24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਖੇਤੀ ਵਿਭਿੰਨਤਾ ਲਈ ਸਹਾਇਕ ਹੋ ਸਕਦੀ ਹੈ ਫ਼ਲਾਂ ਦੀ ਖੇਤੀ

ਖੇਤੀ ਵਿਭਿੰਨਤਾ ਲਈ ਸਹਾਇਕ ਹੋ ਸਕਦੀ ਹੈ ਫ਼ਲਾਂ ਦੀ ਖੇਤੀ

ਅਜੀਤ ਡੈਸਕ 25-11-2026

ਪਾਣੀ ਦੀ ਬੱਚਤ ਕਰਨ ਅਤੇ ਜ਼ਮੀਨੀ ਪਾਣੀ ਦਾ ਪੱਧਰ ਡਿਗਣ ਤੋਂ ਰੋਕਣ ਲਈ ਝੋਨੇ ਦੀ ਕਾਸ਼ਤ ਘਟਾ ਕੇ ਫ਼ਸਲੀ-ਭਿੰਨਤਾ ਲਿਆਉਣ ਦੀ ਲੋੜ ਹੈ | ਪ੍ਰੰਤੂ ਇਸ ਸਾਲ ਝੋਨੇ ਦੀ ਪੈਦਾਵਾਰ 'ਚ ਵਾਧਾ ਹੋਇਆ ਹੈ, ਜਿਸ ਨਾਲ ਕਿਸਾਨਾਂ ਨੂੰ  ਚੋਖਾ ਲਾਭ ਹੋਇਆ ਹੈ | ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ  ਤਾਂ ਹੋਰ ਵੀ ਵਧੇਰੇ ਆਮਦਨ ਹੋਈ ਹੈ | ਝੋਨੇ ਦੀ ਕਾਸ਼ਤ ਵਾਲੇ ਕਿਸਾਨਾਂ ਨੂੰ  80 ਹਜ਼ਾਰ ਪ੍ਰਤੀ ਏਕੜ ਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ  1.10 ਲੱਖ ਰੁਪਏ ਪ੍ਰਤੀ ਏਕੜ ਆਮਦਨ ਹੋਈ ਹੈ | ਉਤਪਾਦਨ 200 ਲੱਖ ਟਨ ਤੋਂ ਟੱਪ ਗਿਆ ਹੈ, ਜਦਕਿ ਕੇਂਦਰ ਦੀ ਖ਼ਰੀਦ ਦਾ ਨਿਸ਼ਾਨਾ 180 ਲੱਖ ਟਨ ਸੀ | ਕਈ ਕਿਸਾਨ ਆਪਣੀ ਫ਼ਸਲ ਦੀ ਵਿਕਰੀ ਲਈ ਅਜੇ ਵੀ ਪ੍ਰੇਸ਼ਾਨ ਹੋ ਰਹੇ ਹਨ | ਪੰਜਾਬ ਸਰਕਾਰ ਨੇ ਕੇਂਦਰ ਨੂੰ  ਕੈਸ਼ ਲਿਮਿਟ ਵਧਾਉਣ ਲਈ ਪਹੁੰਚ ਕੀਤੀ ਹੋਈ ਹੈ | ਇਸ ਦੇ ਮੱਦੇਨਜ਼ਰ ਨੇੜ ਭਵਿੱਖ 'ਚ ਝੋਨੇ ਦੀ ਕਾਸ਼ਤ ਹੇਠ ਰਕਬਾ ਘਟਣ ਦੀ ਕੋਈ ਸੰਭਾਵਨਾ ਨਹੀਂ | ਸਰਕਾਰ ਰਵਾਇਤੀ ਫ਼ਸਲਾਂ ਜਿਵੇਂ ਮੱਕੀ, ਤੇਲ ਬੀਜਾਂ, ਦਾਲਾਂ ਆਦਿ ਦੀ ਕਾਸ਼ਤ ਥੱਲੇ ਰਕਬਾ ਵਧਾਉਣ 'ਤੇ ਜ਼ੋਰ ਦੇ ਰਹੀ ਹੈ, ਪਰ ਕੋਈ ਪ੍ਰਾਪਤੀ ਨਹੀਂ ਹੋ ਰਹੀ | ਸੋਇਆਬੀਨ ਵੀ ਪੰਜਾਬ ਦੀ ਫ਼ਸਲ ਨਹੀਂ ਬਣ ਸਕੀ | ਨਰਮੇ ਹੇਠ ਰਕਬਾ 6 ਲੱਖ ਹੈਕਟੇਅਰ ਤੋਂ ਘਟ ਕੇ ਇਕ ਲੱਖ ਹੈਕਟੇਅਰ ਹੀ ਰਹਿ ਗਿਆ ਹੈ |

ਫ਼ਲਾਂ ਦੀ ਕਾਸ਼ਤ ਥੱਲੇ ਰਕਬਾ ਵਧਾ ਕੇ ਉਤਪਾਦਨ ਵਧਾਉਣ ਦੀ ਗੁੰਜਾਇਸ਼ ਹੈ | ਇਸ ਨੂੰ  ਮਹਿਸੂਸ ਕਰਦਿਆਂ ਪੰਜਾਬ ਸਰਕਾਰ ਨੇ ਪੀ.ਏ.ਯੂ. 'ਚ ਫ਼ਲਾਂ ਦੇ ਮਾਹਿਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ  ਉਪ-ਕੁਲਪਤੀ ਦੇ ਅਹੁਦੇ 'ਤੇ ਲਾਇਆ ਹੈ ਅਤੇ ਫ਼ਲਾਂ ਦਾ ਵੱਡੇ ਆਕਾਰ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਹੈ | ਭਾਰਤ ਫ਼ਲਾਂ ਦੀ ਕਾਸ਼ਤ 'ਚ ਮੋਹਰੀ ਮੁਲਕਾਂ 'ਚ ਗਿਣਿਆ ਜਾਂਦਾ ਹੈ, ਜਦਕਿ ਪੰਜਾਬ 'ਚ ਕੇਵਲ 2–3 ਫ਼ੀਸਦੀ ਦੇ ਲਗਭਗ ਹੀ ਰਕਬਾ ਫ਼ਲਾਂ ਦੀ ਕਾਸ਼ਤ ਥੱਲੇ ਹੈ | ਉਸ 'ਤੇ ਵੀ ਇਕੱਲਾ ਕਿੰਨੂ ਫ਼ਲ ਅੱਧੇ ਰਕਬੇ 'ਤੇ ਹੁੰਦਾ ਹੈ | ਫ਼ਲਾਂ ਦੀ ਕਾਸ਼ਤ 'ਚ ਵੀ ਭਿੰਨਤਾ ਲਿਆਉਣ ਦੀ ਲੋੜ ਹੈ | ਬਾਗ਼ਾਂ 'ਚ ਫ਼ਲਾਂ ਦਾ ਉਤਪਾਦਨ ਹੋਣ ਤੋਂ ਇਲਾਵਾ ਕਿਸਾਨਾਂ ਨੇ ਟਿਊਬਵੈੱਲਾਂ 'ਤੇ ਵੀ ਫ਼ਲਾਂ ਦੇ ਬੂਟੇ ਲਾਏ ਹੋਏ ਹਨ ਤੇ ਘਰੇਲੂ ਬਗ਼ੀਚੀਆਂ 'ਚ ਵੀ ਫ਼ਲਾਂ ਦੇ ਬੂਟੇ ਹਨ | ਪਰ ਉਤਪਾਦਕਾਂ ਨੂੰ  ਸ਼ਿਕਾਇਤ ਰਹਿੰਦੀ ਹੈ ਕਿ ਇਹ ਬੂਟੇ ਚਲਦੇ ਨਹੀਂ ਤੇ ਲੋੜੀਂਦੀ ਮਾਤਰਾ 'ਚ ਫ਼ਲ ਨਹੀਂ ਦਿੰਦੇ | ਬਾਗ਼ਬਾਨੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਨੇ ਉਤਪਾਦਕਾਂ ਨੂੰ  ਸਲਾਹ ਦਿੱਤੀ ਹੈ ਕਿ ਉਹ ਬੂਟੇ ਸਿਰਫ਼ ਬਾਗ਼ਬਾਨੀ ਵਿਭਾਗ ਪੀ.ਏ.ਯੂ., ਆਈ.ਸੀ.ਏ.ਆਰ.-ਆਈ.ਏ.ਆਰ.ਆਈ. ਜਾਂ ਬੋਰਡ ਵਲੋਂ ਪ੍ਰਮਾਣਿਤ ਨਰਸਰੀਆਂ ਤੋਂ ਖ਼ਰੀਦ ਕੇ ਹੀ ਲਾਉਣ ਤੇ ਉਨ੍ਹਾਂ ਦੇ ਪਾਲਣ-ਪੋਸ਼ਣ ਲਈ ਫ਼ਲ ਮਾਹਿਰਾਂ ਨਾਲ ਸੰਪਰਕ ਕਰਨ | ਫ਼ਲਦਾਰ ਬੂਟਿਆਂ ਨੂੰ  ਸਮੇਂ ਸਿਰ, ਸਹੀ ਮਾਤਰਾ 'ਚ ਤੇ ਸਹੀ ਢੰਗ ਨਾਲ ਖਾਦ ਪਾਉਣ ਦੀ ਲੋੜ ਹੁੰਦੀ ਹੈ | ਫ਼ਲਦਾਰ ਬੂਟਿਆਂ 'ਚ ਤੱਤਾਂ ਦੀ ਘਾਟ ਕਾਰਨ ਫੁੱਲ ਤੇ ਫ਼ਲ ਝੜ ਜਾਂਦੇ ਹਨ ਜਾਂ ਫ਼ਲਾਂ ਦਾ ਆਕਾਰ ਤੇ ਮਿਠਾਸ ਘਟ ਜਾਂਦੀ ਹੈ | ਬੂਟਿਆਂ ਤੇ ਰੁੱਖਾਂ ਨੂੰ  ਖਾਦ ਦਸੰਬਰ 'ਚ ਪਾਉਣ ਦਾ ਸਹੀ ਸਮਾਂ ਹੈ | ਸਾਰੀ ਰੂੜੀ ਦੀ ਖਾਦ, ਸੁਪਰਫਾਸਫੇਟ ਤੇ ਮਿਊਰੇਟ ਆਫ ਪੋਟਾਸ਼ ਬੂਟਿਆਂ ਨੂੰ  ਪਹਿਲਾਂ ਹੀ ਪਾ ਦੇਣੀ ਚਾਹੀਦੀ ਹੈ | ਕਿੰਨੂ, ਅੰਬ, ਲੀਚੀ, ਆੜੂ, ਨਾਖ ਤੇ ਅਲੂਚੇ ਨੂੰ  ਅੱਧਾ ਯੂਰੀਆ ਆਦਿ ਫੁੱਲ ਆਉਣ ਤੋਂ ਪਹਿਲਾਂ ਤੇ ਬਾਕੀ ਦਾ ਅੱਧਾ ਯੂਰੀਆ ਫ਼ਲ ਪੈਣ ਤੋਂ ਬਾਅਦ ਪਾਉਣਾ ਚਾਹੀਦਾ ਹੈ | ਅੰਗੂਰ 'ਚ ਸੁਪਰਫਾਸਫੇਟ ਤੇ ਅੱਧੀ ਯੂਰੀਆ ਖਾਦ, ਅੱਧਾ ਪੋਟਾਸ਼ ਕਾਂਟ-ਛਾਂਟ ਤੋਂ ਬਾਅਦ ਅਤੇ ਬਾਕੀ ਦਾ ਯੂਰੀਆ ਤੇ ਪੋਟਾਸ਼ ਅਪ੍ਰੈਲ ਮਹੀਨੇ 'ਚ ਪਾ ਦੇਣੇ ਚਾਹੀਦੇ ਹਨ | ਫ਼ਲਦਾਰ ਬੂਟਿਆਂ ਨੂੰ  ਖਾਦ ਛਤਰੀ (ਕਨੋਪੀ) ਹੇਠ ਪਾਉਣੀ ਚਾਹੀਦੀ ਹੈ | ਤਣੇ ਤੋਂ ਇਕ ਫੁੱਟ ਦੂਰ ਖਾਦ ਪਾ ਕੇ ਹਲਕੀ ਗੋਡੀ ਕਰ ਦੇਣੀ ਚਾਹੀਦੀ ਹੈ | ਅਮਰੂਦਾਂ ਨੂੰ  ਖਾਦ ਪਾਉਣ ਦਾ ਢੁਕਵਾਂ ਸਮਾਂ ਜੂਨ, ਸਤੰਬਰ ਤੇ ਅਕਤੂਬਰ ਦੇ ਮਹੀਨੇ ਹਨ | ਬੇਰ ਨੂੰ  ਜੁਲਾਈ 'ਚ ਖਾਦ ਪਾਉਣ ਦੀ ਲੋੜ ਹੈ | ਨਾਈਟ੍ਰੋਜਨ ਫ਼ਲਦਾਰ ਬੂਟਿਆਂ ਲਈ ਮੁੱਖ ਤੱਤ ਹੈ, ਜਿਸ ਦੀ ਘਾਟ ਪੂਰੀ ਕਰਨ ਲਈ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਖਾਦ ਪਾਉਣੀ ਚਾਹੀਦੀ ਹੈ | ਫਾਸਫੋਰਸ ਫ਼ਲ ਦੀਆਂ ਕਲੀਆਂ ਬਣਨ ਅਤੇ ਜੜ੍ਹਾਂ ਦੇ ਵਾਧੇ ਵਿਚ ਅਹਿਮ ਰੋਲ ਅਦਾ ਕਰਦਾ ਹੈ | ਇਸ ਦੀ ਘਾਟ ਕਾਰਨ ਪੱਤਿਆਂ ਦਾ ਰੰਗ ਜਾਮਣੀ ਜਿਹਾ ਹੋ ਜਾਂਦਾ ਹੈ ਤੇ ਪੱਤੇ ਪੂਰਾ ਵਿਕਾਸ ਨਹੀਂ ਕਰਦੇ | ਬਿਹਤਰ ਹੋਵੇ ਜੇ ਇਹ ਤੱਤ ਮਿੱਟੀ ਦੀ ਪਰਖ ਕਰਾਏ ਜਾਣ ਤੋਂ ਬਾਅਦ ਲੋੜੀਂਦੀ ਮਾਤਰਾ 'ਚ ਪਾਏ ਜਾਣ | ਫ਼ਲ ਮਾਹਿਰਾਂ, ਬਾਗ਼ਬਾਨੀ ਵਿਭਾਗ ਜਾਂ ਪੀ.ਏ.ਯੂ. ਤੋਂ ਇਸ ਸੰਬੰਧੀ ਜਾਣਕਾਰੀ ਲਈ ਜਾ ਸਕਦੀ ਹੈ | 
ਫ਼ਲਾਂ ਦੇ ਬੂਟੇ ਲਾਉਣ ਦਾ ਯੋਗ ਸਮਾਂ ਅੱਧ ਜਨਵਰੀ ਤੋਂ ਬਾਅਦ ਤੇ ਫਰਵਰੀ ਦਾ ਮਹੀਨਾ ਹੈ | ਬੂਟੇ ਤੋਂ ਬੂਟੇ ਦਾ ਫ਼ਾਸਲਾ ਯੋਗ ਰੱਖਿਆ ਜਾਣਾ ਚਾਹੀਦਾ ਹੈ | ਜ਼ਮੀਨ ਦੀ ਸਤ੍ਹਾ ਤੋਂ ਟੋਆ 2 ਫੁੱਟ ਡੂੰਘਾ ਹੋਣਾ ਚਾਹੀਦਾ ਹੈ | ਫੇਰ ਇਸ 'ਚ ਗਲੀ-ਸੜੀ ਗੋਹੇ ਦੀ ਖਾਦ ਮਿੱਟੀ ਨਾਲ ਮਿਲਾ ਕੇ ਪਾਉਣੀ ਚਾਹੀਦੀ ਹੈ |
