24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਵਾਤਾਵਰਨ ਸੁਰੱਖਿਆ-ਕਿਸਾਨਾਂ ਤੇ ਉਦਯੋਗਾਂ ਲਈ ਮਾਪਦੰਡ ਵੱਖ-ਵੱਖ ਕਿਉਂ?

ਵਾਤਾਵਰਨ ਸੁਰੱਖਿਆ-ਕਿਸਾਨਾਂ ਤੇ ਉਦਯੋਗਾਂ ਲਈ ਮਾਪਦੰਡ ਵੱਖ-ਵੱਖ ਕਿਉਂ?

ਅਜੀਤ ਡੈਸਕ 25-11-2026

ਪੰਜਾਬ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀਆਂ ਜਾ ਰਹੀਆਂ ਹਨ, ਪਰ ਉਦਯੋਗਿਕ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ 'ਚ ਇੰਨੀ ਤੇਜ਼ੀ ਕਿਉਂ ਦਿਖਾਈ ਨਹੀਂ ਦਿੰਦੀ? ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਿ ਪਰਾਲੀ ਸਾੜਨ 'ਤੇ ਰੋਕ ਲੱਗੇ ਤੇ  ਕਿਸਾਨ ਵੀ ਕਾਨੂੰਨ ਤੋਂ ਉੱਪਰ ਨਹੀਂ ਹਨ | ਪਰ ਅਸਲ ਮੁੱਦਾ ਕਾਨੂੰਨ ਨੂੰ  ਬਿਨਾਂ ਕਿਸੇ ਵਿਤਕਰੇ ਦੇ ਲਾਗੂ ਕਰਦਿਆਂ ਵਿਗਿਆਨਕ ਤੱਥਾਂ ਦੇ ਆਧਾਰ 'ਤੇ ਪ੍ਰਦੂਸ਼ਣ ਰੋਕਣ ਤੇ ਸਾਰਿਆਂ ਲਈ ਬਰਾਬਰ ਵਾਤਾਵਰਨ ਇਨਸਾਫ਼ ਯਕੀਨੀ ਬਣਾਉਣਾ ਹੈ | ਜੇਕਰ ਸੈਟੇਲਾਈਟ ਤਕਨੀਕ ਰਾਹੀਂ ਖੇਤਾਂ 'ਚ ਲੱਗੀ ਅੱਗ ਦਾ ਪਤਾ ਲਗਾ ਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਉਦਯੋਗਿਕ ਪ੍ਰਦੂਸ਼ਣ ਤੋਂ ਪ੍ਰਭਾਵਿਤ ਲੋਕਾਂ ਨੂੰ  ਕਾਰਵਾਈ ਕਰਵਾਉਣ ਤੇ ਇਨਸਾਫ਼ ਲੈਣ ਲਈ ਸਾਲਾਂਬੱਧੀ ਸੰਘਰਸ਼ ਕਿਉਂ ਕਰਨਾ ਪੈਂਦਾ ਹੈ? ਵਾਤਾਵਰਨ ਦੀ ਰਾਖੀ ਲਈ ਬਣੇ ਕਾਨੂੰਨ ਸਾਰਿਆਂ 'ਤੇ ਇਕਸਾਰ ਲਾਗੂ ਕਿਉਂ ਨਹੀਂ ਹਨ?

