰੇ ਗ਼ੈਰ ਪੰਜਾਬੀ ਵੀ ਖੁੱਲ੍ਹੀ ਆਵਾਜਾਈ ਚਾਹੁੰਦੇ ਹਨ | ਪਰ ਸਭ ਤੋਂ ਵੱਧ ਇਸ ਤਰ੍ਹਾਂ ਦੀ ਲੋੜ ਸਰਹੱਦਾਂ ਦੇ ਆਰ-ਪਾਰ ਬੈਠੇ ਪੰਜਾਬੀਆਂ ਨੂੰ  ਹੈ, ਕਿਉਂਕਿ ਉਨ੍ਹਾਂ ਦੀ ਵਿਰਾਸਤ ਦੋਵਾਂ ਦੇਸ਼ਾਂ ਵਿਚ ਫੈਲੀ ਹੋਈ ਹੈ | ਲਹਿੰਦੇ ਪੰਜਾਬ ਦੇ ਬਹੁਤ ਸਾਰੇ ਪੰਜਾਬੀਆਂ ਦੇ ਧਾਰਮਿਕ ਅਸਥਾਨ, ਜਿਨ੍ਹਾਂ ਵਿਚ ਸੂਫ਼ੀ ਦਰਗਾਹਾਂ, ਗੁਰਦੁਆਰੇ ਅਤੇ ਮੰਦਿਰ ਸ਼ਾਮਿਲ ਹਨ, ਉਹ ਚੜ੍ਹਦੇ ਪੰਜਾਬ ਵਿਚ ਹਨ ਅਤੇ ਇਸੇ ਤਰ੍ਹਾਂ ਚੜ੍ਹਦੇ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਦੇ ਦਰਜਨਾਂ ਧਾਰਮਿਕ ਅਸਥਾਨ (ਗੁਰਦੁਆਰੇ ਅਤੇ ਮੰਦਰ) ਲਹਿੰਦੇ ਪੰਜਾਬ ਵਿਚ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਉਹ ਹਮੇਸ਼ਾ ਤੜਫਦੇ ਰਹਿੰਦੇ ਹਨ | ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸਾਂ ਵਿਚ ਸਰਹੱਦਾਂ ਦੇ ਆਰ-ਪਾਰ ਵਸਦੇ ਪੰਜਾਬੀਆਂ ਦੀ ਇਹ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਜਾਣੀ ਚਾਹੀਦੀ ਹੈ | ਉਂਜ ਵੀ ਜੇ ਭਾਰਤ ਤੇ ਪਾਕਿਸਤਾਨ ਦਰਮਿਆਨ, ਖ਼ਾਸ ਕਰਕੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਆਮ ਲੋਕਾਂ ਦੀ ਆਵਾਜਾਈ ਦੇ ਨਾਲ-ਨਾਲ ਵਪਾਰਕ ਅਦਾਨ-ਪ੍ਰਦਾਨ ਵੀ ਖੁੱਲ੍ਹਦਾ ਹੈ, ਤਾਂ ਲੋਕਾਂ ਨੂੰ  ਵਪਾਰਕ ਅਤੇ ਕਾਰੋਬਾਰ ਦੇ ਪੱਖ ਤੋਂ ਵੀ ਵੱਡੇ ਲਾਭ ਮਿਲ ਸਕਦੇ ਹਨ | ਦੋਵਾਂ ਦੇਸ਼ਾਂ ਦੀ ਆਰਥਿਕਤਾ ਵਿਚ ਵੀ ਸੁਧਾਰ ਹੋ ਸਕਦਾ ਹੈ |
3. ਭਾਰਤ ਅਤੇ ਪਾਕਿਸਤਾਨ ਦਰਮਿਆਨ ਇਕ ਹੋਰ ਵੱਡਾ ਮਸਲਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿਚ ਇਕ-ਦੂਜੇ ਪ੍ਰਤੀ ਪਾਈ ਜਾ ਰਹੀ ਦੁਸ਼ਮਣੀ ਦਾ ਵੀ ਹੈ | ਪਾਕਿਸਤਾਨ ਨੇ ਹਰ ਕੀਮਤ 'ਤੇ ਜੰਮੂ-ਕਸ਼ਮੀਰ ਨੂੰ  ਹਾਸਿਲ ਕਰਨ ਲਈ ਪਿਛਲੇ ਕਈ ਦਹਾਕਿਆਂ ਤੋਂ ਲੜਾਈਆਂ ਅਤੇ ਅੱਤਵਾਦ ਦਾ ਸਹਾਰਾ ਲਿਆ ਹੋਇਆ ਹੈ | ਦੋਵਾਂ ਦੇਸ਼ਾਂ ਦਰਮਿਆਨ ਕਈ ਜੰਗਾਂ ਹੋ ਚੁੱਕੀਆਂ ਹਨ | ਉਹ ਅੱਤਵਾਦੀ ਸੰਗਠਨ ਖੜ੍ਹੇ ਕਰਕੇ ਅਤੇ ਉਨ੍ਹਾਂ ਨੂੰ  ਹਥਿਆਰਾਂ ਦੀ ਸਿਖਲਾਈ ਦੇ ਕੇ ਅਤੇ ਹਥਿਆਰ ਮੁਹੱਈਆ ਕਰਵਾ ਕੇ ਭਾਰਤ ਦੇ ਜੰਮੂ-ਕਸ਼ਮੀਰ ਅਤੇ ਇਥੋਂ ਤੱਕ ਕਿ ਦਿੱਲੀ ਅਤੇ ਮੁੰਬਈ ਤੱਕ ਭੇਜ ਕੇ ਉਨ੍ਹਾਂ ਤੋਂ ਬੰਬ ਧਮਾਕੇ ਕਰਵਾਉਂਦਾ ਰਿਹਾ ਹੈ | ਭਾਰਤ 'ਤੇ ਵੀ ਬਲੋਚਿਸਤਾਨ ਵਿਚ ਦਖਲਅੰਦਾਜ਼ੀ ਕਰਨ ਦੇ ਦੋਸ਼ ਲਗਦੇ ਹਨ | ਹੁਣ ਪਾਕਿਸਤਾਨ ਤੋਂ ਅੱਤਵਾਦੀਆਂ ਦੀ ਘੁਸਪੈਠ ਦੇ ਨਾਲ-ਨਾਲ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਵੀ ਚੋਖਾ ਵਾਧਾ ਹੋ ਰਿਹਾ ਹੈ | ਪਾਕਿਸਤਾਨ ਦੀ ਧਰਤੀ ਤੋਂ ਚੜ੍ਹਦੇ ਪੰਜਾਬ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਹੋ ਰਹੀ ਤਸਕਰੀ ਨਾਲ ਚੜ੍ਹਦੇ ਪੰਜਾਬ ਵਿਚ ਜਿਥੇ ਅਮਨ-ਕਾਨੂੰਨ ਦੀ ਸਮੱਸਿਆ ਗੰਭੀਰ ਹੋਈ ਹੈ, ਉਥੇ ਨੌਜਵਾਨ ਪੀੜ੍ਹੀ ਵਿਚ ਨਸ਼ਿਆਂ ਦਾ ਪ੍ਰਚਲਣ ਵਧਣ ਨਾਲ ਨਵੀਂ ਪੀੜ੍ਹੀ ਦੀ ਤੰਦਰੁਸਤੀ ਨੂੰ  ਵੀ ਵੱਡੀ ਢਾਹ ਲੱਗੀ ਹੈ | ਸਰਹੱਦਾਂ ਦੇ ਆਰ-ਪਾਰ ਵਸਦੇ ਪੰਜਾਬੀਆਂ ਨੂੰ  ਆਪੋ-ਆਪਣੀਆਂ ਸਰਕਾਰਾਂ 'ਤੇ ਇਕ-ਦੂਜੇ ਦੇਸ਼ ਵਿਰੁੱਧ ਅਨੈਤਿਕ ਤੇ ਅਪਰਾਧਿਕ ਕਾਰਵਾਈਆਂ ਕਰਨ ਤੋਂ ਰੋਕਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਕਸ਼ਮੀਰ ਸਮੇਤ ਸਾਰੇ ਦੁਵੱਲੇ ਮਸਲੇ ਗੱਲਬਾਤ ਰਾਹੀਂ ਕਰਨ ਲਈ ਜ਼ੋਰ ਪਾਉਣਾ ਚਾਹੀਦਾ ਹੈ | ਸਰਹੱਦਾਂ ਲੋਕਾਂ ਦੀ ਆਵਾਜਾਈ ਤੇ ਵਪਾਰ ਲਈ ਖੋਲ੍ਹਣੀਆਂ ਚਾਹੀਦੀਆਂ ਹਨ |
4. ਪੰਜਾਬੀ ਭਾਈਚਾਰੇ ਦੇ ਸਾਹਮਣੇ ਇਕ ਹੋਰ ਵੱਡੀ ਸਮੱਸਿਆ ਇਹ ਹੈ ਕਿ ਇਸ ਦੀ ਨਵੀਂ ਪੀੜ੍ਹੀ ਦਾ ਇਕ ਵੱਡਾ ਹਿੱਸਾ ਚੜ੍ਹਦੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ, ਫਿਰੌਤੀਆਂ ਵਸੂਲਣ, ਕਾਰਾਂ ਚੋਰੀ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧਾਂ ਵਿਚ ਸ਼ਾਮਿਲ ਹੋ ਗਿਆ ਹੈ | ਵੱਖ-ਵੱਖ ਦੇਸ਼ਾਂ ਵਿਚ ਸਰਗਰਮ ਬਹੁਤ ਸਾਰੇ ਗੈਂਗਾਂ ਵਿਚ ਵੀ ਚੜ੍ਹਦੇ ਪੰਜਾਬ ਨਾਲ ਸੰਬੰਧਿਤ ਪੰਜਾਬੀ ਭਾਈਚਾਰੇ ਦੇ ਨੌਜਵਾਨ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਗਏ ਹਨ | ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਇਹ ਜਾਣਕਾਰੀ ਦਿੱਤੀ ਸੀ ਕਿ ਇਸ ਸਮੇਂ 61  ਦੇ ਲਗਭਗ ਪੰਜਾਬੀ ਨੌਜਵਾਨ ਗੈਂਗਾਂ ਦਾ ਹਿੱਸਾ ਬਣੇ ਹੋਏ ਹਨ | ਪੰਜਾਬ ਪੁਲਿਸ ਨੇ ਪਿਛਲੇ ਸਾਲਾਂ ਵਿਚ 18 ਦੇ ਲਗਭਗ ਨੌਜਵਾਨਾਂ ਨੂੰ  ਵਿਦੇਸ਼ਾਂ ਤੋਂ ਵਾਪਸ ਵੀ ਲਿਆਂਦਾ ਹੈ | ਇਸ ਨਾਲ ਕੈਨੇਡਾ, ਅਮਰੀਕਾ, ਬਰਤਾਨੀਆ, ਜਰਮਨ ਅਤੇ ਹੋਰ ਦੇਸ਼ਾਂ ਵਿਚ ਪੰਜਾਬੀਆਂ ਦੀ ਬਦਨਾਮੀ ਵਧ ਰਹੀ ਹੈ | ਲਹਿੰਦੇ ਪੰਜਾਬ ਦੇ ਨੌਜਵਾਨ ਦੇਸ਼ ਜਾਂ ਵਿਦੇਸ਼ ਵਿਚ ਅਜਿਹੀਆਂ ਕਾਰਵਾਈਆਂ ਵਿਚ ਕਿਸ ਹੱਦ ਤੱਕ ਸ਼ਾਮਿਲ ਹਨ, ਇਸ ਬਾਰੇ ਸਾਡੇ ਕੋਲ ਬਹੁਤੀ ਜਾਣਕਾਰੀ ਨਹੀਂ ਹੈ |  ਪਰ ਚੜ੍ਹਦੇ ਪੰਜਾਬ ਦੇ ਨੌਜਵਾਨਾਂ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਵਿਦੇਸ਼ਾਂ ਵਿਚ ਜੋ ਪੰਜਾਬੀਆਂ ਨੇ ਦਹਾਕਿਆਂ ਦੀ ਮਿਹਨਤ ਨਾਲ ਆਪਣਾ ਚੰਗਾ ਪ੍ਰਭਾਵ ਬਣਾਇਆ ਸੀ, ਉਸ ਨੂੰ  ਵੱਡੀ ਪੱਧਰ 'ਤੇ ਖੋਰਾ ਲੱਗ ਰਿਹਾ ਹੈ | ਇਸ ਗੰਭੀਰ ਸਮੱਸਿਆ ਬਾਰੇ ਵੀ ਪੰਜਾਬੀ ਭਾਈਚਾਰੇ ਨੂੰ  ਵਿਚਾਰ ਕਰਨ ਦੀ ਲੋੜ ਹੈ, ਕਿ ਪੰਜਾਬੀ ਨੌਜਵਾਨ ਕਿਹੜੇ ਕਾਰਨਾਂ ਕਰਕੇ ਜੁਰਮਾਂ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ  ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ | ਇਹ ਮਸਲਾ ਫੌਰੀ ਤੌਰ 'ਤੇ ਧਿਆਨ ਦੀ ਮੰਗ ਕਰਦਾ ਹੈ | ਪਾਕਿਸਤਾਨ ਵਿਚ ਇਨ੍ਹੀਂ ਦਿਨੀਂ ਪੰਜਾਬ ਨੂੰ  ਕਈ ਸੂਬਿਆਂ ਵਿਚ ਵੰਡਣ ਦੀ ਵੀ ਚਰਚਾ ਚਲ ਰਹੀ ਹੈ | ਇਸ ਦੇ ਪੰਜਾਬੀਆਂ ਨੂੰ  ਕੀ ਫਾਇਦੇ ਤੇ ਨੁਕਸਾਨ ਹੋ ਸਕਦੇ ਹਨ ਇਹ ਮੁੱਦਾ ਵੀ ਵਿਚਾਰਨਾ ਬਣਦਾ ਹੈ |
ਜੇਕਰ ਇਸ ਮੁੱਦੇ ਦਾ ਕੋਈ ਹੱਲ ਨਾ ਲੱਭਿਆ ਗਿਆ ਤਾਂ ਵਿਦੇਸ਼ਾਂ ਵਿਚ ਪੰਜਾਬੀ ਵੱਖ-ਵੱਖ ਖੇਤਰਾਂ ਵਿਚ ਜੋ ਵੀ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ, ਉਨ੍ਹਾਂ ਵਿਚ ਰੁਕਾਵਟਾਂ ਪੈਦਾ ਹੋਣਗੀਆਂ ਅਤੇ ਦੂਜੇ ਦੇਸ਼ ਪੰਜਾਬੀਆਂ ਤੋਂ ਕਿਨਾਰਾ ਕਰਨ ਲੱਗਣਗੇ | 
ਸਾਡਾ ਵਿਚਾਰ ਹੈ ਕਿ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸਾਂ ਵਿਚ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਇਤਿਹਾਸ ਨੂੰ  ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਨਾਲ-ਨਾਲ ਉਪਰੋਕਤ ਕਿਸਮ ਦੇ ਅਜਿਹੇ ਭਖਦੇ ਮਸਲਿਆਂ ਬਾਰੇ ਵੀ ਵਿਚਾਰ ਕੀਤੀ ਜਾਣੀ ਚਾਹੀਦੀ ਹੈ, ਜੋ ਪੰਜਾਬੀਆਂ ਦੇ ਭਵਿੱਖ ਨੂੰ  ਵੱਡੀ ਪੱਧਰ 'ਤੇ ਪ੍ਰਭਾਵਿਤ ਕਰਦੇ ਹਨ ਜਾਂ ਕਰ ਸਕਦੇ ਹਨ |

ਪਿਛਲੀ ਖ਼ਬਰ ਬੁਢਾਪਾ ਕੋਈ ਸਰਾਪ ਨਹੀਂ ਹੈ ਅਗਲੀ ਖ਼ਬਰ ਸਰਦੀਆਂ ਵਿਚ ਸੇਕੋ ਧੁੱਪ ਤੇ ਪੀਓ ਸੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।