ਸ਼ਰਵਰੀ ਪ੍ਰਸਿੱਧੀ ਦੀ ਚੜ੍ਹਾਈ ਦੌਰਾਨ ਵੀ ਸਥਿਰ ਰਹੀ ਹੈ। ਲਗਭਗ ਇਕ ਦਹਾਕਾ ਪਹਿਲਾਂ ਉਹ ਲਵ ਰੰਜਨ ਤੇ ਸੰਜੇ ਲੀਲਾ ਭੰਸਾਲੀ ਦੇ ਸੈੱਟਾਂ 'ਤੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਦੀ ਸੀ। ਅੱਜ ਉਹ 'ਮੈਂ ਵਾਪਸ ਆਊਂਗਾ' ਤੇ 'ਅਲਫ਼ਾ' ਵਰਗੀਆਂ ਫ਼ਿਲਮਾਂ ਵਿਚ ਕਲਾਕਾਰਾਂ ਦੀ ਅਗਵਾਈ ਕਰ ਰਹੀ ਹੈ। ਇਹ ਜੋਸ਼ੀਲੀ ਨੌਜਵਾਨ ਅਦਾਕਾਰਾ ਆਪਣੀ ਸਫ਼ਲਤਾ ਤੇ ਸ਼ੋਹਰਤ ਤੋਂ ਪ੍ਰਭਾਵਿਤ ਹੋਏ ਬਗ਼ੈਰ ਅੱਗੇ ਵਧ ਰਹੀ ਹੈ। ਅਸੀਂ ਉਸ ਦੇ ਲਗਾਤਾਰ ਉੱਭਰ ਰਹੇ ਕਰੀਅਰ ਗ੍ਰਾਫ ਅਤੇ 'ਮੈਂ ਵਾਪਸ ਆਊਂਗਾ' ਵਿਚ ਉਸ ਦੀ ਦਮਦਾਰ ਭੂਮਿਕਾ ਬਾਰੇ ਗੱਲ ਕਰਦੇ ਹਾਂ...
* 'ਬੰਟੀ ਔਰ ਬਬਲੀ-2' ਤੋਂ ਲੈ ਕੇ 'ਮੈਂ ਵਾਪਸ ਆਊਂਗਾ' ਤੱਕ... ਤੁਸੀਂ ਆਪਣੇ ਹੁਣ ਤੱਕ ਦੇ ਸਫ਼ਰ ਨੂੰ ਕਿਵੇਂ ਦੇਖਦੇ ਹੋ?
-ਮੈਨੂੰ ਲਗਦਾ ਹੈ ਕਿ ਮੈਂ ਹਰ ਫ਼ਿਲਮ ਨਾਲ ਪ੍ਰਪੱਕ ਹੋ ਰਹੀ ਹਾਂ। ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਮੇਰੀ ਸਿਰਫ਼ ਇਹੀ ਇੱਛਾ ਸੀ ਕਿ ਮੈਨੂੰ ਮੇਰੀ ਪਸੰਦ ਦਾ ਕੰਮ ਕਰਨ ਦਾ ਮੌਕਾ ਮਿਲੇ। ਅੱਜ ਜਦੋਂ ਮੈਂ ਉਨ੍ਹਾਂ ਫ਼ਿਲਮ ਨਿਰਮਾਤਾਵਾਂ ਤੇ ਕਹਾਣੀਆਂ ਨੂੰ ਦੇਖਦੀ ਹਾਂ ਜਿਨ੍ਹਾਂ ਦਾ ਮੈਂ ਹਿੱਸਾ ਬਣੀ ਹਾਂ, ਤਾਂ ਮੈਂ ਉਨ੍ਹਾਂ ਦੀ ਸ਼ੁੱਕਰਗੁਜ਼ਾਰ ਹਾਂ। 'ਮੈਂ ਵਾਪਸ ਆਊਂਗਾ' ਦਾ ਹਿੱਸਾ ਬਣਨਾ, ਇਸ ਸਫ਼ਰ ਦਾ ਸੱਚਮੁੱਚ ਇੱਕ ਬਹੁਤ ਹੀ ਖਾਸ ਕਦਮ ਮਹਿਸੂਸ ਹੋ ਰਿਹਾ ਹੈ।
* ਇੱਕ ਬਾਹਰੀ ਵਿਅਕਤੀ ਹੋਣ ਦੇ ਨਾਤੇ, ਕੀ ਤੁਹਾਨੂੰ ਇੱਥੇ ਪਹੁੰਚਣ ਲਈ ਕੋਈ ਸੰਘਰਸ਼ ਕਰਨਾ ਪਿਆ?
-ਮੈਨੂੰ ਲੱਗਦਾ ਹੈ ਕਿ ਹਰ ਅਦਾਕਾਰ ਨੂੰ ਅੱਗੇ ਵਧਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੇਰੇ ਲਈ ਸਬਰ ਸ਼ਾਇਦ ਸਭ ਤੋਂ ਵੱਡਾ ਸਬਕ ਰਿਹਾ ਹੈ। ਕੁਝ ਪਲ ਅਜਿਹੇ ਵੀ ਹੁੰਦੇ ਹਨ, ਜਦੋਂ ਚੀਜ਼ਾਂ ਐਨੀ ਤੇਜ਼ੀ ਨਾਲ ਨਹੀਂ ਹੁੰਦੀਆਂ ਜਿਵੇਂ ਤੁਸੀਂ ਚਾਹੁੰਦੇ ਹੋ। ਮੈਂ ਹਮੇਸ਼ਾ ਆਪਣੇ ਆਲੇ-ਦੁਆਲੇ ਦੇ ਸ਼ੋਰ ਦੀ ਬਜਾਏ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਸਫ਼ਰ, ਅਨੁਭਵ, ਨਿਰਾਸ਼ਾਵਾਂ ਤੇ ਸਫਲਤਾਵਾਂ ਨੇ ਮੈਨੂੰ ਹਰ ਮੌਕੇ ਦੀ ਕਦਰ ਕਰਨਾ ਸਿਖਾਇਆ ਹੈ, ਮੈਨੂੰ ਪਤਾ ਹੈ ਕਿ ਕਿਸੇ ਵੀ ਮੰਜ਼ਿਲ 'ਤੇ ਪਹੁੰਚਣ ਲਈ ਸਮਾਂ ਲੱਗਦਾ ਹੈ।
* ਇਮਤਿਆਜ਼ ਅਲੀ ਨੇ ਤੁਹਾਨੂੰ 'ਮੈਂ ਵਾਪਸ ਆਊਂਗਾ' ਦੀ ਪੇਸ਼ਕਸ਼ ਕੀਤੀ ਤਾਂ ਤੁਹਾਡਾ ਕੀ ਪ੍ਰਤੀਕਰਮ ਸੀ?
-ਮੈਂ ਬਹੁਤ ਜ਼ਿਆਦਾ ਉਤਸ਼ਾਹਿਤ ਸਾਂ, ਮੈਂ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਫ਼ਿਲਮਾਂ ਦੀ ਪ੍ਰਸੰਸਕ ਰਹੀ ਹਾਂ ਅਤੇ ਮੈਨੂੰ ਹਮੇਸ਼ਾ ਉਨ੍ਹਾਂ ਦਾ ਕਿਰਦਾਰ ਲਿਖਣ ਦਾ ਤਰੀਕਾ ਪਸੰਦ ਆਇਆ ਹੈ, ਖਾਸ ਕਰਕੇ ਔਰਤਾਂ ਬਾਰੇ। ਮੈਨੂੰ ਯਾਦ ਹੈ ਕਿ ਜਦੋਂ ਮੈਂ ਕਹਾਣੀ ਸੁਣੀ ਸੀ ਤਾਂ ਤੁਰੰਤ ਇਸ ਕਹਾਣੀ ਨਾਲ ਜੁੜੀ ਹੋਈ ਮਹਿਸੂਸ ਕੀਤਾ ਹੈ।
* ਸ਼ੂਟਿੰਗ ਦੌਰਾਨ ਵਾਪਰੀਆਂ ਕੁਝ ਯਾਦਗਾਰੀ ਘਟਨਾਵਾਂ ਬਾਰੇ ਦੱਸੋ?
-ਇਸ ਫ਼ਿਲਮ ਦੀਆਂ ਬਹੁਤ ਸਾਰੀਆਂ ਯਾਦਾਂ ਹਨ, ਕਿਉਂਕਿ ਇਹ ਸਿਰਫ਼ ਇੱਕ ਸ਼ੂਟਿਗ ਨਹੀਂ ਸੀ, ਇਹ ਇੱਕ ਯਾਤਰਾ ਵਾਂਗ ਮਹਿਸੂਸ ਹੋਈ। ਇਮਤਿਆਜ਼ ਸਰ ਕੋਲ ਅਦਭੁੱਤ ਯੋਗਤਾ ਹੈ ਕਿ ਉਹ ਤੁਹਾਨੂੰ ਜ਼ਿੰਦਗੀ, ਰਿਸ਼ਤਿਆਂ ਤੇ ਭਾਵਨਾਵਾਂ ਬਾਰੇ ਵੱਖਰੇ ਢੰਗ ਨਾਲ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਕੈਮਰੇ ਤੋਂ ਪਰ੍ਹੇ ਪੂਰੀ ਕਾਸਟ ਤੇ ਕਰੂ (ਅਮਲਾ) ਇੱਕ ਪਰਿਵਾਰ ਬਣ ਜਾਂਦਾ ਸੀ। ਅਸੀਂ ਭਾਵਨਾਤਮਕ ਦ੍ਰਿਸ਼ਾਂ ਦੀ ਸ਼ੂਟਿੰਗ ਕਰ ਰਹੇ ਹੁੰਦੇ ਤਾਂ ਜਦੋਂ ਕੋਈ ਮਜ਼ਾਕ ਕਰਦਾ ਤਾਂ ਪੂਰੇ ਸੈੱਟ 'ਤੇ ਹਾਸਾ ਫੈਲ ਜਾਂਦਾ ਸੀ। ਉਨ੍ਹਾਂ ਦਾ ਗੀਤਾਂ ਨੂੰ ਫ਼ਿਲਮਾਉਣਾ ਜਾਦੂਈ ਸੀ।
* ਕੀ ਵੇਦਾਂਗ ਨਾਲ ਸ਼ੂਟਿੰਗ ਇਕ ਪਿਕਨਿਕ ਵਾਂਗ ਸੀ?