ਕਿਸਾਨ ਹੀ ਜ਼ਿੰਮੇਵਾਰ ਨਹੀਂ-ਹਵਾ ਪ੍ਰਦੂਸ਼ਣ ਲਈ ਸਿਰਫ਼ ਕਿਸਾਨਾਂ ਨੂੰ  ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ | ਬੈਂਗਲੁਰੂ ਸਥਿਤ ਸੈਂਟਰ ਫ਼ਾਰ ਸਟੱਡੀ ਆਫ਼ ਸਾਇੰਸ, ਟੈਕਨਾਲੋਜੀ ਐਂਡ ਪਾਲਿਸੀ ਦੇ ਅੰਕੜੇ ਪੰਜਾਬ 'ਚ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੰਦੇ ਹਨ | ਇਸ ਅਧਿਐਨ ਅਨੁਸਾਰ ਪੰਜਾਬ ਵਿਚ ਕੁੱਲ ਵਾਹਨਾਂ ਦਾ 11 ਤੋਂ 28 ਫ਼ੀਸਦੀ ਹਿੱਸਾ ਕੁੱਲ ਪ੍ਰਦੂਸ਼ਣ ਨਿਕਾਸ ਵਿਚ 70 ਫ਼ੀਸਦੀ ਤੱਕ ਜ਼ਿੰਮੇਵਾਰ ਹੈ | ਦਿੱਲੀ ਦੇ ਪ੍ਰਦੂਸ਼ਣ ਪਿੱਛੇ ਵੀ ਕਈ ਕਾਰਨ ਹਨ | ਵੱਖ-ਵੱਖ ਅਧਿਐਨਾਂ ਅਨੁਸਾਰ ਦਿੱਲੀ 'ਚ ਧੂੜ ਤੇ ਧੂੰਏਾ ਦੇ ਬਾਰੀਕ ਕਣਾਂ ਦੇ ਨਿਕਾਸ 'ਚ ਵਾਹਨਾਂ ਦਾ ਯੋਗਦਾਨ 38 ਫ਼ੀਸਦੀ, ਜਦਕਿ ਕੋਲਾ ਆਧਾਰਿਤ ਬਿਜਲੀ ਘਰਾਂ ਦਾ ਯੋਗਦਾਨ 11 ਫ਼ੀਸਦੀ ਤੇ ਉਸਾਰੀ ਸੰਬੰਧੀ ਸਰਗਰਮੀਆਂ ਦਾ 8 ਫ਼ੀਸਦੀ ਤੋਂ ਵੱਧ ਹੈ | ਖ਼ਾਸ ਦਿਨਾਂ ਦੌਰਾਨ ਮੌਸਮੀ ਹਾਲਾਤ, ਹਵਾ ਦੀ ਦਿਸ਼ਾ ਤੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਆਧਾਰ 'ਤੇ ਪਰਾਲੀ ਦਾ ਯੋਗਦਾਨ ਕਾਫ਼ੀ ਵੱਧ ਹੋ ਸਕਦਾ ਹੈ | ਵਾਤਾਵਰਨ ਨੀਤੀ ਵਿਗਿਆਨਕ ਸਬੂਤਾਂ ਦੇ ਆਧਾਰ 'ਤੇ ਬਣਾਈ ਜਾਵੇ ਕਿਸੇ ਇਕ ਵਰਗ ਨੂੰ  ਆਸਾਨੀ ਨਾਲ ਦੋਸ਼ੀ ਠਹਿਰਾਉਣ ਲਈ ਨਹੀਂ |
ਪੀੜਤਾਂ ਨੂੰ  ਇਨਸਾਫ਼ ਕਦੋਂ-ਅਪ੍ਰੈਲ 2023 ਵਿਚ ਲੁਧਿਆਣਾ ਦੇ ਗਿਆਸਪੁਰਾ ਵਿਖੇ ਜ਼ਹਿਰੀਲੀ ਗੈਸ ਕਾਰਨ ਵਾਪਰੇ ਹਾਦਸੇ ਵਿਚ 11 ਜਾਨਾਂ ਚਲੀਆਂ ਗਈਆਂ, ਇਸ ਦੁਖਾਂਤ ਲਈ ਜ਼ਿੰਮੇਵਾਰੀ ਤੈਅ ਕਰਨ ਤੇ ਕਾਨੂੰਨੀ ਕਾਰਵਾਈ ਬਾਰੇ  ਅੱਜ ਵੀ ਸਵਾਲ ਉੱਠਦੇ ਹਨ | ਜ਼ੀਰਾ ਵਿਖੇ ਮਾਲਬਰੋਜ਼ ਸ਼ਰਾਬ ਫ਼ੈਕਟਰੀ ਖ਼ਿਲਾਫ਼ 44 ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੇ ਲੰਮਾ ਸੰਘਰਸ਼ ਕੀਤਾ | ਇਸੇ ਤਰ੍ਹਾਂ ਲੁਧਿਆਣਾ ਦੇ ਬੁੱਢੇ ਨਾਲੇ, ਅੰਮਿ੍ਤਸਰ ਦੇ ਤੁੰਗ ਢਾਬ ਨਾਲੇ ਤੇ ਕਾਲੀ ਵੇਈਾ ਦੇ ਪ੍ਰਦੂਸ਼ਣ ਨਾਲ ਜੁੜੇ ਮਸਲੇ ਵੀ ਚਿੰਤਾ ਦਾ ਵਿਸ਼ਾ ਹਨ | ਰੰਗਾਈ, ਇਲੈਕਟ੍ਰੋਪਲੇਟਿੰਗ ਤੇ ਦਵਾਈਆਂ ਬਣਾਉਣ ਵਾਲੇ ਉਦਯੋਗਾਂ ਨਾਲ ਸਬੰਧਿਤ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਦੀ ਪਾਰਦਰਸ਼ੀ ਜਾਂਚ ਤੇ ਕਾਨੂੰਨੀ ਕਾਰਵਾਈ ਬਾਰੇ ਸਪੱਸ਼ਟ ਜਾਣਕਾਰੀ ਜਨਤਕ ਹੋਣੀ ਚਾਹੀਦੀ ਹੈ | ਉਦਯੋਗ ਵੱਲੋਂ ਵਾਤਾਵਰਨ ਕਾਨੂੰਨਾਂ ਦੀ ਉਲੰਘਣਾ ਸਾਬਤ ਹੋਣ 'ਤੇ ਉਸ ਖ਼ਿਲਾਫ਼ ਉਹੀ ਦਿ੍ੜ੍ਹਤਾ ਕਿਉਂ ਦਿਖਾਈ ਨਹੀਂ ਦਿੰਦੀ, ਜਿਹੜੀ ਕਿਸਾਨਾਂ ਦੇ ਮਾਮਲੇ 'ਚ ਨਜ਼ਰ ਆਉਂਦੀ ਹੈ?
ਪੰਜਾਬ 'ਤੇ ਦੋਹਰਾ ਬੋਝ-ਪੰਜਾਬ ਭਾਰਤ ਦੇ ਕੁੱਲ ਭੂਗੋਲਿਕ ਖੇਤਰ ਦਾ ਲਗਭਗ 1.5 ਫ਼ੀਸਦੀ ਹਿੱਸਾ ਹੈ, ਪਰ ਕੇਂਦਰੀ ਅੰਨ ਭੰਡਾਰ 'ਚ ਉਸ ਦਾ ਯੋਗਦਾਨ ਕਰੀਬ 40 ਫ਼ੀਸਦੀ ਹੈ | ਆਜ਼ਾਦ ਭਾਰਤ ਦੇ ਇਤਿਹਾਸ ਵਿਚ ਪੰਜਾਬ ਦੇ ਕਿਸਾਨਾਂ ਨੂੰ  ਦੂਜੀ ਵਾਰ ਆਪਣੀ ਖੇਤੀ ਪ੍ਰਣਾਲੀ ਵਿਚ  ਬਦਲਾਅ ਕਰਨ ਲਈ ਕਿਹਾ ਜਾ ਰਿਹਾ ਹੈ | ਪਹਿਲਾਂ ਹਰੀ ਕ੍ਰਾਂਤੀ ਦੌਰਾਨ ਕਿਸਾਨਾਂ ਨੂੰ  ਵੱਧ ਉਤਪਾਦਨ ਵਾਲੀ ਖੇਤੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ, ਕਣਕ-ਝੋਨੇ ਦੇ ਫ਼ਸਲੀ ਚੱਕਰ 'ਤੇ ਵਧਦੀ ਨਿਰਭਰਤਾ ਨੇ ਸਮੇਂ ਦੇ ਨਾਲ ਮਿੱਟੀ ਦੀ ਸਿਹਤ ਤੇ ਧਰਤੀ ਹੇਠਲੇ ਪਾਣੀ 'ਤੇ ਭਾਰੀ ਦਬਾਅ ਪਾਇਆ | ਹੁਣ ਪਰਾਲੀ ਪ੍ਰਬੰਧਨ ਦੇ ਨਾਂ 'ਤੇ ਕਿਸਾਨਾਂ ਨੂੰ  ਖੇਤੀ ਦੇ ਤਰੀਕੇ ਬਦਲਣ ਲਈ ਕਿਹਾ ਜਾ ਰਿਹਾ ਹੈ | ਜੇਕਰ ਸਰਕਾਰ ਸੱਚਮੁੱਚ ਪਰਾਲੀ ਸਾੜਨ ਦੀ ਸਮੱਸਿਆ ਖ਼ਤਮ ਕਰਨਾ ਚਾਹੁੰਦੀ ਹੈ, ਤਾਂ ਇਸ ਦੇ ਬਦਲਵੇਂ ਤਰੀਕੇ ਕਿਸਾਨਾਂ ਲਈ ਸਸਤੇ ਤੇ ਅਮਲੀ ਬਣਾਉਣੇ ਪੈਣਗੇ | ਲੋੜੀਂਦੀ ਸਹਾਇਤਾ ਤੋਂ ਬਿਨਾਂ ਸਖ਼ਤੀ ਕਰਨ ਦਾ ਮਤਲਬ ਵਾਤਾਵਰਨ ਸੁਧਾਰ ਦੀ ਪੂਰੀ ਆਰਥਿਕ ਜ਼ਿੰਮੇਵਾਰੀ ਕਿਸਾਨਾਂ ਦੇ ਮੋਢਿਆਂ 'ਤੇ ਪਾਉਣਾ ਹੈ, ਜਿਨ੍ਹਾਂ ਦੀ ਵਿੱਤੀ ਸਮਰੱਥਾ ਪਹਿਲਾਂ ਹੀ ਸੀਮਤ ਹੈ | 
ਖੇਤੀ ਨੀਤੀਆਂ ਦੀ ਨਾਕਾਮੀ=ਪੰਜਾਬ 'ਚ ਝੋਨੇ ਹੇਠ ਰਕਬਾ 1980 ਦੇ ਲਗਭਗ 11.83 ਲੱਖ ਹੈਕਟੇਅਰ ਤੋਂ ਵਧ ਕੇ 2016-17 ਵਿਚ 28.98 ਲੱਖ ਹੈਕਟੇਅਰ ਹੋ ਗਿਆ ਸੀ, ਜਦਕਿ ਸਾਲ 2026-27 ਦੇ ਸੀਜ਼ਨ ਦੌਰਾਨ ਇਹ ਰਕਬਾ 32.86 ਲੱਖ ਹੈਕਟੇਅਰ ਦੱਸਿਆ ਗਿਆ ਹੈ | ਇਹ ਅੰਕੜੇ ਪੰਜਾਬ ਦੀਆਂ ਖੇਤੀ ਨੀਤੀਆਂ 'ਤੇ ਮੁੜ ਵਿਚਾਰ ਕਰਨ ਦੀ ਲੋੜ ਵੱਲ ਇਸ਼ਾਰਾ ਕਰਦੇ ਹਨ | ਖ਼ਾਸ ਤੌਰ 'ਤੇ ਦੱਖਣ-ਪੱਛਮੀ ਮਾਲਵਾ ਖੇਤਰ ਜਿੱਥੇ ਰਵਾਇਤੀ ਤੌਰ 'ਤੇ ਨਰਮੇ ਤੇ ਹੋਰ ਫ਼ਸਲਾਂ ਦੀ ਕਾਸ਼ਤ ਹੁੰਦੀ ਰਹੀ ਹੈ, ਉੱਥੇ ਝੋਨੇ ਦੀ ਕਾਸ਼ਤ ਦੇ ਪਸਾਰ ਦੀ ਗੰਭੀਰ ਸਮੀਖਿਆ ਹੋਣੀ ਚਾਹੀਦੀ ਹੈ | ਨਰਮਾ, ਮੱਕੀ, ਦਾਲਾਂ ਤੇ ਹੋਰ ਬਦਲਵੀਆਂ ਫ਼ਸਲਾਂ ਝੋਨੇ ਦੀ ਮੌਜੂਦਾ ਆਰਥਿਕ ਵਿਵਸਥਾ ਦਾ ਮੁਕਾਬਲਾ ਕਰਨ 'ਚ ਨਾਕਾਮ ਹਨ | ਫ਼ਸਲੀ ਭਿੰਨਤਾ ਸਿਰਫ਼ ਕਿਸਾਨਾਂ ਨੂੰ  ਝੋਨੇ ਦੀ ਥਾਂ ਕੋਈ ਹੋਰ ਫ਼ਸਲ ਬੀਜਣ ਲਈ ਕਹਿਣ ਨਾਲ ਨਹੀਂ ਆ ਸਕਦੀ | ਇਸ ਲਈ ਢੁਕਵੇਂ ਬੀਜ, ਤਕਨੀਕੀ ਸਹਾਇਤਾ, ਭਰੋਸੇਯੋਗ ਮੰਡੀਆਂ, ਲਾਹੇਵੰਦ ਭਾਅ ਅਤੇ ਸਰਕਾਰੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਜ਼ਰੂਰੀ ਹਨ | 
ਫ਼ਸਲੀ ਭਿੰਨਤਾ ਦਾ ਵਿਰੋਧਾਭਾਸ-ਸਰਕਾਰਾਂ ਤੇ ਨਿਵੇਸ਼ਕਾਂ ਵਲੋਂ ਪਰਾਲੀ ਦੀ ਵਰਤੋਂ ਕਰਨ ਵਾਲੇ ਉਦਯੋਗਿਕ ਪਲਾਂਟਾਂ ਨੂੰ  ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਅਜਿਹੇ ਪਲਾਂਟਾਂ ਲਈ ਪੂੰਜੀ ਨਿਵੇਸ਼, ਊਰਜਾ, ਢੋਆ-ਢੁਆਈ, ਪ੍ਰੋਸੈਸਿੰਗ ਸਹੂਲਤਾਂ ਤੇ ਤਿਆਰ ਉਤਪਾਦਾਂ ਲਈ ਭਰੋਸੇਯੋਗ ਮੰਡੀਆਂ ਦੀ ਲੋੜ ਹੁੰਦੀ ਹੈ | ਇਨ੍ਹਾਂ ਪਲਾਂਟਾਂ ਤੋਂ ਹੋਣ ਵਾਲੇ ਪ੍ਰਦੂਸ਼ਣ, ਪਾਣੀ ਦੀ ਖ਼ਪਤ, ਰਹਿੰਦ-ਖੂੰਹਦ ਦੇ ਨਿਪਟਾਰੇ ਤੇ ਸਮੁੱਚੀ ਸਪਲਾਈ ਪ੍ਰਣਾਲੀ ਦੇ ਵਾਤਾਵਰਨ 'ਤੇ ਪੈਣ ਵਾਲੇ ਪ੍ਰਭਾਵਾਂ ਦੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਹੈ | ਪਰਾਲੀ ਦੀ ਉਦਯੋਗਿਕ ਵਰਤੋਂ ਫ਼ਸਲੀ ਭਿੰਨਤਾ ਦੀ ਪੂਰਕ ਹੋਵੇ, ਉਸੇ ਫ਼ਸਲੀ ਚੱਕਰ ਨੂੰ  ਕਾਇਮ ਰੱਖਣ ਦਾ ਕਾਰਨ ਨਹੀਂ, ਜਿਸ ਨੂੰ  ਬਦਲਣ ਦੀਆਂ ਗੱਲਾਂ ਹੋ ਰਹੀਆਂ ਹਨ |
