ਹਿੰਦੀ ਸਿਨੇਮਾ ਦੀਆਂ ਸਫ਼ਲ ਮਹਿਲਾ ਅਦਾਕਾਰਾਂ ਵਿਚੋਂ ਇਕ ਦੀਪਿਕਾ ਪਾਦੂਕੋਨ ਫ਼ਿਲਮ 'ਓਮ ਸ਼ਾਂਤੀ ਓਮ' ਜ਼ਰੀਏ ਹਿੰਦੀ ਸਿਨੇਮਾ ਜਗਤ ਵਿਚ ਕਦਮ ਰੱਖਣ ਤੋਂ ਬਾਅਦ ਰਾਤੋ-ਰਾਤ ਸਟਾਰ ਬਣ ਗਈ ਸੀ। ਉਸ ਤੋਂ ਬਾਅਦ ਉਸ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਸ ਤੋਂ ਬਾਅਦ ਦੀਪਿਕਾ ਨੇ ਇਕ ਤੋਂ ਬਾਅਦ ਇਕ ਕਈ ਬਲਾਕਬੱਸਟਰ ਫ਼ਿਲਮਾਂ ਦਿੱਤੀਆਂ। ਇਨ੍ਹਾਂ ਵਿਚੋਂ ਉਸ ਦੀਆਂ ਕੁਝ ਫ਼ਿਲਮਾਂ ਨੇ ਤਾਂ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਅੱਜ ਦੀਪਿਕਾ ਹਿੰਦੀ ਸਿਨੇਮਾ ਜਗਤ ਦੀਆਂ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਅਦਾਕਾਰਾਂ ਵਿਚੋਂ ਹੈ।
ਦੀਪਿਕਾ ਪਾਦੂਕੋਨ ਨੇ ਮਾਂ ਬਣਨ ਤੋਂ ਬਾਅਦ ਪਰਦੇ ਤੋਂ ਦੂਰੀ ਬਣਾ ਕੇ ਰੱਖੀ ਸੀ। ਉਹ ਆਖਰੀ ਵਾਰ 'ਸਿੰਘਮ ਅਗੇਨ' ਵਿਚ ਲੇਡੀ ਕਾਪ ਸ਼ਕਤੀ ਸ਼ੈਟੀ ਦੇ ਕਿਰਦਾਰ ਵਿਚ ਨਜ਼ਰ ਆਈ ਸੀ। ਇਸ ਤਰ੍ਹਾਂ ਹੁਣ ਪ੍ਰਸੰਸਕ ਦੀਪਿਕਾ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਦੀਪਿਕਾ ਪਾਦੂਕੋਨ ਦੂਜੇ ਬੱਚੇ ਦੇ ਐਲਾਨ ਤੋਂ ਬਾਅਦ ਸੁਰਖੀਆਂ ਵਿਚ ਹੈ। ਉਸ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਹੁਣ ਉਹ ਫਿਰ ਇਕ ਵਾਰ ਫਿਰ ਲੰਮੇ ਸਮੇਂ ਤੱਕ ਫ਼ਿਲਮਾਂ ਤੋਂ ਦੂਰੀ ਬਣਾਈ ਰੱਖੇਗੀ, ਪਰ ਇਸ ਦੇ ਉਲਟ ਹੁਣ ਦੀਪਿਕਾ ਨੇ ਆਪਣੇ ਪ੍ਰਸੰਸਕਾਂ ਦਾ ਖਿਆਲ ਰੱਖਦੇ ਹੋਏ ਵੱਡੇ ਪਰਦੇ 'ਤੇ ਫਿਰ ਤਹਿਲਕਾ ਮਚਾਉਣ ਦੀ ਤਿਆਰੀ ਕਰ ਲਈ ਹੈ। ਸ਼ਾਹਰੁਖ ਖਾਨ ਦੀ ਫ਼ਿਲਮ 'ਕਿੰਗ' ਇਸ ਸਾਲ 24 ਦਸੰਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ। ਫ਼ਿਲਮ 'ਕਿੰਗ' ਨੂੰ ਸਿਧਾਰਥ ਆਨੰਦ ਬਣਾ ਰਹੇ ਹਨ। ਫ਼ਿਲਮ ਵਿਚ ਸ਼ਾਹਰੁਖ ਖਾਨ ਦੇ ਨਾਲ ਦੀਪਿਕਾ ਮੁੱਖ ਭੂਮਿਕਾ ਵਿਚ ਹੈ।
ਸ਼ਾਹਰੁਖ ਦੀ ਬੇਟੀ ਸੁਹਾਨਾ ਅਤੇ ਅਭਿਸ਼ੇਕ ਬੱਚਨ ਵੀ ਫ਼ਿਲਮ ਵਿਚ ਮਹੱਤਵਪੂਰਨ ਕਿਰਦਾਰਾਂ ਵਿਚ ਹਨ। ਦਾਅਵਾ ਹੈ ਕਿ ਦੀਪਿਕਾ ਫ਼ਿਲਮ ਵਿਚ ਸੁਹਾਨਾ ਦੀ ਮਾਂ ਦੇ ਕਿਰਦਾਰ ਵਿਚ ਨਜ਼ਰ ਆਵੇਗੀ। 'ਕਿੰਗ' ਤੋਂ ਇਲਾਵਾ ਦੀਪਿਕਾ ਪਾਦੂਕੋਨ ਮੂਲ ਰੂਪ 'ਚ ਤੇਲਗੂ ਵਿਚ ਬਣ ਰਹੀ ਪੈਨ ਇੰਡੀਆ ਫ਼ਿਲਮ 'ਰਾਕਾ' ਵਿਚ ਪਹਿਲੀ ਵਾਰ ਅੱਲੂ ਅਰਜਨ ਦੇ ਨਾਲ ਵੱਡਾ ਪਰਦਾ ਸਾਂਝਾ ਕਰਦੀ ਨਜ਼ਰ ਆਉਣ ਵਾਲੀ ਹੈ। ਫ਼ਿਲਮ ਵਿਚ ਜਾਹਨਵੀ ਕਪੂਰ ਵੀ ਹੋਵੇਗੀ। ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
**