27 ਨਵੰਬਰ, 1995 ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ਮੁਰਾਦ ਨਗਰ ਦੇ ਇਕ ਮੱਧਵਰਗੀ ਪਰਿਵਾਰ ਵਿਚ ਪੈਦਾ ਹੋਈ ਅਦਾਕਾਰਾ ਹੇਮਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਡ ਅਤੇ ਕਮਰਸ਼ੀਅਲ ਫ਼ਿਲਮਾਂ ਨਾਲ ਕੀਤੀ ਸੀ। ਟੀ.ਵੀ. ਸ਼ੋਅ 'ਕ੍ਰਾਈਮ ਪੈਟਰੋਲ' ਦੇ ਕੁਝ ਐਪੀਸੋਡਜ਼ ਵਿਚ ਵੀ ਉਸ ਨੇ ਕੰਮ ਕੀਤਾ। ਇਕ ਰਾਜਸਥਾਨੀ ਐਲਬਮ 'ਆਜਾ ਛਤ ਪੇ...' ਵਿਚ ਹੇਮਾ ਨੇ 5 ਗਾਣੇ ਕੀਤੇ, ਜਿਸ ਤੋਂ ਉਸ ਨੂੰ ਕਾਫ਼ੀ ਹਰਮਨਪਿਆਰਤਾ ਮਿਲੀ। ਸਾਲ 2015 ਵਿਚ ਉਸ ਨੂੰ ਗੋਵਿੰਦਾ ਨਾਲ ਇਕ ਡਾਂਸ ਸ਼ੋਅ ਲਈ ਦੁਬਈ ਜਾਣ ਦਾ ਮੌਕਾ ਮਿਲਿਆ। ਸ਼ੋਅ ਵਿਚ ਹੇਮਾ ਦੀ ਪੇਸ਼ਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ। ਉਸੇ ਸਾਲ ਉਹ ਟੀ.ਵੀ. ਸ਼ੋਅ 'ਚੱਕਰਵਰਤੀ ਅਸ਼ੋਕ ਸਮਰਾਟ' ਵਿਚ ਨਜ਼ਰ ਆਈ। ਫ਼ਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਤੋਂ ਹੇਮਾ ਸ਼ਰਮਾ ਨੂੰ ਬਾਲੀਵੁੱਡ ਵਿਚ ਡੈਬਿਊ ਕਰਨ ਦਾ ਮੌਕਾ ਮਿਲਿਆ। ਫ਼ਿਲਮ ਵਿਚ ਹੇਮਾ ਨੇ ਡਾ. ਸੁਰਭੀ ਦਾ ਜੋ ਕਿਰਦਾਰ ਨਿਭਾਇਆ, ਉਸ ਲਈ ਉਸ ਦੀ ਕਾਫ਼ੀ ਪ੍ਰਸੰਸਾ ਹੋਈ। ਉਸ ਤੋਂ ਬਾਅਦ 'ਵੰਨ ਡੇ' ਦੇ ਇਕ ਆਈਟਮ ਨੰਬਰ ਵਿਚ ਉਹ ਨਜ਼ਰ ਆਈ। ਸਲਮਾਨ ਖਾਨ ਦੇ ਨਾਲ ਫ਼ਿਲਮ 'ਦਬੰਗ-3' ਵਿਚ ਹੇਮਾ ਨੂੰ ਕਾਸਟ ਕੀਤੇ ਜਾਣ ਨਾਲ ਹੀ ਅਚਾਨਕ ਉਸ ਲਈ ਸਭ ਕੁਝ ਬਦਲ ਗਿਆ। ਫ਼ਿਲਮ ਵਿਚ ਉਸ ਦਾ ਪਹਿਲਾ ਦ੍ਰਿਸ਼ ਹੀ ਸਲਮਾਨ ਨਾਲ ਸੀ ਪਰ ਬਾਅਦ ਵਿਚ ਉਸ ਨੂੰ ਬਦਲ ਦਿੱਤਾ ਗਿਆ। ਉਸ ਕੰਟਰੋਵਰਸੀ ਤੋਂ ਬਾਅਦ ਹੇਮਾ ਦਾ ਕਰੀਅਰ ਲਗਭਗ ਖ਼ਤਮ ਮੰਨਿਆ ਜਾਣ ਲੱਗਿਆ ਸੀ।
ਪਰ ਇਸ ਦੇ ਉਲਟ ਹੇਮਾ ਸ਼ਰਮਾ ਨੂੰ ਸਲਮਾਨ ਵਲੋਂ ਹੋਸਟ ਕੀਤੇ ਗਏ ਰਿਆਲਿਟੀ ਸ਼ੋਅ 'ਬਿੱਗ ਬੌਸ-18' ਲਈ ਬੁਲਾਵਾ ਆ ਗਿਆ। ਸ਼ੋਅ ਵਿਚ ਜਦੋਂ ਉਸ ਦਾ ਦਾਖਲਾ ਹੋਇਆ ਉਦੋਂ ਸਲਮਾਨ ਨੇ ਸਭ ਤੋਂ ਚੰਗੀ ਪਛਾਣ ਹੇਮਾ ਦੀ ਹੀ ਦਿੱਤੀ। ਹੇਮਾ ਨੇ ਬਿੱਗ ਬੌਸ ਦੇ ਘਰ ਵਿਚ ਆਪਣੀ ਕਾਰਗੁਜ਼ਾਰੀ ਨਾਲ ਬੜੀਆਂ ਸੁਰਖੀਆਂ ਬਟੋਰੀਆਂ। ਹੇਮਾ ਪਿਛਲੀ ਵਾਰ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' ਵਿਚ ਨਜ਼ਰ ਆਈ ਸੀ। ਹੁਣ ਉਸ ਨੂੰ ਨਵੀਂ ਪੇਸ਼ਕਸ਼ ਦਾ ਇੰਤਜ਼ਾਰ ਹੈ।
ਨਵੇਂ ਕੰਮ ਦੀ ਭਾਲ ਵਿਚ ਹੈ ਹੇਮਾ ਸ਼ਰਮਾ
ਅਜੀਤ ਡੈਸਕ
10-06-2026