ਦਾਲਾਂ ਦੀ ਕਾਸ਼ਤ ਕਿਉਂ ਨਹੀਂ?-ਅਪ੍ਰੈਲ ਤੋਂ ਅਗਸਤ 2026 ਦੌਰਾਨ ਭਾਰਤ 'ਚ ਦਾਲਾਂ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 67 ਫ਼ੀਸਦੀ ਵਧ ਕੇ 12.3 ਲੱਖ ਟਨ ਤੋਂ 20.6 ਲੱਖ ਟਨ ਹੋ ਗਈ | ਦਾਲਾਂ ਦੀ ਕਾਸ਼ਤ ਲਈ ਸਥਾਨਕ ਮਿੱਟੀ ਤੇ ਮੌਸਮ ਢੁਕਵੇਂ ਹੋਣ ਕਾਰਨ ਫ਼ਸਲੀ ਭਿੰਨਤਾ ਨੂੰ  ਉਤਸ਼ਾਹਿਤ ਕਰਨ 'ਚ ਮਦਦਗਾਰ ਹੋ ਸਕਦੀ ਹੈ | ਭਾਰਤ ਵੱਡੀ ਮਾਤਰਾ 'ਚ ਦਾਲਾਂ ਵਿਦੇਸ਼ਾਂ ਤੋਂ ਮੰਗਵਾ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਫ਼ਸਲੀ ਭਿੰਨਤਾ ਲਈ ਜੂਝ ਰਿਹਾ ਹੈ, ਅਜਿਹੇ 'ਚ ਸਰਕਾਰੀ ਖ਼ਰੀਦ ਨੀਤੀ, ਘਰੇਲੂ ਮੰਗ, ਕਿਸਾਨਾਂ ਨੂੰ  ਮਿਲਣ ਵਾਲੇ ਆਰਥਿਕ ਉਤਸ਼ਾਹ ਤੇ ਉਦਯੋਗਿਕ ਨਿਵੇਸ਼ ਦੇ ਆਪਸੀ ਸਬੰਧਾਂ ਦੀ ਸਮੀਖਿਆ ਕਿਉਂ ਨਹੀਂ ਕੀਤੀ ਜਾਂਦੀ? ਦੇਸ਼ ਦੀ ਅੰਨ ਸੁਰੱਖਿਆ ਦਾ ਮਤਲਬ ਸਿਰਫ਼ ਅਨਾਜ ਦੀ ਖਰੀਦ ਨਹੀਂ ਹੋਣੀ ਚਾਹੀਦੀ | ਇਸ 'ਚ ਧਰਤੀ ਹੇਠਲੇ ਪਾਣੀ ਦੀ ਸੰਭਾਲ, ਮਿੱਟੀ ਦੀ ਉਪਜਾਊ ਸ਼ਕਤੀ, ਕਿਸਾਨਾਂ ਦੀ ਰੋਜ਼ੀ-ਰੋਟੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤੀ ਦੀ ਸਮਰੱਥਾ ਨੂੰ  ਸੁਰੱਖਿਅਤ ਰੱਖਣਾ ਵੀ ਸ਼ਾਮਿਲ ਹੋਣਾ ਚਾਹੀਦਾ ਹੈ |
ਇਕਸਾਰ ਕਾਨੂੰਨ ਜ਼ਰੂਰੀ-ਪ੍ਰਦੂਸ਼ਣ ਕੌਣ ਫੈਲਾਉਂਦਾ ਹੈ ਤੇ ਕਾਨੂੰਨੀ ਕਾਰਵਾਈ ਕਿਸ ਖ਼ਿਲਾਫ਼ ਹੁੰਦੀ ਹੈ, ਇਹ ਦੋਵੇਂ ਸਵਾਲ ਇਕ-ਦੂਜੇ ਨਾਲ ਜੁੜੇ ਹੋਏ ਹਨ | ਜਦੋਂ ਦੇਸ਼ 'ਚ ਕਿਸਾਨਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋ ਜਾਵੇ ਤੇ ਹੋਰਾਂ ਦੇ ਮਾਮਲਿਆਂ 'ਚ ਸਾਲਾਂ ਤੱਕ ਕਾਰਵਾਈ ਨਾ ਹੋਵੇ ਤਾਂ ਲੋਕਾਂ ਨੂੰ  ਕਾਨੂੰਨੀ ਪ੍ਰਣਾਲੀ ਦੀ ਨਿਰਪੱਖਤਾ 'ਤੇ ਸਵਾਲ ਉਠਾਉਣ ਦਾ ਪੂਰਾ ਹੱਕ ਹੈ | ਵਾਤਾਵਰਨ ਇਨਸਾਫ਼ ਵਾਸਤੇ ਸਾਰਿਆਂ ਲਈ ਸਬੂਤਾਂ ਦੇ ਇਕੋ ਜਿਹੇ ਮਾਪਦੰਡ, ਇਕੋ ਜਿਹੀਆਂ ਕਾਨੂੰਨੀ ਪ੍ਰਕਿਰਿਆਵਾਂ ਤੇ ਕਾਨੂੰਨ ਲਾਗੂ ਕਰਨ ਦੇ ਇਕਸਾਰ ਸਿਧਾਂਤ ਹੋਣੇ ਚਾਹੀਦੇ ਹਨ | ਕਿਸਾਨਾਂ ਖ਼ਿਲਾਫ਼ ਦਰਜ ਐਫ.ਆਈ.ਆਰਜ਼ ਦੀ ਗਿਣਤੀ ਵਾਤਾਵਰਨ ਨੀਤੀ ਦੀ ਸਫ਼ਲਤਾ ਦਾ ਸਬੂਤ ਨਹੀਂ ਹੋ ਸਕਦੀ | ਪੰਜਾਬ ਨੂੰ  ਕਿਸਾਨਾਂ ਤੇ ਉਦਯੋਗਾਂ ਵਿਚਾਲੇ ਟਕਰਾਅ ਦੀ ਬਜਾਏ ਅਜਿਹੀ ਆਰਥਿਕ ਵਿਵਸਥਾ ਦੀ ਲੋੜ ਹੈ, ਜਿਸ 'ਚ ਖੇਤੀ ਵਧੇਰੇ ਟਿਕਾਊ ਬਣੇ ਤੇ ਉਦਯੋਗ ਆਪਣੀ ਵਾਤਾਵਰਨ ਜ਼ਿੰਮੇਵਾਰੀ ਨਿਭਾਉਣ ਤੋਂ ਨਾ ਭੱਜੇ | ਵਾਤਾਵਰਨ ਇਨਸਾਫ਼ ਦਾ ਮਕਸਦ ਸਿਰਫ਼ ਪ੍ਰਦੂਸ਼ਣ ਰੋਕਣਾ ਨਹੀਂ, ਸਗੋਂ ਹਰ ਨਾਗਰਿਕ ਦੇ ਜੀਵਨ, ਸਿਹਤ ਤੇ ਅਧਿਕਾਰਾਂ ਦੀ ਬਿਨਾਂ ਕਿਸੇ ਵਿਤਕਰੇ ਦੇ ਰਾਖੀ ਕਰਨਾ ਹੋਵੇ |
-ਲੇਖਿਕਾ ਪੰਜਾਬ ਦੀ ਵਾਤਾਵਰਨ ਕਾਰਕੁੰਨ ਹੈ, ਉਨ੍ਹਾਂ ਦਾ ਕੰਮ ਪੰਜਾਬ ਦੀ ਖੇਤੀਬਾੜੀ ਦੀਆਂ ਜ਼ਮੀਨੀ ਹਕੀਕਤਾਂ, ਵਾਤਾਵਰਨ ਸਬੰਧੀ ਚੁਣੌਤੀਆਂ ਤੇ ਬਦਲਦੇ ਮੌਸਮੀ ਹਾਲਾਤ 'ਤੇ ਕੇਂਦਰਿਤ ਹੈ | ਉਹ  ਵਾਤਰੁਖ ਫਾਊਾਡੇਸ਼ਨ ਦੀ ਸੰਸਥਾਪਕ ਤੇ ਡਾਇਰੈਕਟਰ ਹਨ |

ਪਿਛਲੀ ਖ਼ਬਰ ਪਾਕਿਸਤਾਨ ਨੂੰ 10-12 ਸੂਬਿਆਂ ਵਿਚ ਵੰਡਣ ਦੀ ਤਜਵੀਜ਼ ਲੋਕ-ਵਿਰੋਧ ਹੋਇਆ ਤਿੱਖਾ ਅਗਲੀ ਖ਼ਬਰ ਖੇਤੀ ਵਿਭਿੰਨਤਾ ਲਈ ਸਹਾਇਕ ਹੋ ਸਕਦੀ ਹੈ ਫ਼ਲਾਂ ਦੀ ਖੇਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।