ਅਨਾਰ ਤੇ ਅੰਜੀਰ ਵੀ ਬੜੀ ਸਫ਼ਲਤਾ ਨਾਲ ਉਗਾਏ ਜਾ ਸਕਦੇ ਹਨ | ਪਿਉਂਦੀ ਆੜੂ ਦੀਆਂ ਸ਼ਾਨੇ ਪੰਜਾਬ, ਫਲੋਰਿਡਾ, ਪਿ੍ੰਸ ਤੇ ਪ੍ਰਤਾਪ ਕਿਸਮਾਂ ਵੀ ਜਨਵਰੀ ਤੇ ਫਰਵਰੀ ਦੇ ਮਹੀਨੇ 'ਚ ਲਗਦੀਆਂ ਹਨ | ਅੰਗੂਰ ਸੀਡਲੈੱਸ ਲਾਉਣ ਦਾ ਵੀ ਇਹ ਢੁਕਵਾਂ ਸਮਾਂ ਹੈ | ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਅਮਲੋਹ ਨੇੜੇ ਧਰਮਗੜ੍ਹ ਪਿੰਡ ਦਾ ਅਗ੍ਹਾਂਹਵਧੂ ਕਿਸਾਨ ਬਲਬੀਰ ਸਿੰਘ ਜੜੀਆ ਕਹਿੰਦਾ ਹੈ, ਕਿ ਉਸ ਨੇ ਇਹ ਸਾਰੇ ਫ਼ਲ ਸਫ਼ਲਤਾ ਨਾਲ ਲਾਏ ਹਨ | ਅਨਾਰ ਤੇ ਅੰਜੀਰ ਦੇ ਫ਼ਲ ਸਿਹਤ ਲਈ ਬੜੇ ਫਾਇਦੇਮੰਦ ਹੁੰਦੇ ਹਨ | ਅੰਜੀਰ ਵਿਟਾਮਿਨਾਂ ਨਾਲ ਭਰਪੂਰ ਹੈ | ਇਸ ਨੂੰ  ਸੁਪਰੀਮ ਫ਼ਲ ਮੰਨਿਆ ਗਿਆ ਹੈ | ਫਾਇਬਰ ਹੋਣ ਕਾਰਨ ਇਸ ਦੇ ਖਾਣ ਨਾਲ ਕਬਜ਼ ਠੀਕ ਹੋ ਜਾਂਦੀ ਹੈ, ਹੱਡੀਆਂ ਨੂੰ  ਮਜ਼ਬੂਤ ਕਰਦਾ ਹੈ ਤੇ ਸ਼ੂਗਰ ਰੋਗੀਆਂ ਲਈ ਵੀ ਇਹ ਲਾਭਦਾਇਕ ਹੈ | ਪੰਜਾਬ 'ਚ ਫ਼ਲਾਂ ਦੀ ਕਾਸ਼ਤ ਵਧਾਉਣ ਦਾ ਕਾਫ਼ੀ ਦਾਇਰਾ ਹੈ |
ਫ਼ਲਾਂ ਤੋਂ ਇਲਾਵਾ ਫ਼ਸਲੀ-ਭਿੰਨਤਾ ਲਈ ਸਬਜ਼ੀਆਂ ਦੀ ਕਾਸ਼ਤ ਵੀ ਵਧਾਈ ਜਾ ਸਕਦੀ ਹੇੈ, ਜਿਸ ਲਈ ਠੰਢੀ ਚੇਨ ਸਹੂਲਤਾਂ ਵਧਾਉਣ ਦੀ ਲੋੜ ਹੈ |

ਈਮੇਲ : bhagwandass226@gmail.com

ਪਿਛਲੀ ਖ਼ਬਰ ਵਾਤਾਵਰਨ ਸੁਰੱਖਿਆ-ਕਿਸਾਨਾਂ ਤੇ ਉਦਯੋਗਾਂ ਲਈ ਮਾਪਦੰਡ ਵੱਖ-ਵੱਖ ਕਿਉਂ? ਅਗਲੀ ਖ਼ਬਰ ਪੰਜਾਬ ਵਿਚ ਸਿੱਖਿਆ ਦਾ ਮਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।