-ਇਹ ਪਿਕਨਿਕ ਬਿਲਕੁਲ ਵੀ ਨਹੀਂ ਸੀ, ਜਦੋਂ ਸ਼ੂਟਿੰਗ ਦੇ ਲੰਬੇ ਘੰਟੇ, ਬੇਅੰਤ ਰਿਹਰਸਲਾਂ ਤੇ ਸੰਪੂਰਨ ਦ੍ਰਿਸ਼ ਤੁਹਾਡਾ ਪਿੱਛਾ ਕਰ ਰਹੇ ਹੋਣ ਤਾਂ ਪਿਕਨਿਕ ਦਾ ਵਿਚਾਰ ਤੁਹਾਡੇ ਦਿਮਾਗ 'ਚ ਆ ਵੀ ਨਹੀਂ ਸਕਦਾ! ਪਰ ਇਹ ਯਕੀਨੀ ਤੌਰ 'ਤੇ ਬਹੁਤ ਮਜ਼ੇਦਾਰ ਸੀ। ਵੇਦਾਂਗ ਰੈਨਾ ਇਕ ਸ਼ਾਨਦਾਰ ਸਹਿ-ਅਦਾਕਾਰ ਹੈ, ਜਿਸ ਨਾਲ ਕੰਮ ਕਰਨਾ ਬਹੁਤ ਆਸਾਨ ਰਿਹਾ। ਮੈਨੂੰ ਇਹ ਸਭ ਤੋਂ ਵੱਧ ਪਸੰਦ ਆਇਆ ਕਿ ਅਸੀਂ ਦੋਹਾਂ ਨੇ ਕਹਾਣੀ ਨੂੰ ਨਿਭਾਉਣ ਵਿਚ ਪੂਰਾ ਸਹਿਯੋਗ ਕਰਕੇ ਇਸ ਨੂੰ ਸਹਿਜ ਮਹਿਸੂਸ ਕਰਵਾਇਆ।
* ਕੀ ਤੁਸੀਂ ਕਹੋਗੇ ਕਿ ਇਹ ਤੁਹਾਡੀ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਫ਼ਿਲਮ ਹੈ?
-ਮੇਰੇ ਲਈ ਹਰ ਫ਼ਿਲਮ ਬਹੁਤ ਮਹੱਤਵਪੂਰਨ ਰਹੀ ਹੈ, ਕਿਉਂਕਿ ਹਰ ਫ਼ਿਲਮ ਨੇ ਮੈਨੂੰ ਕੁਝ ਵੱਖਰਾ ਸਿਖਾਇਆ ਹੈ ਤੇ ਇੱਕ ਅਦਾਕਾਰ ਵਜੋਂ ਅੱਗੇ ਵਧਣ ਵਿਚ ਮੇਰੀ ਮਦਦ ਕੀਤੀ ਹੈ। ਪਰ 'ਮੈਂ ਵਾਪਸ ਆਊਂਗਾ' ਹਮੇਸ਼ਾ ਮੇਰੇ ਦਿਲ ਵਿਚ ਇੱਕ ਬਹੁਤ ਹੀ ਖਾਸ ਜਗ੍ਹਾ ਰੱਖੇਗੀ। ਇਮਤਿਆਜ਼ ਅਲੀ ਸਰ ਨਾਲ ਕੰਮ ਕਰਨਾ, ਮੇਰਾ ਕਈ ਸਾਲਾਂ ਤੋਂ ਦੇਖਿਆ ਸੁਪਨਾ ਪੂਰਾ ਹੋਣ ਵਾਂਗ ਹੈ। ਉਨ੍ਹਾਂ ਦੀਆਂ ਫ਼ਿਲਮਾਂ ਨੇ ਸਿਨੇਮਾ 'ਤੇ ਕਹਾਣੀ ਸੁਣਾਉਣ ਦੇ ਨਜ਼ਰੀਏ ਨੂੰ ਇਕ ਆਕਾਰ ਦਿੱਤਾ ਹੈ, ਉਨ੍ਹਾਂ ਦੀ ਫ਼ਿਲਮ 'ਚ ਜੀਆ ਵਰਗਾ ਕਿਰਦਾਰ ਨਿਭਾਉਣਾ ਮੇਰੀ ਵੱਡੀ ਪ੍ਰਾਪਤੀ ਹੈ।
ਸਿਖ਼ਰ 'ਤੇ ਪਹੁੰਚ ਕੇ ਵੀ ਜ਼ਮੀਨ ਨਾਲ ਜੁੜੀ ਹੋਈ ਹੈ ਸ਼ਰਵਰੀ
ਅਜੀਤ ਡੈਸਕ
17-06-2026