ਹਿੰਦੀ ਫ਼ਿਲਮ ਇੰਡਸਟਰੀ ਦੀ ਮੰਨੀ-ਪ੍ਰਮੰਨੀ ਗਾਇਕਾ ਸੁਮਨ ਕਲਿਆਣਪੁਰ ਇਕ ਅਜਿਹੀ ਗਾਇਕਾ ਸੀ ਜਿਸ ਨੇ ਦੇਸ਼ਾਂ-ਵਿਦੇਸ਼ਾਂ 'ਚ ਸਭ ਤੋਂ ਪਹਿਲਾਂ ਸ਼ੋਅ ਕੀਤੇ। ਉਸ ਦੇ ਗਾਏ ਸੁਰੀਲੇ ਗੀਤ-ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਅਜੇ ਵੀ ਛਾਏ ਹੋਏ ਨੇ। 'ਸੁਮਨ' ਦੀ ਆਵਾਜ਼ 'ਲਤਾ' ਜੀ ਦੀ ਆਵਾਜ਼ ਦੇ ਨਾਲ ਮਿਲਦੀ ਜੁਲਦੀ ਸੀ। ਕਈ ਵਾਰ ਤਾਂ ਫ਼ਰਕ ਲੱਭਣਾ ਵੀ ਮੁਸ਼ਕਿਲ ਸੀ। ਕਈ ਗੀਤ ਸੁਮਨ ਕਲਿਆਣਪੁਰ ਦੇ ਇਸ ਤਰ੍ਹਾਂ ਦੇ ਹਨ ਕਿ ਸਰੋਤੇ ਇਹੀ ਸਮਝਦੇ ਹਨ ਕਿ ਇਹ ਗੀਤ 'ਲਤਾ' ਜੀ ਨੇ ਗਾਏ ਹਨ। ਪਿਛਲੇ ਦਿਨੀਂ ਇਸ ਸੁਰੀਲੀ ਗਾਇਕਾ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਸੰਗੀਤ ਪ੍ਰੇਮੀਆਂ ਨੂੰ ਭਾਵੁਕ ਕਰ ਗਿਆ। ਉਸ ਦੇ ਦੇਹਾਂਤ ਨਾਲ ਇਕ ਅਨਮੋਲ ਹੀਰਾ ਹਮੇਸ਼ਾ ਲਈ ਸਾਡੇ ਤੋਂ ਦੂਰ ਹੋ ਗਿਆ। ਉਹ ਭਾਰਤੀ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਸੀ। ਉਸ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਆਪਣੀ ਮਿੱਠੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ। ਉਸ ਦੇ ਗੀਤ ਕੇਵਲ ਮਨੋਰੰਜਨ ਤੱਕ ਹੀ ਸੀਮਤ ਨਹੀਂ ਬਲਕਿ ਲੋਕਾਂ ਦੀਆਂ ਭਾਵਨਾਵਾਂ ਦਾ ਹਿੱਸਾ ਬਣ ਗਏ ਹਨ। ਸੁਮਨ ਦਾ ਬਚਪਨ ਤੋਂ ਹੀ ਸੰਗੀਤ ਵੱਲ ਰੁਝਾਨ ਸੀ। ਇਸੇ ਤਹਿਤ ਹੀ ਉਸ ਨੇ ਕਲਾਸੀਕਲ ਸੰਗੀਤ ਦੀ ਸਿੱਖਿਆ 'ਪੰਡਿਤ ਕੇਸ਼ਵ ਰਾਓ ਭੋਲੇ' ਅਤੇ ਉਸਤਾਦ 'ਅਬਦੁਲ ਰਹਿਮਾਨ ਖ਼ਾਨ' ਤੋਂ ਲਈ ਤੇ ਉਸ ਦੀ ਇਹੀ ਸਿੱਖਿਆ ਅੱਗੇ ਚੱਲ ਕੇ ਉਸ ਦੀ ਪਹਿਚਾਣ ਬਣੀ। ਸੁਮਨ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ, ਬੰਗਾਲੀ ਤੇ ਗੁਜਰਾਤੀ ਭਾਸ਼ਾਵਾਂ 'ਚ ਗੀਤ ਗਾ ਕੇ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਬਣਨ ਦਾ ਮਾਣ ਖੱਟਿਆ। ਸੁਮਨ ਜਦ ਕਾਲਜ ਪੜ੍ਹਦੀ ਸੀ ਤਾਂ ਕਾਲਜ ਦੇ ਇਕ ਸਮਾਗਮ 'ਚ ਉਸ ਨੇ ਕੁਝ ਗੀਤ ਗਾਏ ਤੇ ਇਸ ਫਨਕਾਰਾ ਨੇ ਸਰੋਤਿਆਂ ਦੀ ਖ਼ੂੂਬ ਵਾਹ ਵਾਹ ਖੱਟੀ ਸੀ। ਇਸ ਤੋਂ ਬਾਅਦ ਉਸ ਨੂੰ ਇਕ ਹੋਰ ਸਮਾਗਮ 'ਚ ਗਾਉਣ ਦਾ ਮੌਕਾ ਮਿਲਿਆ। ਇਸੇ ਸਮਾਗਮ 'ਚ ਗਾਇਕ ਤਲਤ ਮਹਿਮੂਦ ਵੀ ਸ਼ਾਮਲ ਸੀ। ਉਸ ਦੀ ਆਵਾਜ਼ ਨੇ ਤਲਤ ਨੂੰ ਵੀ ਧੁਰ ਅੰਦਰ ਤੱਕ ਝੰਜੋੜ ਦਿੱਤਾ। ਜਦ ਉਸ ਦੀ ਸੁਰੀਲੀ ਆਵਾਜ਼ ਨੂੰ ਸਰੋਤਿਆਂ ਨੇ ਸੁਣਿਆ ਤਾਂ ਇਹ ਆਵਾਜ਼ ਉਨ੍ਹਾਂ ਦੀ ਆਤਮਾ ਨੂੰ ਛੂਹ ਗਈ। ਉਸ ਦੀ ਆਵਾਜ਼ ਨੂੰ ਜਦ ਨਿਰਮਾਤਾ ਸ਼ੇਖ਼ ਮੁਖਤਿਆਰ ਨੇ ਸੁਣਿਆ ਤਾਂ ਉਹ ਵੀ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ ਤੇ ਉਸ ਨੂੰ ਹਿੰਦੀ ਫ਼ਿਲਮਾਂ 'ਚ ਗੀਤ ਗਾਉਣ ਦਾ ਮੌਕਾ ਦਿੱਤਾ। ਸੁਮਨ ਨੇ ਸਭ ਤੋਂ ਪਹਿਲਾਂ ਹਿੰਦੀ ਫ਼ਿਲਮ 'ਮੰਗੂ' ਲਈ ਗਾਇਆ। ਇਸ ਫ਼ਿਲਮ 'ਚ ਉਸ ਨੇ ਇਕ ਲੋਰੀ ਨੁਮਾ ਗੀਤ ਗਾਇਆ ਸੀ। ਗੀਤ ਦੇ ਬੋਲ ਸਨ, 'ਕੋਈ ਪੁਕਾਰੇ ਧੀਰੇ ਸੇ.....' ਪਰ ਇਸ ਦੌਰਾਨ ਹੀ ਉਸ ਨੂੰ ਇਕ ਹੋਰ ਫ਼ਿਲਮ 'ਦਰਵਾਜ਼ਾ' 'ਚ ਗੀਤ ਗਾਉਣ ਦਾ ਮੌਕਾ ਮਿਲਿਆ। ਇਸ ਫ਼ਿਲਮ 'ਚ ਸੁਮਨ ਨੇ 'ਤਲਤ ਮਹਿਮੂਦ ' ਨਾਲ ਇਕ ਦੋਗਾਣਾ ਗਾਇਆ ਸੀ। ਫ਼ਿਲਮ 'ਮੰਗੂ' ਤੋਂ ਪਹਿਲਾਂ ਫ਼ਿਲਮ 'ਦਰਵਾਜ਼ਾ' ਰਿਲੀਜ਼ ਹੋ ਗਈ ਜਿਸ ਕਰਕੇ 'ਦਰਵਾਜ਼ਾ' ਫ਼ਿਲਮ ਦਾ ਗੀਤ ਸੁਮਨ ਦਾ ਪਹਿਲਾ ਫ਼ਿਲਮੀ ਗੀਤ ਮੰਨਿਆ ਜਾਂਦਾ ਹੈ। ਫ਼ਿਲਮ 'ਮੰਗੂ' ਲਈ ਸੁਮਨ ਨੂੰ ਮੌਕਾ ਸੰਗੀਤਕਾਰ 'ਮੁਹੰਮਦ ਸ਼ਫ਼ੀ' ਨੇ ਦਿਵਾਇਆ ਸੀ ਜਦ ਕਿ ਫ਼ਿਲਮ 'ਦਰਵਾਜ਼ਾ' ਲਈ ਪ੍ਰਸਿੱਧ ਸੰਗੀਤਕਾਰ 'ਨੌਸ਼ਾਦ' ਨੇ ਉਸ ਨੂੰ ਮੌਕਾ ਦਿੱਤਾ ਸੀ। ਸੁਮਨ ਤੇ 'ਤਲਤ' ਦਾ ਦੋਗਾਣਾ 'ਏਕ ਦਿਲ ਦੋ ਹੈ.....' ਉਸ ਸਮੇਂ ਕਾਫ਼ੀ ਮਸ਼ਹੂਰ ਹੋਇਆ ਸੀ। ਇਸੇ ਗੀਤ ਨੇ ਹੀ ਸੁਮਨ ਦੀ ਫ਼ਿਲਮ ਇੰਡਸਟਰੀ 'ਚ ਪਹਿਚਾਣ ਬਣਾਈ ਸੀ। ਸ਼ੁਰੂਆਤ 'ਚ ਚਾਹੇ ਉਸ ਨੂੰ ਘੱਟ ਮੌਕੇ ਮਿਲੇ ਪਰ ਹੌਲੀ ਹੌਲੀ ਆਪਣੀ ਕਸ਼ਿਸ਼ ਭਰੀ ਆਵਾਜ਼ ਨਾਲ ਉਸ ਨੇ ਸੰਗੀਤਕਾਰਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਖਿੱਚ ਤੋਂ ਅਛੂਤੇ ਸੰਗੀਤਕਾਰ ਸ਼ੰਕਰ-ਜੈਕਿਸ਼ਨ ਵੀ ਨਹੀਂ ਰਹੇ ਤੇ ਉਨ੍ਹਾਂ ਦੇ ਸੰਗੀਤ ਨਿਰਦੇਸ਼ਨ 'ਚ ਸੁਮਨ ਨੇ ਬਹੁਤ ਹੀ ਮਸ਼ਹੂਰ ਗੀਤ ਗਾਏ। ਜਿਵੇਂ 'ਆਜ ਕਲ ਤੇਰੇ ਮੇਰੇ ਪਿਆਰ ਕੇ ਚਰਚੇ ਹਰ ਜ਼ੁਬਾਨ ਪਰ.....' , 'ਹੈ ਨਾ ਬੋਲੋ ਬੋਲੋ....', 'ਤੁਮ ਨੇ ਪੁਕਾਰਾ ਔਰ ਹਮ ਚਲੇ ਆਏ.....', 'ਪਹਿਲਾ ਪਹਿਲਾ ਪਿਆਰ ਹੈ ਯੇ....', 'ਮੇਰੇ ਸੰਗ ਗਾ.....' ਆਦਿ। ਇਕ ਸਮਾਂ ਇਸ ਤਰ੍ਹਾਂ ਵੀ ਆਇਆ ਕਿ ਲਤਾ ਮੰਗੇਸ਼ਕਰ ਤੇ ਰਫ਼ੀ ਸਾਹਿਬ ਨੇ ਇਕ ਦੂਸਰੇ ਨਾਲ਼ ਦੋਗਾਣੇ ਗਾਉਣੇ ਬੰਦ ਕਰ ਦਿੱਤੇ। ਇਸ ਦਾ ਲਾਭ ਸੁਮਨ ਨੂੰ ਹੋਇਆ ਤੇ ਸੰਗੀਤਕਾਰ ਸੁਮਨ ਤੇ ਰਫ਼ੀ ਸਾਹਿਬ ਦੇ ਦੋਗਾਣਿਆਂ ਨੂੰ ਤਰਜੀਹ ਦੇਣ ਲੱਗ ਪਏ। ਸੁਮਨ ਤੇ ਰਫ਼ੀ ਦੀ ਜੋੜੀ ਨੇ ਸੌ ਤੋਂ ਵੱਧ ਇਕ ਦੂਸਰੇ ਨਾਲ ਡਿਊਟ ਰਿਕਾਰਡ ਕੀਤੇ। ਸੰਗੀਤਕਾਰ ਰੌਸ਼ਨ ਦੇ ਸੰਗੀਤ ਤੇ ਲਤਾ ਜੀ ਨੇ ਗੀਤ 'ਰਹੇਂ ਨਾ ਰਹੇਂ ਹਮ..' ਗਾਇਆ ਸੀ। ਇਸੇ ਗੀਤ ਨੂੰ ਦੁਬਾਰਾ ਸੁਮਨ ਕਲਿਆਣਪੁਰ ਤੇ ਰਫ਼ੀ ਸਾਹਿਬ ਨੇ ਵੀ ਗਾਇਆ ਸੀ। ਯਾਨੀ 'ਰਹੇਂ ਨਾ ਰਹੇਂ ਹਮ ਮਹਿਕਾ ਕਰੇਂਗੇ...' ਗੀਤ ਸਰੋਤਿਆਂ ਨੇ 'ਲਤਾ' ਜੀ ਦੀ ਆਵਾਜ਼ 'ਚ ਵੀ ਸੁਣਿਆ ਤੇ ਸੁਮਨ ਕਲਿਆਣਪੁਰ ਦੀ ਆਵਾਜ਼ 'ਚ ਵੀ। ਇਸ ਗੀਤ ਨੂੰ ਦੋ ਮਹਾਨ ਗਾਇਕਾਵਾਂ ਨੇ ਆਪਣੀ ਆਪਣੀ ਸ਼ੈਲੀ 'ਚ ਗਾ ਕੇ ਅਮਰ ਬਣਾ ਦਿੱਤਾ। ਇਕ ਹੀ ਗੀਤ ਨੂੰ ਦੋ ਗਾਇਕਾਵਾਂ ਦੀ ਆਵਾਜ਼ 'ਚ ਸੁਣਨਾ ਸਰੋਤਿਆਂ ਲਈ ਕਿਸੇ ਸੌਗਾਤ ਤੋਂ ਘੱਟ ਨਹੀਂ ਸੀ ਪਰ ਇਹ ਕਮਾਲ ਸੰਗੀਤਕਾਰ ਰੌਸ਼ਨ ਦਾ ਸੀ। 'ਨਾ ਨਾ ਕਰਤੇ ਪਿਆਰ ਤੁਮ੍ਹੀਂ ਸੇ ਕਰ ਬੈਠੇ....', 'ਤੁਮ ਸੇ ਓ ਹਸੀਨਾ ਕਭੀ ਮੁਹੱਬਤ ਨਾ ਮੈਨੇ ਕਰਨੀ ਥੀ....', 'ਬਹਿਨਾ ਨੇ ਭਾਈ ਕੀ ਕਲਾਈ ਪੇ ਪਿਆਰ ਬਾਂਧਾ ਹੈ..,' 'ਅੱਖੀਓਂ ਸੇ ਦੂਰ ਹੈ ਤੂ.....', 'ਦਿਲ ਨੇ ਫਿਰ ਯਾਦ ਕੀਆ....', 'ਮੇਰਾ ਪਿਆਰ ਭੀ ਤੂ ਹੈ ਯੇ ਬਹਾਰ ਭੀ ਤੂ ਹੈ.....', 'ਜ਼ਿੰਦਗੀ ਇਮਤਿਹਾਨ ਲੇਤੀ ਹੈ....', 'ਅਜਹੂੰ ਨਾ ਆਏ ਬਾਲਮਾ..' ਸੁਮਨ ਕਲਿਆਣਪੁਰ ਦੇ ਪ੍ਰਸਿੱਧ ਗੀਤ ਹਨ। *