ਬਾਲੀਵੁੱਡ ਦੇ ਚਰਚਿਤ 'ਟਿੰਗੂ' ਭਾਵ ਮੁਕਰੀ ਇਕਮਾਤਰ ਅਜਿਹੇ ਕਲਾਕਾਰ ਰਹੇ ਹਨ ਜਿਨ੍ਹਾਂ ਦੇ ਕਰੀਅਰ ਵਿਚ ਭਾਰਤ ਦੇ ਦੋ ਸਭ ਤੋਂ ਵੱਡੇ ਐਕਟਰਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹੀ। ਦਿਲੀਪ ਕੁਮਾਰ ਉਨ੍ਹਾਂ ਨੂੰ ਫ਼ਿਲਮੀ ਦੁਨੀਆ ਵਿਚ ਲੈ ਕੇ ਆਏ ਅਤੇ ਅਮਿਤਾਭ ਬੱਚਨ ਦੇ ਨਾਲ 70 ਤੇ 80 ਦੇ ਦਹਾਕੇ ਵਿਚ ਉਨ੍ਹਾਂ ਦੀ ਜੋੜੀ ਹਮੇਸ਼ਾ ਲਈ ਯਾਦਗਾਰੀ ਬਣ ਗਈ। ਕੀ ਕੋਈ ਇਸ ਤਰ੍ਹਾਂ ਦਾ ਸਿਨੇਮਾ ਪ੍ਰੇਮੀ ਹੈ ਜਿਸ ਨੂੰ ਫ਼ਿਲਮ 'ਸ਼ਰਾਬੀ' ਦਾ ਉਹ ਦ੍ਰਿਸ਼ ਯਾਦ ਨਾ ਹੋਵੇ ਜਿਸ ਵਿਚ ਅਮਿਤਾਭ ਬੱਚਨ ਆਪਣੇ ਦਫ਼ਤਰ ਵਿਚ ਆਉਂਦੇ ਹਨ। ਵੱਡੀਆਂ-ਵੱਡੀਆਂ ਮੁੱਛਾਂ ਵਾਲੇ ਨੱਥੂਲਾਲ ਉਰਫ਼ ਮੁਕਰੀ ਨੂੰ ਆਪਣੇ ਕੋਲ ਖੜ੍ਹਾ ਕਰ ਕੇ ਕਹਿੰਦੇ ਹਨ, 'ਮੂੰਛੇਂ ਹੋਂ ਤੋ ਨੱਥੂਲਾਲ ਜੈਸੀ ਹੋਂ... ਵਰਨਾ ਨਾ ਹੋਂ।' ਮੁਕਰੀ ਦਾ ਛੋਟਾ ਕੱਦ ਅਤੇ ਅਮਿਤਾਭ ਬੱਚਨ ਦਾ ਲੰਮਾ ਕੱਦ... ਅਤੇ ਬਣ ਗਈ ਲੰਬੂ-ਛੋਟੂ ਦੀ ਜੋੜੀ, ਜੋ ਏਨੀ ਜ਼ਬਰਦਸਤ ਹਿਟ ਹੋਈ ਕਿ ਇਕ ਤੋਂ ਬਾਅਦ ਇਕ ਫ਼ਿਲਮਾਂ ਦਾ ਸਿਲਸਿਲਾ ਜੁੜ ਗਿਆ-'ਲਾਵਾਰਿਸ', 'ਨਸੀਬ', 'ਮਹਾਨ', 'ਅਮਰ ਅਕਬਰ ਅੰਥੋਨੀ'... ਬਹੁਤ ਲੰਮੀ ਸੂਚੀ ਹੈ। ਨਤੀਜਾ ਮੁਕਰੀ ਭਾਰਤੀ ਫ਼ਿਲਮਾਂ ਦੇ ਯਾਦਗਾਰੀ ਹਾਸ ਕਲਾਕਾਰ ਬਣ ਗਏ ਅਤੇ ਨੱਥੂਲਾਲ, ਟਿੰਗੂ ਆਦਿ ਨਾਂਅ ਨਾਲ ਅੱਜ ਤੱਕ ਯਾਦ ਕੀਤੇ ਜਾ ਰਹੇ ਹਨ। ਇਕ ਤਰ੍ਹਾਂ ਨਾਲ ਇਹ ਜੋੜੀ ਸ਼ੇਖ ਮੁਖ਼ਤਾਰ ਤੇ ਮੁਕਰੀ ਦੀ ਪੁਰਾਣੀ ਲੰਬੂ-ਛੋਟੂ ਦਾ ਨਵਾਂ ਸੰਸਕਰਣ ਸੀ, ਜੋ 'ਉਸਤਾਦ ਪੈਡ੍ਰੋ' ਵਰਗੀਆਂ ਹਿੱਟ ਫ਼ਿਲਮਾਂ ਤੋਂ ਉਧਾਰ ਲਿਆ ਗਿਆ ਸੀ।
ਜਿਥੋਂ ਤੱਕ ਮੁਕਰੀ ਦੇ ਫ਼ਿਲਮਾਂ ਵਿਚ ਦਾਖਲੇ ਦੀ ਗੱਲ ਹੈ ਤਾਂ 1945 ਦੇ ਸਮੇਂ ਵਿਚ ਜਾਣਾ ਪਵੇਗਾ। ਦਿਲੀਪ ਕੁਮਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਮੁੰਬਈ ਦੀ ਇਕ ਸਥਾਨਕ ਮਸਜਿਦ ਵਿਚ ਨਮਾਜ ਅਦਾ ਕਰਨ ਲਈ ਗਏ ਸਨ ਕਿ ਉਥੇ ਦੇ ਕਾਜ਼ੀ (ਧਰਮ ਗੁਰੂ) ਨੂੰ ਦਿਲਕਸ਼ ਆਵਾਜ਼ ਵਿਚ ਕੁਰਾਨ ਦੀ ਆਇਤ ਪੜ੍ਹਦੇ ਹੋਏ ਸੁਣਿਆ ਤਾਂ ਬੁਹਤ ਪ੍ਰਭਾਵਿਤ ਹੋਏ। ਕਾਜ਼ੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਉਹ ਉਨ੍ਹਾਂ ਦੇ ਸਕੂਲ ਦੇ ਸਹਿਪਾਠੀ ਮੁਕਰੀ ਨਿਕਲੇ। ਇਸ ਮੁਲਾਕਾਤ ਦੌਰਾਨ ਮੁਕਰੀ ਨੇ ਆਪਣੀ ਆਰਥਿਕ ਤੰਗੀ ਦਾ ਵਰਣਨ ਕਰਦੇ ਹੋਏ ਜਦੋਂ ਇਹ ਕਿਹਾ ਕਿ ਘਰ ਦਾ ਖਰਚ ਚਲਾਉਣਾ ਔਖਾ ਹੋ ਰਿਹਾ ਹੈ, ਤਾਂ ਦਿਲੀਪ ਕੁਮਾਰ ਦੀਆਂ ਅੱਖਾਂ ਭਰ ਆਈਆਂ ਅਤੇ ਉਨ੍ਹਾਂ ਨੇ ਮਦਦ ਦਾ ਭਰੋਸਾ ਦਿੱਤਾ। ਦਿਲੀਪ ਕੁਮਾਰ ਨੇ ਮੁਕਰੀ ਦੀ ਸਿਫਾਰਿਸ਼ 'ਬਾਂਬੇ ਟਾਕੀਜ਼' ਦੀ ਮਾਲਕਣ ਦੇਵਿਕਾ ਰਾਣੀ ਨੂੰ ਕੀਤੀ, ਜਿਨ੍ਹਾਂ ਨੇ ਮੁਕਰੀ ਨੂੰ ਆਪਣੀ ਪਹਿਲੀ ਫ਼ਿਲਮ 'ਪ੍ਰਤਿਮਾ' ਦਾ ਨਿਰਦੇਸ਼ਨ ਕਰ ਰਹੇ ਪੀ. ਜੈਰਾਜ ਦਾ ਸਹਾਇਕ ਨਿਰਦੇਸ਼ਕ ਨਿਯੁਕਤ ਕਰ ਦਿੱਤਾ। ਬਾਅਦ ਵਿਚ ਨਿਰਮਾਤਾ ਨਿਰਦੇਸ਼ਕ ਮਹਿਬੂਬ ਨੂੰ ਕਹਿ ਕੇ ਦਿਲੀਪ ਕੁਮਾਰ ਨੇ ਮੁਕਰੀ ਨੂੰ ਆਪਣੇ ਨਾਲ ਫ਼ਿਲਮ 'ਆਨ' ਵਿਚ ਅਦਾਕਾਰੀ ਦਾ ਵੀ ਮੌਕਾ ਪ੍ਰਦਾਨ ਕਰਾਇਆ ਅਤੇ ਇਸ ਤਰ੍ਹਾਂ ਦੋਵਾਂ ਦੀ ਜੋੜੀ ਤੇ ਦੋਸਤੀ ਦੀ ਗੱਡੀ ਚਲ ਨਿਕਲੀ। ਮੁਕਰੀ ਮਸਜਿਦ ਦੀ ਸਾਦਗੀ ਤੋਂ ਨਿਕਲ ਕੇ ਫ਼ਿਲਮੀ ਦੁਨੀਆ ਦੀ ਚਕਾਚੌਂਧ ਦੇ ਮੈਂਬਰ ਹੋ ਗਏ। ਬਾਅਦ ਵਿਚ ਇਕ ਮੁਲਾਕਾਤ ਦੌਰਾਨ ਮੁਕਰੀ ਨੇ ਕਿਹਾ 'ਮੈਂ ਤਾਂ ਇਕ ਮਸਜਿਦ ਵਿਚ ਦੁਆਵਾਂ ਕਰਾ ਰਿਹਾ ਸੀ, ਦੋ ਸਮੇਂ ਦੀ ਰੋਟੀ ਜੁਟਾ ਪਾਉਣਾ ਵੀ ਮੁਸ਼ਕਿਲ ਸੀ। ਮੈਂ ਛੋਟੇ ਬੱਚਿਆਂ ਨੂੰ ਕੁਰਾਨ ਸ਼ਰੀਫ਼ ਪੜ੍ਹਾਇਆ ਕਰਦਾ ਸੀ। ਮੇਰਾ ਪਰਿਵਾਰ ਵੱਡਾ ਸੀ ਅਤੇ ਆਮਦਨੀ ਬਹੁਤ ਥੋੜ੍ਹੀ। ਇਸ ਤਰ੍ਹਾਂ ਯੂਸਫ਼ ਭਾਈ (ਦਿਲੀਪ ਕੁਮਾਰ) ਫਰਿਸ਼ਤਾ ਬਣ ਕੇ ਆਏ ਅਤੇ ਮੈਂ ਮਸਜਿਦ 'ਚੋਂ ਨਿਕਲ ਕੇ ਬਾਲੀਵੁੱਡ ਵਿਚ ਆ ਗਿਆਂ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਮੁਕਰੀ ਨੂੰ ਫ਼ਿਲਮਾਂ ਦਾ ਪਸੰਦੀਦਾ ਹਾਸ ਕਲਾਕਾਰ ਬਣਾਉਣ ਵਿਚ ਦਿਲੀਪ ਕੁਮਾਰ ਤੇ ਅਮਿਤਾਭ ਬੱਚਨ ਦੀ ਜ਼ਬਰਦਸਤ ਭੂਮਿਕਾ ਰਹੀ ਹੈ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤਰਾਸ਼ਣ ਨਾਲ ਹੀਰਾ ਹੀ ਚਮਕਦਾ ਹੈ, ਪੱਥਰ ਨਹੀਂ। ਮੁਕਰੀ ਖ਼ੁਦ ਵੀ ਪ੍ਰਤਿਭਾਸ਼ਾਲੀ ਸਨ ਅਤੇ ਇਹੀ ਕਾਰਨ ਹੈ ਕਿ ਉਹ ਲਗਭਗ 6 ਦਹਾਕੇ ਤੇ 600 ਤੋਂ ਜ਼ਿਆਦਾ ਫ਼ਿਲਮਾਂ ਦਾ ਸਫ਼ਰ ਤੈਅ ਕਰ ਸਕੇ। ਦਿਲਚਸਪ ਗੱਲ ਇਹ ਹੈ ਕਿ ਮੁਕਰੀ ਫ਼ਿਲਮੀ ਪਰਦੇ 'ਤੇ ਤਾਂ ਆਪਣੇ ਹਾਸੇ ਨਾਲ ਦਰਸ਼ਕਾਂ ਨੂੰ ਗੁਦਗੁਦਾਉਂਦੇ ਹੀ ਸਨ, ਉਹ ਅਸਲ ਜੀਵਨ ਵਿਚ ਵੀ ਹੱਸਮੁਖ ਤੇ ਹਾਜ਼ਿਰ ਜਵਾਬ ਸਨ। ਇਕ ਮੁਲਾਕਾਤ ਵਿਚ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, 'ਵਿਆਹ ਤਾਂ ਮੈਂ ਅਜ਼ਾਬੇਥ ਟੇਲਰ (ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ) ਨਾਲ ਕਰਨਾ ਚਾਹੁੰਦਾ ਸੀ, ਪਰ ਕੀ ਕਰਾਂ ਕੱਦ ਛੋਟਾ ਰਹਿ ਗਿਆ।' ਇਸੇ ਤਰ੍ਹਾਂ ਫ਼ਿਲਮ 'ਆਨ' ਦੀ ਸ਼ੂਟਿੰਗ ਦੌਰਾਨ ਮਹਿਬੂਬ ਸਾਹਿਬ ਨੂੰ ਗਧੇ ਦੀ ਜ਼ਰੂਰਤ ਸੀ, ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਵੀ ਗਧਾ ਮਿਲ ਨਹੀਂ ਪਾ ਰਿਹਾ ਸੀ। ਮਹਿਬੂਬ ਸਾਹਿਬ ਭੜਕ ਗਏ ਅਤੇ ਬੋਲੇ, 'ਸੰਸਾਰ ਜਾਨਵਰਾਂ ਨਾਲ ਭਰਿਆ ਪਿਆ ਹੈ ਅਤੇ ਮੈਨੂੰ ਇਕ ਗਧਾ ਨਹੀਂ ਮਿਲ ਰਿਹਾ।' ਤੁਰੰਤ ਹੀ ਮੁਕਰੀ ਦਾ ਜਵਾਬ ਆਇਆ, 'ਹੈ ਨਾ, ਮੁਕਰੀ ਹੈ।' ਮੁਕਰੀ ਬਹੁਤ ਚੰਗੇ ਇਨਸਾਨ ਸਨ, ਕਦੀ ਪਿੱਠ ਪਿੱਛੇ ਕਿਸੇ ਦੀ ਬੁਰਾਈ ਨਹੀਂ ਕਰਦੇ ਸਨ ਅਤੇ ਹਮੇਸ਼ਾ ਲੋਕਾਂ ਨੂੰ ਹਸਾਉਂਦੇ ਰਹਿੰਦੇ ਸਨ। ਉਨ੍ਹਾਂ ਦਾ ਅੰਗਰੇਜ਼ੀ ਵਿਚ ਹੱਥ ਤੰਗ ਸੀ, ਪਰ ਗ਼ਲਤ ਵਿਆਕਰਨ ਨਾਲ ਕਦੀ ਅਣਜਾਣੇ ਵਿਚ ਅਤੇ ਕਦੀ ਜਾਣ ਬੁੱਝ ਕੇ, ਤਾਂ ਕਿ ਲੋਕ ਹੱਸਣ, ਉਹ ਅੰਗਰੇਜ਼ੀ ਬੋਲਦੇ ਸਨ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਵੀ ਕਈ ਫ਼ਿਲਮਾਂ ਤੇ ਸੀਰੀਅਲਾਂ ਵਿਚ ਕਾਪੀ ਕੀਤਾ ਗਿਆ ਹੈ, ਵਿਸ਼ੇਸ਼ ਕਰਕੇ 'ਭਾਬੀ ਜੀ ਘਰ ਪਰ ਹੈਂ' ਵਿਚ ਅੰਗੂਰੀ ਭਾਬੀ ਦਾ ਕਿਰਦਾਰ।
ਮੁਹੰਮਦ ਉਮਰ ਦੇ ਰੂਪ ਵਿਚ ਮੁਕਰੀ ਦਾ ਜਨਮ 5 ਜਨਵਰੀ, 1922 ਨੂੰ ਮਹਾਰਾਸ਼ਟਰ ਵਿਚ ਜ਼ਿਲ੍ਹਾ ਰਾਏਗੜ੍ਹ ਦੇ ਅਲੀਬਾਗ ਵਿਚ ਹੋਇਆ ਸੀ। ਆਪਣੀ ਦੰਦਾਂ-ਰਹਿਤ ਮੁਸਕਾਨ, ਛੋਟੇ ਕੱਦ ਤੇ ਪ੍ਰਫੈਕਟ ਹਾਸ ਟਾਈਮਿੰਗ ਜ਼ਰੀਏ ਉਨ੍ਹਾਂ ਨੇ ਲਗਭਗ 6 ਦਹਾਕੇ ਤੱਕ ਦਰਸ਼ਕਾਂ ਨੂੰ ਹਸਾਇਆ ਅਤੇ ਇਸ ਦੌਰਾਨ ਉਹ 600 ਤੋਂ ਜ਼ਿਆਦਾ ਫ਼ਿਲਮਾਂ ਵਿਚ ਦਿਖਾਈ ਦਿੱਤੇ। 1945 ਵਿਚ ਫ਼ਿਲਮ 'ਪ੍ਰਤਿਮਾ' ਤੋਂ ਦਿਲੀਪ ਕੁਮਾਰ ਦੇ ਨਾਲ ਆਪਣਾ ਅਭਿਨੈ ਕਰੀਅਰ ਸ਼ੁਰੂ ਕਰਨ ਵਾਲੇ ਮੁਕਰੀ ਦੀਆਂ ਫ਼ਿਲਮਾਂ ਵਿਚ ਹਾਲਾਂਕਿ ਭੂਮਿਕਾਵਾਂ ਛੋਟੀਆਂ ਹੁੰਦੀਆਂ ਸਨ।
-0-